-ਦਰਸ਼ਨ ਸਿੰਘ ਤਾਤਲਾ
ਸਿੱਖ ਰੈਫਰੈਂਸ ਲਾਇਬਰੇਰੀ ਨਾਲ ਮੇਰੀ ਵਾਕਫੀ 1980-81 ਵਿੱਚ ਪਈ ਸੀ, ਜਦੋਂ ਮੈਂ ਲੰਡਨ ਵਿੱਚ ਬ੍ਰਿਟਿਸ਼ ਮਿਊਜ਼ੀਅਮ ਵਿੱਚੋਂ ਪੰਜਾਬ ਦੇ ਦੋ ਪੁਰਾਣੇ ਨਕਸ਼ੇ ਕਢਵਾ ਕੇ ਲਿਆਇਆ ਤੇ ਫਰੇਮ ਕਰਵਾ ਕੇ ਇਥੇ ਦੇਣ ਗਿਆ ਸਾਂ। ਉਦੋਂ ਮੈਂ ਇਸ ਲਾਇਬਰੇਰੀ 'ਚ ਪਏ ਗ੍ਰੰਥਾਂ ਦੇ ਖਰੜੇ ਜਾਂ ਪੁਸਤਕਾਂ ਦੇ ਮਹੱਤਵ ਦਾ ਖਾਸ ਖਿਆਲ ਨਹੀਂ ਸੀ ਕੀਤਾ। ਦੂਜੀ ਵਾਰ ਜਾਣ ਦਾ ਇਤਫਾਕ ਉਦੋਂ ਬਣਿਆ, ਜਦ ਮੇਰੇ ਨਾਲ ਅੰਗਰੇਜ਼ ਇਤਿਹਾਸਕਾਰ ਈਅਨ ਟਾਲਬਟ ਸੀ। ਉਸ ਨੇ ਪੰਜਾਬ ਦੀ 1947 ਦੀ ਵੰਡ ਦੀ 50ਵੀਂ ਬਰਸੀ 1997 ਲਈ ਖੋਜ ਪ੍ਰਾਜੈਕਟ ਉਲੀਕਿਆ, ਜਿਸ ਦਾ ਮੈਂ ਭਾਈਵਾਲ ਬਣਿਆ ਤੇ ਇਸ ਖੋਜ ਦੇ ਸੰਬੰਧ ਵਿੱਚ ਅੰਮ੍ਰਿਤਸਰ ਪੁੱਜੇ। 1947 ਦੇ ਉਜਾੜੇ ਵਿੱਚ ਜਿਹੜੇ ਲੋਕ ਅੰਮ੍ਰਿਤਸਰ ਤੋਂ ਲਾਹੌਰ ਤੇ ਉਧਰੋਂ ਲਾਹੌਰ ਤੋਂ ਅੰਮ੍ਰਿਤਸਰ ਆਣ ਵਸੇ ਸਨ, ਉਨ੍ਹਾਂ ਵਿੱਚੋਂ ਕੁਝ ਨਾਲ ਮੁਲਾਕਾਤਾਂ ਕਰਕੇ ਉਜਾੜੇ ਦੀਆਂ ਯਾਦਾਂ ਨੂੰ ਸਾਂਭਣਾ, ਸਾਡਾ ਕੰਮ ਸੀ। ਅਸੀਂ ਅਖਬਾਰ ਤੇ ਹੋਰ ਲਿਖਤਾਂ ਵਾਚਣ ਲਈ ਸਿੱਖ ਰੈਫਰੈਂਸ ਲਾਇਬਰੇਰੀ ਤੇ ਖਾਲਸਾ ਕਾਲਜ ਦੀ ਸਿੱਖ ਇਤਿਹਾਸਕ ਲਾਇਬਰੇਰੀ ਵਿੱਚ ਪਹੁੰਚੇ। ਸਿੱਖ ਰੈਫਰੈਂਸ ਲਾਇਬਰੇਰੀ ਵਿੱਚ ਲਾਹੌਰ ਤੋਂ ਛਪਦੇ ‘ਸਿਵਲ ਐਂਡ ਮਿਲਟਰੀ ਗਜਟ', ‘ਦਿ ਟਿ੍ਰਬਿਊਨ', ਉਰਦੂ ਅਕਾਲੀ ਆਦਿ ਰੋਜ਼ਾਨਾ ਅਖਬਾਰ ਫਾਈਲਾਂ ਵਿੱਚ ਸਾਂਭੇ ਪਏ ਸਨ। 