ਪਾਣੀਪਤ, 17 ਜੂਨ (ਪੋਸਟ ਬਿਊਰੋ)- ਕੈਨੇਡਾ ਵਿੱਚ ਭਰਾ-ਬੇਟੇ ਨੂੰ ਮਿਲ ਕੇ ਘਰ ਮੁੜੇ ਪੰਜਾਬ ਦੇ ਇੱਕ ਪਰਵਾਰ ਦੀ ਸਵਿਫਟ ਡਿਜ਼ਾਇਰ ਕਾਰ ਜੀ ਟੀ ਰੋਡ ਉਤੇ ਖੜ੍ਹੇ ਕੈਂਟਰ ਵਿੱਚ ਵੱਜ ਗਈ। ਇਸ ਵਿੱਚ ਕਾਰੋਬਾਰੀ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਸ ਦੀ ਪਤਨੀ, ਬੇਟਾ ਅਤੇ ਕਾਰ ਡਰਾਈਵਰ ਗੰਭੀਰ ਜ਼ਖਮੀ ਹਨ। ਹਾਦਸਾ ਕੱਲ੍ਹ ਸਵੇਰੇ ਮਲਿਕ ਪੈਟਰੋਲ ਪੰਪ ਸਾਹਮਣੇ ਜੀ ਟੀ ਰੋਡ ਉਤੇ ਦਿੱਲੀ-ਚੰਡੀਗੜ੍ਹ ਲਾਈਨ 'ਤੇ ਹੋਇਆ। ਪੁਲਸ ਨੇ ਜ਼ਖਮੀ ਡਰਾਈਵਰ ਦੇ ਬਿਆਨ 'ਤੇ ਕੈਂਟਰ ਡਰਾਈਵਰ ਦੇ ਖਿਲਾਫ ਕੇਸ ਦਰਜ ਕੀਤਾ ਹੈ।
ਪੰਜਾਬ ਦੇ ਸਰਹਿੰਦ ਸ਼ਹਿਰ ਦੇ ਜੀ ਟੀ ਰੋਡ ਬਾਡਾ ਦੇ ਵਾਸੀ 42 ਸਾਲਾ ਬਲਜੀਤ ਸਿੰਘ ਉਰਫ ਡਿੰਪਲ ਪੁੱਤਰ ਸੁਰਿੰਦਰਪਾਲ ਦਾ ਹਾਰਡਵੇਅਰ ਦਾ ਸਟੋਰ ਹੈ। ਉਨ੍ਹਾਂ ਦੇ ਪਿਤਾ ਦੇ ਮੁਤਾਬਕ ਛੋਟਾ ਬੇਟਾ ਜਗਜੀਤ ਸਿੰਘ ਕੈਨੇਡਾ ਵਿੱਚ ਪਿੱਜਾ ਸਟੋਰ ਚਲਾਉਂਦਾ ਹੈ। ਬਲਜੀਤ ਦਾ ਵੱਡਾ ਬੇਟਾ ਗੁਰਪ੍ਰੀਤ ਵੀ ਉਨ੍ਹਾਂ ਕੋਲ ਰਹਿੰਦਾ ਹੈ। ਬਲਜੀਤ, ਉਸਦੀ ਪਤਨੀ ਕਰਮਜੀਤ ਕੌਰ ਅਤੇ 16 ਸਾਲਾ ਬੇਟਾ ਕਰਣਪ੍ਰੀਤ ਭਰਾ-ਬੇਟੇ ਨੂੰ ਮਿਲਣ ਲਈ 23 ਮਈ ਨੂੰ ਕੈਨੇਡਾ ਗਏ ਸਨ। ਕੱਲ੍ਹ ਤੜਕੇ ਤਿੰਨੇ ਫਲਾਈਟ ਤੋਂ ਦਿੱਲੀ ਏਅਰਪੋਰਟ 'ਤੇ ਉਤਰੇ ਸਨ। ਉਥੋਂ ਕਿਰਾਏ 'ਤੇ ਟੈਕਸੀ ਕਰ ਕੇ ਤਿੰਨੇ ਘਰ ਜਾ ਰਹੇ ਸਨ। ਕਾਰ ਪਟਿਆਲਾ ਜਿ਼ਲੇ ਦੇ ਨਾਭਾ ਦਾ ਅੰਮ੍ਰਿਤਪਾਲ ਚਲਾ ਰਿਹਾ ਸੀ। ਅੰਮ੍ਰਿਤਪਾਲ ਨੇ ਦੱਸਿਆ ਕਿ ਮਲਿਕ ਪੈਟਰੋਲ ਪੰਪ ਨੇੜੇ ਰਾਜਸਥਾਨ ਨੰਬਰ ਦਾ ਕੈਂਟਰ ਜੀ ਟੀ ਰੋਡ 'ਤੇ ਖੜ੍ਹਾ ਸੀ, ਜਿਸ ਦਾ ਇੰਡੀਕੇਟਰ ਨਾ ਜਗਣ ਕਾਰਨ ਕੈਂਟਰ ਦੂਰ ਤੋਂ ਨਹੀਂ ਦਿੱਸਿਆ। ਕੈਂਟਰ ਨਜ਼ਰ ਆਉਣ 'ਤੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕਾਰ ਖੜ੍ਹੇ ਕੈਂਟਰ ਵਿੱਚ ਜਾ ਵੱਜੀ। ਰਾਹਗੀਰਾਂ ਨੇ ਕੱਚ ਅਤੇ ਗੇਟ ਤੋੜ ਕੇ ਸਾਰਿਆਂ ਨੂੰ ਹਾਈਵੇ ਪੁਲਸ ਟਰੈਫਿਕ ਦੀ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ, ਜਿੱਥੇ ਬਲਜੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।