Welcome to Canadian Punjabi Post
Follow us on

18

October 2019
ਨਜਰਰੀਆ

ਰੀਸ ਕਰਨ ਯੋਗ ਦਾਨੀ ਹਨ ਅਜ਼ੀਮ ਪ੍ਰੇਮਜੀ

June 13, 2019 09:12 AM

-ਆਕਾਰ ਪਟੇਲ
ਇਹ ਵਿਚਾਰ ਐਂਡਰਿਊ ਕਾਰਨੇਗੀ ਦਾ ਹੈ ਕਿ ਕਿਸੇ ਵਿਅਕਤੀ ਨੂੰ ਸਮਾਜ ਨੂੰ ਦਾਨ ਦੇਣਾ ਚਾਹੀਦਾ ਹੈ ਅਤੇ ਬਹੁਤ ਜ਼ਿਆਦਾ ਦੌਲਤ ਛੱਡ ਕੇ ਨਹੀਂ ਮਰਨਾ ਚਾਹੀਦਾ। ਉਹ ਇੱਕ ਅਮਰੀਕੀ ਉਦਮੀ ਸਨ, ਜਿਨ੍ਹਾਂ ਨੇ ਵਿਸ਼ਾਲ ਸਟੀਲ ਉਦਯੋਗ ਦੀ ਸਥਾਪਨਾ ਕੀਤੀ ਅਤੇ 35 ਸਾਲ ਦੀ ਉਮਰ ਵਿੱਚ ਦਾਨ ਕਰਨਾ ਸ਼ੁਰੂ ਕਰ ਦਿੱਤਾ। 1919 ਵਿੱਚ ਸੌ ਸਾਲ ਪਹਿਲਾਂ ਉਨ੍ਹਾਂ ਦਾ ਦਿਹਾਂਤ ਹੋਇਆ ਅਤੇ ਉਦੋਂ ਤੱਕ ਉਹ ਆਪਣੀ ਕੁੱਲ ਦੌਲਤ ਦਾ ਨੱਬੇ ਫੀਸਦੀ ਦਾਨ ਕਰ ਚੁੱਕੇ ਹਨ। ਉਸ ਤੋਂ ਤੀਹ ਸਾਲ ਪਹਿਲਾਂ 1889 'ਚ ਜਦੋਂ ਕਾਰਨੇਗੀ ਲਗਭਗ 55 ਸਾਲਾਂ ਦੇ ਸਨ ਤਾਂ ਉਨ੍ਹਾਂ ਨੇ ‘ਧਨ ਦਾ ਸਿਧਾਂਤ' ਨਾਂਅ ਦੀ ਕਿਤਾਬ ਲਿਖੀ ਸੀ। ਇਸ ਵਿੱਚ ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਫਾਲਤੂ ਪੈਸੇ ਨੂੰ ਵਾਪਸ ਸਮਾਜ ਵਿੱਚ ਲਾ ਦੇਣਾ ਉਸ ਦੀ ਸਭ ਤੋਂ ਚੰਗੀ ਵਰਤੋਂ ਹੈ। ਉਨ੍ਹਾਂ ਨੇ ਅਮੀਰ ਲੋਕਾਂ ਵੱਲੋਂ ਫਜ਼ੂਲਖਰਚੀ ਨੂੰ ਨਿਰਉਤਸ਼ਾਹਤ ਕੀਤਾ।