1997 ਤੋਂ 2001 ਦੇ ਚਾਰ ਸਾਲਾਂ ਦੌਰਾਨ ਅਸੀਂ ਇਨ੍ਹਾਂ ਦੋਵਾਂ ਲਾਇਬਰੇਰੀਆਂ ਦੇ ਨਾਲ-ਨਾਲ ਮਿਊਂਸੀਪਲ ਕਮੇਟੀ ਦੀ ਲਾਇਬਰੇਰੀ ਤੋਂ ਵੀ ਜਾਣੂ ਹੋ ਗਏ।
ਉਦੋਂ ਤੱਕ 1984 ਦਾ ਘੱਲੂਘਾਰਾ ਵਾਪਰ ਚੁੱਕਾ ਸੀ। ਇਥੇ ਅਸੀਂ ਲਾਇਬਰੇਰੀ ਦੇ ਉਪਰਲੇ ਕਮਰੇ ਵੇਖੇ, ਜਿਨ੍ਹਾਂ 'ਚ ਸੜੀਆਂ ਤੇ ਵਿੰਗੀਆਂ ਹੋਈਆਂ ਲੋਹੇ ਦੀਆਂ ਸ਼ੈਲਫਾਂ ਅਜੇ ਵੀ ਪਈਆਂ ਸਨ। ਇਕ ਕਮਰੇ ਵਿੱਚ ਰੁਮਾਲਿਆਂ ਵਿੱਚ ਢਕੇ ਕੁਝ ਪਵਿੱਤਰ ਗੁਟਕੇ ਤੇ ਹੋਰ ਖਰੜੇ ਰੱਖੇ ਜਾ ਰਹੇ ਸਨ। ਉਦੋਂ ਸਾਨੂੰ ਲਾਇਬਰੇਰੀਅਨ ਨੇ ਅੱਗ ਨਾਲ ਨੁਕਸਾਨ ਬਾਰੇ ਵਿਸਥਾਰ ਨਾਲ ਦੱਸਿਆ। ਸੁਣ ਕੇ ਹੈਰਾਨੀ ਹੋਈ ਕਿ ਫੌਜ ਨਾਲ ਲੜਾਈ ਵੇਲੇ ਦੋ ਜੂਨ ਤੋਂ ਪੰਜ ਜੂਨ ਸਵੇਰ ਤੱਕ ਲਾਇਬਰੇਰੀ ਬਚੀ ਰਹੀ ਸੀ। ਲਾਇਬਰੇਰੀ ਲੜਾਈ ਮੁੱਕਣ ਪਿੱਛੋਂ ਸ਼ਾਇਦ ਬਦਲੇ ਦੀ ਭਾਵਨਾ ਨਾਲ ਸਾੜੀ ਗਈ, ਜਿਸ ਨਾਲ ਸਾਰੇ ਸ਼ੈਲਫ, ਕੁਰਸੀਆਂ, ਮੇਜ ਆਦਿ ਸੜ ਗਏ। ਉਦੋਂ ਅਸੀਂ ਇਸ ਗੱਲ ਵੱਲ ਧਿਆਨ ਨਾ ਦਿੱਤਾ, ਜਦ ਸਾਨੂੰ ਲਾਇਬਰੇਰੀਅਨ ਨੇ ਇਹ ਕਿਹਾ ਕਿ ਲਾਇਬਰੇਰੀ 'ਚੋਂ ਬਹੁਤ ਸਾਰੀਆਂ ਕਿਤਾਬਾਂ ਅਤੇ ਖਰੜੇ ਫੌਜ ਵਾਲੇ ਬੋਰੀਆਂ ਵਿੱਚ ਪਾ ਕੇ ਟਰੱਕਾਂ ਰਾਹੀਂ ਬਾਹਰ ਲੈ ਗਏ ਸਨ, ਯਾਨੀ ਬਹੁਤ ਸਾਰਾ ਲਾਇਬਰੇਰੀ ਦਾ ਮਸੌਦਾ ਅੱਗ ਦੀ ਭੇਟ ਨਹੀਂ ਸੀ ਚੜ੍ਹਿਆ, ਮੇਰੀ ਅਗਿਆਨਤਾ ਜਾਂ ਮੂਰਖਤਾ ਹੀ ਸਮਝੋ ਕਿ ਮੈਂ ਇਸ ਬਾਰੇ ਉਦੋਂ ਕੋਈ ਹੋਰ ਸਵਾਲ ਨਾ ਪੁੱਛਿਆ।
