Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਨਜਰਰੀਆ

ਰਾਸ਼ਟਰ ਦੀ ਆਤਮਾ ਨੂੰ ਖੰਡਿਤ ਕਰਨਾ ਚਾਹੁੰਦਾ ਹੈ ਸੰਘ ਪਰਵਾਰ

October 09, 2018 07:53 AM

-ਯੋਗੇਂਦਰ ਯਾਦਵ
‘ਤੁਸੀਂ ਰਾਸਟਰੀ ਸਵੈ ਸੇਵਕ ਸੰਘ ਨੂੰ ਮੁਸਲਿਮ ਵਿਰੋਧੀ ਕਹੋ ਤਾਂ ਗੱਲ ਸਮਝ ਆਉਂਦੀ, ਪਰ ਇਸ ਨੂੰ ਰਾਸ਼ਟਰ ਵਿਰੋਧੀ ਕਿਵੇਂ ਕਹਿ ਸਕਦੇ ਹੋ? ਤੁਸੀਂ ਬੇਵਜ੍ਹਾ ਸੰਘ ਨਾਲ ਨਫਰਤ ਕਰਦੇ ਹੋ। ਮੈਨੂੰ ਸਮਝ ਆ ਗਈ। ਜ਼ਰੂਰ ਅੰਕਲ ਨੇ ਕੱਲ੍ਹ ਰਾਤ ਮੈਨੂੰ ਟੀ ਵੀ ਉਤੇ ਦੇਖਿਆ ਹੋਵੇਗਾ, ਜਦੋਂ ਮੈਂ ਸੰਘ ਦੇ ਸਰ ਸੰਘਚਾਲਕ ਮੋਹਨ ਭਾਗਵਤ ਦੇ ਵਿਗਿਆਨ ਭਵਨ ਵਾਲੇ ਭਾਸ਼ਣਾਂ 'ਤੇ ਟਿੱਪਣੀ ਕਰ ਰਿਹਾ ਸੀ।
‘ਅੰਕਲ ਜੀ ਤੁਸੀਂ ਮੇਰੀ ਗੱਲ ਠੀਕ ਸਮਝੀ, ਪਰ ਉਸ ਪਿੱਛੇ ਕੋਈ ਨਫਰਤ ਜਾਂ ਗਲਤ ਫਹਿਮੀ ਨਹੀਂ। ਮੈਂ ਸੰਘ ਨੂੰ ਬਹੁਤ ਨੇੜਿਉਂ ਦੇਖਿਆ ਹੈ। ਸੰਘ ਪ੍ਰਚਾਰਕ ਆਮ ਤੌਰ 'ਤੇ ਇਮਾਨਦਾਰ ਲੋਕ ਹਨ। ਸੰਘ ਦੇ ਵਰਕਰਾਂ ਬਾਰੇ ਮੇਰੀ ਉਹ ਹੀ ਰਾਏ ਹੈ, ਜੋ ਕਮਿਊਨਿਸਟਾਂ ਅਤੇ ਪੁਰਾਣੇ ਜ਼ਮਾਨੇ ਦੇ ਸਮਾਜਵਾਦੀਆਂ ਬਾਰੇ ਹੈ, ਕਿਸੇ ਆਮ ਸਿਆਸੀ ਵਰਕਰ ਦੇ ਮੁਕਾਬਲੇ ਇਹ ਲੋਕ ਜ਼ਿਆਦਾ ਇਮਾਨਦਾਰ ਅਤੇ ਆਦਰਸ਼ਵਾਦੀ ਹੁੰਦੇ ਹਨ। ਆਪਣੀ ਸਮਝ ਦੇ ਹਿਸਾਬ ਨਾਲ ਉਹ ਅਕਸਰ ਰਾਸ਼ਟਰ ਦੇ ਹਿੱਤ ਲਈ ਸਮਰਪਿਤ ਹੁੰਦੇ ਹਨ। ਮੈਂ ਜਾਣਦਾ ਹਾਂ ਕਿ ਸੰਘ ਦੇ ਸਵੈਮ ਸੇਵਕਾਂ ਨੇ ਕਈ ਵਾਰ ਕੁਦਰਤੀ ਆਫਤਾਂ ਜਾਂ ਕੌਮੀ ਸੰਕਟ ਵੇਲੇ ਹਾਂ-ਪੱਖੀ ਭੂਮਿਕਾ ਨਿਭਾਈ ਹੈ।
ਬਜ਼ੁਰਗ ਕੁਝ ਆਸਵੰਦ ਹੋਏ। ‘ਮੈਨੰ ਲੱਗਾ ਸੀ ਕਿ ਤੁਸੀਂ ਸਹੀ ਗੱਲ ਨੂੰ ਸਹੀ ਕਹੋਗੇ, ਫਿਰ ਸੰਘ ਨੂੰ ਰਾਸ਼ਟਰ ਵਿਰੋਧੀ ਕਿਉਂ ਕਹਿੰਦੇ ਹੋ?’
