Welcome to Canadian Punjabi Post
Follow us on

18

October 2019
ਨਜਰਰੀਆ

ਨੈਤਿਕਤਾ ਲਈ ਹੋਵੇ ਇੱਕ ਸਿਆਸੀ ਅੰਦੋਲਨ

June 18, 2019 12:30 PM

-ਵਿਮਲ ਵਧਾਵਨ
ਭਾਰਤ ਦੀ ਸੁਪਰੀਮ ਕੋਰਟ ਅਤੇ ਵੱਖ-ਵੱਖ ਰਾਜਾਂ ਦੀਆਂ ਹਾਈ ਕੋਰਟਾਂ ਵੱਲੋਂ ਨੈਤਿਕਤ ਸਿਖਿਆ ਦੀ ਲੋੜ ਉੱਤੇ ਅੱਜ ਤੱਕ 200 ਤੋਂ ਵੱਧ ਫੈਸਲੇ ਦਿੱਤੇ ਜਾ ਚੁੱਕੇ ਹਨ। ਇਨ੍ਹਾਂ ਸਾਰੇ ਫੈਸਲਿਆਂ 'ਚ ਜੱਜਾਂ ਨੇ ਨੈਤਿਕ ਸਿਖਿਆ ਨੂੰ ਭਾਰਤੀ ਸਮਾਜ ਅਤੇ ਮੌਜੂਦਾ ਸਥਿਤੀਆਂ ਵਿੱਚ ਬੇਹੱਦ ਜ਼ਰੂਰੀ ਦੱਸਿਆ ਹੈ, ਪਰ ਨਾਲ ਹੀ ਸਰਕਾਰਾਂ ਨੂੰ ਕੋਈ ਵੀ ਹਦਾਇਤ ਜਾਰੀ ਕਰਨ ਵਿੱਚ ਅਸਮਰੱਥਾ ਪ੍ਰਗਟਾਈ ਹੈ। ਨਿਆਂ ਪ੍ਰਣਾਲੀ ਸਰਕਾਰ ਦੇ ਕਿਸੇ ਕੰਮ, ਇਥੋਂ ਤੱਕ ਕਿ ਕਾਨੂੰਨ ਵਿੱਚ ਗਲਤੀਆਂ ਕੱਢ ਸਕਦੀ ਹੈ, ਪਰ ਸਰਕਾਰਾਂ ਨੂੰ ਇਹ ਹੁਕਮ ਨਹੀਂ ਦੇ ਸਕਦੀ ਕਿ ਕਿਹੜਾ ਕਾਨੂੰਨ ਅਤੇ ਕਿਸ ਤਰ੍ਹਾਂ ਦੀਆਂ ਵਿਵਸਥਾਵਾਂ ਦੇਸ਼ ਵਿੱਚ ਲਾਗੂ ਕੀਤੀਆਂ ਜਾਣ। ਇਹ ਕੰਮ ਵਿਧਾਨ ਪਾਲਿਕਾ ਅਤੇ ਕਾਰਜ ਪਾਲਿਕਾ ਦਾ ਹੈ। ਖਾਸ ਤੌਰ 'ਤੇ ਦੇਸ਼ ਲਈ ਨੀਤੀ ਨਿਰਮਾਣ ਦਾ ਕੰਮ ਤਾਂ ਵਿਧਾਨ ਪਾਲਿਕਾ ਨੇ ਹੀ ਕਰਨਾ ਹੁੰਦਾ ਹੈ।
ਵਿਧਾਨ ਪਾਲਿਕਾ ਦਾ ਅਰਥ ਹੈ ਭਾਰਤ ਦੀ ਪਾਰਲੀਮੈਂਟ ਅਤੇ ਸਾਰੇ ਰਾਜਾਂ ਦੀਆਂ ਵਿਧਾਨ ਸਭਾਵਾਂ ਹਨ। ਵਿਧਾਨ ਪਾਲਿਕਾ ਨੂੰ ਚਲਾਉਣ ਲਈ ਲੋਕ ਆਪਣੇ ਨੁਮਾਇੰਦੇ ਚੁਣਦੇ ਹਨ। ਇਹ ਸਿਰਫ ਕਹਿਣ ਨੂੰ ਲੋਕਾਂ ਦੇ ਨੁਮਾਇੰਦੇ ਹੁੰਦੇ ਹਨ, ਜਦ ਕਿ ਅਸਲ ਵਿੱਚ ਸਾਨੂੰ ਚਿੱਟੇ ਕੁੜਤੇ-ਪਜਾਮੇ 