Welcome to Canadian Punjabi Post
Follow us on

18

October 2019
ਨਜਰਰੀਆ

ਹੱਲਿਆਂ ਵੇਲੇ ਆਪਣਿਆਂ ਦੀ ਦਾਸਤਾਨ

June 13, 2019 09:13 AM

-ਸਿਰੀ ਰਾਮ ਅਰਸ਼
ਸੰਤਾਲੀ ਵਾਲੀ ਦਰਦਨਾਕ ਵੰਡ ਤੋਂ ਰਤਾ ਪਹਿਲਾਂ ਮੈਂ ਖਲੀਫਾ ਜੀ ਦੇ ਪ੍ਰਾਇਮਰੀ ਸਕੂਲ ਵਿੱਚੋਂ ਚੌਥੀ ਜਮਾਤ ਪਾਸ ਕਰ ਕੇ ਲੁਧਿਆਣੇ ਆਰੀਆ ਹਾਈ ਸਕੂਲ ਦੀ ਅਗਲੀ ਜਮਾਤ ਵਿੱਚ ਦਾਖਲ ਹੋ ਗਿਆ। ਵਿਦੇਸ਼ੀ ਹੁਕਮਰਾਨਾਂ ਤੋਂ ਮੁਲਕ ਨੂੰ ਆਜ਼ਾਦ ਕਰਾਉਣ ਦਾ ਅੰਦੋਲਨ ਸਿਖਰਾਂ 'ਤੇ ਸੀ। ਸ਼ਾਸਕਾਂ ਨੇ ਰਾਜ ਖੁੱਸਦਾ ਦੇਖ ਘਿਨਾਉਣੀ ਚਾਲ ਅਧੀਨ ਫਿਰਕਾਪ੍ਰਸਤੀ, ਮਜ਼ਹਬੀ ਜਨੂਨ, ਨਫਰਤ ਤੇ ਅਵਿਸ਼ਵਾਸ ਦੀ ਵਿਸ਼ ਪੌਦ ਇਸ ਦੇਸ਼ ਦੇ ਦੋ ਵੱਡੇ ਧਰਮਾਂ ਦੀਆਂ ਜੜ੍ਹਾਂ ਵਿੱਚ ਲਾ ਦਿੱਤੀ। ਇਸੇ ਦੇ ਅਸਰ ਹੇਠ ਦੋਵਾਂ ਮਜ਼ਹਬਾਂ ਦੇ ਆਗੂਆਂ ਨੇ ਨੌਜਵਾਨ ਪੀੜ੍ਹੀ ਦੇ ਮਨਾਂ ਵਿੱਚ ਇਕ ਦੂਜੇ ਦੇ ਧਰਮ ਵਿਰੁੱਧ ਜ਼ਹਿਰ ਭਰਨੀ ਸ਼ੁਰੂ ਕਰ ਦਿੱਤੀ। ਸਿੱਟੇ ਵਜੋਂ ਲਾਹੌਰ, ਲੁਧਿਆਣਾ, ਅੰਮ੍ਰਿਤਸਰ ਆਦਿ ਮਹੱਤਵ ਪੂਰਨ ਸ਼ਹਿਰਾਂ ਵਿੱਚ ਅਣਗਿਣਤ ਬੇਕਸੂਰ ਅਤੇ ਮਾਸੂਮ ਲੋਕ ਮਜ਼ਹਬੀ ਨਫਰਤ ਦੀ ਬਲੀ ਚੜ੍ਹ ਰਹੇ ਸਨ।
