ਜਲੰਧਰ, 16 ਜੂਨ (ਪੋਸਟ ਬਿਊਰੋ)- ਕਮਿਸ਼ਨਰੇਟ ਪੁਲਸ ਨੇ ਕੱਲ੍ਹ ਸਵੇਰੇ ਸਥਾਨਕ ਬਸ ਸਟੈਂਡ ਕੋਲ ਕਰੀਬ 25 ਟ੍ਰੈਵਲ ਏਜੰਟ ਦਫਤਰਾਂ ਵਿੱਚ ਛਾਪੇ ਮਾਰੇ ਤਾਂ ਇੱਕੋ ਵੇਲੇ ਪੁਲਸ ਕਾਰਵਾਈ ਦੇ ਨਾਲ ਟਰੈਵਲ ਕਾਰੋਬਾਰੀਆਂ ਵਿੱਚ ਤਰਥੱਲੀ ਮੱਚ ਗਈ ਤੇ ਉਹ ਆਪਣੇ ਦਫਤਰ ਬੰਦ ਕਰ ਕੇ ਭੱਜ ਗਏ। ਪੁਲਸ ਨੇ ਤਿੰਨ ਟ੍ਰੈਵਲ ਕਾਰੋਬਾਰੀਆਂ ਨੂੰ ਫੜ ਕੇ ਉਨ੍ਹਾਂ ਤੋਂ ਕਰੀਬ ਇੱਕ ਲੱਖ 82 ਹਜ਼ਾਰ ਰੁਪਏ ਨਕਦੀ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ।
ਇਸ ਸੰਬੰਧ ਵਿੱਚ ਪੁਲਸ ਕਮਿਸ਼ਨਰ ਗੁੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਸ ਸਟੈਂਡ ਨੇੜੇ ਕੁਝ ਟ੍ਰੈਵਲ ਕਾਰੋਬਾਰੀ ਬਿਨਾਂ ਲਾਇਸੈਂਸ ਨਾਜਾਇਜ਼ ਕਾਰੋਬਾਰ ਚਲਾ ਰਹੇ ਹਨ। ਇਸ ਦੇ ਬਾਅਦ ਚਾਰ ਟੀਮਾਂ ਦਾ ਗਠਨ ਕੀਤਾ ਗਿਆ ਤੇ ਇਨ੍ਹਾਂ ਨਾਲ ਭਾਰੀ ਮਾਤਰਾ ਵਿੱਚ ਪੁਲਸ ਦੇ ਮੁਲਾਜ਼ਮ ਤੈਨਾਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਚਾਰਾਂ ਟੀਮਾਂ ਨੇ ਬਸ ਸਟੈਂਡ ਦੇ ਆਲੇ ਦੁਆਲੇ ਕਰੀਬ 25 ਟਰੈਵਲ ਕਾਰੋਬਾਰੀਆਂ ਦੇ ਦਫਤਰਾਂ ਵਿੱਚ ਛਾਪੇ ਮਾਰੇ, ਜਿਨ੍ਹਾਂ ਕੋਲ ਲਾਇਸੈਂਸ ਤੇ ਦਸਤਾਵੇਜ਼ ਸਨ, ਉਨ੍ਹਾਂ ਨੂੰ ਚੈੱਕ ਕੀਤਾ ਗਿਆ ਅਤੇ ਜਿਨ੍ਹਾਂ ਕੋਲ ਦਸਤਾਵੇਜ਼ ਤੇ ਲਾਇਸੈਂਸ ਨਹੀਂ ਸੀ, ਉਨ੍ਹਾਂ ਨੂੰ ਪੁਲਸ ਨੇ ਫੜ ਲਿਆ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਫੜੇ ਗਏ ਟ੍ਰੈਵਲ ਕਾਰੋਬਾਰੀ ਆਈਲੈਟਸ ਸੈਂਟਰ ਦੇ ਨਾਂਅ ਉੱਤੇ ਕਾਰੋਬਾਰ ਕਰਦੇ ਸਨ। ਫਿਲਹਾਲ ਪੁਲਸ ਨੇ ਤਿੰਨ ਟ੍ਰੈਵਲ ਏਜੰਟਾਂ ਨੂੰ ਫੜ ਕੇ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਹੈ। ਫੜੇ ਗਏ ਲੋਕਾਂ ਦੀ ਪਛਾਣ ਮੋਹਿਤ ਮਿਨਹਾਸ ਵਾਸੀ ਗਿਆਨ ਨਗਰ (ਨੈਕਸਟ ਲੈਵਲ ਇੰਸਟੀਚਿਊਟ), ਸਤਿੰਦਰ ਪਾਲ ਸਿੰਘ, ਦੂਰਦਰਸ਼ਨ ਇਨਕਲੇਵ (ਗੁਰੂ ਆਈਲੈਟਸ) ਅਤੇ ਰਵਿੰਦਰ ਕੁਮਾਰ ਪਿੰਡ ਮੁਜ਼ੱਫਰਪੁਰ (ਬੈਂਡਸ ਸਾਲਿਊਸ਼ਨ ਆਈਲੈਟਸ) ਦੇ ਖਿਲਾਫ ਧਾਰਾ 406, 420, 120 ਬੀ, 12 ਪਾਸਪੋਰਟ ਐਕਟ ਅਤੇ 13 ਪੰਜਾਬ ਲੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦਾ ਕੇਸ ਦਰਜ ਕੀਤਾ ਹੈ।