'ਚ ਘੁੰਮਦੇ ਨੇਤਾਛਾਪ ਹੰਕਾਰੀ ਲੋਕ ਦੇਖਣ ਨੂੰ ਮਿਲਦੇ ਹਨ। ਇਨ੍ਹਾਂ ਬਾਰੇ ਆਮ ਧਾਰਨਾ ਹੈ ਕਿ ਇਹ ਲੋਕ ਅਕਸਰ ਘੱਟ ਪੜ੍ਹੇ-ਲਿਖੇ, ਕਈ ਵਾਰ ਅਪਰਾਧੀ ਬਿਰਤੀ ਵਾਲੇ, ਪਰ ਅਮੀਰ ਹੁੰਦੇ ਹਨ। ਇਨ੍ਹਾਂ ਦੀ ਅਮੀਰੀ ਦਾ ਜੇ ਡੂੰਘਾਈ ਨਾਲ ਪ੍ਰੀਖਣ ਕੀਤਾ ਜਾਵੇ ਤਾਂ ਉਸ 'ਚ ਸੱਤਾ ਦੀ ਦੁਰਵਰਤੋਂ, ਸਵਾਰਥ, ਭਿ੍ਰਸ਼ਟਾਚਾਰ ਤੋਂ ਲੈ ਕੇ ਕਈ ਤਰ੍ਹਾਂ ਦੇ ਗੰਭੀਰ ਅਪਰਾਧਾਂ ਦੀ ਸੂਚੀ ਲੱਭਦੀ ਹੈ। ਵਿਧਾਨ ਪਾਲਿਕਾ 'ਚ ਅਜਿਹੇ ਨੇਤਾਵਾਂ ਦੀ ਭਰਮਾਰ ਹੈ।
ਅੱਜ ਦੀ ਵਿਧਾਨ ਪਾਲਿਕਾ ਵਿੱਚ ਤੁਹਾਨੂੰ ਸ਼ਾਇਦ ਦੀਵਾ ਲੈ ਕੇ ਲੱਭਣ 'ਤੇ ਵੀ ਅਜਿਹਾ ਨੇਤਾ ਨਹੀਂ ਮਿਲੇਗਾ, ਜੋ ਆਪਣੀ ਸਿਖਿਆ ਦੇ ਦਮ 'ਤੇ ਬਹੁਤ ਵੱਡਾ ਦੂਰਅੰਦੇਸ਼ ਨੀਤੀਵਾਨ ਹੋਵੇ ਤਾਂ ਸਮਾਜ ਸੇਵਾ ਦੇ ਦਮ 'ਤੇ ਬਹੁਤ ਨਿਮਰ ਅਤੇ ਮਾਨਵਤਾਵਾਦੀ ਸ਼ਖਸੀਅਤ ਹੋਵੇ ਜਾਂ ਸਮਾਜ ਨੂੰ ਨੈਤਿਕ ਅਤੇ ਅਧਿਆਤਮਕ ਮਾਰਗਦਰਸ਼ਨ ਦੇਣ ਵਾਲਾ ਵਿਅਕਤੀ ਹੋਵੇ। ਇਨ੍ਹਾਂ ਸਥਿਤੀਆਂ 'ਚ ਸੱਤਾ ਦੀ ਦੁਰਵਰਤੋਂ ਕਰਨ ਵਾਲੇ ਸਵਾਰਥੀ, ਭਿ੍ਰਸ਼ਟਾਚਾਰੀ ਅਤੇ ਅਪਰਾਧੀ ਬਿਰਤੀ ਵਾਲੇ ਨੇਤਾਵਾਂ ਤੋਂ ਇਹ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ ਕਿ ਉਹ ਦੇਸ਼ ਦੀ ਸਿਖਿਆ ਪ੍ਰਣਾਲੀ ਵਿੱਚ ਨੈਤਿਕਤਾ ਨੂੰ ਪੂਰੀ ਤਰ੍ਹਾਂ ਸ਼ਾਮਲ ਕਰਨ ਦੀ ਯੋਜਨਾ 'ਤੇ ਕੰਮ ਕਰਨਗੇ।