‘ਕਿਉਂਕਿ ਰਾਸ਼ਟਰ ਦਾ ਬੁਰਾ ਜਾਂ ਭਲਾ ਸਿਰਫ ਕਿਸੇ ਆਦਮੀ ਦੀ ਆਪਣੀ ਸਮਝ 'ਤੇ ਨਿਰਭਰ ਨਹੀਂ। ਆਮ ਤੌਰ 'ਤੇ ਨਕਸਲੀ ਵੀ ਆਦਰਸ਼ਵਾਦੀ ਹੁੰਦੇ ਹਨ ਅਤੇ ਸੋਚਦੇ ਹਨ ਕਿ ਉਹ ਗਰੀਬਾਂ ਦਾ ਭਲਾ ਕਰ ਰਹੇ ਹਨ, ਪਰ ਅਸਲ 'ਚ ਉਹ ਜਿਸ ਤਰ੍ਹਾਂ ਦੀ ਹਿੰਸਾ ਕਰਦੇ ਹਨ, ਉਸ ਨਾਲ ਸਭ ਤੋਂ ਵੱਧ ਨੁਕਸਾਨ ਗਰੀਬਾਂ ਹੀ ਹੁੰਦਾ ਹੈ। ਇਸੇ ਤਰ੍ਹਾਂ ਸੰਘ ਵਾਲੇ ਸੋਚਦੇ ਹੋਣਗੇ ਕਿ ਉਹ ਰਾਸ਼ਟਰ ਦਾ ਭਲਾ ਕਰ ਰਹੇ ਹਨ, ਪਰ ਉਨ੍ਹਾਂ ਦੇ ਕਰਮ ਅਤੇ ਵਿਚਾਰਾਂ ਨਾਲ ਰਾਸ਼ਟਰ ਦਾ ਨੁਕਸਾਨ ਹੀ ਹੋਇਆ ਹੈ।’
ਅੰਕਲ ਬੋਲੇ, ‘ਇਹ ਗੱਲ ਮੈਂ ਪਹਿਲੀ ਵਾਰ ਸੁਣ ਰਿਹਾ ਹਾਂ। ਜਿਸ ਸੰਗਠਨ ਦਾ ਅਤੀਤ ਰਾਸ਼ਟਰ ਭਗਤੀ ਨਾਲ ਭਰਪੂਰ ਰਿਹਾ ਹੋਵੇ...।’
ਉਨ੍ਹਾਂ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਮੈਂ ਟੋਕ ਦਿੱਤਾ, ‘ਸੰਘ ਦੇ ਅਤੀਤ ਦੀ ਗੱਲ ਨਾ ਕਰੋ। ਇਸ ਦੀ ਸਥਾਪਨਾ 1925 'ਚ ਹੋਈ ਸੀ, ਪਰ ਕੌਮੀ ਅੰਦੋਲਨ 'ਚ ਇਸ ਸੰਗਠਨ ਨੇ ਜ਼ਰਾ ਵੀ ਯੋਗਦਾਨ ਦਿੱਤਾ ਹੋਵੇ ਤਾਂ ਦੱਸੋ। ਤੁਸੀਂ ਦਿਖਾਓ ਦੇਸ਼ ਦੀ ਆਜ਼ਾਦੀ ਲਈ ਸੰਘ ਦੇ ਕਿੰਨੇ ਸਵੈਮ ਸੇਵਕ ਸ਼ਹੀਦ ਹੋਏ, ਸੰਘ ਦੇ ਸੱਦੇ 'ਤੇ ਜੇਲ੍ਹ ਗਏ? ਜੇ ਵੀਰ ਸਾਵਰਕਰ ਬਾਰੇ ਸੋਚਦੇ ਹੋ ਤਾਂ ਤੁਹਾਨੂੰ ਪਤਾ ਹੈ ਕਿ ਉਹ ਕਾਲੇ ਪਾਣੀ ਦੀ ਸਜ਼ਾ 'ਚੋਂ ਵਾਇਸਰਾਏ ਤੋਂ ਰਹਿਮ ਦੀ ਭੀਖ ਮੰਗ ਕੇ ਬਾਹਰ ਨਿਕਲੇ ਸਨ? ਬਾਹਰ ਆਉਣ ਪਿੱਛੋਂ ਉਹ ਅੰਗਰੇਜ਼ਾਂ ਦੀਆਂ ਸ਼ਰਤਾਂ ਮੁਤਾਬਕ ਅਤੇ ਉਨ੍ਹਾਂ ਦੇ ਦਿੱਤੇ ਵਜ਼ੀਫੇ 'ਤੇ ਗੁਜ਼ਾਰਾ ਕਰਦੇ ਸਨ। ਕੀ ਤੁਸੀਂ ਜਾਣਦੇ ਹੋ ਕਿ ਜਦੋਂ ਸਾਰਾ ਦੇਸ਼ 1942 ਦੇ ‘ਕਰੋ ਜਾਂ ਮਰੋ’ ਸੰਘਰਸ਼ 'ਚ ਜੁਟਿਆ ਹੋਇਆ ਸੀ, ਉਦੋਂ ਸ਼ਿਆਮਾ ਪ੍ਰਸਾਦ ਮੁਖਰਜੀ ਬ੍ਰਿਟਿਸ਼ ਸਰਕਾਰ ਦਾ ਸਹਿਯੋਗ ਕਰ ਰਹੇ ਸਨ? ਇੰਨਾ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਨੱਥੂ ਰਾਮ ਗੋਡਸੇ ਇੱਕ ਸਮੇਂ ਸੰਘ ਦਾ ਸਵੈਮ ਸੇਵਕ ਸੀ ਤੇ ਗਾਂਧੀ ਦੀ ਹੱਤਿਆ ਵੇਲੇ ਇਸੇ ਵਿਚਾਰ ਨਾਲ ਜੁੜੇ ਸੰਗਠਨਾਂ ਨਾਲ ਉਸ ਦਾ ਸੰਬੰਧ ਸੀ। ਇਸੇ ਕਰ ਕੇ ਗਾਂਧੀ ਜੀ ਦੀ ਹੱਤਿਆ ਤੋਂ ਬਾਅਦ ਸਰਦਾਰ ਪਟੇਲ ਨੇ ਸੰਘ 'ਤੇ ਪਾਬੰਦੀ ਲਾਈ ਸੀ।’
ਮੇਰੇ ਇਸ ਤਿੱਖੇ ਜਵਾਬ ਤੋਂ ਅੰਕਲ ਹੈਰਾਨ ਰਹਿ ਗਏ ਤੇ ਸੰਭਲਦੇ ਹੋਏ ਬੋਲੇ, ‘ਤੁਹਾਡੀਆਂ ਗੱਲਾਂ ਸੁਣ ਕੇ ਹੈਰਾਨ ਹਾਂ। ਜੇ ਕੋਈ ਹੋਰ ਬੋਲਦਾ ਤਾਂ ਮੈਨੂੰ ਯਕੀਨ ਨਾ ਹੁੰਦਾ, ਪਰ ਤੁਸੀਂ ਅਕਸਰ ਤੱਥਾਂ ਦੀ ਜਾਂਚ ਕਰ ਕੇ ਬੋਲਦੇ ਹੋ, ਇਸ ਲਈ ਮੰਨ ਲੈਂਦਾ ਹਾਂ, ਪਰ ਇਹ ਸਭ ਤਾਂ ਆਜ਼ਾਦੀ ਤੋਂ ਪਹਿਲਾਂ ਦੀਆਂ ਗੱਲਾਂ ਹਨ, ਦੱਬੇ ਮੁਰਦੇ ਕਿਉਂ ਪੁੱਟੇ ਜਾਣ?’