ਇਕ ਸ਼ਾਮ ਸਾਡਾ ਗੁਆਂਢੀ ਸ਼ਹਿਰ ਦੇ ਚੌੜੇ ਬਾਜ਼ਾਰ ਦੇ ਗਿਰਜਾ ਘਰ ਚੌਕ ਵਿੱਚ ਆਪਣੀ ਦੁਕਾਨ ਵਧਾ ਕੇ ਘਰ ਪਰਤ ਰਿਹਾ ਸੀ। ਰਾਹ ਵਿੱਚ ਕਿਸੇ ਸ਼ਖਸ ਨੇ ਉਸ ਦੇ ਮੋਢੇ ਉਤੇ ਹੱਥ ਰੱਖ ਕੇ ਨਾਂ ਪੁੱਛਿਆ, ਜਦੋਂ ਉਸ ਨੇ ‘ਈਸ਼ਰ ਸਿੰਘ' ਕਿਹਾ ਤਾਂ ਉਸ ਨੇ ਛੁਰਾ ਉਸ ਦੀ ਵੱਖੀ ਵਿੱਚ ਖੋਭ ਦਿੱਤਾ। ਜ਼ਖਮ ਤੋਂ ਵਗਦੀ ਖੂਨ ਦੀ ਤਤੀਰੀ ਨੂੰ ਪੱਗ ਦੇ ਸਹਾਰੇ ਰੋਕਣ ਦੀ ਕੋਸ਼ਿਸ਼ ਕਰਦਿਆਂ ਉਸ ਨੇ ਸਾਡਾ ਬੂਹਾ ਆਣ ਖੜਕਾਇਆ ਅਤੇ ਮੇਰੇ ਬਾਈ ਜੀ ਨੇ ਤੁਰੰਤ ਉਸ ਦੇ ਪੁੱਤਰ ਅਤੇ ਹੋਰ ਰਿਸ਼ਤੇਦਾਰਾਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ।
ਮੁਹੱਲਾ ਫੀਲਡ ਗੰਜ, ਜਿਥੇ ਅਸੀਂ ਰਹਿੰਦੇ ਸੀ, ਵਿੱਚ ਪੰਜ ਘਰ ਹਿੰਦੂ ਸਿੱਖ ਪਰਵਾਰ ਸਨ, ਬਾਕੀ ਸਾਰਾ ਮੁਹੱਲਾ ਮੁਸਲਮਾਨਾਂ ਦਾ ਸੀ। ਫਿਰਕਾਪ੍ਰਸਤਾਂ ਦੀਆਂ ਨਿੱਤ ਛੁਰੇਮਾਰੀ ਦੀਆਂ ਘਟਨਾਵਾਂ ਠੱਲ੍ਹਣ ਵਾਸਤੇ ਸ਼ਹਿਰ ਵਿੱਚ ਕਦੇ ਕਰਫਿਊ ਲਾ ਦਿੱਤਾ ਜਾਂਦਾ, ਕਦੇ ਚੁੱਕ ਲਿਆ ਜਾਂਦਾ। ਰੋਜ਼ ਵੱਖ-ਵੱਖ ਮੁਹੱਲਿਆਂ ਵਿੱਚੋਂ ਅੱਲਾ ਹੂ ਅਕਬਰ ਅਤੇ ਹਰ-ਹਰ ਮਹਾਂ ਦੇਵ ਦੇ ਨਾਅਰੇ ਬੁਲੰਦ ਹੁੰਦੇ ਰਹਿੰਦੇ। ਅਜਿਹੇ ਹਾਲਾਤ ਦੇਖ ਕੇ ਮੁਹੱਲੇ ਦੇ ਮੁਹਤਬਰਾਂ ਨੇ ਪਿਤਾ ਜੀ ਨੂੰ ਗੁਪਤ ਰੂਪ ਵਿੱਚ ਸੱਦ ਕੇ ਕਿਹਾ ਕਿ ਭਾਵੇਂ ਸਾਡਾ ਸ਼ਹਿਰ ਲੁਧਿਆਣਾ ਹਿੰਦੋਸਤਾਨ ਵਿੱਚ ਹੈ ਅਤੇ ਰਹੇਗਾ ਵੀ, ਪਰ ਅੱਜ ਤੁਹਾਡੇ 15-20 ਹਿੰਦੂ ਸਿੱਖ ਫਰਦ ਮੁਸਲਮਾਨਾਂ ਦੇ ਘੇਰੇ ਵਿੱਚ ਹਨ। ਨਾਲ ਹਦਾਇਤ ਕੀਤੀ ਕਿ ਉਹ ਅਤੇ ਬਾਕੀ ਹਿੰਦੂ ਸਿੱਖ ਪਰਵਾਰ ਜਾਨਾਂ ਬਚਾਉਣ ਲਈ ਮੁਹੱਲਾ ਛੱਡ ਕੇ ਕਿਸੇ ਹਿੰਦੂ ਮੁਹੱਲੇ ਵਿੱਚ ਚਲੇ ਜਾਣ, ਕਿਉਂ ਜੋ ਮੁੰਡੀਰ ਕਾਬੂ ਵਿੱਚ ਨਹੀਂ। ਪਿਤਾ ਜੀ ਨੇ ਘਰ ਪਰਤ ਕੇ ਨਾਲ ਦੇ ਹਿੰਦੂ ਸਿੱਖ ਪਰਵਾਰਾਂ ਦੇ ਮੁਖੀਆਂ ਨੂੰ ਦੱਸਿਆ। ਨਾਲੇ ਚਿਤਾਵਨੀ ਦਿੱਤੀ ਕਿ ਉਹ ਘਰੇਲੂ ਸਾਮਾਨ ਦੀਆਂ ਪੰਡਾਂ ਬੰਨ੍ਹ ਕੇ ਸਿਰਾਂ ਉੱਤੇ ਰੱਖ ਕੇ ਨਾ ਤੁਰਨ, ਸਹਿਜੇ-ਸਹਿਜੇ ਇਕੱਲੇ ਦੁਕੱਲੇ ਗਲੀ ਤੋਂ ਜਾਣ ਤਾਂ ਜੋ ਕਿਸੇ ਨੂੰ ਸ਼ੱਕ ਨਾ ਪਵੇ।
ਸਾਨੂੰ ਭੈਣਾਂ ਭਰਾਵਾਂ ਨੂੰ ਦੱਸਿਆ ਗਿਆ ਕਿ ਮਿਲਰ ਗੰਜ ਵਾਲੇ ਮਾਮੇ ਦੇ ਮੁੰਡੇ ਦਾ ਸ਼ਗਨ ਹੈ, ਉਥੇ ਪਹੁੰਚੋ। ਅਸੀਂ ਝੋਲਿਆਂ ਵਿੱਚੋਂ ਕਿਤਾਬਾਂ ਕੱਢ ਕੇ ਉਨ੍ਹਾਂ ਵਿੱਚ ਚਾਈਂ-ਚਾਈਂ ਆਪਣੇ ਪਹਿਨਣ ਵਾਲੇ ਕੱਪੜੇ ਪਾ ਲਏ ਤੇ ਕਬਰਾਂ ਵਿੱਚੋਂ ਹੁੰਦੇ ਹੋਏ ਮਿਲਰ ਗੰਜ ਜਾ ਅੱਪੜੇ। ਪਿਤਾ ਜੀ ਤੇ ਮਾਤਾ ਜੀ ਜੇਲ੍ਹ ਰੋਡ ਦੇ ਦੂਸਰੇ ਰਸਤਿਓਂ ਲੰਮਾ ਪੈਂਡਾ ਮਾਰ ਕੇ ਸਾਡੇ ਕੋਲ ਪੁੱਜੇ। ਅਸੀਂ ਮੰਗਣੇ ਬਾਰੇ ਪੁੱਛਿਆ, ਉਹ ਸਾਨੂੰ ਘੂਰ ਕੇ ਪੈ ਗਏ, ‘ਅਸੀਂ ਮਸੀਂ ਤੁਹਾਡੀਆਂ ਜਾਨਾਂ ਬਚਾ ਕੇ ਲਿਆਏ ਹਾਂ।'
