Welcome to Canadian Punjabi Post
Follow us on

18

October 2019
ਨਜਰਰੀਆ

ਬੋਰ, ਫਤਹਿਵੀਰ ਅਤੇ ਡਿਜੀਟਲ ਇੰਡੀਆ

June 18, 2019 12:28 PM

-ਅਵਤਾਰ ਸਿੰਘ (ਪ੍ਰੋ.)
ਨੰਨ੍ਹੀ ਜਾਨ, ਮਾਸੂਮ ਬਾਲ ਫਤਹਿਵੀਰ ਆਪਣੇ ਹੀ ਘਰਦਿਆਂ ਦੀ ਅਣਦੇਖੀ ਦੀ ਭੇਟ ਚੜ੍ਹ ਕੇ ਪੂਰੇ ਭਾਰਤ ਦੇਸ਼ ਦੀ ਅਣਗਹਿਲੀ ਅਤੇ ਨਾਅਹਿਲੀਅਤ ਦਾ ਸ਼ਿਕਾਰ ਹੋ ਗਿਆ। ਡਿੱਗਣ ਸਮੇਂ ਉਸ ਉਤੇ ਕੀ ਗੁਜ਼ਰੀ ਹੋਵੇਗੀ, ਕਿਵੇਂ ਹੱਥ ਪੈਰ ਮਾਰੇ ਹੋਣਗੇ, ਕਿਵੇਂ ਉਸ ਨੇ ਮਾਂ ਨੂੰ 'ਵਾਜ ਮਾਰੀ ਹੋਵੇਗੀ, ਕਿਵੇਂ ਚੀਕ ਚਿਹਾੜਾ ਪਾਇਆ ਹੋਵੇਗਾ? ਇਹ ਸੋਚ ਕੇ ਦਿਲ ਦਹਿਲ ਜਾਂਦਾ ਹੈ ਤੇ ਜ਼ੁਬਾਨ ਤਾਲੂ ਨੂੰ ਲੱਗ ਜਾਂਦੀ ਹੈ। ਜਿਹੜਾ ਬੋਰ ਵਰਤੋਂ ਵਿੱਚ ਨਾ ਹੈ ਤੇ ਨਾ ਹੋਣਾ ਹੈ, ਉਸ ਨੂੰ ਪੱਕੇ ਤੌਰ 'ਤੇ ਬੰਦ ਨਾ ਕਰਨਾ ਦੱਸਦਾ ਹੈ ਕਿ ਹੋਰ ਤਾਂ ਹੋਰ, ਅਸੀਂ ਚੰਗੇ ਮਾਪੇ ਵੀ ਨਹੀਂ। ਹਾਦਸਾ ਬੇਸ਼ੱਕ, ਕਦੀ ਤੇ ਕਿਤੇ ਵੀ ਵਾਪਰ ਸਕਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਭਾਵੀ ਦੁਰਘਟਨਾ ਦਾ ਹੱਲ ਨਾ ਲੱਭੀਏ। ਹਰ ਮਾਮਲੇ ਵਿੱਚ ਅਸੀਂ ਸਿਰੇ ਦੀ ਅਣਗਹਿਲੀ ਵਰਤਦੇ ਹਾਂ, ਬਲਕਿ ਇਸ ਗੱਲ ਲਈ ਅਸੀਂ ਮਸ਼ਹੂਰ ਹੋ ਚੁੱਕੇ ਹਾਂ।
ਅਸੀਂ ਨਹੀਂ ਜਾਣਦੇ ਕਿ ਸਾਡੀਆਂ ਗਲਤੀਆਂ, ਭੁੱਲਾਂ ਤੇ ਭੁਲੇਖਿਆਂ ਦੀ ਸਜ਼ਾ ਵੀ ਸਾਨੂੰ ਅਤੇ ਸਾਡੇ ਨੰਨ੍ਹੇ ਬੱਚਿਆਂ ਨੂੰ ਭੁਗਤਣੀ ਪੈਣੀ ਅਤੇ ਪੈਂਦੀ ਹੈ। ਕਹਿਣ ਨੂੰ ਸਾਰੇ ਇਹੀ ਕਹਿਣਗੇ ਕਿ ਇਹ ਹੋਣੀ ਇਥੇ ਵਾਪਰਨੀ ਸੀ, ਪਰ ਇਹੋ ਜਿਹੀਆਂ ਦਲੀਲਾਂ ਸਾਡੀ ਹਊ ਪਰੇ ਦੀ ਮਾਰੂ ਸੋਚ ਅਤੇ ਆਦਤ ਨੂੰ ਢੱਕਣ ਦਾ ਹੀ ਕੋਝਾ ਯਤਨ ਹਨ।
