Welcome to Canadian Punjabi Post
Follow us on

18

October 2019
ਨਜਰਰੀਆ

ਕਾਂਗਰਸ ਦੀਆਂ ਸੂਬਾਈ ਸਰਕਾਰਾਂ ਵੀ ਖਤਰੇ ਵਿੱਚ

June 14, 2019 02:33 PM

-ਕਲਿਆਣੀ ਸ਼ੰਕਰ
ਇਹ ਦੇਖਦਿਆਂ ਕਿ ਤੇਲੰਗਾਨਾ, ਪੰਜਾਬ, ਰਾਜਸਥਾਨ ਅਤੇ ਕਰਨਾਟਕ ਸਮੇਤ ਕਈ ਰਾਜਾਂ ਵਿੱਚ ਪਾਰਟੀ ਨਾਲ ਕੀ ਹੋ ਰਿਹਾ ਹੈ, ਏਦਾਂ ਲੱਗਦਾ ਹੈ ਕਿ ਕਾਂਗਰਸ ਹਾਈ ਕਮਾਨ ਦੀ ਪ੍ਰਭੂਸੱਤਾ ਨੂੰ ਹੌਲੀ-ਹੌਲੀ ਖੋਰਾ ਲੱਗ ਰਿਹਾ ਹੈ। ਜਿੱਥੇ ਕੌਮੀ ਪੱਧਰ 'ਤੇ ਕਾਂਗਰਸ ਪਾਰਟੀ ਆਪਣੀ ਲੀਡਰਸ਼ਿਪ ਦੇ ਸੰਕਟ ਨਾਲ ਜੂਝ ਰਹੀ ਹੈ, ਉਥੇ ਰਾਜਾਂ ਵਿੱਚ ਵੀ ਪਾਰਟੀ ਦਾ ਪਤਨ ਹੋ ਰਿਹਾ ਹੈ। ਸੀਨੀਅਰ ਪਾਰਟੀ ਆਗੂ ਮਹਿਸੂਸ ਕਰਦੇ ਹਨ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਪਿੱਛੇ ਹਟਣ ਤੇ ਇਸ ਬਾਰੇ ਕੋਈ ਸਪੱਸ਼ਟਤਾ ਨਾ ਹੋਣ ਨਾਲ, ਕਿ ਉਹ ਅਹੁਦੇ ਉਤੇ ਰਹਿਣਗੇ ਜਾਂ ਨਹੀਂ, ਕਾਂਗਰਸ ਟੁੱਟ ਰਹੀ ਹੈ। ਇਸ ਦੁਚਿੱਤੀ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਅਜਿਹੀ ਹਾਰ ਤੋਂ ਬਾਅਦ ਪਾਰਟੀ ਵਿੱਚ ਅਨੁਸ਼ਾਸਨਹੀਣਤਾ ਅਤੇ ਧੜੇਬੰਦੀ ਵਧਦੀ ਜਾ ਰਹੀ ਹੈ।
ਮਿਸਾਲ ਵਜੋਂ ਤੇਲੰਗਾਨਾ ਵਿੱਚ ਕਾਂਗਰਸ ਦੀ ਤਰਸ ਯੋਗ ਸਥਿਤੀ ਨੂੰ ਵੇਖੋ। ਕਾਂਗਰਸ ਓਥੇ ਉਦੋਂ ਲਗਭਗ ਟੁੱਟ ਹੀ ਗਈ ਸੀ, ਜਦੋਂ 2018 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੁਣੇ ਗਏ 18 ਵਿਧਾਇਕਾਂ ਵਿੱਚੋਂ ਇਸ ਹਫਤੇ 12 ਵਿਧਾਇਕ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਸਮਿਤੀ (ਟੀ ਆਰ ਐੱਸ) ਵਿੱਚ ਸ਼ਾਮਲ ਹੋ ਗਏ। ਉਤਮ ਕੁਮਾਰ ਰੈੱਡੀ ਵਰਗੇ ਤੇਲੰਗਾਨਾ ਦੇ ਕਾਂਗਰਸੀ ਆਗੂ ਇਹ ਦਾਅਵਾ ਕਰਦੇ ਹਨ ਕਿ ਟੀ ਆਰ ਐੱਸ ਨੇ 12 ਵਿਧਾਇਕਾਂ ਨੂੰ ਖਰੀਦ ਲਿਆ ਹੈ। ਬਾਕੀ ਛੇ ਵਿਧਾਇਕਾਂ ਨੂੰ ਆਪਣੇ ਨਾਲ ਜੋੜੀ ਰੱਖਣਾ ਕਾਂਗਰਸ ਲੀਡਰਸ਼ਿਪ ਲਈ ਮੁਸ਼ਕਲ ਕੰਮ ਹੋਵੇਗਾ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਤਿੰਨ ਸੀਟਾਂ ਹਾਸਲ ਕਰਨ ਦੇ ਬਾਵਜੂਦ ਕਾਂਗਰਸ ਦੀ ਸੂਬਾ ਇਕਾਈ ਗੰਭੀਰ ਸੰਕਟ 'ਚ ਹੈ।
ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਟੀ ਆਰ ਐੱਸ ਆਪਣੇ ਅੰਦਰ ਤੇਲਗੂ ਦੇਸਮ ਵਿਧਾਇਕ ਦਲ ਦਾ ਰਲੇਵਾਂ ਕਰਨ ਵਿੱਚ ਸਫਲ ਰਹੀ ਸੀ। ਇਸ ਨੇ 2014 ਦੀਆਂ ਚੋਣਾਂ ਵਿੱਚ ਜਿੱਤੇ 15 ਵਿੱਚੋਂ 12 ਵਿਧਾਇਕਾਂ ਨੂੰ ਆਪਣੇ ਵੱਲ ਖਿੱਚ ਲਿਆ ਸੀ। ਕਾਂਗਰਸ ਅਜੇ ਸਥਿਤੀ ਦੀ ਗੰਭੀਰਤਾ ਨਹੀਂ ਸਮਝ ਸਕੀ, ਕਿਉਂਕਿ ਪਾਰਟੀ ਲਗਭਗ ਖਤਮ ਹੋ ਗਈ ਹੈ।
ਰਾਜਸਥਾਨ ਅਤੇ ਮੱਧ ਪ੍ਰਦੇਸ਼, ਜਿੱਥੇ ਪਾਰਟੀ ਨੇ ਦਸੰਬਰ 2018 ਵਿੱਚ ਭਾਜਪਾ ਤੋਂ ਸੱਤਾ ਖੋਹੀ ਸੀ, ਵਿੱਚ ਇਸ ਨੂੰ ਅਨੁਸ਼ਾਸਹੀਣਤਾ ਅਤੇ ਧੜੇਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਵਿੱਚ ਪਹਿਲਾਂ ਹੀ ਤਰੇੜਾਂ ਨਜ਼ਰ ਆ ਰਹੀਆਂ ਹਨ। ਉਪ ਮੁੱਖ ਮੰਤਰੀ ਸਚਿਨ ਪਾਇਲਟ ਦਾ ਸਮਰਥਨ ਕਰਨ ਵਾਲੇ ਕੁਝ ਵਿਧਾਇਕ ਮੰਗ ਕਰ ਰਹੇ ਹਨ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਜਗ੍ਹਾ ਸਚਿਨ ਪਾਇਲਟ ਨੂੰ ਦਿੱਤੀ ਜਾਣੀ ਚਾਹੀਦੀ ਹੈ। ਅਸ਼ੋਕ ਗਹਿਲੋਤ ਨੇ ਜੋਧਪੁਰ ਵਿੱਚ ਆਪਣੇ ਪੁੱਤਰ ਦੀ ਲੋਕ ਸਭਾ ਚੋਣਾਂ ਵਿੱਚ ਹਾਰ ਦਾ ਦੋਸ਼ ਸਚਿਨ ਪਾਇਲਟ ਉੱਤੇ ਮੜ੍ਹਿਆ ਹੈ। ਮੱਧ ਪ੍ਰਦੇਸ਼ ਵਿੱਚ ਵੀ ਇਹੋ ਮੰਗ ਉੱਠ ਰਹੀ ਹੈ ਕਿ ਜਯੋਤਿਰਾਦਿੱਤਿਆ ਸਿੰਧੀਆ ਨੂੰ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ। ਇਹ ਸਭ ਉਦੋਂ ਹੋ ਰਿਹਾ ਹੈ, ਜਦੋਂ ਇਨ੍ਹਾਂ ਦੋਵਾਂ ਰਾਜਾਂ ਵਿੱਚ ਖੁਦ ਸਰਕਾਰ ਲਈ ਖਤਰਾ ਹੈ, ਕਿਉਂਕਿ ਬਹੁਮਤ ਦਾ ਫਰਕ ਬਹੁਤ ਘੱਟ ਹੈ।
ਏਦਾਂ ਦੀ ਅਸਥਿਰਤਾ ਦਾ ਸਾਹਮਣਾ ਕਰਨ ਵਾਲਾ ਤੀਜਾ ਸੂਬਾ ਕਰਨਾਟਕ ਹੈ, ਜਿੱਥੇ ਕਾਂਗਰਸ ਜਨਤਾ ਦਲ (ਐੱਸ) ਗਠਜੋੜ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ। ਇਥੇ ਸਰਕਾਰ ਦੇ ਡਿੱਗਣ ਦਾ ਖਤਰਾ ਹੈ। ਜੇ ਕਰਨਾਟਕ ਵਿੱਚ ਸਰਕਾਰ ਡਿੱਗਦੀ ਹੈ ਤਾਂ ਇਸ ਨਾਲ ਕਾਂਗਰਸ ਦੇ ਅਕਸ ਨੂੰ ਹੋਰ ਧੱਕਾ ਲੱਗੇਗਾ।
ਆਜ਼ਾਦੀ ਤੋਂ ਬਾਅਦ ਦੇ 72 ਸਾਲਾਂ ਵਿੱਚੋਂ 55 ਸਾਲ ਭਾਰਤ ਉੱਤੇ ਰਾਜ ਕਰਨ ਵਾਲੀ ਕਾਂਗਰਸ ਨੂੰ ਇਸ ਵਾਰੀ ਲਗਾਤਾਰ 10 ਸਾਲ, ਭਾਵ 2025 ਤੱਕ ਵਿਰੋਧੀ ਧਿਰ ਵਿੱਚ ਬੈਠਣਾ ਪਵੇਗਾ, ਜੋ ਇਸ ਲਈ ਇਹੋ ਜਿਹਾ ਸਭ ਤੋਂ ਲੰਮਾ ਸਮਾਂ ਹੈ। ਕਾਂਗਰਸ ਨੇ ਇੰਦਰਾ ਗਾਂਧੀ, ਰਾਜੀਵ ਗਾਂਧੀ ਤੇ ਸੋਨੀਆ ਗਾਂਧੀ ਦੀ ਅਗਵਾਈ ਹੇਠ ਹਾਰਾਂ ਦੇ ਬਾਵਜੂੁਦ ਵਾਪਸੀ ਕੀਤੀ ਸੀ। ਅਜਿਹੀਆਂ ਸ਼ਰਮਨਾਕ ਹਾਰਾਂ ਕਾਰਨ ਗਾਂਧੀ ਪਰਵਾਰ ਨੂੰ ਚੌਕਸੀ ਪੂਰਨ ਕਦਮ ਚੁੱਕਣੇ ਪੈਣਗੇ। ਪਹਿਲੀ ਗੱਲ, ਜਿਵੇਂ ਕਾਂਗਰਸ ਦੇ ਸੀਨੀਅਰ ਆਗੂ ਵੀਰੱਪਾ ਮੋਇਲੀ ਦਾ ਕਹਿਣਾ ਹੈ ਕਿ ਇਸ ਨੂੰ ਲੀਡਰਸ਼ਿਪ ਬਾਰੇ ਸ਼ਸ਼ੋਪੰਜ ਦੂਰ ਕਰਨੀ ਪਵੇਗੀ। ਦੂਜੀ, ਮੌਜੂਦਾ ਕਾਂਗਰਸ ਦੇ ਰਾਜ ਵਾਲੇ ਰਾਜਾਂ ਨੂੰ ਅਸਥਿਰਤਾ ਤੋਂ ਬਚਾਉਣਾ। ਘੱਟੋ ਘੱਟ ਤਿੰਨ ਸੂਬੇ ਰਾਜਸਥਾਨ, ਕਰਨਾਟਕ ਅਤੇ ਮੱਧ ਪ੍ਰਦੇਸ਼ ਅਸਥਿਰਤਾ ਦੇ ਸੰਕੇਤ ਦਿਖਾ ਰਹੇ ਹਨ। ਤੀਜੀ ਹੈ ਪਾਰਟੀ ਵਿੱਚ ਅਨੁਸ਼ਾਸਨਹੀਣਤਾ ਅਤੇ ਧੜੇਬੰਦੀ 'ਤੇ ਰੋਕ ਲਾਉਣਾ, ਜਿਵੇਂ ਤੇਲੰਗਾਨਾ, ਕਰਨਾਟਕ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਹੈ। ਕਮਜ਼ੋਰ ਲੀਡਰਸ਼ਿਪ ਕਾਰਨ ਸੂਬਾ ਇਕਾਈਆਂ ਬਗਾਵਤ ਕਰਨ ਦੀ ਹਿੰਮਤ ਦਿਖਾਉਂਦੀਆਂ ਹਨ। ਚੌਥੀ ਹੈ ਤੇਲੰਗਾਨਾ ਅਤੇ ਹੋਰਨਾਂ ਥਾਵਾਂ 'ਤੇ ਪਾਰਟੀ ਨੂੰ ਲੱਗ ਰਿਹਾ ਖੋਰਾ ਰੋਕਣਾ। ਬਿਨਾਂ ਕਪਤਾਨ ਦੇ ਡੁੱਬਦੇ ਜਹਾਜ਼ਾ ਨੂੰ ਹੋਰ ਜ਼ਿਆਦਾ ਲੋਕ ਛੱਡ ਸਕਦੇ ਹਨ। ਪੰਜਵੀਂ ਹੈ ਪਾਰਟੀ ਦਾ ਮੁੜ ਗਠਨ ਕਰਨਾ, ਕਿਉਂਕਿ ਪਾਰਟੀ ਦੀ ਚੋਟੀ ਦੀ ਨੀਤੀ ਨਿਰਮਾਣ ਇਕਾਈ ਕਾਂਗਰਸ ਕਾਰਜ ਕਮੇਟੀ ਨੇ ਰਾਹੁਲ ਗਾਂਧੀ ਨੂੰ ਅਜਿਹਾ ਕਰਨ ਲਈ ਅਧਿਕਾਰਤ ਕੀਤਾ ਹੈ।
ਬਹੁਤ ਸਾਰੇ ਸੂਬਾਈ ਪੱਧਰੀ ਮੁਖੀਆਂ ਨੇ ੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਆਪਣੇ ਅਸਤੀਫੇ ਦੇ ਦਿੱਤੇ ਹਨ। ਜੇ ਪਾਰਟੀ ਦੁਬਾਰਾ ਉਠਣਾ ਚਾਹੰੁਦੀ ਹੈ ਤਾਂ ਨਵੀਂ ਲੀਡਰਸ਼ਿਪ ਹੋਣੀ ਜ਼ਰੂਰੀ ਹੈ। ਆਖਰੀ ਗੱਲ, ਕਾਂਗਰਸ ਲੀਡਰਸ਼ਿਪ ਨੂੰ ਪਾਰਟੀ ਵਰਕਰਾਂ ਦੇ ਡਿੱਗੇ ਮਨੋਬਲ ਨੂੰ ਉਪਰ ਚੁੱਕਣਾ ਚਾਹੀਦਾ ਹੈ। ਆਖਿਰ ਅਜੇ ਸਭ ਕੁਝ ਨਹੀਂ ਗੁਆਇਆ ਹੈ ਅਤੇ ਅਗਲੇ ਪੰਜ ਸਾਲਾਂ ਦੌਰਾਨ ਕਈ ਹੋਰ ਵਿਧਾਨ ਸਭਾਵਾਂ ਦੀਆਂ ਚੋਣਾਂ ਦਾ ਇਸ ਨੇ ਸਾਹਮਣਾ ਕਰਨਾ ਹੈ। ਸਭ ਤੋਂ ਨੇੜਲੀ ਚੁਣੌਤੀ ਹਨ ਹਰਿਆਣਾ, ਮਹਾਰਾਸ਼ਟਰ ਅਤੇ ਝਾਰਖੰਡ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ। ਇਸ ਤੋਂ ਇਲਾਵਾ ਪਾਰਟੀ ਨੂੰ ਆਉਣ ਵਾਲੇ ਪਾਰਲੀਮੈਂਟ ਸੈਸ਼ਨ 'ਚ ਪ੍ਰਭਾਵਸ਼ਾਲੀ ਢੰਗ ਨਾਲ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਸਾਰੀਆਂ ਵਿਰੋਧੀ ਪਾਰਟੀਆਂ ਨਾਲ ਤਾਲਮੇਲ ਬਣਾ ਕੇ ਵਿਰੋਧੀ ਧਿਰ ਦੀ ਕਮਾਨ ਸੰਭਾਲਣੀ ਚਾਹੀਦੀ ਹੈ।
