Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਫੋਰਡ ਕੈਬਨਿਟ ਵਿੱਚ ਵੱਡਾ ਫੇਰਬਦਲ: ਫੈਡੇਲੀ ਤੋਂ ਵਿੱਤ ਤੇ ਥਾਂਪਸਨ ਤੋਂ ਸਿੱਖਿਆ ਮੰਤਰਾਲਾ ਖੁੱਸਿਆ

June 21, 2019 09:06 AM

* ਪ੍ਰਭਮੀਤ ਸਰਕਾਰੀਆ ਨੂੰ ਬਿਜ਼ਨਸ ਤੇ ਰੈੱਡ ਟੇਪ ਰਿਡਕਸ਼ਨ ਲਈ ਐਸੋਸਿਏਟ ਮੰਤਰੀ ਥਾਪਿਆ ਗਿਆ

ਓਨਟਾਰੀਓ, 20 ਜੂਨ (ਪੋਸਟ ਬਿਊਰੋ) : ਪ੍ਰੀਮੀਅਰ ਡੱਗ ਫੋਰਡ ਵੱਲੋਂ ਵੀਰਵਾਰ ਨੂੰ ਆਪਣੇ ਕੈਬਨਿਟ ਵਿੱਚ ਵੱਡੀ ਫੇਰਬਦਲ ਕੀਤੀ ਗਈ। ਉਨ੍ਹਾਂ ਵਿੱਕ ਫੈਡੇਲੀ ਨੂੰ ਓਨਟਾਰੀਓ ਦੇ ਵਿੱਤ ਮੰਤਰੀ ਦੇ ਰੋਲ ਤੋਂ ਵਿਹਲਾ ਕਰ ਦਿੱਤਾ। ਇਹ ਮੰਨਿਆ ਜਾ ਰਿਹਾ ਸੀ ਕਿ ਫੈਡੇਲੀ ਦੇ ਬਜਟ ਤੋਂ ਬਾਅਦ ਹੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਦਾ ਨਕਾਰਾਤਮਕ ਪ੍ਰਚਾਰ ਸ਼ੁਰੂ ਹੋਇਆ।
ਇਸ ਵੱਡੇ ਫੇਰਬਦਲ ਵਿੱਚ ਲੀਜ਼ਾ ਥਾਂਪਸਨ ਤੋਂ ਸਿੱਖਿਆ ਮੰਤਰਾਲਾ ਖੋਹ ਲਿਆ ਗਿਆ ਹੈ ਤੇ ਲੀਜ਼ਾ ਮੈਕਲਿਓਡ ਨੂੰ ਚਿਲਡਰਨ,ਕਮਿਊਨਿਟੀ ਐਂਡ ਸੋਸ਼ਲ ਸਰਵਿਸਿਜ਼ ਮੰਤਰਾਲੇ ਤੋਂ ਹੱਥ ਧੋਣੇ ਪਏ ਹਨ। ਫੋਰਡ ਨੇ ਜਦੋਂ ਤੋਂ ਪ੍ਰੀਮੀਅਰ ਦਾ ਅਹੁਦਾ ਸਾਂਭਿਆ ਸੀ ਉਦੋਂ ਤੋਂ ਹੀ ਦੋਵੇਂ ਮੰਤਰਾਲੇ ਵਿਵਾਦ ਵਿੱਚ ਰਹੇ ਹਨ। ਕੈਬਨਿਟ ਵਿੱਚ ਫੇਰਬਦਲ ਕਰਨ ਤੋਂ ਬਾਅਦ ਫੋਰਡ ਨੇ ਆਖਿਆ ਕਿ ਸਾਡੇ ਸਾਰੇ ਕੈਬਨਿਟ ਮੰਤਰੀਆਂ ਨੇ ਹੁਣ ਤੱਕ ਚੰਗਾ ਕੰਮ ਕੀਤਾ ਹੈ ਪਰ ਅਸੀਂ ਹਮੇਸ਼ਾਂ ਹੋਰ ਚੰਗੇ ਕੰਮ ਦੀ ਆਸ ਕਰ ਸਕਦੇ ਹਾਂ। ਅਸੀਂ ਇਹ ਤਬਦੀਲੀਆਂ ਇਸ ਲਈ ਕਰ ਰਹੇ ਹਾਂ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਸਹੀ ਬੰਦਿਆਂ ਨੂੰ ਸਹੀ ਥਾਂ ਉੱਤੇ ਲਾਇਆ ਹੈ।