19ਵੀਂ ਸਦੀ ਤੋਂ ਪਹਿਲਾਂ ਸਿਰਫ ਉਚ ਵਰਗ ਦੇ ਲੋਕ ਧਨੀ ਹੁੰਦੇ ਹਨ, ਜਿਨ੍ਹਾਂ ਕੋਲ ਕਾਫੀ ਜ਼ਮੀਨ ਹੁੰਦੀ ਸੀ, ਜਿਸ 'ਤੇ ਉਨ੍ਹਾਂ ਨੂੰ ਕਿਰਾਇਆ ਜਾਂ ਟੈਕਸ ਮਿਲਦਾ ਸੀ। ਕੁਝ ਵਪਾਰੀ ਲੋਕ ਵੀ ਹੁੰਦੇ ਸਨ, ਪਰ ਉਨ੍ਹਾਂ ਦੀ ਗਿਣਤੀ ਵੱਧ ਨਹੀਂ ਸੀ ਤੇ ਜ਼ਿਆਦਾਤਰ ਦੌਲਤ ਜ਼ਮੀਨ ਦੇ ਰੂਪ ਵਿੱਚ ਸੀ। ਉਸ ਜ਼ਮਾਨੇ ਵਿੱਚ ਦਾਨ ਦੇ ਵਿਚਾਰ ਤੋਂ ਲੋਕ ਅਣਜਾਣ ਸਨ, ਹਾਲਾਂਕਿ ਚਰਚ ਸਮਰੱਥ ਲੋਕਾਂ ਦੀ ਆਮਦਨ ਦਾ ਕੁਝ ਹਿੱਸਾ ਕੱਟ ਲੈਂਦਾ ਸੀ। ਇਸ ਨੂੰ ਆਮਦਨ ਦਾ 10ਵਾਂ ਹਿੱਸਾ ਕਿਹਾ ਜਾਂਦਾ ਸੀ। ਇਸ ਰਵਾਇਤ ਦਾ ਕੁਝ ਰੂਪ ਅਜੇ ਵੀ ਮੌਜੂਦ ਹੈ। ਦਾਊਦੀ ਬੋਹਰਾ ਅਤੇ ਇਸਮਾਇਲੀ ਖੋਜਾ ਨਾਂਅ ਦਾ ਭਾਰਤੀ ਸ਼ੀਆ ਫਿਰਕਾ ਆਪਣੀ ਸਾਲਾਨਾ ਆਮਦਨ ਦਾ ਇੱਕ ਹਿੱਸਾ ਆਪਣੇ ਧਾਰਮਿਕ ਮੁਖੀਆਂ ਸੈਯਦਨਾ ਤੇ ਆਗਾ ਖਾਨ ਨੂੰ ਦਿੰਦੇ ਹਨ, ਜੋ ਉਸ ਪੈਸੇ ਨੂੰ ਹਸਪਤਾਲ, ਸਕੂਲ ਆਦਿ ਦੇ ਕੰਮਾਂ 'ਤੇ ਖਰਚ ਕਰਦੇ ਹਨ। ਹਿੰਦੂ ਵੀ ਮੰਦਰਾਂ ਨੂੰ ਦਾਨ ਦਿੰਦੇ ਹਨ, ਪਰ ਇਸ ਦਾ ਜ਼ਿਆਦਾ ਹਿੱਸਾ ਸੋਨੇ ਦੇ ਤੌਰ 'ਤੇ ਹੁੰਦਾ ਹੈ, ਜਿਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।
ਮੈਂ ਇਸ ਸਮੇਂ ਕੇਰਲ ਵਿੱਚ ਹਾਂ ਤੇ ਤਿਰੂਵਨੰਤਪੁਰਮ 'ਚ ਪਦਮਨਾਭਸਵਾਮੀ ਮੰਦਰ ਦਾ ਦੌਰਾ ਕੀਤਾ। ਇਹ ਭਾਰਤ ਦੇ ਸਭ ਤੋਂ ਅਮੀਰ ਮੰਦਰਾਂ 'ਚੋਂ ਇੱਕ ਹੈ। ਇਸ ਦੀ ਜ਼ਿਆਦਾ ਦੌਲਤ ਧਾਤੂ ਦੇ ਰੂਪ ਵਿੱਚ ਹੈ। ਇਸੇ ਕਿਸਮ ਦੀ ਸੰਸਕ੍ਰਿਤੀ ਦੇ ਮਾਮਲੇ ਵਿੱਚ ਅਜ਼ੀਮ ਪ੍ਰੇਮਜੀ ਨੇ ਆਪਣੀ ਛਾਪ ਛੱਡੀ ਹੈ। ਉਹ ਇਸ ਹਫਤੇ ਵਿਪਰੋ ਦੇ ਚੇਅਰਮੈਨ ਦੇ ਅਹੁਦੇ ਤੋਂ ਖੁਦ ਰਿਟਾਇਰ ਹੋਏ ਅਤੇ ਦੁਨੀਆ ਦੇ ਸਭ ਤੋਂ ਵੱਡੇ ਪਰਉਪਕਾਰੀਆਂ 'ਚੋਂ ਇੱਕ ਹਨ। ਉਨ੍ਹਾਂ ਨੇ ਆਪਣੀ ਦੌਲਤ 'ਚੋਂ ਲਗਭਗ ਡੇਢ ਲੱਖ ਕਰੋੜ ਰੁਪਏ ਦਾਨ ਵਿੱਚ ਦਿੱਤੇ ਹਨ। ਸਾਡੇ 'ਚੋਂ ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਪਤਾ ਨਹੀਂ ਹੋਵੇਗਾ ਕਿ ਇੰਨੀ ਵੱਡੀ ਰਕਮ ਦਾ ਮਤਲਬ ਕੀ ਹੁੰਦਾ ਹੈ। ਇੰਨੀ ਦੌਲਤ ਨਾਲ ਭਾਰਤ ਦੇ ਸਿਖਿਆ ਅਤੇ ਸਿਹਤ ਬਜਟ ਦੀ ਪੂਰਤੀ ਹੋ ਸਕਦੀ ਹੈ। ਉਨ੍ਹਾਂ ਨੇ ਜੋ ਰਾਸ਼ੀ ਦਾਨ ਦਿੱਤੀ, ਉਹ ਉਨ੍ਹਾਂ ਦੇ ਜੀਵਨ ਨੂੰ ਦਿਖਾਉਂਦੀ ਹੈ। ਪ੍ਰੇਮਜੀ ਨੇ 21 ਸਾਲ ਦੀ ਉਮਰ ਵਿੱਚ ਤੇਲ ਬਣਾਉਣ ਦੀ ਕੰਪਨੀ (ਵਿਪਰੋ, ਜਿਸ ਦਾ ਮਤਲਬ ਹੈ, ‘ਵੈਸਟਰਨ ਇੰਡੀਆ ਵੈਜੀਟੇਬਲ ਪ੍ਰੋਡਕਟਸ ਲਿਮਟਿਡ’) ਦੇ ਇੰਚਾਰਜ ਵਜੋਂ ਕੰਮ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਦਹਾਕਿਆਂ ਦੌਰਾਨ ਇਸ ਦਾ ਵਿਸਥਾਰ ਕੀਤਾ, ਖਾਸ ਤੌਰ 'ਤੇ ਸੂਚਨਾ ਤਕਨੀਕ ਦੇ ਖੇਤਰ ਵਿੱਚ ਇਥੋਂ ਜ਼ਿਆਦਾਤਰ ਧਨ ਪੈਦਾ ਕੀਤਾ ਗਿਆ। ਪ੍ਰੇਮਜੀ ਨੇ ਧਨ ਕਮਾਉਣ ਦੇ ਨਾਲ ਇਸ ਨੂੰ ਦਾਨ ਕਰਨਾ ਵੀ ਸ਼ੁੁਰੂ ਕੀਤਾ। ਕੁਝ ਅਜਿਹੇ ਲੋਕ ਸਨ, ਜਿਨ੍ਹਾਂ ਨੂੰ ਇਸ ਮਾਮਲੇ ਵਿੱਚ ਤਜਰਬਾ ਸੀ ਅਤੇ ਉਨ੍ਹਾਂ ਨੂੰ ਇਸ ਧਨ ਦਾ ਕੰਟਰੋਲ ਦਿੱਤਾ ਗਿਆ ਅਤੇ ਪ੍ਰੇਮਜੀ ਵੱਲੋਂ ਇਸ ਨੂੰ ਦਾਨ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਦੇ ਇਸ ਕੰਮ ਨੇ ਪ੍ਰੇਮਜੀ ਨੂੰ ਗੈਰ-ਸਾਧਾਰਨ ਵਿਅਕਤੀ ਬਣਾ ਦਿੱਤਾ ਹੈ।
ਭਾਰਤ ਦੇ ਧਨੀ ਲੋਕਾਂ ਨੂੰ ਵੱਡੀਆਂ ਚੀਜ਼ਾਂ, ਜਿਵੇਂ ਵੱਡੇ ਵੱਡੇ ਘਰ, ਪ੍ਰਾਈਵੇਟ ਜੈਟ, ਮਹਿੰਗੀਆਂ ਕਾਰਾਂ ਪਸੰਦ ਹਨ। ਦਰਮਿਆਨੇ ਵਰਗ ਵਿੱਚ ਬਾਕੀ ਲੋਕ ਇਨ੍ਹਾਂ ਚੀਜ਼ਾਂ ਨੂੰ ਦੇਖਣਾ ਪਸੰਦ ਕਰਦੇ ਹਨ ਅਤੇ ਅਸੀਂ ਇਸ ਨੂੰ ਪੇਜ-3 ਕਲਚਰ ਕਹਿੰਦੇ ਹਾਂ। ਪ੍ਰੇਮਜੀ ਨੇ ਦੁਨੀਆ ਦੇ ਸਭ ਤੋਂ ਧਨਾਢ ਲੋਕਾਂ 'ਚ ਸ਼ੁਮਾਰ ਹੋਣ ਦੇ ਬਾਵਜੂਦ ਇੱਕ ਸਾਦਾ ਜੀਵਨ ਗੁਜ਼ਾਰਿਆ ਹੈ। ਉਨ੍ਹਾਂ ਦੀ ਇਹ ਨਿਮਰਤਾ ਉਸ ਸਮੇਂ ਇੱਕ ਵਾਰ ਫਿਰ ਨਜ਼ਰ ਆਈ, ਜਦੋਂ ਰਿਟਾਇਰਮੈਂਟ ਲੈਂਦੇ ਸਮੇਂ ਉਨ੍ਹਾਂ ਨੇ ਵਿਪਰੋ ਦੇ ਸਟਾਫ ਨੇ ਇੱਕ ਪੱਤਰ ਲਿਖਿਆ। ਇਸ ਪੱਤਰ ਵਿੱਚ ਸ਼ੁਰੂ ਤੋਂ ਲੈ ਕੇ ਜ਼ਿਆਦਾਤਰ ਜ਼ਿਕਰ ਨਵੇਂ ਚੇਅਰਮੈਨ ਅਤੇ ਨਵੇਂ ਮੈਨੇਜਿੰਗ ਡਾਇਰੈਕਟਰ ਦਾ ਹੈ। ਪੱਤਰ ਵਿੱਚ ਉਨ੍ਹਾਂ ਦਾ ਜ਼ਿਕਰ ਅਖੀਰ ਵਿੱਚ ਅਤੇ ਬਹੁਤ ਘੱਟ ਹੈ। ਇਸ ਵਿੱਚ ਉਨ੍ਹਾਂ ਨੇ ਆਪਣੀਆਂ ਪ੍ਰਾਪਤੀਆਂ ਦਾ ਕੋਈ ਵਰਣਨ ਨਹੀਂ ਕੀਤਾ। ਮੈਂ ਅੱਜ ਤੱਕ ਏਦਾਂ ਦਾ ਕੋਈ ਦੂਜਾ ਅਸਤੀਫਾ ਨਹੀਂ ਦੇਖਿਆ, ਵਿਸ਼ੇਸ਼ ਤੌਰ 'ਤੇ ਅਜਿਹੇ ਵਿਅਕਤੀ ਵੱਲੋਂ, ਜਿਸ ਦੇ ਨਾਂਅ 'ਤੇ ਇੰਨੀਆਂ ਸਾਰੀਆਂ ਪ੍ਰਾਪਤੀਆਂ ਹੋਣ।