‘ਚਲੋ ਅਸੀਂ ਆਜ਼ਾਦੀ ਤੋਂ ਬਾਅਦ ਦੀ ਗੱਲ ਕਰਦੇ ਹਾਂ। ਜੋ ਸੰਗਠਨ ਕੌਮੀ ਏਕਤਾ ਦੇ ਪਵਿੱਤਰ ਪ੍ਰਤੀਕਾਂ 'ਚ ਯਕੀਨ ਨਾ ਕਰੇ, ਉਸ ਨੂੰ ਤੁਸੀਂ ਕੀ ਕਹੋਗੇ? ਆਜ਼ਾਦੀ ਪਿੱਛੋਂ ਵੀ ਸੰਘ ਨੇ ਤਿਰੰਗੇ ਝੰਡੇ ਨੂੰ ਆਪਣੀ ਸ਼ਾਖਾ ਅਤੇ ਹੈੱਡਕੁਆਰਟਰ 'ਤੇ ਤਿਰੰਗਾ ਨਹੀਂ ਲਹਿਰਾਇਆ। ਸਿਰਫ ਭਗਵੇ ਝੰਡੇ ਦੀ ਜ਼ਿੱਦ ਕੀਤੀ। ਸੰਘ ਨੇ ‘ਜਨ ਗਣ ਮਨ' ਦੀ ਤੌਹੀਨ ਕੀਤੀ ਅਤੇ ਇਸ ਨੂੰ ਬ੍ਰਿਟਿਸ਼ ਸੱਤਾ ਦਾ ਪ੍ਰਤੀਕ ਦੱਸਿਆ। ਇਹੋ ਨਹੀਂ, ਸੰਘ ਦੇ ਮੁਖੀ ਤੇ ਵਿਚਾਰਕਾਂ ਨੇ ਵਾਰ-ਵਾਰ ਭਾਰਤੀ ਸੰਵਿਧਾਨ ਦਾ ਮਜ਼ਾਕ ਉਡਾਇਆ। ਸੰਵਿਧਾਨ ਦੇ ਮੂਲ ਆਦਰਸ਼ਾਂ, ਜਿਵੇਂ ਸਮਾਜਵਾਦ, ਸੰਘੀ ਢਾਂਚਾ, ਸੈਕੁਲਰਵਾਦ ਅਤੇ ਲੋਕਤੰਤਰ ਨਾਲ ਸੰਘ ਦੀ ਅਸਹਿਮਤੀ ਰਹੀ ਹੈ।’
ਇਥੇ ਅੰਕਲ ਨੂੰ ਰੋਕਣ ਦਾ ਮੌਕਾ ਮਿਲਿਆ ਅਤੇ ਬੋਲੇ, ‘ਤੁਸੀਂ ਪੜ੍ਹਿਆ ਨਹੀਂ ਕਿ ਮੋਹਨ ਭਾਗਵਤ ਜੀ ਨੇ ਕਿਹਾ ਹੈ ਕਿ ਉਹ ਸੰਵਿਧਾਨ 'ਚ ਯਕੀਨ ਕਰਦੇ ਹਨ।’
ਫਿਰ ਮੇਰੀ ਵਾਰੀ ਸੀ। ਮੈਂ ਕਿਹਾ, ‘ਤੁਸੀ ਕੀ ਗੱਲ ਕਰਦੇ ਹੋ ਅੰਕਲ? ਜਿਸ ਸੰਗਠ ਦੇ ਮੁਖੀ ਨੂੰ ਆਜ਼ਾਦੀ ਦੇ 71 ਸਾਲਾਂ ਬਾਅਦ ਵੀ ਇਹ ਸਪੱਸ਼ਟ ਕਰਨਾ ਪਵੇ ਕਿ ਉਸ ਦੀ ਸੰਵਿਧਾਨ 'ਚ ਆਸਥਾ ਹੈ, ਉਸ ਦੇ ਰਾਸ਼ਟਰਵਾਦ ਬਾਰੇ ਤੁਸੀਂ ਕੀ ਕਹੋਗੇ? ਆਜ਼ਾਦੀ ਤੋਂ ਬਾਅਦ ਭਾਰਤ ਰਾਸ਼ਟਰ ਨਿਰਮਾਣ ਦੇ ਬਹੁਤ ਮੁਸ਼ਕਲ ਦੌਰ 'ਚੋਂ ਲੰਘਿਆ। ਵੰਡ ਦੀ ਤ੍ਰਾਸਦੀ 'ਚੋਂ ਲੰਘੇ ਇਸ ਦੇਸ਼ ਦੀ ਚੁਣੌਤੀ ਸੀ ਕਿ ਆਜ਼ਾਦ ਭਾਰਤ ਨੂੰ ਇਸ ਅੱਗ ਤੋਂ ਕਿਵੇਂ ਬਚਾਇਆ ਜਾਵੇ? ਉਸ ਦੌਰ 'ਚ ਸੰਘ ਪਰਵਾਰ ਨੇ ਅੱਗ ਬੁਝਾਉਣ ਦੀ ਥਾਂ ਅੱਗ ਵਿੱਚ ਘਿਓ ਪਾਉਣ ਦਾ ਕੰਮ ਕੀਤਾ। ਕੀ ਇਹ ਰਾਸ਼ਟਰਵਾਦ ਦੇ ਲੱਛਣ ਹਨ? ਅੱਜ ਸਾਡੀ ਕੌਮੀ ਏਕਤਾ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ। ਤਾਮਿਲ ਨਾਡੂ, ਕਰਨਾਟਕ, ਪੰਜਾਬ ਤੇ ਹਰਿਆਣਾ ਵਿਚਾਲੇ ਨਹਿਰਾਂ ਦੀ ਵੰਡ ਦਾ ਝਗੜਾ ਹੈ, ਮੁੰਬਈ ਤੇ ਬੰਗਲੌਰ 'ਚ ਪਰਵਾਸੀਆਂ ਵਿਰੁੱਧ ਨਫਰਤ ਫੈਲਾਈ ਜਾਂਦੀ ਹੈ, ਕਈ ਇਲਾਕਿਆਂ 'ਚ ਭਾਸ਼ਾਈ ਅਤੇ ਜਾਤੀ ਤਣਾਅ ਹੈ। ਤੁਸੀਂ ਹੀ ਸੋਚੋ ਕਿ ਕਿਸੇ ਰਾਸ਼ਟਰਵਾਦੀ ਦੀ ਤਰਜੀਹ ਇਨ੍ਹਾਂ ਸਵਾਲਾਂ ਨੂੰ ਸੁਲਝਾਉਣਾ ਨਹੀਂ ਹੋਣੀ ਚਾਹੀਦੀ? ਸੰਘ ਇਨ੍ਹਾਂ ਸਵਾਲਾਂ 'ਤੇ ਚੁੱਪ ਕਿਉਂ ਰਹਿੰਦਾ ਹੈ? ਸਿਰਫ ਉਦੋਂ ਹੀ ਕਿਉਂ ਬੋਲਦਾ ਹੈ, ਜਦੋਂ ਹਿੰਦੂ- ਮੁਸਲਿਮ ਦਾ ਸਵਾਲ ਆਉਂਦਾ ਹੈ?’
ਉਨ੍ਹਾਂ ਦੇ ਜਵਾਬ ਦੀ ਉਡੀਕ ਕੀਤੇ ਬਿਨਾਂ ਮੈਂ ਅੱਗੇ ਵਧਦਾ ਗਿਆ, ‘ਅੰਕਲ ਅਸਲੀ ਦਿੱਕਤ ਸੰਘ ਪਰਵਾਰ ਦੀ ਰਾਸ਼ਟਰ ਦੀ ਧਾਰਨਾ ਵਿੱਚ ਹੈ। ਇਹ ਲੋਕ ਬਾਕੀ ਸਾਰਿਆਂ ਨੂੰ ਵਿਦੇਸ਼ੀ ਦੱਸਦੇ ਰਹਿੰਦੇ ਹਨ, ਪਰ ਸੱਚ ਇਹ ਹੈ ਕਿ ਸੰਘ ਦੀ ਵਿਚਾਰਧਾਰਾ ਪੂਰੀ ਤਰ੍ਹਾਂ ਵਿਦੇਸ਼ੀ ਹੈ, ਭਾਰਤ ਲਈ ਅਢੁੱਕਵੀਂ ਹੈ। ਇੱਕ ਰਾਸ਼ਟਰ 'ਚ ਸਭਿਆਚਾਰਕ ਇੱਕਰੂਪਤਾ ਹੋਵੇ, ਇਹ ਭਾਰਤੀ ਵਿਚਾਰ ਨਹੀਂ ਹੈ। ਇਹ ਵਿਚਾਰ ਜਰਮਨੀ ਤੋਂ ਉਧਾਰ ਲਿਆ ਹੈ। ਯੂਰਪ ਦੀ ਇਸ ਰਾਸ਼ਟਰਵਾਦ ਬਾਰੇ ਸਮਝ ਕਾਰਨ ਓਥੇ ਪਤਾ ਨਹੀਂ ਕਿੰਨਾ ਖੂਨ-ਖਰਾਬਾ ਹੋਇਆ। ਭਾਰਤੀ ਰਾਸ਼ਟਰਵਾਦ ਨੇ ਕਿਹਾ ਕਿ ਸਾਨੂੰ ਇੱਕ ਰਾਸ਼ਟਰ ਬਣਨ ਲਈ ਇੱਕ ਰੂਪ ਹੋਣ ਦੀ ਲੋੜ ਨਹੀਂ, ਅਸੀਂ ਭਾਸ਼ਾ, ਨਸਲ ਤੇ ਧਰਮ ਦੀ ਵੰਨ-ਸੁਵੰਨਤਾ 'ਚ ਹੀ ਕੌਮੀ ਏਕਤਾ ਦਾ ਨਿਰਮਾਣ ਕਰਾਂਗੇ। ਸ਼ੁਰੂ 'ਚ ਯੂਰਪ ਦੇ ਲੋਕ ਭਾਰਤੀ ਰਾਸ਼ਟਰਵਾਦ ਦੇ ਇਸ ਵਿਚਾਰ ਦਾ ਮਜ਼ਾਕ ਉਡਾਉਂਦੇ ਸਨ, ਪਰ ਅੱਜ ਭਾਰਤ ਨੇ ਦਿਖਾ ਦਿੱਤਾ ਹੈ ਕਿ ਵੰਨ-ਸੁਵੰਨਤਾ ਨਾਲ ਇੱਕ ਦੇਸ਼ ਨੂੰ ‘ਰਾਸ਼ਟਰ ਰਾਜ’ ਬਣਾਇਆ ਜਾ ਸਕਦਾ ਹੈ। ਅੱਜ ਪੂਰੀ ਦੁਨੀਆ ਭਾਰਤ ਤੇ ਰਾਸ਼ਟਰਵਾਦ ਦੇ ਮਾਡਲ ਤੋਂ ਸਿੱਖਣਾ ਚਾਹੁੰਦੀ ਹੈ, ਪਰ ਸੰਘ ਵਾਲੇ ਸਾਵਰਕਰ ਦੇ ਕਥਨ ‘ਹਿੰਦੀ ਹਿੰਦੂ ਹਿੰਦੋਸਤਾਨ' ਦੀ ਰਟ ਨਹੀਂ ਛੱਡਦੇ। ਯੂਰਪ ਦੇ ਘਿਸੇ-ਪਿਟੇ ਵਿਚਾਰਾਂ ਨਾਲ ਅੱਜ ਵੀ ਚਿੰਬੜੇ ਹੋਏ ਹਨ। ਇਸ ਲਈ ਸੰਘ ਦੇ ਵਿਚਾਰਾਂ ਨੂੰ ਮੈਂ ਭਾਰਤੀ ਰਾਸ਼ਟਰ ਲਈ ਸਭ ਤੋਂ ਖਤਰਨਾਕ ਮੰਨਦਾ ਹਾਂ। ਵੱਖਵਾਦੀ ਦੇਸ਼ ਦੇ ਸਰੀਰ ਨੂੰ ਖੰਡਿਤ ਕਰਨਾ ਚਾਹੁੰਦੇ ਹਨ, ਖੱਬੇ ਪੱਖੀ ਅੱਤਵਾਦੀ ਦੇਸ਼ ਦੀ ਤਾਕਤ ਨੂੰ ਖੰਡਿਤ ਕਰਨਾ ਚਾਹੁੰਦੇ ਹਨ, ਪਰ ਸੰਘ ਪਰਵਾਰ ਤਾਂ ਰਾਸ਼ਟਰ ਦੀ ਆਤਮਾ ਨੂੰ ਹੀ ਖੰਡਿਤ ਕਰਨਾ ਚਾਹੁੰਦਾ ਹੈ। ਸੰਘ ਦਾ ਵਿਚਾਰ ਭਾਰਤ ਦੇ ਸਵਧਰਮ 'ਤੇ ਹਮਲਾ ਹੈ।’

 

Have something to say? Post your comment