ਫੋਰਡ ਨੇ ਆਪਣੇ ਨਵੇਂ ਮੰਤਰੀ ਮੰਡਲ ਵਿੱਚ ਉਨ੍ਹਾਂ ਐਮਪੀਪੀਜ਼ ਨੂੰ ਥਾਂ ਦਿੱਤੀ ਹੈ ਜਿਹੜੇ ਆਪਣੇ ਕੰਮ ਵਿੱਚ ਕਾਫੀ ਮਾਹਿਰ ਹਨ ਤੇ ਜਿਹੜੇ ਵਿਵਾਦਾਂ ਤੋਂ ਕੋਹਾਂ ਦੂਰ ਰਹਿੰਦੇ ਹਨ। ਹੁਣ ਵਿੱਤ ਮੰਤਰੀ ਦੀ ਭੂਮਿਕਾ ਪਹਿਲੀ ਵਾਰੀ ਐਮਪੀਪੀ ਬਣੇ ਰੌਡ ਫਿਲਿਪਜ਼ ਨਿਭਾਉਣਗੇ। ਸਿੱਖਿਆ ਮੰਤਰਾਲਾ ਸਟੀਫਨ ਲੈਸੇ ਨੂੰ ਦਿੱਤਾ ਗਿਆ ਹੈ। ਮੌਜੂਦਾ ਆਰਥਿਕ ਵਿਕਾਸ ਮੰਤਰੀ ਟੌਡ ਸਮਿੱਥ ਨੂੰ ਚਿਲਡਰਨ, ਕਮਿਊਨਿਟੀ ਤੇ ਸੋਸ਼ਲ ਸਰਵਿਸਿਜ਼ ਮੰਤਰਾਲਾ ਦਿੱਤਾ ਗਿਆ ਹੈ।
ਕ੍ਰਿਸਟੀਨ ਐਲੀਅਟ ਸਿਹਤ ਮੰਤਰੀ ਰਹੇਗੀ। ਲਾਂਗ ਟਰਮ ਕੇਅਰ ਮੈਰਿਲੀ ਫੁਲਰਟਨ ਨੂੰ ਦਿੱਤਾ ਗਿਆ ਹੈ ਤੇ ਮੈਂਟਲ ਹੈਲਥ ਐਂਡ ਐਡਿਕਸ਼ਨਜ਼ ਲਈ ਮਾਈਕਲ ਟਿਬੋਲੋ ਐਸੋਸਿਏਟ ਮੰਤਰੀ ਹੋਣਗੇ। ਪ੍ਰਭਮੀਤ ਸਰਕਾਰੀਆ ਨੂੰ ਸਮਾਲ ਬਿਜ਼ਨਸ ਤੇ ਰੈੱਡ ਟੇਪ ਰਿਡਕਸ਼ਨ ਲਈ ਐਸੋਸਿਏਟ ਮੰਤਰੀ ਥਾਪਿਆ ਗਿਆ ਹੈ ਜੋ ਸਿਰਫ ਉਨ੍ਹਾਂ ਲਈ ਹੀ ਨਹੀਂ ਸਗੋਂ ਸਾਰੇ ਪੰਜਾਬੀਆਂ ਲਈ ਹੀ ਬੜੇ ਮਾਣ ਵਾਲੀ ਗੱਲ ਹੈ। ਫੈਡੇਲੀ ਮੰਤਰੀ ਮੰਡਲ ਵਿੱਚ ਬਣੇ ਰਹਿਣਗੇ ਪਰ ਹੁਣ ਉਹ ਇਕਨਾਮਿਕ ਵਿਕਾਸ ਦਾ ਕੰਮ ਵੇਖਣਗੇ। ਲੀਜ਼ਾ ਥਾਂਪਸਨ ਗਵਰਮੈਂਟ ਐਂਡ ਕੰਜਿ਼ਊਮਰ ਸਰਵਿਸਿਜ਼ ਮੰਤਰੀ ਹੋਵੇਗੀ। ਲੀਜ਼ਾ ਮੈਕਲਿਓਡ ਨੂੰ ਟੂਰਿਜ਼ਮ, ਕਲਚਰ ਤੇ ਸਪੋਰਟ ਮੰਤਰਾਲਾ ਦਿੱਤਾ ਗਿਆ ਹੈ।

 

 

 
Have something to say? Post your comment