ਯੂ ਐਨ, 18 ਜੂਨ (ਪੋਸਟ ਬਿਊਰੋ)- ਭਾਰਤ 2027 ਦੇ ਆਸਪਾਸ ਚੀਨ ਨੂੰ ਪਿੱਛੇ ਛੱਡਦੇ ਹੋਏ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਬਣ ਸਕਦਾ ਹੈ। ਭਾਰਤ ਦੀ ਆਬਾਦੀ ਵਿੱਚ 2050 ਤੱਕ 27.3 ਕਰੋੜ ਵਾਧਾ ਹੋ ਸਕਦਾ ਅਤੇ ਭਾਰਤ ਸ਼ਤਾਬਦੀ ਦੇ ਅੰਤ ਤੱਕ ਦੁਨੀਆ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਸਕਦਾ ਹੈ।
ਯੂ ਐਨ ਦੇ ਆਰਥਿਕ ਤੇ ਸਮਾਜਿਕ ਮੁੱਦਿਆਂ ਦੇ ਵਿਭਾਗ ਦੇ ਪਾਪੂਲੇਸ਼ਨ ਡਿਵੀਜ਼ਨ' ਨੇ ‘ਦ ਵਲਰਡ ਪਾਪੂਲੇਸ਼ਨ ਪ੍ਰੋਸਪੈਕਟ 2019 ਹਾਈਲਾਈਟਸ (ਵਿਸ਼ਵ ਜਨਸੰਖਿਆ ਸੰਭਾਵਨਾ) ਮੁੱਖ ਬਿੰਦੂ' ਪੇਸ਼ ਕੀਤੀ ਹੈ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਗਲੇ 30 ਸਾਲਾਂ ਵਿੱਚ ਵਿਸ਼ਵ ਦੀ ਆਬਾਦੀ ਦੋ ਅਰਬ ਤੱਕ ਵਧਣ ਦੀ ਆਸ ਹੈ। 2050 ਤੱਕ ਆਬਾਦੀ ਦੇ 7.7 ਅਰਬ ਤੋਂ ਵਧ ਕੇ 9.7 ਅਰਬ ਤੱਕ ਪਹੁੰਚਣ ਦਾ ਅਨੁਮਾਨ ਹੈ। ਇਸ ਅਧਿਐਨ ਦੇ ਮੁਤਾਬਕ ਵਿਸ਼ਵ ਦੀ ਜਨਸੰਖਿਆ ਇਸ ਸ਼ਤਾਬਦੀ ਦੇ ਅੰਤ ਤੱਕ ਕਰੀਬ 11 ਅਰਬ ਤੱਕ ਪਹੁੰਚ ਜਾਣ ਦੀ ਸੰਭਾਵਨਾ ਹੈ। ਨਵੀਂ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 2050 ਤੱਕ ਉਪਰ ਦੱਸੀ ਸੰਸਾਰ ਆਬਾਦੀ ਦਾ ਜੋ ਵਾਧਾ ਹੋਵੇਗਾ ਉਸ 'ਚੋਂ ਅੱਧਾ ਵਾਧਾ ਭਾਰਤ, ਨਾਈਜ਼ੀਰੀਆ, ਪਾਕਿਸਤਾਨ, ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ, ਇਥੋਪੋਪੀਆ, ਤੰਜਾਨੀਆ, ਇੰਡੋਨੇਸ਼ੀਆ, ਮਿਸਰ ਅਤੇ ਅਮਰੀਕਾ ਵਿੱਚ ਹੋਣ ਦਾ ਅਨੁਮਾਨ ਹੈ।