Welcome to Canadian Punjabi Post
Follow us on

21

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

..ਗਰ ਖਫਾ ਹੂਏ ਉਸਤਾਦ ਯੂੰ ਅਕਸਰ

October 09, 2018 07:52 AM

-ਸੀ. ਮਾਰਕੰਡਾ
ਉਦੋਂ ਪੰਜਵੀਂ ਜਮਾਤ 'ਚ ਹੋਵਾਂਗਾ। ਸਾਡੀ ਜਮਾਤ ਨੂੰ ਵਾਰੀ-ਵਾਰ ਮਾਸਟਰ ਹਰੀ ਚੰਦ ਪੱਖੋਵਾਲੀਆ, ਮਾਸਟਰ ਨੱਥੂ ਰਾਮ ਟੂਸੇ ਅਤੇ ਸੁਰਜੀਤ ਸਿੰਘ ਲੀਲਾਂ ਵਾਲੇ ਪੜ੍ਹਾਉਂਦੇ ਹੁੰਦੇ ਸਨ। ਹਿਸਾਬ 'ਚ ਮੈਂ ਜਮਾਂ ਕੋਰਾ ਸੀ। ਬਾਕੀ ਮਜ਼ਮੂਨਾਂ 'ਚ ਠੀਕ ਠਾਕ ਸੀ। ਹਿਸਾਬ ਦੇ ਕੈਲੰਡਰ ਦੇ ਸਵਾਲ ਤੋਂ ਬਿਨਾਂ ਹੋਰ ਸਵਾਲਾਂ ਦੇ ਤਰੀਕੇ ਮੇਰੇ ਦਿਮਾਗ ਦੀ ਬੰਜਰ ਭੋਇੰ 'ਚ ਉਗ ਨਾ ਸਕੇ। ਅਲਜਬਰਾ, ਜੁਮੈਟਰੀ ਤੇ ਹਿਸਾਬ ਦੇ ਫਾਰਮੂਲੇ ਅਤੇ ਗੁਰ ਕਦੀ ਚੇਤਿਆਂ 'ਚ ਨਹੀਂ ਸਨ ਰਚੇ। ਦਸ ਤੱਕ ਦੇ ਪਹਾੜੇ ਜ਼ਰੂਰ ਮੂੰਹ ਜ਼ੁਬਾਨੀ ਯਾਦ ਹੋ ਗਏ ਸਨ, ਪਰ ਸਵਾਏ, ਡੂਢੇ, ਢਾਏ, ਪੌਂਚੇ ਤੇ ਢੌਂਚੇ ਜਿਹੇ ਪਹਾੜ ਮੇਰੇ ਨਾਲ ਉਮਰ ਭਰ ਮੂੰਹ ਵਿੰਗਾ ਕਰੀ ਖੜੇ ਰਹੇ।
ਮਾਸਟਰ ਹਰੀ ਚੰਦ ਦੀ ਜਦੋਂ ਹਿਸਾਬ ਪੜ੍ਹਾਉਣ ਦੀ ਵਾਰੀ ਆਉਣੀ ਹੁੰਦੀ ਤਾਂ ਮੈਂ ਪਹਿਲਾਂ ਹੀ ਛੁੱਟੀ ਦਾ ਬਹਾਨਾ ਬਣਾ ਕੇ ਟਾਲਾ ਵੱਟ ਜਾਂਦਾ। ਰੋਜ਼-ਰੋਜ਼ ਇਹ ਬਹਾਨਾ ਭਲਾ ਕਿਵੇਂ ਪੁੱਗਦਾ? ਕਦੇ ਨਾ ਕਦੇ ਅੜਿੱਕੇ ਆ ਹੀ ਜਾਂਦਾ। ਉਨ੍ਹਾਂ ਦਾ ਲਿਖਾਇਆ ਕੋਈ ਵੀ ਸਵਾਲ ਮੈਥੋਂ ਹੱਲ ਨਾ ਹੁੰਦਾ। ਬਚਪਨ ਤੋਂ ਹੀ ਨਿਗ੍ਹਾ ਘੱਟ ਹੋਣ ਕਕੇ ਅਗਲੇ ਬੈਠੇ ਮੁੰਡੇ ਦੀ ਸਲੇਟ ਤੋਂ ਨਕਲ ਵੀ ਨਾ ਮਾਰ ਹੁੰਦੀ। ਮੇਰਾ ਜਵਾਬ ਗਲਤ ਹੀ ਨਿਕਲਦਾ। ਫਿਰ ਕੰਨ ਫੜਾ ਕੇ ‘ਰਾਜੇ ਦੀ ਘੋੜੀ' ਬਣਾਇਆ ਜਾਂਦਾ। ਮਾਸਟਰ ਹਰੀ ਚੰਦ ਹਰ ਇਕ ਨੂੰ ਤੂਤ ਦੀ ਛਟੀ ਨਾਲ ਚੰਗਾ ਚਾਟ੍ਹਾ ਛਕਾਉਂਦੇ। ਬਾਕੀ ਮੁੰਡੇ ਪਹਿਲੀ ਛਟੀ ਵੱਜਣ ਸਾਰ ਐਵੇਂ ਮਿੱਚੀ ਦੀਆਂ ਲੇਰਾਂ ਮਾਰ ਕੇ, ਰੋਣਹਾਕੇ ਮੂੰਹ ਬਣਾ ਕੇ ਬਚ ਜਾਂਦੇ, ਮੇਰੀ ਵਾਰੀ ਆਉਂਦੀ ਤਾਂ ਮਾਸਟਰ ਜੀ ਨੂੰ ਪਤਾ ਨੀਂ ਕੀ ਚੀਹ ਚੜ੍ਹ ਜਾਂਦੀ, ਕੁੱਟਣ ਡਹਿ ਜਾਂਦੇ। ਜਦੋਂ ਤੱਕ ਮੇਰੀਆਂ ਸੱਚੀ ਮਿੱਚੀਂ ਦੀਆਂ ਚਿੰਆਂਗਾਂ ਨਾ ਨਿਕਲਦੀਆਂ, ਉਦੋਂ ਤੱਕ ਕੁੱਟੀ ਜਾਂਦੇ।
ਮੈਂ ਰੋਜ਼ ਸੁੱਖ ਸੁੱਖਦਾ ਕਿ ਹਰੀ ਚੰਦ ਮਾਸਟਰ ਬਿਮਾਰ ਹੋ ਜਾਵੇ। ਕਦੀ ਕਹਿੰਦਾ ਐਕਸੀਡੈਂਟ ਹੋ ਕੇ ਟੰਗਾਂ ਤੁੜਵਾ ਕੇ ਘਰੇ ਪਿਆ ਰਹੇ, ਪਰ ਮੇਰਾ ਸਰਾਪ ਉਨ੍ਹਾਂ ਨੂੰ ਕਦੀ ਨਹੀਂ ਲੱਗਿਆ, ਸਗੋਂ ਅਗਲੀ ਭਲਕ ਹਰ ਵਾਰ ਉਨ੍ਹਾਂ ਦਾ ਪੇਠੇ ਰੰਗੀ ਪੱਗ ਵਾਲਾ ਲਹਿਰਾਉਂਦਾ ਤੁਰਲਾ ਤੇ ਅੱਧੀ ਪਿੱਠ ਤੱਕ ਲਮਕਦਾ ਲੜ ਮੇਰੇ ਸਾਹ ਸੂਤ ਲੈਂਦਾ। ਉਹ ਸਕੂਲ ਵੜਨੋਂ ਪਹਿਲਾਂ ਹੀ ਸਾਈਕਲ ਦੀ ਟੱਲੀ ਵਜਾਉਣ ਲੱਗ ਪੈਂਦੇ। ਸਕੂਲ 'ਚ ਹਾਜ਼ਰ ਮੁੰਡੇ ਟੱਲੀ ਸੁਣਦੇ ਸਾਰ ਇਕ ਦੂਜੇ ਤੋਂ ਮੂਹਰੇ ਭੱਜ ਕੇ ਸਾਈਕਲ ਫੜਦੇ। ਜਿੱਦਣ ਮੈਂ ਮਾਸਟਰ ਜੀ ਦਾ ਸਾਈਕਲ ਫੜਨ 'ਚ ਮੋਹਰੀ ਹੁੰਦਾ, ਮੈਨੂੰ ਲੱਗਦਾ ਅੱਜ ਕੁੱਟ ਨਹੀਂ ਪਵੇਗੀ, ਪਰ ਇੰਝ ਕਦੀ ਵੀ ਨਹੀਂ ਸੀ ਹੋਇਆ।