ਮਿਲਰ ਗੰਜ ਦਾ ਇਲਾਕਾ ਵਧੇਰੇ ਕਰਕੇ ਕਿਰਤੀਆਂ, ਕਰਮਯੋਗੀਆਂ ਤੇ ਮਿਹਨਤੀ ਕਾਰੀਗਰਾਂ ਦਾ ਸੀ। ਆਬਾਦੀ ਸਿੱਖ ਰਾਮਗੜ੍ਹੀਆਂ ਦੀ ਵਧੇਰੇ ਸੀ। ਧੂਰੀ ਜਾਣ ਵਾਲੀ ਪਟੜੀ ਦੇ ਪਾਰ ਜ਼ਰਾ ਵਿੱਥ ਨਾਲ ਮੁਸਲਮਾਨਾਂ ਦੀ ਸੰਘਣੀ ਆਬਾਦੀ ਵਾਲੀ ਬਸਤੀ ਸੀ। ਇਕ ਦਿਨ ਸਰਘੀ ਦਾ ਤਾਰਾ ਚੜ੍ਹਨ ਤੋਂ ਪਹਿਲਾਂ ਉਸ ਬਸਤੀ ਦੇ ਬੇਗੁਨਾਹ ਤੇ ਬਦਕਿਸਮਤ ਵਸਨੀਕ ਨਵੇਂ ਬਣਾਏ ਦੇਸ਼ ਜਾਣ ਲਈ ਆਪਣੇ ਭਰੇ ਭਰਾਏ ਘਰ ਛੱਡ ਕੇ, ਅਕਹਿ ਆਫਤਾਂ ਮੁਸੀਬਤਾਂ ਝੱਲਣ ਵਾਸਤੇ ਤਾਰਿਆਂ ਦੇ ਪਹਿਰ ਹੇਠ ਤੁਰ ਪਏ। ਮਨੁੱਖੀ ਤ੍ਰਾਸਦੀ ਦੀ ਅਜਿਹੀ ਦੁਖਦਾਈ ਤਸਵੀਰ ਦੇਖ ਕੇ ਹਰ ਸੰਵੇਦਨਸ਼ੀਲ ਮਨ ਸੋਗ ਵਿੱਚ ਸੀ।
ਇਧਰ ਮਿਲਰ ਗੰਜ ਵਿੱਚ ਸੂਰਜ ਦੀ ਟਿੱਕੀ ਚੜ੍ਹਨ ਸਾਰ ਰੌਲਾ ਪੈ ਗਿਆ ਕਿ ਮੁਸਲਮਾਨ ਘਰ ਛੱਡ ਕੇ ਆਪਣੇ ਨਵੇਂ ਵਤਨ ਵੱਲ ਕੂਚ ਕਰ ਗਏ ਹਨ। ਫਿਰ ਕੀ ਸੀ, ਜਿਹੜੇ ਤੰਦਰੁਸਤ ਸ਼ਖਸ ਦੇ ਹੱਥ ਜੋ ਹਥਿਆਰ ਲੱਗਾ, ਉਹ ਲੈ ਕੇ ਲੁੱਟਮਾਰ ਦੇ ਇਰਾਦੇ ਨਾਲ ਮੁਸਲਮਾਨਾਂ ਦੀ ਬਸਤੀ ਵੱਲ ਦੌੜ ਪਿਆ। ਜਿਸ ਦੇ ਹੱਥ ਜੋ ਘਰੇਲੂ ਸਾਮਾਨ ਲੱਗਿਆ, ਲੁੱਟ ਕੇ ਘਰ ਪਰਤ ਰਿਹਾ ਸੀ। ਅਸੀਂ ਬੱਚੇ ਪਟੜੀ ਉਤੇ ਖੜੇ ਇਕ ਧਰਮ ਦੇ ਲੋਕਾਂ ਵੱਲੋਂ ਦੂਜੇ ਧਰਮ ਦੇ ਲੋਕਾਂ ਦਾ ਮਾਲ ਅਸਬਾਬ ਲੁੱਟਣ ਦਾ ਘਿਨਾਉਣਾ ਦਿ੍ਰਸ਼ ਦੇਖ ਰਹੇ ਸੀ। ਪਿਤਾ ਜੀ ਪਟੜੀ ਲਾਗੇ ਖੜੇ ਬੁੜਬੜਾ ਰਹੇ ਸਨ ਕਿ ਅਜਿਹਾ ਭਾਣਾ ਹੀ ਇਸ ਧਰਤੀ ਦੇ ਮੂਲ ਨਿਵਾਸੀਆਂ ਨਾਲ ਵਾਪਰਿਆ ਹੋਵੇਗਾ, ਜਦੋਂ ਸ਼ਕਤੀਸ਼ਾਲੀ ਵਿਦੇਸ਼ੀਆਂ ਕੋਲੋਂ ਉਨ੍ਹਾਂ ਨੂੰ ਆਪਣੀਆਂ ਜਾਨਾਂ ਬਚਾਉਣ ਵਾਸਤੇ ਮਜਬੂਰਨ ਆਪਣੇ ਵਸੇਬੇ ਛੱਡ ਕੇ ਜੰਗਲਾਂ ਵਿੱਚ ਪਨਾਹ ਲੈਣੀ ਪਈ ਹੋਵੇਗੀ।
ਉਸੇ ਸ਼ਾਮ ਪਤਾ ਲੱਗਾ ਕਿ ਮਾਤਾ ਜੀ ਆਪਣੇ ਘਰ ਦੀ ਸੁੱਖਸਾਂਦ ਲੈਣ ਵਾਸਤੇ ਫੀਲਡ ਗੰਜ ਗਈ ਹੈ। ਮੈਂ ਆਪਣੀ ਮਾਂ ਦੇ ਪਿੱਛੇ ਫੀਲਡ ਗੰਜ ਨੂੰ ਤੁਰ ਪਿਆ। ਘਰ ਪਹੁੰਚਿਆ ਤਾਂ ਦਿਲ ਕੰਬਾਊ ਨਜ਼ਾਰਾ ਦੇਖ ਕੇ ਸਾਹ ਸੂਤਿਆ ਗਿਆ। ਘਰ ਦਾ ਤਾਲਾ ਤੋੜ ਕੇ ਲੁਟੇਰੇ ਸਾਮਾਨ ਲੁੱਟ ਰਹੇ ਸਨ। ਘਰੇ ਗੁਰੂ ਨਾਨਕ ਦੇਵ ਜੀ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਨ, ਪਰ ਕਿਸੇ ਲੁਟੇਰੇ ਨੇ ਉਸ ਪਾਸੇ ਧਿਆਨ ਨਹੀਂ ਦਿੱਤਾ। ਜਿਸ ਦੇ ਹੱਥ ਜੋ ਆ ਰਿਹਾ ਸੀ, ਆਪਣਾ ਬਣਾਈ ਜਾ ਰਿਹਾ ਸੀ। ਆਪਣੇ ਮੁਲਕ ਵਿੱਚ ਆਪਣੇ ਘਰ ਨੂੰ ਲੁਟੇਰਿਆਂ ਵੱਲੋਂ ਲੁੱਟੇ ਜਾਣ ਦਾ ਸੀਨ ਦੇਖ ਕੇ ਲੇਰ ਨਿਕਲ ਗਈ। ਇਸ ਨਾਲ ਲੁਟੇਰਿਆਂ ਦਾ ਧਿਆਨ ਮੇਰੇ ਵੱਲ ਹੋ ਗਿਆ। ਉਨ੍ਹਾਂ ਜਾਬਰਾਂ ਅੱਗੇ ਮੈਂ ਲੇਲ੍ਹੜੀਆਂ ਕੱਢੀਆਂ ਕਿ ਉਹ ਘਰ ਨਾ ਲੁੱਟਣ। ਇਕ ਭੂਤਰੇ ਸ਼ੈਤਾਨ ਨੇ ਮੇਰੇ ਵੱਲ ਦੇਖੇ ਬਿਨਾ ਫਤਵਾ ਸੁਣਾ ਦਿੱਤਾ, ‘ਤੁਰਕਾਂ ਦਾ ਤੁਖਮ ਜਾਪਦਾ ਏ। ਬਲਵੰਤੇ ਕੱਢ ਆਪਣੀ ਚਮਕੀਲੀ ਤੇ ਇਕੋ ਵਾਰ ਨਾਲ ਕਰਦੇ ਹਲਾਲ ਇਸ ਤੁਰਕ ਦੇ ਤੁਖਮ ਨੂੰ। ਇਸ ਦੇ ਖੂਨ ਨਾਲ ਆਪਣੀ ਚਮਕੀਲੀ ਨੂੰ ਇਸ਼ਨਾਨ ਵੀ ਕਰਵਾ ਲੈ।' ਇਕ ਹੋਰ ਜਣੇ ਦਾ ਧਿਆਨ ਮੇਰੇ ਸਿਰ ਉੁਪਰ ਬਣੇ ਜੂੜੇ ਵੱਲ ਚਲਾ ਗਿਆ। ਉਸ ਮੋੜਵਾਂ ਉਤਰ ਦਿੱਤਾ, ‘ਓਏ ਇਹ ਸਿੱਖ ਮੁੰਡਾ ਲਗਦੈ।' ਤਦ ਪਹਿਲੇ ਨੇ ਗੌਰ ਨਾਲ ਮੇਰੇ ਸਿਰ ਉੁਪਰ ਮਾਂ ਵੱਲੋਂ ਮੀਢੀਆਂ ਨਾਲ ਗੁੰਦ ਕੇ ਬਣਾਏ ਜੂੜੇ ਵੱਲ ਦੇਖਿਆ ਸੀ। ਉਦੋਂ ਮਹਿਸੂਸ ਹੋਇਆ, ਸੱਚੇ ਪਾਤਸ਼ਾਹ ਨੇ ਆਪ ਹੱਥ ਦੇ ਕੇ ਮੇਰੀ ਜਾਨ ਬਚਾਈ ਹੋਵੇ।
ਹਨੇਰਾ ਹੁੰਦਾ ਦੇਖ ਕੇ ਉਨ੍ਹਾਂ ਲੁਟੇਰਿਆਂ ਵਿੱਚ ਮਨੁੱਖਤਾ ਨੇ ਕਰਵਟ ਬਦਲੀ ਤੇ ਉਨ੍ਹਾਂ ਹੋਰ ਲੋਟੂ ਟੋਲੀਆਂ ਤੋਂ ਮੈਨੂੰ ਬਚਾਉਣ ਲਈ ਮਿਲਰ ਗੰਜ ਮੇਰੇ ਮਾਮੇ ਦੇ ਘਰ ਕੋਲ ਪੁਚਾ ਦਿੱਤਾ। ਇਧਰ ਮੈਨੂੰ ਲੱਭਣ ਲਈ ਹਾਲ ਪਾਹਰਿਆ ਪਈ ਹੋਈ ਸੀ। ਮੈਨੂੰ ਦੇਖਦਿਆਂ ਹੀ ਮਾਂ ਨੇ ਘੁੱਟ ਕੇ ਕਲੇਜੇ ਨਾਲ ਲਾ ਲਿਆ। ਬਾਅਦ ਵਿੱਚ ਪਤਾ ਲੱਗਾ ਕਿ ਮਾਂ ਤਲਵਾਰਾਂ ਸੂਤੀ ਜਾਂਦੇ ਬਲਵੱਈਆਂ ਦੇ ਟੋਲੇ ਦੇਖ ਕੇ ਪਰਤ ਆਈ ਸੀ। ਮੇਰੇ ਕੋਲੋਂ ‘ਆਪਣਿਆਂ' ਹੱਥੋਂ ਹੀ ਆਪਣਾ ਘਰ ਲੁੱਟਣ ਦੀ ਦਾਸਤਾਨ ਸੁਣ ਕੇ ਸਭ ਨੇ ਕਿਹਾ, ਕੋਈ ਨਹੀਂ, ਘਰ ਦਾ ਸਾਮਾਨ ਬਣ ਜਾਵੇਗਾ, ਸ਼ੁਕਰ ਏ ਰੱਬ ਦਾ! ਤੂੰ ਸਹੀ ਸਲਾਮਤ ਮੁੜ ਆਇਆ ਏਂ।

Have something to say? Post your comment