ਇਸ ਲਾਇਬਰੇਰੀ ਨਾਲ ਅਗਲਾ ਸਬੰਧ ਉਦੋਂ ਬਣਿਆ, ਜਦੋਂ ਮੈਂ ਗਦਰ ਲਹਿਰ ਅਤੇ ਕਾਮਾਗਾਟਾ ਮਾਰੂ ਬਾਰੇ ਖੋਜ ਪ੍ਰਾਜੈਕਟ ਅਧੀਨ ਲੰਡਨ ਦੀ ਬ੍ਰਿਟਿਸ਼ ਲਾਇਬਰੇਰੀ 'ਚੋਂ ਕੁਝ ਸਰਕਾਰੀ ਫਾਈਲਾਂ ਦੀ ਕਾਪੀ ਕਰਵਾ ਕੇ ਪੰਜਾਬ ਦੀਆਂ ਕੁਝ ਲਾਇਬਰੇਰੀਆ ਦੇਣ ਇਥੇ ਪੁੱਜਾ। ਇਸੇ ਸਮੇਂ ਕਿਸੇ ਪੁਸਤਕ ਦੇ ਸੰਪਾਦਕ ਨੇ ਇਸ ਲਾਇਬਰੇਰੀ ਦੇ ਹੋਏ ਨੁਕਸਾਨ ਸਬੰਧੀ ਲੇਖ ਲਿਖਣ ਲਈ ਕਿਹਾ ਤਾਂ ਮੈਂ ਗਹਿਰੀ ਪੁੱਛ ਗਿੱਛ ਸ਼ੁਰੂ ਕੀਤੀ। ਇਹ ਲਾਇਬਰੇਰੀ ਬਣਾਉਣ ਦਾ ਇਤਿਹਾਸ ਪੜ੍ਹਿਆ, ਜੋ ਖਾਲਸਾ ਕਾਲਜ ਦੇ ਪ੍ਰੋਫੈਸਰਾਂ ਵੱਲੋਂ ਸਿੱਖ ਸਰੋਤਾਂ ਨੂੰ ਸਾਂਭਣ ਦੀ ਇੱਛਾ ਵਿੱਚੋਂ ਪੈਦਾ ਹੋਇਆ। ਇਸ ਵਿੱਚ ਗੰਡਾ ਸਿੰਘ, ਤੇਜਾ ਸਿੰਘ, ਬਾਵਾ ਹਰਕਿਸ਼ਨ ਸਿੰਘ, ਬਾਵਾ ਪਰੇਮ ਸਿੰਘ, ਗੁਰਮੁਖ ਨਿਹਾਲ ਸਿੰਘ ਤੇ ਹੋਰ ਕਿੰਨੇ ਦਾਨਸ਼ਮੰਦਾ ਦੀ ਸੋਚ ਸੀ। ਖਾਸ ਮੌਕਾ ਉਦੋਂ ਬਣਿਆ, ਜਦ ਮਹਾਰਾਜਾ ਦਲੀਪ ਸਿੰਘ ਦੀ ਵੱਡੀ ਧੀ ਸ਼ਹਿਜ਼ਾਦੀ ਬੰਬਾ 10 ਫਰਵਰੀ 1945 ਨੂੰ ਖਾਲਸਾ ਕਾਲਜ ਦੀ ਸਿੱਖ ਇਤਿਹਾਸ ਸਭਾ ਨੂੰ ਵਿਖਿਆਨ ਦੇਣ ਲਈ ਪਧਾਰੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 27 ਅਕਤੂਬਰ 1846 ਨੂੰ 822 