ਕਾਂਗਰਸ ਪਾਰਲੀਮੈਂਟਰੀ ਗਰੁੱਪ ਦੀ ਨੇਤਾ ਸੋਨੀਆ ਗਾਂਧੀ ਨੇ ਲੋਕ ਸਭਾ ਵਿੱਚ ਪਾਰਟੀ ਦਾ ਨੇਤਾ ਅਜੇ ਨਾਮਜ਼ਦ ਕਰਨਾ ਹੈ। ਬਹੁਤ ਸਾਰੇ ਅਜਿਹੇ ਲੋਕ ਹਨ, ਜੋ ਮਹਿਸੂਸ ਕਰਦੇ ਹਨ ਕਿ ਰਾਹੁਲ ਗਾਂਧੀ ਨੂੰ ਇਹ ਜ਼ਿੰਮੇਵਾਰੀ ਸੰਭਾਲਦੇ ਹੋਏ ਪਾਰਲੀਮੈਂਟ ਵਿੱਚ ਪਾਰਟੀ ਨੂੰ ਚਲਾਉਣਾ ਚਾਹੀਦਾ ਹੈ। ਹਾਲੇ ਤੱਕ ਉਹ ਸਦਨ ਵਿੱਚ ਲਗਾਤਾਰ ਹਾਜ਼ਰ ਨਹੀਂ ਸਨ ਹੋ ਰਹੇ ਅਤੇ ਕਦੇ-ਕਦਾਈਂ ਬੋਲਦੇ ਸਨ। ਪਿਛਲੇ ਹਫਤੇ ਸੋਨੀਆ ਗਾਂਧੀ ਨੇ ਕਾਂਗਰਸ ਪਾਰਲੀਮੈਂਟਰੀ ਗਰੁੱਪ ਦੀ ਪਹਿਲੀ ਮੀਟਿੰਗ 'ਚ ਸੱਦਾ ਦਿੱਤਾ ਸੀ ਕਿ ‘ਇੱਕ ਅਣਕਿਆਸੇ ਸੰਕਟ ਵਿੱਚ ਅਣਕਿਆਸਾ ਮੌਕਾ ਹੁੰਦਾ ਹੈ। ਇਹ ਸਾਡੇ ਉਤੇ ਨਿਰਭਰ ਕਰਦਾ ਹੈ ਕਿ ਆਪਣੀ ਹਾਰ ਤੋਂ ਸਬਕ ਲੈ ਕੇ ਅਸੀਂ ਇਸ ਨੂੰ ਨਿਮਰਤਾ ਅਤੇ ਆਤਮ ਵਿਸ਼ਵਾਸ ਨਾਲ ਮੁੱਠੀ ਵਿੱਚ ਕਰ ਲਈਏ। ਆਪਣੇ ਸਾਹਮਣੇ ਖੜੀਆਂ ਬਹੁਤ ਸਾਰੀਆਂ ਚੁਣੌਤੀਆਂ ਅੱਗੇ ਡਟੇ ਰਹਿ ਕੇ ਅਸੀਂ ਮੁੜ ਉਠ ਖੜੇ ਹੋਵਾਂਗੇ।''
ਹਾਸ਼ੀਏ ਉਤੇ ਪਹੁੰਚ ਚੁੱਕੀ ਕਾਂਗਰਸ ਪਾਰਟੀ ਯਕੀਨੀ ਤੌਰ 'ਤੇ ਪੁਰਾਣੀ ਹੈ, ਪਰ ਅੱਜ ਵੱਡੀ ਪਾਰਟੀ ਨਹੀਂ ਰਹੀ। ਬਹੁਤ ਸਾਰੇ ਲੋਕਾਂ ਨੇ ਕਾਂਗਰਸ ਲਈ ਸ਼ੋਕ ਸੰਦੇਸ਼ ਲਿਖੇ ਹਨ, ਪਰ ਪਾਰਟੀ ਕੋਲ ਖੁਦ ਨੂੰ ਇੱਕ ਨਵੇਂ ਅੰਦਾਜ਼ ਵਿੱਚ ਪੇਸ਼ ਕਰਨ ਅਤੇ ਇੱਕ ਚੰਗੀ ਲੀਡਰਸ਼ਿਪ ਦੇ ਤਹਿਤ ਮੁੜ-ਸੁਰਜੀਤ ਹੋਣ ਲਈ ਅਜੇ ਵੀ ਸਮਾਂ ਹੈ।

 

Have something to say? Post your comment