ਅੰਮ੍ਰਿਤਸਰ, 19 ਜੂਨ (ਪੋਸਟ ਬਿਊਰੋ)- ਇਸ ਮਹਾਨਗਰ ਵਿੱਚ ਲੁਟੇਰਿਆਂ ਨੇ ਦਿਨ ਦਿਹਾੜੇ ਬਟਾਲਾ ਰੋਡ ਉੱਤੇ ਸਿੱਕਾ ਗੈਸ ਏਜੰਸੀ ਦੇ ਕੈਸ਼ੀਅਰ 'ਤੇ ਹਮਲਾ ਕਰ ਕੇ ਲੱਖਾਂ ਰੁਪਏ ਲੁੱਟ ਲਏ ਹਨ। ਇਸ ਦੌਰਾਨ ਕੈਸ਼ੀਅਰ ਲੁਟੇਰਿਆਂ ਤੋਂ ਬਚਣ ਲਈ ਮੋਟਰ ਸਾਈਕਲ ਕਬਾੜੀਏ ਦੀ ਦੁਕਾਨ ਵਿੱਚ ਲੈ ਗਿਆ, ਪਰ ਲੁਟੇਰੇ ਲੁੱਟ ਕੇ ਲੈ ਗਏ। ਇਹ ਗੈਸ ਏਜੰਸੀ ਭਾਜਪਾ ਕੌਂਸਲਰ ਅਤੇ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੀ ਨੇਤਾ ਸੰਧਿਆ ਸਿੱਕਾ ਦੇ ਪਤੀ ਅਨੁਜ ਸਿੱਕਾ ਦੀ ਹੈ।
ਭਾਰਤ ਭੂਸ਼ਣ ਵਾਸੀ ਸੰਧੂ ਕਲੋਨੀ ਬਟਾਲਾ ਰੋਡ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾ ਤੋਂ ਸਿੱਕਾ ਗੈਸ ਏਜੰਸੀ ਵਿੱਚ ਕੈਸ਼ੀਅਰ ਹੈ। ਕੱਲ੍ਹ ਸ਼ਾਮ ਉਹ ਸਟੇਟ ਬੈਂਕ ਆਫ ਇੰਡੀਆ ਵਿੱਚ ਗੈਸ ਏਜੰਸੀ ਦਾ ਕੈਸ਼ ਜਮ੍ਹਾ ਕਰਾਉਣ ਲਈ ਮੋਟਰ ਸਾਈਕਲ 'ਤੇ ਨਿਕਲਿਆ ਸੀ। ਥੋੜ੍ਹੀ ਦੂਰ ਪਹੁੰਚਣ 'ਤੇ ਇੱਕ ਲੁਟੇਰੇ ਨੇ ਉਨ੍ਹਾਂ ਨੂੰ ਦਾਤਰ ਦਿਖਾ ਕੇ ਰੁਕਣ ਦਾ ਇਸ਼ਾਰਾ ਕੀਤਾ। ਦਾਤਰ ਦੇਖ ਕੇ ਉਹ ਸਮਝ ਗਏ ਕਿ ਸਾਹਮਣੇ ਲੁਟੇਰਾ ਹੈ। ਉਨ੍ਹਾਂ ਨੇ ਮੋਟਰ ਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਪਿੱਛੋਂ ਲੁਟੇਰੇ ਨੇ ਉਨ੍ਹਾਂ 'ਤੇ ਦਾਤਰ ਨਾਲ ਵਾਰ ਕੀਤਾ। ਉਹ ਬਚਣ ਲਈ ਮੋਟਰ ਸਾਈਕਲ ਕਬਾੜੀਏ ਸੰਜੂ ਦੀ ਦੁਕਾਨ ਦੇ ਅੰਦਰ ਲੈ ਗਿਆ, ਪਰ ਦੋ ਲੁਟੇਰੇ ਅੰਦਰ ਆ ਗਏ। ਸੰਜੂ ਕਬਾੜੀਏ ਨੇ ਸਥਿਤੀ ਭਾਂਪਦੇ ਹੋਏ ਲੁਟੇਰਿਆਂ ਨੂੰ ਦੁਕਾਨ ਦੇ ਅੰਦਰ ਕੈਦ ਕਰਨ ਲਈ ਮੇਨ ਸ਼ਟਰ ਡੇਗ ਕੇ ਬਾਹਰ ਰੌਲਾ ਪਾ ਦਿੱਤਾ, ਪਰ ਬਾਹਰ ਖੜ੍ਹੇ ਲੁਟੇਰੇ ਨੇ ਦੂਸਰਾ ਸ਼ਟਰ ਡੇਗਣ ਤੋਂ ਰੋਕ ਦਿੱਤਾ। ਉਸ ਦੇ ਬਾਅਦ ਲੁਟੇਰਿਆਂ ਨੇ ਕਬਾੜੀਏ ਦੀ ਦੁਕਾਨ ਦੇ ਅੰਦਰ ਉਸ 'ਤੇ ਦਾਤਰ ਨਾਲ ਚਾਲੀ ਵਾਰ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਅਤੇ 10 ਲੱਖ 50 ਹਜ਼ਾਰ ਰੁਪਏ ਦਾ ਬੈਗ ਲੈ ਗਏ। ਜ਼ਖਮੀ ਭਾਰਤ ਭੂਸ਼ਣ ਨੂੰ ਗੰਭੀਰ ਹਾਲਤ ਵਿੱਚ ਹਰਗੁਨ ਹਸਪਤਾਲ ਦਾਖਲ ਕਰਾਇਆ ਗਿਆ ਹੈ।