Welcome to Canadian Punjabi Post
Follow us on

18

October 2019
ਸੰਪਾਦਕੀ

ਰੈਪਟਰਜ਼ ਜਿੱਤ- ਕਰੋੜਾਂ ਚਿਹਰੇ ਇੱਕ ਖੇੜਾ

June 18, 2019 11:02 AM

ਪੰਜਾਬੀ ਪੋਸਟ ਸੰਪਾਦਕੀ

ਰੈਪਟਰਜ਼ ਵੱਲੋਂ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਕੱਪ ਜਿੱਤਣ ਦੇ ਕਈ ਮਾਅਨੇ ਹਨ। ਹਰ ਮੁਲਕ ਨੂੰ ਇੱਕ ਅਜਿਹੀ ਘੜੀ ਲੋੜੀਂਦੀ ਹੁੰਦੀ ਹੈ ਜੋ ਦੇਸ਼ ਵਾਸੀਆਂ ਲਈ ਖੁਸ਼ੀ, ਖੇੜੇ, ਏਕੇ ਅਤੇ ਮਾਣ-ਸਨਮਾਨ ਦਾ ਕਾਰਣ ਬਣੇ। ਰੈਪਟਰਜ਼ ਨੇ ਉਹ ਘੜੀਆਂ ਕੈਨੇਡਾ ਨੂੰ ਬਖ਼ਸ਼ੀਆਂ ਹਨ। ਕੋਸਟ ਟੂ ਕੋਸਟ (Coast to coast) ਕੈਨੇਡੀਅਨਾਂ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਰੈਪਰਟਰਜ਼ ਇੱਕ ਕਮਰਸ਼ੀਅਲ ਟੀਮ ਹੈ, ਇਸ ਵਿੱਚ ਸ਼ਾਮਲ ਖਿਡਾਰੀ ‘ਟੀਮ ਮੈਨੇਜਮੈਂਟ’ ਵੱਲੋਂ ਖਰੀਦ ਕੇ ਸ਼ਾਮਲ ਕੀਤੇ ਜਾਂਦੇ ਹਨ, ਸਾਰੀ ਦੀ ਸਾਰੀ ਖੇਡ ਪੈਸੇ ਦੀ ਹੈ। ਕੈਨੇਡੀਅਨਾਂ ਲਈ ਬੱਸ ਐਨਾ ਹੀ ਬਹੁਤ ਹੈ ਕਿ ਦੇਸ਼ ਦੀ ਇੱਕ ਟੀਮ ਨੇ ਉਹਨਾਂ ਨੂੰ ਇੱਕ ਤਾਰ ਵਿੱਚ ਪਰੋਏ ਜਾਣ ਦਾ ਸਬੱਬ ਬਖਸਿ਼ਆ ਹੈ।

ਕੱਲ ਟੋਰਾਂਟੋ ਵਿੱਚ ਰੈਪਰਟਰਜ ਦੀ ਜਿੱਤ ਦੇ ਸ਼ਗਨ ਮਨਾਉਣ ਲਈ ਕੱਢੀ ਗਈ ਪਰੇਡ ਵਿੱਚ 20 ਲੱਖ ਲੋਕਾਂ ਨੇ ਹਿੱਸਾ ਲਿਆ। ਇਹ ਲੋਕ ਤਾਂ ਇਕੱਤਰ ਹੋਏ ਕਿਉਂਕਿ ਮਨੁੱਖ ਵਿੱਚ ਕਿਸੇ ਚੰਗੇ ਕੰਮ ਨਾਲ ਜੁੜਨ ਦੀ ਸੁਭਾਵਿਕ ਖਵਾਹਿਸ਼ ਹੁੰਦੀ ਹੈ। ਹੈਮਿਲਟਨ, ਉਂਟੇਰੀਓ ਤੋਂ ਤਿੰਨ ਮੁਟਿਆਰ ਭੈਣਾਂ ਨੇ ਐਤਵਾਰ ਦੀ ਸਾਰੀ ਰਾਤ ਨੇਥਨ ਫਿਲਿਪ ਸਕੁਐਰ ਦੀ ਗਰਾਉਂਡ ਵਿੱਚ ਬਿਤਾਈ ਤਾਂ ਜੋ ਸਵੇਰੇ ਵੇਲੇ ਅਜਿਹੀ ਥਾਂ ਮੱਲ ਸੱਕਣ ਜਿੱਥੇ ਤੋਂ ਕਵਾਈ ਲੀਨਾਰਡੋ (Kawhi Leonardo), ਕਾਇਲ ਲਾਊਰੀ (Kyle Lowry),ਪਾਸਕਲ ਸਿਆਕਾਮ (Pascal Siakam), ਸਰਗ ਆਈਬਾਕਾ (Serge Ibaka) ਆਦਿ ਆਪਣੇ ਚਹੇਤੇ ਖਿਡਾਰੀਆਂ ਚੰਗੇ ਤਰੀਕੇ ਦਰਸ਼ਨ ਕਰ ਸੱਕਣ। ਇਸਤੋਂ ਪਹਿਲਾਂ ਟੋਰਾਂਟੋ ਵਿੱਚ ਅਜਿਹੇ ਜਸ਼ਨ 1993 ਵਿੱਚ ਹੋਏ ਸਨ ਜਦੋਂ ਟੋਰਾਂਟੋ ਬਲੂ ਜੇਅਜ਼ ਨੇ ਵਰਲਡ ਸੀਰੀਜ਼ ਜਿੱਤੀ ਸੀ। ਰੈਪਟਰਜ਼ ਨੇ 26 ਸਾਲਾਂ ਬਾਅਦ ਕੈਨੇਡਾ ਨੂੰ ਇੱਕ ਜੁੱਟ ਹੋਣ ਦਾ ਅਵਸਰ ਦਿੱਤਾ ਹੈ।

ਲੀਓਨਾਰਡੋ, ਲਾਊਰੀ, ਪਾਸਕਲ ਜਾਂ ਆਈਬਾਕਾ ਵਰਗੇ ਤਾਂ ਮਹਾਨ ਬਾਸਕਟਬਾਲ ਖਿਡਾਰੀ ਹਨ ਅਤੇ ਲੋਕਾਂ ਦਾ ਉਹਨਾਂ ਦੀ ਤੱਕਣੀ ਲਈ ਉਤਾਵਲੇ ਹੋਣਾ ਸੁਭਾਵਿਕ ਹੈ। ਪਰ ਚੰਗੇ ਕੰਮ ਲਈ ਕੀਤੀ ਮਿਹਨਤ ਹਰ ਕਿਸੇ ਦੀ ਥਾਂ ਪੈਂਦੀ ਹੈ, ਇਸਦੀ ਮਿਸਾਲ ਰੈਪਟਰਜ਼ ਸੁਪਰਫੈਨ ਨਵ-ਭਾਟੀਆ ਹੈ। ਉਹ 1984 ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਤੋਂ ਕੈਨੇਡਾ ਆਇਆ ਜਿਸਨੇ ਸਿੱਖ ਵਿਰੋਧੀ ਹਿੰਸਾ ਨੂੰ ਨੰਗੇ ਚਿੱਟੇ ਰੂਪ ਵਿੱਚ ਵੇਖਿਆ। ਕੈਨੇਡਾ ਆਉਣ ਤੋਂ ਬਾਅਦ ਉਸਨੂੰ ਲੋਕੀ ‘ਪਾਕੀ’ ‘ਟੈਕਸੀ ਡਰਾਈਵਰ’ ਆਦਿ ਨਫ਼ਰਤ ਭਰੇ ਸ਼ਬਦਾਂ ਨਾਲ ਸੰਬੋਧਨ ਕਰਦੇ ਰਹੇ ਹਨ। ਪਰ ਇਸ ਮਨੁੱਖ ਨੇ ਨਾ ਆਪਣਾ ਧਰਮ ਤਿਆਗਿਆ, ਨਾ ਕਿਸੇ ਪ੍ਰਤੀ ਨਫ਼ਰਤ ਜਾਂ ਸਾੜਾ ਰੱਖਿਆ ਸਗੋਂ ਆਪਣੇ ਤਨ ਮਨ ਦੀ ਊਰਜਾ ਨੂੰ ‘ਰੈਪਟਰਜ਼’ਦਾ ਸੁਪਰਫੈਨ ਬਣਨ ਉੱਤੇ ਖਰਚ ਕੀਤਾ। ਰੈਪਟਰਜ਼ ਦੇ 25 ਸਾਲਾ ਇਤਿਹਾਸ ਵਿੱਚ ਹਰ ਮੈਚ ਵੇਖਣ ਵਾਲਾ ਨਵ-ਭਾਟੀਆ ਹਰੇਕ ਸਾਲ ਦੋ ਤੋਂ ਢਾਈ ਲੱਖ ਡਾਲਰ ਬਾਸਕਟਬਾਲ ਦੇ ਸ਼ੌਕ ਉੱਤੇ ਖਰਚ ਕਰਦਾ ਹੈ। ਅੱਜ ਉਸਦੀ ਦਸਤਾਰ ਅਤੇ ਸਿੱਖੀ ਸ਼ਾਨ ਨੂੰ ਕੈਨੇਡਾ ਭਰ ਵਿੱਚ ਹੀ ਨਹੀਂ ਸਗੋਂ ਵਿਸ਼ਵ ਭਰ ਵਿੱਚ ਲੋਕੀ ਪਹਿਚਾਣ ਬਖਸ਼ਦੇ ਹਨ।

