Welcome to Canadian Punjabi Post
Follow us on

18

October 2019
ਅੰਤਰਰਾਸ਼ਟਰੀ

ਹਵਾਲਗੀ ਕਾਨੂੰਨ ਦੇ ਖ਼ਿਲਾਫ਼ ਹਾਂਗਕਾਂਗ ਵਿੱਚ ਲੋਕਾਂ ਦਾ ਗੁੱਸਾ ਫਿਰ ਭੜਕਿਆ

June 13, 2019 09:00 AM

ਹਾਂਗਕਾਂਗ, 12 ਜੂਨ (ਪੋਸਟ ਬਿਊਰੋ)- ਹਾਂਗਕਾਂਗ ਦੇ ਨਵੇਂ ਬਣ ਰਹੇ ਹਵਾਲਗੀ ਕਾਨੂੰਨ ਖਿਲਾਫ਼ ਬੁੱਧਵਾਰ ਨੂੰ ਫਿਰ ਲੋਕਾਂ ਦਾ ਗੁੱਸਾ ਭੜਕ ਗਿਆ ਅਤੇ ਸੜਕਾਂ ਉੱਤੇ ਆਏ ਹਜ਼ਾਰਾਂ ਲੋਕਾਂ ਨੇ ਸ਼ਹਿਰ ਦਾ ਚੱਕਾ ਜਾਮ ਕਰ ਦਿੱਤਾ ਤੇ ਵਿਧਾਨ ਭਵਨ ਦੇ ਘਿਰਾਓ ਦੀ ਵੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ, ਅੱਥਰੂ ਗੈਸ ਦੇ ਗੋਲੇ ਦਾਗੇ ਤੇ ਰਬੜ ਦੀਆਂ ਗੋਲੀਆਂ ਵਰ੍ਹਾਈਆਂ।
ਵਰਨਣ ਯੋਗ ਹੈ ਕਿ ਨਵੇਂ ਬਣਨ ਵਾਲੇ ਹਵਾਲਗੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਲਈ ਸ਼ਨਿਚਰਵਾਰ ਨੂੰ ਵੀ ਲੱਖਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ ਸੀ। ਇਸ ਮੰਗ ਨੂੰ ਠੁਕਰਾ ਕੇ ਹਾਂਗਕਾਂਗ ਦੀ ਚੀਨ ਹਮਾਇਤੀ ਨੇਤਾ ਕੈਰੀ ਲੈਮ ਨੇ ਸਾਫ਼ ਕਿਹਾ ਸੀ ਕਿ ਹਵਾਲਗੀ ਕਾਨੂੰਨ ਉੱਤੇ ਪਿੱਛੇ ਨਹੀਂ ਹਟਿਆ ਜਾਵੇਗਾ। ਉਸ ਨੇ ਕਿਹਾ ਸੀ ਕਿ ਪਹਿਲਾਂ ਤੋਂ ਮਿਥੇ ਪ੍ਰੋਗਰਾਮ ਤਹਿਤ ਵਿਧਾਨ ਕੌਂਸਲ ਇਸ ਬਿੱਲ ਉੱਤੇ ਚਰਚਾ ਹੋਵੇਗੀ। ਲੋਕਾਂ ਨੇ ਇਹ ਬਿੱਲ ਰੱਦ ਕਰਨ ਲਈ ਸਰਕਾਰ ਨੂੰ ਬੁੱਧਵਾਰ ਦੁਪਹਿਰ ਤਿੰਨ ਵਜੇ ਤੱਕ ਅਲਟੀਮੇਟਮ ਦਿੱਤਾ ਸੀ। ਇਹ ਸਮਾਂ ਬੀਤਣ ਪਿੱਛੋਂ ਪ੍ਰਦਰਸ਼ਨਕਾਰੀ ਵਿਧਾਨ ਪ੍ਰੀਸ਼ਦ ਵੱਲ ਵਧਣ ਲੱਗੇ ਤਾਂ ਪੁਲਿਸ ਨਾਲ ਉਨ੍ਹਾਂ ਦੀਆਂ ਝੜਪਾਂ ਹੋ ਗਈਆਂ। ਉਨ੍ਹਾਂ ਨੂੰ ਰੋਕਣ ਲਈ ਦੰਗਾ ਰੋਕੂ ਪੁਲਿਸ ਨੇ ਲਾਠੀਚਾਰਜ ਕੀਤਾ ਤੇ ਮਿਰਚ ਪਾਊਡਰ ਦਾ ਸਪਰੇਅ ਕੀਤਾ। ਇਸ ਪਿੱਛੋਂ ਅਥਰੂ ਗੈਸ ਦੇ ਗੋਲੇ ਦਾਗੇ ਤੇ ਰਬੜ ਦੀਆਂ ਗੋਲੀਆਂ ਚਲਾਈਆਂ ਅਤੇ ਲੋਕਾਂ ਨੇ ਵੀ ਪੁਲਿਸ ਉੱਤੇ ਪੱਥਰ ਵਰ੍ਹਾਏ। ਹਾਂਗਕਾਂਗ ਦੇ ਪੁਲਿਸ ਮੁਖੀ ਸਟੀਫਨ ਲੋ ਨੇ ਲੋਕਾਂ ਉੱਤੇ ਕਾਰਵਾਈ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਹ ਵਿਧਾਨ ਪ੍ਰੀਸ਼ਦ ਉੱਤੇ ਹਮਲਾ ਕਰਨਾ ਚਾਹੁੰਦੇ ਸਨ।
ਨਵੇਂ ਬਣਨ ਵਾਲੇ ਕਾਨੂੰਨ ਵਿੱਚ ਦੋਸ਼ੀਆਂ ਅਤੇ ਸ਼ੱਕੀ ਲੋਕਾਂ ਨੂੰ ਕੇਸ ਚਲਾਉਣ ਲਈ ਚੀਨ ਦੇ ਹਵਾਲੇ ਕਰਨ ਦੀ ਵੀ ਵਿਵਸਥਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੇ ਨਾਲ ਹਾਂਗਕਾਂਗ ਦੀ ਖੁਦਮੁਖਤਾਰੀ ਅਤੇ ਇਨ੍ਹਾਂ ਨਾਗਰਿਕਾਂ ਦੇ ਮਨੁੱਖੀ ਅਧਿਕਾਰ ਖਤਰੇ ਵਿਚ ਪੈ ਜਾਣਗੇ। ਹਵਾਲਗੀ ਕਾਨੂੰਨ ਰੱਦ ਕਰਨ ਦੀ ਮੰਗ ਲਈ ਸੜਕ ਉੱਤੇ ਆਏ ਹਜ਼ਾਰਾਂ ਲੋਕਾਂ ਵਿੱਚ ਵੱਡੀ ਗਿਣਤੀ ਨੌਜਵਾਨ ਤੇ ਵਿਦਿਆਰਥੀ ਸਨ। ਵਧੇਰੇ ਲੋਕਾਂ ਨੇ ਆਪਣਾ ਚਿਹਰਾ ਢਕਣ ਲਈ ਮਾਸਕ, ਹੈਲਮੇਟ ਤੇ ਚਸ਼ਮੇ ਲਾਏ ਹੋਏ ਸਨ। ਬਹੁਤੇ ਪ੍ਰਦਰਸ਼ਨਕਾਰੀ ਕਾਲੇ ਰੰਗ ਦੇ ਕੱਪੜਿਆਂ `ਚ ਆਏ ਸਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