ਹਰਿਦੁਆਰ, 17 ਜੂਨ (ਪੋਸਟ ਬਿਊਰੋ)- ਰਿਸ਼ਤੇਦਾਰੀ ਤੋਂ ਵਾਪਸ ਆ ਰਹੇ ਬਜ਼ੁਰਗ ਜੋੜੇ ਨੂੰ ਜੰਗਲੀ ਹਾਥੀ ਨੇ ਮਾਰ ਦਿੱਤਾ। ਵਣ ਵਿਭਾਗ ਦੇ ਅਧਿਕਾਰੀਆਂ ਦੇ ਮੌਕੇ 'ਤੇ ਨਾ ਪਹੁੰਚਣ ਤੋਂ ਭੜਕੇ ਪਿੰਡ ਵਾਸੀਆਂ ਨੇ ਬਿਹਾਰੀਗੜ੍ਹ-ਰੋਸ਼ਨਾਬਾਦ ਰੋਡ 'ਤੇ ਜਾਮ ਲਾ ਦਿੱਤਾ। ਪੁਲਸ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਲਾਸ਼ ਨਹੀਂ ਚੁੱਕਣ ਦਿੱਤੀ। ਦੇਰ ਸ਼ਾਮ ਪਹੁੰਚੇ ਡੀ ਐਫ ਓ ਆਕਾਸ਼ ਵਰਮਾ ਨੂੰ ਵੀ ਪਿੰਡ ਵਾਸੀਆਂ ਨੇ ਘੇਰ ਲਿਆ। ਕਾਫੀ ਦੇਰ ਬਾਅਦ ਅੰਤਿਮ ਸੰਸਕਾਰ ਲਈ 10 ਹਜ਼ਾਰ ਰੁਪਏ ਤੇ ਮੁਆਵਜ਼ੇ ਦੇ ਭਰੋਸੇ 'ਤੇ ਪਿੰਡ ਵਾਸੀ ਸ਼ਾਂਤ ਹੋਏ।
ਪਿੰਡ ਡਾਲੂਵਾਲਾ ਮਜਬਤਾ ਦੇ ਬੰਜਾਰਾ ਕਰਮ ਸਿੰਘ (65) ਆਪਣੀ ਪਤਨੀ ਲੀਲਾ (60) ਦੇ ਨਾਲ ਬੀਤੇ ਦਿਨੀਂ ਹਜਾਰਾਗ੍ਰੰਟ ਪਿੰਡ ਵਿੱਚ ਆਪਣੀ ਰਿਸ਼ਤੇਦਾਰੀ ਵਿੱਚ ਗਏ ਸਨ। ਕੱਲ੍ਹ ਜਦ ਮਾਤਾ ਪਿਤਾ ਘਰ ਵਾਪਸ ਨਾ ਆਏ ਤਾਂ ਬੇਟੇ ਵਿਨੋਦ ਕੁਮਾਰ ਨੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਅਤੇ ਪਤਾ ਲੱਗਾ ਕਿ ਉਨ੍ਹਾਂ ਦੇ ਮਾਤਾ ਪਿਤਾ ਕੱਲ੍ਹ ਸ਼ਾਮ ਪੰਜ ਵਜੇ ਹੀ ਚਲੇ ਗਏ ਸੀ। ਇਸ ਦੇ ਬਾਅਦ ਵਿਨੋਦ ਨੇ ਪਿੰਡ ਵਾਸੀਆਂ ਦੇ ਨਾਲ ਮਾਤਾ ਪਿਤਾ ਦੀ ਭਾਲ ਸ਼ੁਰੂ ਕੀਤੀ। ਦੁਪਹਿਰ ਨੂੰ ਇਕ ਕਿਲੋਮੀਟਰ ਦੂਰ ਕੱਚੇ ਜੰਗਲ ਮਾਰਗ ਉੱਤੇ ਹਜਾਰਾ ਵਣ ਚੌਕੀ ਨੇੜੇ ਦੋਵਾਂ ਦੀਆਂ ਲਾਸ਼ਾਂ ਮਿਲੀਆਂ। ਦੋਵਾਂ ਦੇ ਹੱਥਾਂ ਪੈਰਾਂ ਦੀਆਂ ਹੱਡੀਆਂ ਬੁਰੀ ਤਰ੍ਹਾਂ ਨਾਲ ਟੁੱਟੀਆਂ ਹੋਈਆਂ ਸਨ। ਦੋ ਘੰਟੇ ਬਾਅਦ ਸਿਡਕੁਲ ਥਾਣੇ ਤੋਂ ਐਸ ਆਈ ਅਮਿਟ ਭੱਟ ਦੀ ਅਗਵਾਈ ਵਿੱਚ ਪੁਲਸ ਟੀਮ ਪਹੁੰਚੀ, ਪਰ ਜੰਗਲ ਅਧਿਕਾਰੀ ਨਹੀਂ ਪਹੁੰਚੇ। ਇਸ ਤੋਂ ਨਾਰਾਜ਼ ਪਿੰਡ ਵਾਸੀਆਂ ਨੇ ਕਾਂਗਰਸੀ ਨੇਤਾ ਸੁਰਿੰਦਰ ਰਾਠੌਰ ਦੀ ਅਗਵਾਈ ਵਿੱਚ ਜਾਮ ਲਾ ਕੇ ਪ੍ਰਦਰਸ਼ਨ ਕੀਤਾ ਤਾਂ ਡੀ ਐਫ ਓ ਦੇ ਆਰਥਿਕ ਮਦਦ ਅਤੇ ਮੁਆਵਜ਼ਾ ਦੇਣ ਦੇ ਭਰੋਸੇ 'ਤੇ ਉਹ ਸ਼ਾਂਤ ਹੋਏ।