ਮਾਸਟਰ ਜੀ ਦੀ ਕੁੱਟ ਤੋਂ ਡਰਦਾ ਇਕ ਦਿਨ ਮੈਂ ਫੱਟੀ ਬਸਤਾ ਚੁੱਕ ਕੇ ਸਕੂਲੋਂ ਭੱਜ ਆਇਆ। ਕਈ ਦਿਨ ਸਕੂਲ ਨਾ ਵੜਿਆ। ਘਰੋਂ ਸਕੂਲ ਪੜ੍ਹਨ ਜਾਂਦਾ, ਪਰ ਸਕੂਲ ਨਾ ਜਾਂਦਾ। ਮਟਰ ਗਸ਼ਤੀ ਕਰਦਾ ਰਹਿੰਦਾ ਜਾਂ ਸਕੂਲ ਲਾਗਲੇ ਸੰਤਾਂ ਦੇ ਡੇਰੇ 'ਚ ਦਿਨ ਕਟੀ ਕਰਕੇ ਸਾਰੀ ਛੁੱਟੀ ਹੋਣ ਸਾਰ ਘਰ ਪੁੱਜ ਜਾਂਦਾ। ਘਰ ਦੇ ਸਮਝਦੇ ਮੁੰਡਾ ਸਕੂਲੋਂ ਪੜ੍ਹ ਕੇ ਆਇਆ। ਮਾਸਟਰ ਜੀ ਮੇਰੇ ਗੈਰ ਹਾਜ਼ਰ ਰਹਿਣ ਬਾਰੇ ਪੁੱਛਦੇ। ਇਕ ਦਿਨ ਉਨ੍ਹਾਂ ਦੋ ਮੁੰਡੇ ਮੇਰੇ ਘਰੇ ਘੱਲੇ। ਉਨ੍ਹਾਂ ਮੇਰਾ ਸਕੂਲ ਨਾ ਵੜਨ ਦਾ ਸਬੱਬ ਜਾਣਨਾ ਚਾਹਿਆ ਹੋਣਾ। ਮੇਰੀ ਵਾਹਵਾ ਘੂਰ ਘੱਪ ਹੋਈ, ਪਰ ਮੈਂ ਵੀਚਰ ਗਿਆ ਕਿ ਮੈਂ ਪੜ੍ਹਨਾ ਨਹੀਂ। ਹਰੀ ਚੰਦ ਮਾਸਟਰ ਮੈਨੂੰ 'ਕੱਲੇ ਨੂੰ ਬਹੁਤਾ ਮਾਰਦੈ। ਅੱਖਾਂ 'ਚ ਪਾਣੀ ਲਿਆਂਦਾ, ਘਰਦਿਆਂ ਦੀਆਂ ਲੇਲੜੀਆਂ ਕੱਢੀਆਂ।
ਅਗਲੇ ਦਿਨ ਪਿਤਾ ਜੀ ਮੈਨੂੰ ਪੁਚਕਾਰ ਕੇ ਸਕੂਲ ਛੱਡਣ ਲੈ ਗਏ। ਜਾਂਦਿਆਂ ਹੀ ਮਾਸਟਰ ਜੀ ਨੂੰ ਮੇਰੀ ਕੁੱਟ ਦਾ ਉਲਾਂਭਾ ਦੇਣ ਲੱਗ ਪਏ। ਮਾਸਟਰ ਜੀ ਨੇ ਪਿਤਾ ਜੀ ਨੂੰ ਕੁਰਸੀ ਦੇ ਕੇ ਪਾਣੀ ਪਿਲਾਇਆ ਤੇ ਠੰਢੇ ਮਤੇ ਨਾਲ ਸਮਝਾਉਣ ਲੱਗੇ, ‘ਮੈਂ ਸੋਡੇ ਮੁੰਡੇ ਨੂੰ ਜਾਣਬੁੱਝ ਕੇ ਨਹੀਂ ਕੁੱਟਦਾ, ਆਪਣਾ ਸਮਝ ਕੇ ਹੋਰਨਾਂ ਨਾਲੋਂ ਇਸ ਦੀ ਵੱਧ ਝਾੜ ਝੰਬ ਕਰਦੈਂ ਤਾਂ ਕਿ ਇਹਦੇ ਖਾਨੇ 'ਚ ਵੀ ਕੋਈ ਅੱਖਰ ਪੈ ਜਾਵੇ। ਆਉਂਦਾ ਤਾਂ ਇਹਨੂੰ ਇੱਲ ਤੋਂ ਕੁੱਕੜ ਨਹੀਂ।' ਫਿਰ ਉਨ੍ਹਾਂ ਮੈਨੂੰ ਨੀਵੀਂ ਪਾਈ ਖੜੇ ਨੂੰ ਬੁੱਕਲ 'ਚ ਲੈ ਲਿਆ ਅਤੇ ਬੜੇ ਤਪਾਕ ਨਾਲ ਸਮਝਾਉਣ ਲੱਗ ਪਏ।
ਫਿਰ ਮਾਸਟਰ ਹਰੀ ਚੰਦ ਦੀ ਤੂਤ ਦੀ ਛਟੀ ਦੀ ਕੁੱਟ ਰਤਾ ਘੱਟ ਗਈ ਤੇ ਦਬੜੂੰ-ਘੁਸੜੂੰ ਕਰਕੇ ਮੈਂ ਪੰਜਵੀਂ ਪਾਸ ਕਰ ਲਈ। ਹਿਸਾਬ 'ਚੋਂ ਫੇਲ੍ਹ ਹੋਣ ਦੇ ਬਾਵਜੂਦ ਅੱਠਵੀਂ ਅਤੇ ਦਸਵੀਂ ਲੰਘ ਗਿਆ। ਤਪੇ ਆਇਆ ਤਾਂ 1966 ਵਿੱਚ ਮੈਨੂੰ ਆਰੀਆ ਸਕੂਲ 'ਚ ਮਾਸਟਰ ਰੱਖ ਲਿਆ। ਪੜ੍ਹਾਉਂਦਿਆਂ ਹੀ ਮੈਂ ਪ੍ਰਾਈਵੇਟ ਤੌਰ 'ਤੇ ਗਿਆਨੀ, ਬੀ ਏ, ਐਮ ਏ ਅਤੇ ਐਮ ਫਿਲ ਤੱਕ ਦੀ ਡਿਗਰੀ ਕਰ ਲਈ। ਸਕੂਲ 'ਚ ਪੜ੍ਹਾਉਂਦਿਆਂ ਮੈਂ ਮਾਸਟਰ ਹਰੀ ਚੰਦ ਵਾਲਾ ਫਾਰਮੂਲਾ ਅਪਣਾ ਕੇ ਕਮਜ਼ੋਰ ਵਿਦਿਆਰਥੀਆਂ ਨੂੰ ਕੁੱਟਣ ਦਾ ਸਿਲਸਿਲਾ ਜਾਰੀ ਰੱਖਿਆ। ਇਕ ਦਿਨ ਅਜਿਹਾ ਗੁੱਸਾ ਆਇਆ ਕਿ ਇਕ ਵਿਦਿਆਰਥੀ ਜ਼ਿਆਦਾ ਕੁੱਟਿਆ ਗਿਆ। ਮੈਂ ਖੁਦ ਨੂੰ ਲਾਹਨਤ ਪਾਈ ਅਤੇ ਜਮਾਤ ਨੂੰ ਪੜ੍ਹਾਉਣ ਦੀ ਥਾਂ ਚੁੱਪ ਕਰਕੇ ਬਹਿ ਗਿਆ, ਕਿਤੇ ਮੇਰੇ ਵਾਂਗੂੰ ਇਹ ਮੁੰਡਾ ਸਕੂਲੋਂ ਨਾ ਭੱਜ ਜਾਵੇ। ਬੱਚਿਆਂ ਨੂੰ ਸਿਲੇਬਸ 'ਚ ਲੱਗੀ ਹਾਸ਼ਮ ਦੀ ਸੱਸੀ ਦੀ ਕਥਾ ਸੁਣਾਉਣ ਲੱਗ ਪਿਆ। ਕਹਾਣੀ ਮੁੱਕਣ ਸਾਰ ਮੈਂ ਵੇਖਿਆ ਕੁੱਟ ਖਾਣ ਵਾਲੇ ਮੁੰਡੇ ਦੇ ਹਟਕੋਰੇ ਬੰਦ ਹੋ ਗਏ ਸਨ। ਮੈਂ ਵਿਦਿਆਰਥੀਆਂ ਨੂੰ ਆਪਣੀ ਮਿਸਾਲ ਦੇ ਕੇ ਸ਼ਿਅਰ ਸੁਣਾਇਆ:

ਅਜ਼ੀਜ਼ੋ ਕਿਆ ਹੂਆ ਗਰ ਖਫਾ ਹੂਏ ਉਸਤਾਦ ਯੂੰ ਅਕਸਰ
ਤੁਮਹੇਂ ਗਰ ਡਾਂਟ ਭੀ ਡਾਲਾ ਬਨਾਨੇ ਕੇ ਲੀਏ ਬਿਹਤਰ
ਸ਼ਾਗਿਰਦੇ ਰੰਗ ਲਾਏਂਗੀ ਖਾਈ ਉਸਤਾਦ ਕੀ ਮਾਰੇਂ
ਜਬੀ ਤੁਮ ਪਾ ਲੀਏ ਰੁਤਬੇ ਬਨੇ ਜਬ ਆਲ੍ਹਾ ਤੁਮ ਅਫਸਰ।

Have something to say? Post your comment