Welcome to Canadian Punjabi Post
Follow us on

24

September 2020
ਨਜਰਰੀਆ

ਗੀਤਕਾਰ ਫਕੀਰ ਮੌਲੀ ਵਾਲਾ

June 12, 2019 09:18 AM

-ਹਰਦਿਆਲ ਸਿੰਘ ਥੂਹੀ
ਅੱਸੀਵਿਆਂ ਵਿੱਚ ਜਦੋਂ ਗੀਤਕਾਰ ਫਕੀਰ ਮੌਲੀ ਵਾਲਾ ਦਾ ਨਾਂ ਗੀਤਾਂ ਵਿੱਚ ਸੁਣਿਆ ਸੀ ਤਾਂ ਮਨ ਵਿੱਚ ਤਸਵੀਰ ਉਭਰੀ ਕਿ ਇਹ ਸ਼ਖਸ ਕਿਸੇ ਡੇਰੇ ਦੇ ਧੂਣੇ ਵਾਲਾ ਫਕੀਰ ਹੋਵੇਗਾ। ਕੁਝ ਦੇਰ ਤੱਕ ਇਹ ਤਸਵੀਰ ਬਣੀ ਰਹੀ। ਫੇਰ ਜਦੋਂ ਲਗਾਤਾਰ ਗੀਤ ਆਉਂਦੇ ਰਹੇ ਤਾਂ ਉਕਤ ਤਸਵੀਰ ਮੱਧਮ ਪੈਂਦੀ ਗਈ। ਇਸ ਦੇ ਬਾਵਜੂਦ ਭਰਮ ਬਣਿਆ ਰਿਹਾ ਕਿਉਂਕਿ ਇਸ ਗੀਤਕਾਰ ਨਾਲ ਕਦੇ ਪ੍ਰਤੱਖ ਜਾਂ ਅਪ੍ਰਤੱਖ ਮੁਲਾਕਾਤ ਨਾ ਹੋਈ। ਪਿਛਲੇ ਮਹੀਨੇ ਜਦੋਂ ਇਕ ਸਮਾਗਮ ਦੌਰਾਨ ਇਕ ਅਪ-ਟੂ-ਡੇਟ ਸ਼ਖਸ ਨਾਲ ਜਾਣ ਪਛਾਣ ਹੋ ਗਈ ਤਾਂ ਸਾਰਾ ਭਰਮ ਦੂਰ ਹੋ ਗਿਆ। ਤਿੰਨ ਚਾਰ ਘੰਟੇ ਇਕੱਠਿਆਂ ਬਿਤਾਏ।
ਫਕੀਰ ਦਾ ਜਨਮ ਮੋਰਿੰਡਾ ਨੇੜਲੇ ਪਿੰਡ ਫਤਿਹਪੁਰ ਦੁੰਮਣਾ ਵਿਖੇ ਸੱਤ ਮਈ 1961 ਨੂੰ ਪਿਤਾ ਰਚਨ ਸਿੰਘ ਅਤੇ ਮਾਤਾ ਕਰਤਾਰ ਕੌਰ ਦੇ ਘਰ ਹੋਇਆ। ਉਹ ਅਜੇ ਗਿਆਰਾਂ ਕੁ ਮਹੀਨੇ ਸੀ ਕਿ ਪਿਤਾ ਜੀ ਕੰਮ ਕਾਰ ਦੇ ਸਿਲਸਿਲੇ ਵਿੱਚ ਪਰਵਾਰ ਸਮੇਤ ਮੁਹਾਲੀ ਨੇੜੇ ਪਿੰਡ ਮੌਲੀ ਬੈਦਵਾਣ ਆ ਗਏ। ਫਕੀਰ ਨੇ ਇਥੇ ਸੁਰਤ ਸੰਭਾਲੀ ਤੇ ਮੌਲੀ ਦੀਆਂ ਗਲੀਆਂ ਵਿੱਚ ਖੇਡਦੇ ਹੋਏ ਬਚਪਨ ਬੀਤਿਆ। ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰਕੇ ਆਰੀਆ ਹਾਈ ਸਕੂਲ ਸੋਹਾਣਾ ਤੋਂ ਦਸਵੀਂ ਪਾਸ ਕੀਤੀ। ਪਿਤਾ ਜੀ ਅਨਪੜ੍ਹ ਸਨ, ਪਰ ਮਾਤਾ ਅੱਠ ਜਮਾਤਾਂ ਪਾਸ ਸੀ। ਮਾਤਾ ਜੀ ਨੂੰ ਕਿੱਸੇ ਪੜ੍ਹਨ ਦਾ ਸ਼ੌਕ ਸੀ, ਜੋ ਉਨ੍ਹਾਂ ਸਮਿਆਂ ਵਿੱਚ ਇਕੋ ਇਕ ਮਨੋਰੰਜਨ ਦਾ ਸਾਧਨ ਸੀ ਤੇ ਆਮ ਮਿਲ ਜਾਂਦੇ ਸਨ। ਫਕੀਰ ਨੂੰ ਵੀ ਕਿੱਸੇ ਪੜ੍ਹਨ ਦੀ ਚੇਟਕ ਲੱਗ ਗਈ। ਚੌਥੀ ਜਮਾਤ ਵਿੱਚ ਪੜ੍ਹਦਿਆਂ ਉਹ ਪੂਰੇ ਰਹਾਅ ਵਿੱਚ ਕਿੱਸੇ ਪੜ੍ਹਨ ਲੱਗਾ। ਨਤੀਜੇ ਵਜੋਂ ਉਸ ਦੇ ਅਚੇਤ ਮਨ ਵਿੱਚ ਕਥਾ ਤੇ ਕਾਵਿ ਦਾ ਅਹਿਸਾਸ ਅਮਿੱਟ ਛਾਪ ਛੱਡ ਗਿਆ। ਪੜ੍ਹਾਈ ਵੇਲੇ ਉਸ ਨੂੰ ਨਾਵਲ ਪੜ੍ਹਨ ਦਾ ਸ਼ੌਕ ਪੈ ਗਿਆ। ਨਾਵਲਾਂ ਵਿੱਚੋਂ ਨਾਨਕ ਸਿੰਘ ਦੇ ਨਾਵਲ ਉਸ ਨੂੰ ਪਸੰਦ ਸਨ, ਉਸ ਨੇ ਲਗਾਤਾਰ ਪੜ੍ਹੇ। ਪੜ੍ਹ ਕੇ ਨਾਵਲਕਾਰ ਬਣਨ ਦੀ ਇੱਛਾ ਜਾਗੀ। ਇਕ ਦੋ ਨਾਵਲਾਂ ਦੇ ਪਲਾਟ ਮਨ ਵਿੱਚ ਆਏ। ਲਿਖਣੇ ਆਰੰਭ ਕੀਤੇ, ਪਰ ਪੂਰੇ ਨਹੀਂ ਚੜ੍ਹ ਸਕੇ।
ਬਚਪਨ ਵਿੱਚ ਉਸ ਦੇ ਮਨ ਅੰਦਰ ਕਲਾ ਦਾ ਜੋ ਬੀਜ ਬੀਜਿਆ ਗਿਆ ਸੀ, ਉਹ ਉਸ ਨੂੰ ਟਿਕ ਕੇ ਨਹੀਂ ਬੈਠਣ ਦੇ ਰਿਹਾ ਸੀ। ਪਹਿਲਾਂ ਪਹਿਲ ਉਸ ਨੇ ਸਟੇਜੀ ਕਲਾਕਾਰ ਬਣਨਾ ਚਾਹਿਆ। ਫੇਰ ਗਾਇਕ ਬਣਨ ਦੀ ਇੱਛਾ ਪੈਦਾ ਹੋਈ। ਕੁਝ ਸਮਾਂ ਚਿੱਤਰਕਾਰੀ ਵੀ ਕੀਤੀ, ਪਰ ਉਸ ਦੇ ਅੰਦਰਲੀ ਕਲਾ ਇਨ੍ਹਾਂ ਵਿੱਚੋਂ ਕਿਸੇ ਰੂਪ ਵਿੱਚ ਸਹੀ ਤਰ੍ਹਾਂ ਪ੍ਰਗਟ ਨਾ ਹੋ ਸਕੀ ਤੇ ਮਨ ਨੂੰ ਸੰਤੁਸ਼ਟੀ ਨਾ ਮਿਲੀ। ਨਾਨਕ ਸਿੰਘ ਦੇ ਨਾਵਲ ‘ਟੁੱਟੀ ਵੀਣਾ' ਪੜ੍ਹਨ ਤੋਂ ਬਾਅਦ ਉਸ ਦੇ ਬੇਚੈਨ ਮਨ ਨੂੰ ਸ਼ਾਂਤੀ ਮਿਲੀ ਅਤੇ ਉਸ ਨੇ ਨਿਸ਼ਾਨਾ ਮਿੱਥ ਲਿਆ। ਉਸ ਨੇ ਆਪਣੇ ਮਨੋਭਾਵਾਂ ਨੂੰ ਗੀਤਾਂ ਦੇ ਰੂਪ ਵਿੱਚ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ। ਬਚਪਨ ਵਿੱਚ ਪੜ੍ਹੇ ਕਿੱਸਿਆ ਦਾ ਅਚੇਤ ਮਨ ਵਿੱਚ ਦੱਬਿਆ ਪਿਆ ਪ੍ਰਭਾਵ ਆਪਣਾ ਰੰਗ ਵਿਖਾਉਣ ਲੱਗਿਆ।
ਆਪਣੇ ਸਮੇਂ ਦੇ ਪ੍ਰਸਿੱਧ ਗਾਇਕ ਮਰਹੂਮ ਰੋਸ਼ਨ ਸਾਗਰ (ਅਮਰ ਨੂਰੀ ਦੇ ਪਿਤਾ) ਫਕੀਰ ਦੇ ਗੁਆਂਢੀ ਸਨ। ਉਨ੍ਹਾਂ ਨਾਲ ਘਰ ਵਾਲੀ ਗੱਲ ਸੀ ਤੇ ਉਹ ਫਕੀਰ ਨੂੰ ਛੋਟਾ ਭਰਾ ਸਮਝਦੇ ਸਨ। ਉਨ੍ਹਾਂ ਦੇ ਘਰ ਗਾਇਕਾਂ ਦਾ ਆਮ ਆਉਣਾ ਜਾਣਾ ਸੀ। ਇਸ ਕਾਰਨ ਫਕੀਰ ਦੀ ਗਾਇਕਾਂ ਨਾਲ ਜਾਣ ਪਛਾਣ ਵਧਦੀ ਗਈ। ਸਭ ਤੋਂ ਪਹਿਲਾਂ ਉਸ ਦੇ ਪਿੰਡ ਦੇ ਮੁੰਡੇ ਕਰਮੇ ਨੇ ਉਸ ਦੇ ਗੀਤਾਂ ਨੂੰ ਗਾਉਣਾ ਸ਼ੁਰੂ ਕੀਤਾ। ਇਸ ਤਰ੍ਹਾਂ ਫਕੀਰ ਦੇ ਨਾਂ ਦੀ ਥੋੜ੍ਹੀ ਬਹੁਤ ਚਰਚਾ ਹੋਣ ਲੱਗੀ। 1980 ਵਿੱਚ ਸੁਰਿੰਦਰ ਛਿੰਦਾ ਤੇ ਗੁਲਸ਼ਨ ਕੋਮਲ ਦੀ ਆਵਾਜ਼ ਵਿੱਚ ਦੋ ਗੀਤ ਰਿਕਾਰਡ ਹੋਏ ‘ਬਾਬਾ ਜੀ ਤੇਰੇ ਦੁਆਰ ਖੜ੍ਹੀ' ਤੇ ‘ਸੱਸ ਮੇਰੀ ਨੇ ਜੌੜੇ ਜੰਮੇ।' ਇਹ ਈ ਵੀ ਤਵੇ ਵਿੱਚ ਸਨ। ਗੀਤ ਚੰਗੇ ਚੱਲੇ। ਇਸ ਨਾਲ ਉਹ ਫਕੀਰ ਮੌਲੀ ਵਾਲਾ ਵਜੋਂ ਸਥਾਪਿਤ ਗੀਤਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ। ਇਸ ਤੋਂ ਬਾਅਦ ਅਮਰ ਨੂਰੀ ਅਤੇ ਸਰਦੂਲ ਸਿਕੰਦਰ ਨੇ ਫਕੀਰ ਦੇ ਗੀਤ ਗਾਏ, ਜਿਸ ਨਾਲ ਉਸ ਦੇ ਨਾਂ ਦੀ ਚਾਰੇ ਪਾਸੇ ਚਰਚਾ ਹੋਣ ਲੱਗੀ।
ਫਕੀਰ ਮੌਲੀ ਵਾਲਾ ਦੇ ਲਿਖੇ ਗੀਤਾਂ ਨੂੰ ਜਿਨ੍ਹਾਂ ਗਾਇਕਾਂ ਨੇ ਆਵਾਜ਼ਾਂ ਦਿੱਤੀਆਂ, ਉਨ੍ਹਾਂ ਵਿੱਚ ਸੁਰਿੰਦਰ ਛਿੰਦਾ, ਗੁਲਸ਼ਨ ਕੋਮਲ, ਸਰਦੂਲ ਸਿਕੰਦਰ, ਅਮਰ ਨੂਰੀ, ਕੁਲਦੀਪ ਮਾਣਕ, ਗੁਰਮੀਤ ਬਾਵਾ, ਸੁਰਿੰਦਰ ਕੌਰ, ਮਨਜੀਤ ਰਾਹੀ, ਦਲਜੀਤ ਕੌਰ, ਸਰਬਜੀਤ (ਕੋਕੇ ਵਾਲੀ), ਅਨੀਤਾ ਸਮਾਣਾ, ਸੁਖਵਿੰਦਰ ਪੰਛੀ, ਨੀਲਮ ਚੌਹਾਨ, ਨਸੀਬ ਸਿੰਘ ਨਸੀਬ, ਹਰਦੀਪ ਕੋਰਾ, ਸੁਖਵੰਤ ਸੁੱਖੀ, ਤਿ੍ਰਲੋਕ ਚਹਿਲ, ਅਖਤਰ ਅਲੀ, ਬੀਨੂੰ ਕੋਤਿਸ਼, ਸੁਰਜੀਤ ਬਾਰਨ, ਲਾਚੀ ਬਾਵਾ, ਗਲੋਰੀ ਬਾਵਾ ਤੇ ਹੋਰ ਬਹੁਤ ਸਾਰੇ ਨਾਂ ਸ਼ਾਮਲ ਹਨ। ਇਨ੍ਹਾਂ ਗੀਤਾਂ ਨੂੰ ਸੰਗੀਤ ਵਿੱਚ ਪਰੋਇਆ ਪ੍ਰਸਿੱਧ ਸੰਗੀਤਕਾਰਾਂ ਚਰਨਜੀਤ ਅਹੂਜਾ, ਵਰਿੰਦਰ ਬਚਨ, ਸੁਰਿੰਦਰ ਬਚਨ, ਅਤੁਲ ਸ਼ਰਮਾ, ਮਦਨ ਸ਼ੌਂਕੀ, ਨਰਿੰਦਰ ਨਿੰਦੀ ਨੇ। ਉਸ ਦੇ ਗੀਤ ਪ੍ਰਸਿੱਧ ਰਿਕਾਰਡਿੰਗ ਕੰਪਨੀ ਐਚ ਐਮ ਵੀ ਤੋਂ ਬਿਨਾ ਟੀ ਸੀਰੀਜ਼, ਸੀ ਐਮ ਸੀ, ਫਾਇਨਟੋਨ, ਕੈਟਰੋਕ, ਸਾਗਾ, ਮਿਊਜ਼ਿਕ ਬੈਂਕ, ਸੋਨੋਟੋਨ ਆਦਿ ਕੰਪਨੀਆਂ ਦੀਆਂ ਕੈਸਟਾਂ ਵਿੱਚ ਰਿਕਾਰਡ ਹੋਏ ਹਨ। ਫਕੀਰ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵੀ ਗੀਤ ਲਿਖੇ, ਜਿਨ੍ਹਾਂ ਵਿੱਚ ‘ਸੁੱਚਾ ਸਿੰਘ ਸੂਰਮਾ', ‘ਜੱਟ ਪੰਜਾਬ ਦਾ', ‘ਜੋਰਾ ਜੱਟ', ‘ਇਸ਼ਕ ਪੰਜ ਦਰਿਆਵਾਂ ਦਾ', ‘ਦੁੱਲਾ ਭੱਟੀ', ‘ਵਿਛੋੜਾ' ਅਤੇ ‘ਪੁਲਸੀਆਂ ਦਾ ਟੱਬਰ' ਸ਼ਾਮਲ ਹਨ। ਪੰਜਾਬ ਤੋਂ ਬਿਨਾ ਕਈ ਬੌਲੀਵੁੱਡ ਗਾਇਕ ਕਲਾਕਾਰਾਂ ਨੇ ਵੀ ਉਸ ਦੇ ਗੀਤ ਗਏ, ਜਿਨ੍ਹਾਂ ਵਿੱਚ ਆਸ਼ਾ ਭੌਸਲੇ, ਕਵਿਤਾ ਕ੍ਰਿਸ਼ਨਨ ਮੂਰਤੀ, ਸੁਰੇਸ਼ ਵਾਡੇਕਰ, ਅਨੁਰਾਧਾ ਪੌਡਵਾਲ, ਕੁਮਾਰ ਸ਼ਾਨੂੰ, ਦਿਲਰਾਜ ਕੌਰ, ਜਸਵਿੰਦਰ ਨਰੂਲਾ ਹਨ। ਪਾਕਿਸਤਾਨੀ ਗਾਇਕਾ ਹੁਮਾਇਰਾ ਚੰਨਾ ਨੇ ਵੀ ਫਕੀਰ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਲਾਈਟ ਐਂਡ ਸਾਊਂਡ ਪ੍ਰੋਗਰਾਮ ‘ਸ਼ੇਰੇ-ਏ-ਪੰਜਾਬ' (ਮਹਾਰਾਜਾ ਰਣਜੀਤ ਸਿੰਘ) ਦੇ ਗੀਤ ਲਿਖਣ ਦਾ ਸੁਭਾਗ ਵੀ ਫਕੀਰ ਨੂੰ ਪ੍ਰਾਪਤ ਹੋਇਆ। ਇਹ ਪ੍ਰੋਗਰਾਮ ਕੌਮੀ ਤੇ ਕੌਮਾਂਤਰੀ ਪੱਧਰ ਤੱਕ ਪ੍ਰਦਰਸ਼ਿਤ ਹੋਇਆ।
ਫਕੀਰ ਮੌਲੀ ਵਾਲਾ ਨੇ ਆਪਣੇ ਗੀਤਾਂ ਦਾ ਪ੍ਰਭਾਨ ਤੀਖਣ ਕਰਨ ਲਈ ਯਥਾਯੋਗ ਇਤਿਹਾਸਕ ਅਤੇ ਮਿਥਿਹਾਸਕ ਪਾਤਰਾਂ ਦੇ ਹਵਾਲੇ ਵੀ ਦਿੱਤੇ ਹਨ। ਉਹ ਜਿਥੇ ਅਜੋਕੇ ਦੌਰ ਦੇ ਪ੍ਰੀਤਵਾਨਾਂ ਦੇ ਪਿਆਰ ਸਬੰਧਾਂ ਦੇ ਗਿਲੇ, ਸ਼ਿਕਵੇ, ਨਿਹੋਰੇ ਤੇ ਮਜ਼ਬੂਰੀਆਂ ਨੂੰ ਬਿਆਨ ਕਰਦਾ ਹੈ, ਉਥੇ ਵਿਰਾਸਤ ਦੇ ਪ੍ਰੀਤ ਪਾਤਰਾਂ ਹੀਰ-ਰਾਂਝਾ, ਸੱਸੀ-ਪੁੰਨੂੰ, ਸੋਹਣੀ-ਮਹੀਵਾਲ, ਲੈਲਾ-ਮਜਨੂੰ, ਇੰਦਰ-ਬੇਗੋ, ਮਿਰਜ਼ਾ-ਸਾਹਿਬਾ ਦੀਆਂ ਬਾਤਾਂ ਵੀ ਪਾਉਂਦਾ ਹੈ। ਫਕੀਰ ਜਵਾਨ ਦਿਲਾਂ ਦੀਆਂ ਧੜਕਣਾਂ ਨੂੰ ਨੇੜੇ ਹੋ ਕੇ ਸੁਣਦਾ ਤੇ ਉਨ੍ਹਾਂ ਦੇ ਵਲਵਲਿਆਂ, ਸੱਧਰਾਂ, ਰੀਝਾਂ ਅਤੇ ਅਹਿਸਾਸਾਂ ਨੂੰ ਬਾਖੂਬੀ ਬਿਆਨਦਾ ਹੈ। ਇਸ ਦੇ ਨਾਲ-ਨਾਲ ਸਮਾਜਿਕ ਵਲਗਣਾਂ ਤੇ ਬੰਧਨਾਂ ਕਾਰਨ ਅਧੂਰੇ ਰਹੇ ਸੁਪਨਿਆਂ ਦਾ ਦਰਦ, ਤੜਫ, ਨਿਹੋਰਾ ਤੇ ਝੋਰਾ ਉਸ ਦੇ ਗੀਤਾਂ ਵਿੱਚੋਂ ਝਲਕਦਾ ਹੈ। ਫਕੀਰ ਆਪਣੇ ਗੀਤਾਂ ਵਿੱਚ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੇ ਵੱਖ-ਵੱਖ ਪੱਖਾਂ ਜਿਵੇਂ ਰੁੱਤਾਂ, ਤਿੱਥਾਂ-ਤਿਓਹਾਰਾਂ, ਰਸਮ- ਰਿਵਾਜਾਂ, ਤੀਆਂ-ਤਿ੍ਰੰਞਣਾਂ, ਗਿੱਧੇ-ਭੰਗੜੇ, ਵਿਆਹ-ਸਾਹੇ, ਮੇਲ, ਹਾਰ ਸ਼ਿੰਗਾਰ ਦੇ ਢੁਕਵੇਂ ਬਿਆਨ ਰਾਹੀਂ ਉਨ੍ਹਾਂ ਦੇ ਸੁਹੱਪਣ ਨੂੰ ਚਾਰ ਚੰਨ ਲਾਉਂਦਾ ਹੈ। ਜਿਥੇ ਉਸ ਨੂੰ ਪੰਜਾਬ ਦੀ ਅਮੀਰ ਵਿਰਾਸਤ ਦੇ ਖੁੱਸਣ ਦਾ ਫਿਕਰ ਹੈ, ਉਥੇ ਉਹ ਅਜੋਕੇ ਦੌਰ ਦੇ ਸਮਾਜ ਵਿੱਚ ਵਧ ਰਹੇ ਸਵਾਰਥ, ਪੈਸੇ ਦੀ ਦੌੜ, ਰਿਸ਼ਤਿਆਂ ਦੇ ਹੋ ਰਹੇ ਘਾਣ ਤੇ ਮਾਨਵੀ ਕਦਰਾਂ ਕੀਮਤਾਂ ਪ੍ਰਤੀ ਚਿੰਤਤ ਹੈ। ਅਜੋਕੀ ਗਾਇਕੀ ਤੇ ਗੀਤਕਾਰੀ ਵਿੱਚ ਵਧੇ ਪ੍ਰਦੂਸ਼ਣ ਬਾਰੇ ਵੀ ਉਹ ਫਿਕਰਮੰਦ ਹੈ। ਨੌਜਵਾਨ ਪੀੜ੍ਹੀ ਦਾ ਮਾਂ ਬੋਲੀ ਪੰਜਾਬੀ ਤੋਂ ਦੂਰ ਹੋਣਾ ਵੀ ਉਸ ਦੇ ਫਿਕਰਾਂ ਵਿੱਚ ਸ਼ਾਮਲ ਹੈ।
ਫਕੀਰ ਮੌਲੀ ਵਾਲਾ ਦੇ ਕੁਝ ਗੀਤਾਂ ਦੇ ਮੁੱਖੜੇ ਇਸ ਪ੍ਰਕਾਰ ਹਨ:
*ਵੇ ਗੋਰਾ ਰੰਗ ਦੇਈਂ ਨਾ ਰੱਬਾ,
ਇਹਦੀ ਬੈਂਕ ਨਾਲੋਂ ਵੱਧ ਚੌਕੀਦਾਰੀ।
*ਪਿੰਡ ਦੀ ਕੁੜੀ ਮੈਂ ਸ਼ਾਨ ਹਾਂ ਪੰਜਾਬ ਦੀ।
*ਗਿੱਧੇ ਵਿੱਚ ਮੈਂ ਨੱਚਦੀ,
ਮੇਰੇ ਖੇਤਾਂ ਵਿੱਚ ਨੱਚਦੀ ਬਹਾਰ।
*ਗਿੱਧੇ ਵਿੱਚ ਨੱਚਦੀ ਦਾ ਤੇਰਾ
ਲੱਕ ਨਾ ਮਰੋੜਾ ਸਹਿੰਦਾ।
ਦੱਸ ਓਹਦਾ ਨਾਂ ਕੁੜੀਏ,
ਜਿਹੜਾ ਦਿਲ ਵਿੱਚ ਤੇਰੇ ਰਹਿੰਦਾ।
*ਓ ਕਲਮਾਂ ਦੇ ਸ਼ਹਿਨਸ਼ਾਹੋ,
ਮਾਂ ਬੋਲੀ ਨੂੰ ਮੋੜ ਲਿਆਓ।
*ਵਿਦਿਆ ਦੇ ਮੰਦਰ ਨੇ ਕਾਲਜ ਸਕੂਲ ਸਾਰੇ
ਆਸ਼ਕੀ ਦੇ ਅੱਡੇ ਨਾ ਕਹੋ ਵੇ ਗੀਤਕਾਰੋ।
*ਕੋਲਿਆਂ ਦੀ ਦਲਾਲੀ ਚੰਦਰੀ,
ਖੇਡ ਜੂਏ ਦੀ ਹੈ ਕੱਢਦੀ ਦਵਾਲਾ।
ਸੱਚ ਨੇ ਸਿਆਣੇ ਆਖਦੇ
ਸਦਾ ਹੁੰਦਾ ਏ ਕਲੇਸ਼ ਦਾ ਮੂੰਹ ਕਾਲਾ।
*ਧੀ ਹੋਈ ਮੁਟਿਆਰ ਕਿਵੇਂ ਇਹਦੇ ਹੱਥ ਰੰਗਾਂ
ਕਿਹੜੇ ਮੂੰਹ ਨਾਲ ਸੇਠ ਤੋਂ ਮੈਂ ਕਰਜ਼ਾ ਮੰਗਾਂ
ਅਜੇ ਤੱਕ ਨਹੀਂ ਮੋੜ ਹੋਇਆ ਹੈ ਕਰਜ਼ ਪੁਰਾਣਾ
ਮੇਰੀ ਧੀ ਦੇ ਲੇਖ ਵਿੱਚ ਨਹੀਂ ਸਹੁਰੇ ਜਾਣਾ।