ਭਾਰਤੀਆਂ 'ਚ ਇਸ ਤਰ੍ਹਾਂ ਦੇ ਰੋਲ ਮਾਡਲ ਬਹੁਤ ਘੱਟ ਹਨ, ਜਿਨ੍ਹਾਂ ਦਾ ਨਿੱਜੀ ਵਤੀਰਾ ਇਸ ਤਰ੍ਹਾਂ ਦਾ ਹੋਵੇ। ਸਾਡੇ ਨੇਤਾ ਨੇ ਅਜਿਹਾ ਸੂਟ ਪਹਿਨਿਆ ਹੈ, ਜਿਸ ਉੱਤੇ ਸੋਨੇ ਨਾਲ ਉਸ ਦਾ ਨਾਂਅ ਲਿਖਿਆ ਸੀ ਤੇ ਇਸ ਦੇ ਬਾਵਜੂਦ ਬਹੁਤੇ ਲੋਕਾਂ ਨੂੰ ਕੋਈ ਨਾਰਾਜ਼ਗੀ ਨਹੀਂ ਸੀ। ਸਾਨੂੰ ਕ੍ਰਿਸ਼ਮਈ ਲੋਕ ਪਸੰਦ ਹਨ, ਜੋ ਫਿਲਮ ਸਟਾਰਾਂ ਵਾਂਗ ਵਿਹਾਰ ਕਰਨ। ਸਾਨੂੰ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਹੈ ਕਿ ਅਜਿਹੇ ਮਾਹੌਲ ਵਿੱਚ ਇੱਕ ਕਰੋੜਪਤੀ ਨੇ ਇਸ ਤਰ੍ਹਾਂ ਦਾ ਕੰਮ ਕਰਨ ਦਾ ਫੈਸਲਾ ਲਿਆ, ਜੋ ਇਸ ਤੋਂ ਪਹਿਲਾਂ ਕਿਸੇ ਨੇ ਨਹੀਂ ਲਿਆ ਤੇ ਉਹ ਵੀ ਪੂਰੀ ਨਿਮਰਤਾ ਅਤੇ ਮਰਿਆਦਾ ਨਾਲ ਲਿਆ ਹੈ।
ਆਧੁਨਿਕ ਸਮੇਂ 'ਚ ਕੁਝ ਗੱਲਾਂ ਮੈਨੂੰ ਗੁਜਰਾਤੀ ਹੋਣ 'ਤੇ ਮਾਣ ਦਾ ਅਹਿਸਾਸ ਕਰਵਾਉਂਦੀਆਂ ਹਨ। ਪ੍ਰੇਮਜੀ ਦਾ ਜੀਵਨ ਯਕੀਨੀ ਤੌਰ ਉਤੇ ਇਨ੍ਹਾਂ 'ਚੋਂ ਇੱਕ ਹੈ। ਅਸੀਂ ਇਸ ਨੂੰ ਇੱਕ ਉਦਾਹਰਣ ਦੇ ਤੌਰ 'ਤੇ ਦੇਖ ਸਕਦੇ ਹਾਂ ਅੰਤ ਕਹਿ ਸਕਦੇ ਹਾਂ, ‘‘ਇੱਕ ਇਨਸਾਨ 'ਚ ਅਜਿਹਾ ਕਰਨ ਦੀ ਸਮਰੱਥਾ ਮੌਜੂਦ ਹੈ।''

Have something to say? Post your comment