ਨੰਬਰ ਮਤੇ 'ਚ ਲਾਇਬਰੇਰੀ ਖੋਲ੍ਹਣ ਦਾ ਫੈਸਲਾ ਕਰ ਲਿਆ ਸੀ, ਪਰ ਇਹ ਲਾਇਬਰੇਰੀ ਗੁਰੂ ਰਾਮਦਾਸ ਸਰਾਂ ਦੇ ਚਾਰ ਨੰਬਰ ਹਾਲ 'ਚ 9 ਫਰਵਰੀ 1947 ਨੂੰ ਖੋਲ੍ਹੀ ਗਈ।
ਨਨਕਾਣਾ ਸਾਹਿਬ ਪਿੱਛੋਂ ਦਰਬਾਰ ਸਾਹਿਬ ਸਿੱਖਾਂ ਦਾ ਸਭ ਤੋਂ ਪੂਜਣ ਯੋਗ ਅਸਥਾਨ ਹੋਣ ਕਰਕੇ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਗ੍ਰੰਥਾਂ ਦੇ ਲਿਖਣ ਅਤੇ ਸਾਂਭਣ ਦਾ ਸਿਲਸਿਲਾ ਚੱਲ ਪਿਆ ਸੀ, ਜੋ ਮਹਾਰਾਜਾ ਰਣਜੀਤ ਸਿੰਘ ਵੇਲੇ ਵੱਖੋ-ਵੱਖ ਸ਼ਾਹਿਜ਼ਾਦਿਆਂ ਵੱਲੋਂ ਉਸਾਰੇ ਬੁੰਗਿਆਂ ਵਿੱਚ ਹੋਰ ਵਿਕਸਤ ਹੋਇਆ। ਇਹ ਖਰੜੇ ਹੱਥੋ ਹੱਥੀ ਸੰਪਰਦਾਵਾਂ ਦੇ ਮੁਖੀਆਂ ਕੋਲ ਚਲੇ ਆਉਂਦੇ ਸਨ। ਸਿੱਖ, ਸੰਪਰਦਾਵਾਂ ਅਤੇ ਕਈ ਸੰਸਥਾਵਾਂ ਵੱਲੋਂ ਪੁਰਾਣੇ ਹਥ ਲਿਖਤ ਗ੍ਰੰਥ, ਸੈਂਚੀਆਂ ਆਦਿ ਜਮ੍ਹਾਂ ਕਰਾਈਆਂ ਜਾਣ ਲੱਗੀਆਂ, ਜੋ ਇਸ ਲਾਇਬਰੇਰੀ ਦੀ ਸਮੱਗਰੀ ਬਣੀ। 1958 ਵਿੱਚ ਇਹ ਲਾਇਬਰੇਰੀ ਬਾਬਾ ਦੀਪ ਸਿੰਘ ਵਾਲੇ ਬੁੰਗੇ ਵਿੱਚ ਲਿਆਂਦੀ ਗਈ। ਸ਼੍ਰੋਮਣੀ ਕਮੇਟੀ ਨੇ ਨਜਰਸਾਨੀ ਲਈ ਸਿੱਖ ਇਤਿਹਾਸ ਬੋਰਡ ਬਣਾਇਆ। 1947 ਤੋਂ 1950ਵਿਆਂ ਦੇ ਅਖੀਰ ਤੱਕ ਇਸ ਲਾਇਬਰੇਰੀ ਵਿੱਚ ਆਏ ਖਰੜਿਆਂ ਤੇ ਪੁਸਤਕਾਂ ਦੀ ਪਹਿਲੀ ਸੂਚੀ ਗੰਡਾ ਸਿੰਘ ਹੁਰਾਂ ਦੀ ਹਿੰਮਤ ਨਾਲ ਛਪੀ, ਜੋ ਪਿੱਛੋਂ ਬਕਾਇਦਾ ਸੋਧੀ ਗਈ। ਇਸ ਵਿੱਚ ਗੁਰੂ ਗ੍ਰੰਥ, ਦਸਮ ਗ੍ਰੰਥ ਦੀਆਂ ਹੱਥ ਲਿਖਤ ਬੀੜਾਂ ਦੇ ਨਾਲ ਸਿੱਖ ਇਤਿਹਾਸ ਦੀਆਂ ਹੋਰ ਹੱਥ ਲਿਖਤਾਂ ਅਤੇ ਕਿੰਨੇ ਪੁਰਾਣੇ ਗ੍ਰੰਥ ਸਨ, ਜਿਨ੍ਹਾਂ 'ਚ ਹਿੰਦੂ ਧਰਮ ਦੇ ਸ਼ਾਸਤਰ, ਪੰਜਾਬੀ ਸਾਹਿਤ ਦੀਆਂ ਹੱਥ ਲਿਖਤਾਂ, ਉਰਦੂ ਅਤੇ ਫਾਰਸੀ ਦੀਆਂ ਪੁਸਤਕਾਂ ਸਨ। ਇਸ ਦੀਆਂ ਸੂਚੀਆਂ ਸਿੱਖ ਇਤਿਹਾਸ ਬੋਰਡ ਨੇ ਛਾਪੀਆਂ। ਇਸੇ ਸਿਲਸਿਲੇ ਵਿੱਚ ਸ਼ਮਸ਼ੇਰ ਸਿੰਘ ਅਸ਼ੋਕ ਨੇ ਸਿੱਖਾਂ ਦੀਆਂ ਹੱਥ ਲਿਖਤ ਬੀੜਾਂ ਦੀ ਪੁਸਤਕ ਛਾਪੀ।
ਜਦੋਂ 1984 ਦਾ ਘੱਲੂਘਾਰਾ ਵਾਪਰਿਆ ਤਾਂ ਸਿੱਖ ਰੈਫਰੈਂਸ ਲਾਇਬਰੇਰੀ ਵਿੱਚ ਪਏ ਸਿੱਖ ਵਿਰਸੇ ਦਾ ਫਿਕਰ ਹੋਣਾ ਕੁਦਰਤੀ ਸੀ। ਮਾਰਕ ਤੁਲੀ ਨੇ ਲਿਖਿਆ ਹੈ ਕਿ ਲੜਾਈ ਮੁੱਕਣ ਮਗਰੋਂ ਜਦ ਮਦਰਾਸੀ ਫੌਜੀਆਂ ਦੀ ਰੈਜਮੈਂਟ ਸਵੇਰ ਦਾ ਖਾਣਾ ਖਾ ਰਹੀ ਸੀ ਤਾਂ ਲਾਇਬਰੇਰੀ ਦੇ ਕਿਸੇ ਖੂੰਜੇ ਤੋਂ ਇਕ ਗੋਲੀ ਦੀ ਆਵਾਜ਼ ਸੁਣ ਕੇ ਫੌਜੀਆਂ ਦੇ ਜਵਾਬੀ ਗਰਨੇਡਾਂ ਦੀ ਵਰਖਾ ਨਾਲ ਇਸ ਨੂੰ ਅੱਗ ਲੱਗੀ। ਇਸ ਲਾਇਬਰੇਰੀ ਦੀਆਂ ਪੁਸਤਕਾਂ ਤੇ ਖਰੜਿਆਂ ਨੂੰ ਬਕਾਇਦਾ ਟਰੱਕਾਂ ਰਾਹੀਂ ਸ਼ਹਿਰ ਦੀ ਛਾਉਣੀ ਪਹੁੰਚਾ ਦਿੱਤਾ ਸੀ, ਜਿਥੇ ਕਾਰਵਾਈ ਕਰਦੇ ਹੋਏ ਇਸ ਨੂੰ ਏਅਰਪੋਰਟ ਰਾਹੀਂ ਜਲੰਧਰ ਅਤੇ ਕੁਝ ਹਿੱਸੇ ਨੂੰ ਚੰਡੀਗੜ੍ਹ ਫੌਜ ਦੇ ਕੇਂਦਰ ਵਿੱਚ ਪਹੁੰਚਾਇਆ ਗਿਆ।