ਨਵ-ਭਾਟੀਆ ਦੀ ਪ੍ਰਾਪਤੀ ਕੈਨੇਡਾ ਦੀ ਪ੍ਰਾਪਤੀ ਹੈ, ਸਿੱਖ ਭਾਈਚਾਰੇ ਦੀ ਪ੍ਰਾਪਤੀ ਹੈ, ਕੈਨੇਡਾ ਦੀ ਵਿਭਿੰਨਤਾ ਦੀ ਪ੍ਰਾਪਤੀ ਹੈ। ਨਵ-ਭਾਟੀਆ ਨੇ 1999 ਵਿੱਚ 1 ਹਜ਼ਾਰ ਤੋਂ ਵੱਧ ਟਿਕਟਾਂ ਖਰੀਦ ਕੇ ਸਿੱਖ, ਹਿੰਦੂ, ਮੁਸਲਮਾਨ, ਈਸਾਈ, ਯਹੂਦੀ ਬੱਚਿਆਂ ਵਿੱਚ ਵੰਡ ਕੇ 300 ਸਾਲਾ ਖਾਲਸਾ ਦਿਹਾੜਾ ਮਨਾਇਆ ਸੀ ਤਾਂ ਜੋ ਲੋਕੀ ਸਿੱਖ ਦੀ ਨਹੀਂ ਸਗੋਂ ਸਿੱਖੀ ਦੀ ਭਾਵਨਾ ਤੋਂ ਜਾਣੂੰ ਹੋਣ ਅਤੇ ਖੇਡ ਦੀ ਮਨੁੱਖ ਨੂੰ ਬਿਹਤਰ ਬਣਾਉਣ ਦੀ ਤਾਕਤ ਨੂੰ ਅਪਨਾ ਸੱਕਣ।

ਰੈਪਟਰਜ਼ ਦੀ ਜਿੱਤ ਦਾ ਇੱਕ ਨਤੀਜਾ ਕੈਨੇਡਾ ਦੀ ਨਵੀਂ ਪੀੜੀ ਵਿੱਚ ਖੇਡਾਂ ਪ੍ਰਤੀ ਜਾਗਰੂਕਤਾ ਦਾ ਪੈਦਾ ਹੋਣਾ ਹੈ। ਅੱਜ ਕੈਨੇਡਾ ਦੀ ਹਰ ਸਟਰੀਟ, ਹਰ ਘਰ ਵਿੱਚ ਬੱਚੇ ਖੇਡ ਨੂੰ ਲੈ ਕੇ ਉਤਸ਼ਾਹਿਤ ਹਨ। ਅਗਲੇ ਕਈ ਸਾਲਾਂ ਤੱਕ ਇਹ ਬੱਚੇ ਇਸ ਜਿੱਤ ਦੀਆਂ ਯਾਦਾਂ ਲੈ ਕੇ ਗੱਲਾਂ ਕਰਦੇ ਵੱਡੇ ਹੋਣਗੇ ਅਤੇ ਇੰਝ ਹੀ ਰੱਬ ਕਦੇ ਕੋਈ ਹੋਰ ਸਬੱਬ ਪੈਦਾ ਕਰ ਦੇਵੇਗਾ।