ਭਗਵਾਨਪੁਰ ਵਿਖੇ ਫਤਹਿਵੀਰ ਨੂੰ ਬਚਾਉਣ ਲਈ ਕੀਤੇ ਜਾਂਦੇ ਯਤਨਾਂ ਨੂੰ ਦੇਖ ਕੇ ਅਹਿਮਦ ਨਦੀਮ ਕਾਸਮੀ ਦੀ ਕਹਾਣੀ ‘ਪੁੰਨ' ਚੇਤੇ ਆਈ ਜਿਸ ਵਿੱਚ ਕਿਸੇ ਗਰੀਬਣੀ ਦਾ ਬੇਟਾ ਖੂਹ ਵਿੱਚ ਡਿੱਗ ਜਾਂਦਾ ਹੈ। ਉਸ ਨੂੰ ਬਾਹਰ ਕੱਢਣ ਲਈ ਵਿਚਾਰੇ ਕੰਮੀਂ ਕਮੀਣ ਗਰੀਬ ਗੁਰਬੇ ਲੋਕ ਬਿਨਾ ਕਹੇ ਦੱਸੇ ਖੂਹ ਵੱਲ ਦੌੜੇ ਆਉਂਦੇ ਹਨ ਤੇ ਬੱਚੇ ਨੂੰ ਖੂਹ ਵਿੱਚੋਂ ਬਾਹਰ ਕੱਢਣ ਲਈ ਸਿਰ ਤੋੜ ਯਤਨ ਕਰਦੇ ਹਨ। ਪਿੰਡ ਦਾ ਲੰਬਰਦਾਰ ਚੌਧਰੀ ਵੀ ਜਾਂਦਾ ਤੇ ਪਿੰਡ ਦੇ ਲੋਕਾਂ ਨੂੰ ਖੂਹ ਵਿੱਚੋਂ ਗੰਦਾ ਪਾਣੀ ਕੱਢਣ ਦੀ ਬੇਗਾਰ ਪਾਉਂਦਾ ਹੈ ਤੇ ਨਾਲ ਆਖਦਾ ਹੈ ਕਿ ਖੂਹ ਦਾ ਭਿੱਟਿਆ ਪਾਣੀ ਬਾਹਰ ਕੱਢਣਾ ਪੁੰਨ ਦਾ ਕੰਮ ਹੈ। ਆਪਣੇ ਬੱਚੇ ਦਾ ਜਿਉਂਦਾ ਨਿਕਲ ਆਉਣ ਦੀ ਆਸ ਵਿੱਚ ਬੈਠੀ ਗਰੀਬਣੀ ਮਾਂ ਦੇ ਸਾਹਮਣੇ ਹੀ ਪੱਥਰ ਦਿਲ ਚੌਧਰੀ ਖੂਹ ਵਿੱਚ ਡਿੱਗੇ ਬੱਚੇ ਲਈ ‘ਲਾਸ਼' ਸ਼ਬਦ ਦਾ ਇਸਤੇਮਾਲ ਕਰਦਾ ਹੈ।
ਅੱਜ ਇਸ ਹਾਦਸੇ ਨੇ ਇਹ ਵੀ ਦੱਸ ਦਿੱਤਾ ਹੈ ਕਿ ਨਕਲੀ ਬੌਧਿਕਤਾ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਯੁੱਗ ਵਿੱਚ ਅਸੀਂ ਅਜੇ ਰੱਸੀਆਂ, ਕੁੰਡੀਆਂ ਤੇ ਬਾਲਟੀਆਂ ਨਾਲ ਕੰਮ ਚਲਾਉਂਦੇ ਹਾਂ ਤੇ ਟੈਕਨਾਲੋਜੀ ਦੇ ਖੇਤਰ ਵਿੱਚ ਅਸੀਂ ਅਜੇ ਵੀ ਰੱਸੇ ਰੱਸੀਆਂ ਖਿੱਚਣ ਜੋਗੇ ਹਾਂ। ਦੂਜੇ ਲੋਕ ਚੰਦ ਉਤੇ ਪੱਕੇ ਵਸੇਬੇ ਦੀਆਂ ਵਿਉਂਤਾਂ ਬਣਾ ਰਹੇ ਹਨ ਤੇ ਸਾਨੂੰ ਸੌ ਸਵਾ ਸੌ ਫੁੱਟ ਧਰਤੀ ਵਿੱਚ ਉਤਰ ਕੇ ਮਾਸੂਮ ਜਾਨ ਤੱਕ ਜਾਣ ਲਈ ਪੰਜ ਰਾਤਾਂ ਤੇ ਛੇ ਦਿਨ ਚਾਹੀਦੇ ਹਨ। ਅਖੀਰ ਬੋਰਵੈਲ ਵਿੱਚ ਡਿੱਗੇ ਬੱਚੇ ਨੂੰ ਛੇਵੇਂ ਦਿਨ ਉਸੇ ਤਰ੍ਹਾਂ ਬਾਹਰ ਕੱਢਦੇ ਹਾਂ, ਜਿਵੇਂ ਸੱਤਰ ਸਾਲ ਪਹਿਲਾਂ ਕੁੰਡੇ ਕੁੰਡੀਆਂ ਨਾਲ ਖੂਹ ਵਿੱਚ ਡਿੱਗਿਆ ਹੋਇਆਂ ਡੋਲ ਕੱਢਿਆ ਜਾਂਦਾ ਸੀ।
ਫਤਹਿਵੀਰ ਦੀ ਬੁਰੀ ਕਿਸਮਤ ਨੂੰ ਚੋਣਾਂ ਪਿਛਲੇ ਮਹੀਨੇ ਹੋ ਕੇ ਹਟੀਆਂ ਸਨ। ਜੇ ਕਿਤੇ ਇਹੀ ਚੋਣਾਂ ਅਜੇ ਹੋਣੀਆਂ ਹੁੰਦੀਆਂ ਤਾਂ ਪ੍ਰਧਾਨ ਮੰਤਰੀ ਤੱਕ ਲੋਕਾਂ ਨੇ ਭਗਵਾਨਪੁਰ ਆ ਕੇ ਸਿਰ ਉਤੇ ਤਸਲੇ ਚੁੱਕ ਲੈਣੇ ਸਨ ਤੇ ਦੇਸ਼ ਦੀਆਂ ਵੱਡੀਆਂ ਅਖਬਾਰਾਂ ਵਿੱਚ ਫੋਟੋਆਂ ਛਪਣੀਆਂ ਸਨ। ਵੱਡੇ ਚੈਨਲਾਂ ਨੇ ਇੰਨੀ ਹਾਲ ਪਾਰ੍ਹਿਆ ਮਚਾ ਦੇਣੀ ਸੀ ਕਿ ਫਤਹਿਵੀਰ ਨੂੰ ਬਚਾ ਲਿਆ ਜਾਣਾ ਸੀ। ਫਤਹਿਵੀਰ ਦਾ ਬੋਰਵੈਲ ਵਿੱਚ ਡਿੱਗਣਾ, ਉਸ ਨੂੰ ਜਲਦੀ ਨਾ ਕੱਢ ਸਕਣਾ ਅਤੇ ਨਾ ਬਚਾ ਸਕਣਾ ਸਾਡੇ ਪੂਰੇ ਦੇਸ਼ ਉਤੇ ਸਵਾਲੀਆ ਚਿੰਨ੍ਹ ਲਾ ਗਿਆ ਹੈ। ਵੋਟਾਂ ਲੈਣ ਵਾਲੇ, ਪਾਉਣ ਵਾਲੇ ਤੇ ਨਾ ਪਾਉਣ ਵਾਲੇ ਵੀ ਇਸ ਜਾਨਲੇਵਾ ਅਣਗਹਿਲੀ ਦੇ ਭਾਈਵਾਲ ਹਨ। ਇਸ ਵਕਤ ਸਾਡੇ ਕੋਲ ਮਾਤਮ ਮਨਾਉਣ ਤੋਂ ਬਿਨਾ ਕੋਈ ਚਾਰਾ ਨਹੀਂ ਹੈ।
ਫਤਹਿਵੀਰ ਦਾ ਸੋਗ ਹੋਣੀ ਨਹੀਂ, ਅਣਹੋਣੀ ਹੈ, ਮਾਤਮ ਦੇ ਨਾਲ ਸਾਨੂੰ ਇਸ ਦੀ ਚਿੰਤਾ ਜ਼ਰੂਰ ਕਰਨੀ ਚਾਹੀਦੀ ਹੈ। ਚਿੰਤਾ ਦਾ ਹੱਲ ਚਿੰਤਨ ਵਿੱਚੋਂ ਨਿਕਲਦਾ ਹੈ, ਧਰਨੇ, ਤੋੜ ਭੰਨ, ਜਲਸਿਆਂ ਜਾਂ ਭਾਸ਼ਨਾਂ ਵਿੱਚੋਂ ਨਹੀਂ। ਫਤਹਿਵੀਰ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਸਾਨੂੰ ਉਸ ਮਾਰੂ ਬੋਰਵੈਲ ਦੇ ਦਰਸ਼ਨ ਕਰਵਾ ਦਿੱਤੇ, ਜਿਸ ਵਿੱਚ ਸਾਰਾ ਭਾਰਤ ਡਿੱਗਿਆ ਹੋਇਆ ਹੈ। ਨੈਤਿਕ ਅਤੇ ਇਮਾਨਦਾਰਾਨਾ ਚਿੰਤਨ ਤੋਂ ਇਲਾਵਾ ਇਸ ਦਾ ਕੋਈ ਹੱਲ ਨਹੀਂ ਹੈ।

Have something to say? Post your comment