ਇਥੇ ਇਸ ਦੀ ਹੋਰ ਪੜਤਾਲ ਕੀਤੀ ਗਈ। ਕੀ ਕੁਝ ਫੌਜ ਚੁੱਕ ਕੇ ਲੈ ਗਈ, ਉਸ ਵੱਲੋਂ ਕੀ ਮੋੜਿਆ ਗਿਆ, ਇਹ ਸਵਾਲ ਅਹਿਮ ਸਨ। ਫੌਜ ਵੱਲੋਂ ਕੁਝ ਸਮੱਗਰੀ ਦੀ ਵਾਪਸੀ ਦੀ ਤਸਦੀਕ ਫਾਈਲਾਂ ਰਾਹੀਂ ਹੁੰਦੀ ਸੀ, ਪਰ ਹਰ ਵਾਰੀ ਕੀ ਮੋੜਿਆ ਗਿਆ, ਇਸ ਦੀ ਤਫਸੀਲ ਸਾਫ ਨਹੀਂ। ਰਣਜੀਤ ਸਿੰਘ ਨੰਦਾ, ਜੋ ਪੰਜਾਬ ਪੁਲਸ ਵਿੱਚ ਇੰਸਪੈਕਟਰ ਸੀ, ਦੇ ਬਿਆਨਾਂ ਅਨੁਸਾਰ ਜਦ ਇਹ ਸਮੱਗਰੀ ਅੰਮ੍ਰਿਤਸਰ ਏਅਰਪੋਰਟ 'ਤੇ ਉਤਾਰੀ ਤਾਂ ਉਹ ਹਾਜ਼ਰ ਸੀ, ਉਸ ਨਾਲ ਦੂਜੇ ਸਿੱਖ ਪੁਲਸ ਅਧਿਕਾਰੀ ਸ਼ਬਦਲ ਸਿੰਘ ਸਨ, ਜਿਸ ਦੇ ਬਿਆਨ ਇਸ ਦੀ ਹਾਮੀ ਭਰਦੇ ਹਨ। ਕੁਝ ਸਾਲਾਂ ਪਿੱਛੋਂ ਇਕ ਅਖਬਾਰ ਵਿੱਚ ਇਨ੍ਹਾਂ ਦੋਵਾਂ ਅਧਿਕਾਰੀਆਂ ਦੀ ਦਰਬਾਰ ਸਾਹਿਬ ਦੇ ਘੱਲੂਘਾਰੇ ਬਾਰੇ ਲੇਖ ਜਾਂ ਟਿੱਪਣੀ ਛਪੀ। ਉਸ ਵਿੱਚ ਉਨ੍ਹਾਂ ਵੱਲੋਂ ਦੱਸਣ ਅਨੁਸਾਰ ਫੌਜ ਵੱਲੋਂ ਲਿਸਟ ਬਣਾਈ ਗਈ ਸੀ, ਜੋ ਬਕਾਇਦਾ ਰਜਿਸਟਰਾਂ ਵਿਚ ਵੀ ਚਾੜ੍ਹੀ ਗਈ।
ਜਿਥੋਂ ਤੱਕ ਰੈਫਰੈਂਸ ਲਾਇਬਰੇਰੀ ਦੇ ਨੁਕਸਾਨ ਦਾ ਸਬੰਧ ਹੈ, ਇਸ ਬਾਰੇ ਚੱਲਦਾ ਵਿਵਾਦ ਹੋਰ ਕਸ਼ਟ ਦੇਣ ਵਾਲਾ ਹੈ, ਕਿਉਂਕਿ ਇਕ ਪਾਸੇ ਸਰਕਾਰ ਵੱਲੋਂ ਬਿਆਨ ਹਨ, ਜਿਨ੍ਹਾਂ ਅਨੁਸਾਰ ਬਹੁਤ ਸਾਰਾ ਮਸੌਦਾ ਵਾਪਸ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਲਾਇਬਰੇਰੀ ਦੇ ਅਧਿਕਾਰੀਆਂ ਵੱਲੋਂ ਇਸ ਬਾਰੇ ਵੱਖਰੇ-ਵੱਖਰੇ ਬਿਆਨ ਆ ਚੁੱਕੇ ਹਨ, ਜਿਸ ਵਿੱਚ ਦਵਿੰਦਰ ਸਿੰਘ ਦੁੱਗਲ, ਜੋ 1984 ਦੌਰਾਨ ਇਸ ਲਾਇਬਰੇਰੀ ਦੇ ਇੰਚਾਰਜ ਸਨ, ਨੇ ਖਾਲੀ ਕਾਗਜ਼ 'ਤੇ ਫੌਜੀ ਜਬਰੀ ਹੁਕਮ 'ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕਿਤਾਬਾਂ ਵਾਪਸ ਕਰਨ ਬਾਰੇ ਫੌਜੀ ਅਧਿਕਾਰੀਆਂ ਦੇ ਬਿਆਨ ਮੇਲ ਨਹੀਂ ਖਾਂਦੇ। ਕੇਂਦਰ ਦੀ ਵੀ ਪੀ ਸਿੰਘ ਸਰਕਾਰ ਵਿੱਚ ਰੱਖਿਆ ਮੰਤਰੀ ਜਾਰਜ ਫਰਨਾਂਡਿਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਬਹੁਤ ਸਾਰੇ ਖਰੜੇ ਸੁਰੱਖਿਅਤ ਹਨ, ਜੋ ਸ਼੍ਰੋਮਣੀ ਕਮੇਟੀ ਸੰਪਰਕ ਕਰਕੇ ਲੈ ਲਵੇ। ਫੌਜੀ ਅਧਿਕਾਰੀ ਇਸ ਤੋਂ ਇਨਕਾਰੀ ਹੋਏ ਸਨ। ਇਸ ਬਾਰੇ ਸਤਨਾਮ ਸਿੰਘ ਪੰਡੋਰੀ ਮਨਾਵਾਂ (ਜ਼ਿਲਾ ਤਰਨ ਤਾਰਨ) ਨੇ ਹਾਈ ਕੋਰਟ ਵਿੱਚ ਮੁਕੱਦਮਾ ਵੀ ਕੀਤਾ ਸੀ, ਜਿਸ ਨੇ ਇਹ ਮੁੱਦਾ ਨਿਤਾਰਿਆ ਨਹੀਂ, ਸਗੋਂ ਸਰਕਾਰੀ ਵਕੀਲਾਂ ਨੇ ਇਸ ਨੂੰ ਨਿਗੁਣਾ ਸਮਝ ਗੰਧਲਾਇਆ ਹੈ। ਇਸ ਮੁੱਕਦਮੇ ਦੀ ਕਾਪੀ ਕਢਾ ਕੇ ਮੈਂ ਇਸ ਲਾਇਬਰੇਰੀ ਵਿੱਚ ਜਮ੍ਹਾਂ ਕਰਾ ਚੁੱਕਾ ਹਾਂ। ਸਰਕਾਰੀ ਅਧਿਕਾਰੀਆਂ ਅਤੇ ਬਾਕੀ ਲੋਕਾਂ ਨੂੰ ਦੱਸਣ ਦੀ ਲੋੜ ਹੈ ਕਿ ਇਹ ਵਿਰਸਾ ਇਕੱਲਾ ਸਿੱਖਾਂ ਦਾ ਨਾਂ ਹੋ ਕੇ ਸਮੁੱਚੇ ਭਾਰਤ ਦਾ ਹੈ। ਕਿਸੇ ਵੀ ਮੁਲਕ ਦੀ ਹਕੂਮਤ ਕਿਸੇ ਘੱਟ ਗਿਣਤੀ ਕੌਮ ਦੇ ਇਤਿਹਾਸ ਨਾਲ ਅਜਿਹਾ ਖਿਲਵਾੜ ਕਰਨ ਨੂੰ ਸਭਿਅਕ ਹੋਣਾ ਨਹੀਂ ਕਹਾ ਸਕਦੀ।