ਇਹਨਾਂ ਸਾਰੇ ਜਸ਼ਨਾਂ ਅਤੇ ਖੁਸ਼ੀਆਂ ਵਿੱਚੋਂ ਇੱਕ ਸਬਕ ਸਿੱਖਣਾ ਬਣਦਾ ਹੈ ਕਿ ਸਫ਼ਲ ਹੋਣ ਵਾਸਤੇ ਹਰ ਵਿਅਕਤੀ ਨੂੰ ਆਪਣਾ ਰਾਹ ਖੁਦ ਚੁਣਨਾ ਹੋਵੇਗਾ। ਸਫ਼ਲਤਾ ਦੀ ਚੋਟੀ ਸੱਭਨਾਂ ਨੂੰ ਦਿੱਸਦੀ ਹੈ ਪਰ ਚੋਟੀ ਤੱਕ ਪੁੱਜਣ ਲਈ ਖਾਧੇ ਧੱਕੇ, ਝੱਲੀਆਂ ਹਾਰਾਂ ਵਿਖਾਈ ਨਹੀਂ ਦੇਂਦੀਆਂ ਹੁੰਦੀਆਂ। ਪਿਛਲੇ 50 ਸੀਜ਼ਨਾਂ ਵਿੱਚ ਰੈਪਟਰਜ਼ ਪਹਿਲੀ ਟੀਮ ਹੈ ਜੋ ਰੋਸਟਰ ਦੀਆਂ ਚੋਟੀ ਦੀਆਂ 10 ਟੀਮਾਂ ਸ਼ਾਮਲ ਨਹੀਂ ਸੀ ਕੀਤੀ ਗਈ। ਕਵਾਈ ਲੀੲਓਨਾਰਡੋ ਮਹਿਜ਼ 17 ਸਾਲਾਂ ਦਾ ਸੀ ਜਦੋਂ ਉਸਦੇ ਪਿਤਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਉਸਨੂੰ ਅਗਲੇ ਦਿਨ ਖੇਡ ਖੇਡਣ ਜਾਣ ਦੀ ਮਜ਼ਬੂਰੀ ਸੀ। ਉਸ ਦਿਨ ਖੇਡ ਤੋਂ ਇੱਕ ਦਮ ਬਾਅਦ ਜੋ ਦਹਾੜ ਮਾਰ ਕੇ ਲੀਓਨਾਰਡੋ ਰੋਇਆ ਸੀ, ਉਸਦੀ ਭਰਪਾਈ ਟਰਾਫੀਆਂ ਨਹੀਂ ਕਰਦੀਆਂ ਹੁੰਦੀਆਂ ਸਗੋਂ ਆਤਮਾ ਦਾ ਸਕੂਨ ਹੁੰਦਾ ਹੈ ਜੋ ਹੋਰਾਂ ਨੂੰ ਖੁਸ਼ੀਆਂ ਦੇਣ ਵਿੱਚੋਂ ਲੱਭਦਾ ਹੈ।

ਜੇ ਨਵੀਂ ਪੀੜੀ ਦੇ ਬੱਚੇ ਕਵਾਈ ਵਰਗਾ ਖਿਡਾਰੀ ਅਤੇ ਨਵ-ਭਾਟੀਆ ਵਰਗਾ ਜਨੂੰਨੀ ਸੁਪਰਫੈਨ ਬਣਨ ਵਾਸਤੇ ਕੀਤੀਆਂ ਜਾਣ ਵਾਲੀਆਂ ਕੁਰਬਾਨੀਆਂ ਦੀ ਬਰਾਬਰੀ ਕਰਨ ਨੂੰ ਤਿਆਰ ਹੋਣ ਤਾਂ ਹਰ ਮੈਦਾਨ ਫਤਿਹ ਹੋਣੀ ਸੁਭਾਵਿਕ ਹੈ। ਤਾਹੀਊਂ ਮਾਣ ਰੈਪਟਰਜ਼ ਦੀ ਜਿੱਤ ਉੱਤੇ ਘੱਟ ਸਗੋਂ ਜਿੱਤ ਦੀ ਭਾਵਨਾ ਉੱਤੇ ਕੀਤੇ ਜਾਣ ਦੀ ਲੋੜ ਹੈ।

Have something to say? Post your comment