*ਪੋਹ ਦੀ ਚਾਨਣੀ ਵਾਂਗੂ ਲੰਘ ਗਈ
ਰੁੱਤ ਜਵਾਨੀ ਦੀ।
ਮੈਨੂੰ ਹੁਣ ਤੱਕ ਨਾ ਕੋਈ ਖਬਰ
ਮਿਲੀ ਪ੍ਰਦੇਸੀ ਜਾਨੀ ਦੀ।
*ਪੈ ਗਈ ਅੱਥਰੀ ਜਵਾਨੀ ਮੈਨੂੰ ਪੇਕੀਂ ਕੱਟਣੀ।
*ਮੇਰਾ ਤੇਰੇ ਨਾ ਜਹਾਨ ਚੰਨਾ ਵੱਸਦਾ,
ਹਾੜ੍ਹਾ ਨਾ 'ਕੱਲੀ ਜਾਵੀਂ ਛੱਡ ਕੇ।
*ਕੋਈ ਆਖੋ ਨਾ ਵੇ ਵੇਸਵਾ, ਬੇਵੱਸ ਨਾਰੀ ਨੂੰ
ਐਵੇਂ ਘਿਰਣਾ ਦੇ ਨਾਲ, ਵੇਖੋ ਨਾ ਵਿਚਾਰੀ ਨੂੰ।
ਲੰਮੇ ਅਰਸੇ ਬਾਅਦ ਕੁਝ ਦੋਸਤਾਂ ਦੀ ਸਲਾਹ 'ਤੇ ਫਕੀਰ ਮੌਲੀ ਵਾਲਾ ਨੇ ਆਪਣੇ ਗੀਤਾਂ ਨੂੰ ਛਪਵਾਉਣ ਦਾ ਯਤਨ ਕੀਤਾ। ਸਿੱਟੇ ਵਜੋਂ 2018 ਵਿੱਚ ਉਸ ਦੇ ਗੀਤਾਂ ਦੀ ਪੁਸਤਕ ‘ਗੋਰਾ ਰੰਗ ਦੇਈ ਨਾ ਰੱਬਾ' ਛਪੀ। ਇਸ ਦੇ ਪੂਰੇ ਸੌ ਗੀਤ ਹਨ। ਸਮੇਂ ਅਨੁਸਾਰ 1974 ਵਿੱਚ ਫਕੀਰ ਗ੍ਰਹਿਸਥ ਦੀ ਗੱਡੀ 'ਤੇ ਸਵਾਰ ਹੋਇਆ। ਉਸ ਦੀ ਹਮਸਫਰ ਬਣੀ ਦਰਸ਼ਨ ਕੌਰ। ਇਸ ਜੋੜੇ ਦੇ ਘਰ ਦੋ ਧੀਆਂ ਤੇ ਇਕ ਬੇਟੇ ਨੇ ਜਨਮ ਲਿਆ। ਬਣ ਠਣ ਕੇ ਰਹਿਣ ਦਾ ਸ਼ੁਕੀਨ ਫਕੀਰ ਪਹਿਰਾਵੇ ਪੱਖੋਂ ਪ੍ਰਭਾਵਸ਼ਾਲੀ ਸ਼ਖਸੀਅਤ ਦਾ ਮਾਲਕ ਹੈ, ਸੁਭਾਅ ਪੱਖੋਂ ਵੀ ਨੇਕ ਦਿਲ ਇਨਸਾਨ ਹੈ। ਘਰੇਲੂ ਫਰਜ਼ਾਂ ਦੇ ਨਾਲ ਉਹ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਵੀ ਬਾਖੂਬੀ ਨਿਭਾਅ ਰਿਹਾ ਹੈ। ਉਸ ਦੀ ਕਲਮ ਦਾ ਸਫਰ ਨਿਰੰਤਰ ਜਾਰੀ ਹੈ।

Have something to say? Post your comment