ਨੈਤਿਕਤਾ ਕੀ ਹੈ ਅਤੇ ਨੀਤੀਵਾਨ ਲੋਕ ਇਸ ਨੂੰ ਇੰਨਾ ਅਹਿਮ ਕਿਉਂ ਸਮਝਦੇ ਹਨ? ਨੈਤਿਕਤਾ ਦਾ ਸਿੱਧਾ ਅਰਥ ਇਹ ਹੈ ਕਿ ਸਮਾਜ ਦਾ ਹਰ ਆਦਮੀ ਕਦਮ ਕਦਮ 'ਤੇ ਜਿਹੋ ਜਿਹੇ ਸਲੂਕ ਕਰਦਾ ਹੈ ਜਾਂ ਫੈਸਲਾ ਲੈਂਦਾ ਹੈ, ਉਸ ਨੂੰ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਉਸ ਦੇ ਕੀਤੇ ਕੰਮ ਨਾਲ ਪੂਰੇ ਸਮਾਜ ਦੀ ਭਲਾਈ ਕਿਵੇਂ ਸੰਭਵ ਹੈ। ਇਸ ਦੇ ਉਲਟ ਜੇ ਉਹ ਆਦਮੀ ਸਿਰਫ ਆਪਣੀ ਭਲਾਈ 'ਤੇ ਕੇਂਦਰਿਤ ਰਹਿੰਦਾ ਹੈ ਅਤੇ ਉਸ ਕਾਰਨ ਬਾਕੀਆਂ ਨੂੰ ਭਵਿੱਖ ਵਿੱਚ ਭਾਰੀ ਤਕਲੀਫ ਉਠਾਉਣੀ ਪੈਂਦੀ ਹੈ ਤਾਂ ਅਜਿਹੇ ਆਦਮੀ ਨੂੰ ਅਨੈਤਿਕ ਕਿਹਾ ਜਾਂਦਾ ਹੈ।
ਨੀਤੀਵਾਨ ਆਦਮੀ ਕਿਸੇ ਵੀ ਸਮਾਜ ਦੀਆਂ ਸਭ ਸਮੱਸਿਆਵਾਂ ਦਾ ਹੱਲ ਸਿਰਫ ਨੈਤਿਕਤਾ ਨੂੰ ਮੰਨਦਾ ਹੈ। ਇਸ ਨੀਤੀ ਦੀ ਮਹੱਤਤਾ ਨੂੰ ਸਮਝਣ ਲਈ ਭਾਰਤ ਦੀਆਂ ਕਈ ਸਮੱਸਿਆਵਾਂ ਨੂੰ ਇੱਕ ਨਜ਼ਰੀਏ ਨਾਲ ਦੇਖਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਅੱਜ ਭਾਰਤ ਵਿੱਚ ਅਪਰਾਧ ਵਧਦੇ ਜਾਂਦੇ ਹਨ, ਔਰਤਾਂ ਸੁਰੱਖਿਅਤ ਹਨ, ਕੰਨਿਆ ਭਰਣ ਹੱਤਿਆ ਤੋਂ ਲੈ ਕੇ ਡਿਪਰੈਸ਼ਨ, ਤਣਾਅ ਆਦਿ ਕਾਰਨ ਆਏ ਦਿਨ ਹੋਣ ਵਾਲੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਅਤੇ ਸਰਕਾਰੀ ਦਫਤਰਾਂ ਵਿੱਚ ਭਿ੍ਰਸ਼ਟਾਚਾਰ ਰੁਕ ਨਹੀਂ ਰਿਹਾ। ਸਰਕਾਰੀ ਵਿਕਾਸ ਕਾਰਜਾਂ ਲਈ ਜਾਰੀ ਹੋਣ ਵਾਲੀਆਂ ਰਕਮਾਂ ਦਾ ਵੱਡਾ ਹਿੱਸਾ ਸਿਆਸੀ ਦਲਾਲਾਂ ਦੀ ਜੇਬ ਵਿੱਚ ਚਲਾ ਜਾਂਦਾ ਹੈ ਜਿਸ ਕਾਰਨ ਵਿਕਾਸ ਦੇ ਕੰਮ ਲੰਬੇ ਸਮੇਂ ਤੱਕ ਲਟਕੇ ਰਹਿੰਦੇ ਹਨ। ਠੇਕੇਦਾਰਾਂ ਵੱਲੋਂ ਬਣਾਈਆਂ ਸੜਕਾਂ ਹਰ ਸਾਲ ਟੁੱਟ ਜਾਂਦੀਆਂ ਹਨ। ਸਰਕਾਰ ਤਾਂ ਸੜਕਾਂ ਬਣਾਉਣ ਲਈ ਪੂਰਾ ਪੈਸਾ ਦਿੰਦੀ ਹੈ, ਪਰ ਉਸ ਰਕਮ ਦਾ ਕੁਝ ਹਿੱਸਾ ਭਿ੍ਰਸ਼ਟਾਚਾਰ ਦੀ ਭੇਟ ਚੜ੍ਹ ਜਾਂਦਾ ਹੈ। ਸਿਹਤ ਅਤੇ ਸਿਖਿਆ ਦੇ ਖੇਤਰ ਵਿੱਚ ਸਰਕਾਰੀ ਸੇਵਾਵਾਂ ਦੇ ਘਟੀਆਪਨ ਦਾ ਵੀ ਇਹੋ ਕਾਰਨ ਹੈ। ਸਰਕਾਰੀ ਨੌਕਰੀਆਂ ਲਈ ਚੋਣ ਪ੍ਰਕਿਰਿਆ ਹੋਵੇ ਜਾਂ ਜੱਜਾਂ ਦੀ ਨਿਯੁਕਤੀ ਤੋਂ ਖੇਡਾਂ ਦੇ ਖੇਤਰ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਖੇਡਣ ਵਾਲੇ ਖਿਡਾਰੀਆਂ ਦੀ ਚੋਣ ਹੋਵੇ, ਹਰ ਜਗ੍ਹਾ ਰਿਸ਼ਵਤਖੋਰੀ ਅਤੇ ਭਾਈ ਭਤੀਜਾਵਾਦ ਚਲਦਾ ਹੈ, ਜਿਸ ਕਾਰਨ ਚੰਗੀਆਂ ਪ੍ਰਤਿਭਾਵਾਂ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਮਿਲਦਾ।
ਭਾਰਤ ਹੀ ਨਹੀਂ, ਕੌਮਾਂਤਰੀ ਪੱਧਰ ਦੇ ਬੁੱਧੀਜੀਵੀ ਵੀ ਇਹ ਮਹਿਸੂਸ ਕਰਨ ਲੱਗੇ ਹਨ ਕਿ ਹਰ ਨਾਗਰਿਕ ਸਿਰਫ ਮਾਸ ਅਤੇ ਹੱਡੀਆਂ ਦਾ ਪੁਤਲਾ ਨਹੀਂ, ਹਰ ਮਨੁੱਖ ਵਿੱਚ ਮਾਨਸਿਕਤਾ ਦਾ ਵਿਕਾਸ ਉਸ ਦੇ ਸਰੀਰਕ ਵਿਕਾਸ ਨਾਲੋਂ ਵੱਧ ਅਹਿਮ ਹੁੰਦਾ ਹੈ। ਮਾਨਸਿਕ ਵਿਕਾਸ ਆਪਣੇ ਆਪ ਨਹੀਂ ਹੁੰਦਾ, ਇਸ ਦੇ ਲਈ ਆਪਣੇ ਆਪ ਪਰਵਾਰ ਅਤੇ ਸਮਾਜ ਦਾ ਮਾਹੌਲ, ਸਿਖਿਆ ਦੇ ਤੌਰ-ਤਰੀਕੇ ਜ਼ਿੰਮੇਵਾਰ ਹੁੰਦੇ ਹਨ। ਪਰਵਾਰ, ਸਿਖਿਆ ਅਤੇ ਸਮਾਜ ਜਦੋਂ ਪੂਰੀ ਤਰ੍ਹਾਂ ਨੈਤਿਕ ਢੰਗ ਨਾਲ ਆਚਰਣ ਕਰਨ ਲੱਗਦਾ ਹੈ ਤਾਂ ਅਜਿਹੇ ਮਾਹੌਲ ਵਿੱਚ ਰਹਿਣ ਵਾਲਾ ਹਰੇਕ ਆਦਮੀ ਸੁਭਾਵਿਕ ਤੌਰ 'ਤੇ ਨੈਤਿਕਤਾ ਦਾ ਧਨੀ ਬਣ ਜਾਂਦਾ ਹੈ। ਦੇਸ਼ ਦੀਆਂ ਅਦਾਲਤਾਂ ਨੇ ਨੈਤਿਕ ਮਾਹੌਲ ਬਣਾਉਣ ਦੇ ਸੰਬੰਧ ਵਿੱਚ ਸਰਕਾਰਾਂ ਨੂੰ ਦਿਸ਼ਾ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ। ਸਰਕਾਰਾਂ ਚਲਾਉਣ ਵਾਲੇ ਲੋਕ ਖੁਦ ਹੀ ਸਵਾਰਥ ਦਾ ਪਾਲਣ ਪੋਸ਼ਣ ਕਰਦੇ ਕਰਦੇ ਪੂਰੀ ਤਰ੍ਹਾਂ ਅਨੈਤਿਕ ਜੀਵਨ ਦੇ ਆਦੀ ਹੋ ਚੁੱਕੇ ਹਨ। ਅਜਿਹੀ ਸਥਿਤੀ ਵਿੱਚ ਨੈਤਿਕਤਾ ਦਾ ਝੰਡਾ ਕਿਵੇਂ ਬੁਲੰਦ ਹੋਵੇਗਾ? ਇਸ ਦੇ ਲਈ ਇੱਕ ਸਿਆਸੀ ਅੰਦੋਲਨ ਦੀ ਲੋੜ ਹੈ।
ਕੁਝ ਸਾਲ ਪਹਿਲਾਂ ਅੰਨਾ ਹਜ਼ਾਰੇ ਅੰਦੋਲਨ ਦੇ ਨਾਂਅ 'ਤੇ ਭਿ੍ਰਸ਼ਟਾਚਾਰ ਵਿਰੁੱਧ ਇੱਕ ਹਨੇਰੀ ਚੱਲੀ ਸੀ। ਭਿ੍ਰਸ਼ਟਾਚਾਰ ਇੱਕ ਨਾਂਹ ਪੱਖੀ ਸ਼ਬਦ ਹੈ ਅਤੇ ਇਸ ਦਾ ਹਾਂਪੱਖੀ ਸ਼ਬਦ ਹੈ ਨੈਤਿਕਤਾ। ਭਿ੍ਰਸ਼ਟਾਚਾਰ ਦੇ ਪਿੱਛੇ ਭੱਜਣ ਨਾਲ ਇਹ ਖਤਮ ਨਹੀਂ ਹੋਵੇਗਾ। ਇੱਕ ਵਿਸ਼ਾਲ ਲੀਡਰਸ਼ਿਪ ਨੂੰ ਪੂਰੀ ਨੈਤਿਕਤਾ ਨਾਲ ਅਜਿਹੀ ਇੱਕ ਹਨੇਰੀ ਚਲਾਉਣ ਪਵੇਗੀ ਅਤੇ ਆਪਣੇ ਨਾਲ ਨੈਤਿਕ ਸਿਧਾਂਤਾਂ 'ਤੇ ਚੱਲਣ ਵਾਲੇ ਲੋਕਾਂ ਨੂੰ ਜੋੜਨਾ ਪਵੇਗਾ।
ਨੈਤਿਕਤਾ ਦੀ ਮੰਗ ਵਾਲਾ ਅਜਿਹਾ ਅੰਦੋਲਨ ਜੇ ਸਫਲ ਸਿਆਸੀ ਅੰਦੋਲਨ ਬਣ ਸਕਿਆ ਅਤੇ ਸੱਤਾ 'ਤੇ ਅਧਿਕਾਰ ਜਮ੍ਹਾ ਸਕਿਆ ਤਾਂ ਪੂਰੀ ਸੰਭਾਵਨਾ ਹੈ ਕਿ ਦੇਸ਼ ਦੀ ਸਿਖਿਆ ਪ੍ਰਣਾਲੀ ਵਿੱਚ ਕਿਤਾਬਾਂ ਦੇ ਹਰ ਸਫੇ 'ਤੇ ਨੈਤਿਕਤਾ ਦੀ ਛਾਪ ਦਿਖਾਈ ਦੇਵੇਗੀ। ਜਿਸ ਦਿਨੇ ਅਜਿਹੀ ਕੋਸ਼ਿਸ਼ ਸ਼ੁਰੂ ਹੋਵੇਗੀ, ਉਸ ਦਿਨ ਤੋਂ ਇਹ ਉਮੀਦ ਕੀਤੀ ਜਾ ਸਕੇਗੀ। 15 ਸਾਲਾਂ ਬਾਅਦ ਸਾਡੇ ਸਮਾਜ ਵਿੱਚ ਨੈਤਿਕਤਾ ਇੱਕ ਸਰਬ ਵਿਆਪਕ ਵਿਵਸਥਾ ਬਣ ਸਕਦੀ ਹੈ।

Have something to say? Post your comment