Welcome to Canadian Punjabi Post
Follow us on

01

June 2020
ਸੰਪਾਦਕੀ

ਬਾਲ ਵਿਆਹ: ਕੈਨੇਡਾ ਦੀਆਂ ਮੱਤਾਂ ਅਤੇ ਅਮਲਾਂ ਵਿੱਚ ਫ਼ਰਕ

June 12, 2019 08:31 AM

ਪੰਜਾਬੀ ਪੋਸਟ ਸੰਪਾਦਕੀ

ਮਾਂਟਰੀਅਲ ਵਿੱਚ ਸਥਿਤ ਮੈਕਗਿੱਲ ਯੂਨੀਵਰਸਿਟੀ ਦੇ ਬਾਇਓ-ਸਟੈਟੇਸਟਿਕਸ (Bio-statistics) ਅਤੇ ਅੱਕੁਪੇਸ਼ਨਲ ਹੈਲਥ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਅਲੀਸਾ ਕੋਸਕੀ (Alissa Koski) ਵੱਲੋਂ ਕੀਤੀ ਗਈ ਇੱਕ ਖੋਜ ਮੁਤਾਬਕ ਕੈਨੇਡਾ ਵਿੱਚ ਪਿਛਲੇ 18 ਸਾਲਾਂ ਦੌਰਾਨ 3382 ਨਾਬਾਲਗਾਂ ਦੇ ਵਿਆਹ ਰਜਿਸਟਰ ਕੀਤੇ ਗਏ। ਇਹਨਾਂ ਵਿੱਚੋਂ ਸੱਭ ਤੋਂ ਵੱਧ 1353 ਉਟੇਂਰੀਓ ਵਿੱਚ, 791 ਅਲਬਰਟਾ, 590 ਕਿਉਬਿੱਕ ਅਤੇ 429 ਬ੍ਰਿਟਿਸ਼ ਕੋਲੰਬੀਆ ਵਿੱਚ ਨਾਬਾਲਗਾਂ ਦੀਆਂ ਸ਼ਾਦੀਆਂ ਹੋਈਆਂ। ਇਹਨਾਂ ਨਾਬਾਲਗਾਂ ਵਿੱਚ ਜਿ਼ਆਦਾ ਗਿਣਤੀ ਲੜਕੀਆਂ ਦੀ ਹੈ ਜੋ ਆਪਣੇ ਤੋਂ ਵੱਡੀ ਉਮਰ ਦੇ ਮਰਦਾਂ ਨਾਲ ਵਿਆਹੀਆਂ ਜਾਂਦੀਆਂ ਹਨ।

ਬੇਸ਼ੱਕ ਇਹ ਵਰਤਾਰਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਪਰ ਵਿਸ਼ਵ ਭਰ ਵਿੱਚ ਔਰਤਾਂ ਦੇ ਹੱਕਾਂ, ਬਾਲ ਵਿਆਹਾਂ ਅਤੇ ਔਰਤਾਂ ਵਿਰੁੱਧ ਹਿੰਸਾ ਨੂੰ ਘਟਾਉਣ ਲਈ ਫੰਡ ਦੇਣ ਉੱਤੇ ਲਗਾਤਾਰ ਜੋਰ ਲਾਉਣ ਵਾਲੇ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੀ ਸਰਕਾਰ ਵੱਲੋਂ ਕੋਈ ਧਿਆਨ ਦਿੱਤਾ ਵਿਖਾਈ ਨਹੀਂ ਦੇਂਦਾ। ਕੀ ਅਜਿਹਾ ਹੋਣਾ ਇੱਕ ਹੈਰਾਨੀ ਭਰੀ ਗੱਲ ਨਹੀਂ ਹੈ? ਪ੍ਰੋਫੈਸਰ ਅਲੀਸਾ ਕੋਸਕੀ ਦੀ ਇੱਕ ਹੋਰ ਖੋਜ ਮੁਤਾਬਕ ਕੈਨੇਡਾ ਵਿੱਚ ਮੀਡੀਆ ਵੱਲੋਂ ਵੀ ਕੈਨੇਡਾ ਵਿੱਚ ਹੁੰਦੇ ਬਾਲ ਵਿਆਹਾਂ ਦੇ ਵਰਤਾਰੇ ਨੂੰ ਅੱਖੋਂ ਪਰੋਖੇ ਕਰਕੇ ਤਵਾ ਹੋਰ ਮੁਲਕਾਂ ਉੱਤੇ ਹੀ ਲਾਇਆ ਜਾਂਦਾ ਹੈ। ਕੈਨੇਡਾ ਵੱਲੋਂ ਅਪਣਾਈ ਜਾ ਰਹੀ ਇਹ ਇੱਕ ਪਾਸੜ ਪਹੁੰਚ ਇਸ ਕਾਰਣ ਹੋਰ ਵੀ ਹੈਰਾਨੀਜਨਕ ਹੈ ਕਿਉਂਕਿ ਯੂਨਾਈਟਡ ਨੇਸ਼ਨਜ਼ ਅਤੇ ਕੈਨੇਡਾ ਦੋਵਾਂ ਵੱਲੋਂ 18 ਸਾਲ ਤੋਂ ਘੱਟ ਉਮਰ ਵਿੱਚ ਸ਼ਾਦੀ ਕਰਨ ਨੂੰ ਬਾਲ ਵਿਆਹ ਕਰਾਰ ਦਿੱਤਾ ਜਾਂਦਾ ਹੈ ਜਿਸਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ।

ਬੰਗਲਾਦੇਸ਼ ਵਰਗੇ ਪੱਛੜੇ ਮੁਲਕ ਵਿੱਚ ਮਰਦ ਲਈ ਸ਼ਾਦੀ ਕਰਨ ਦੀ ਘੱਟੋ ਘੱਟ ਉਮਰ 21 ਸਾਲ ਅਤੇ ਔਰਤਾਂ ਲਈ 18 ਸਾਲ ਹੈ। ਇਸੇ ਤਰਾਂ ਚੀਨ ਵਿੱਚ ਔਰਤਾਂ ਅਤੇ ਮਰਦਾਂ ਦੀ ਸ਼ਾਦੀ ਕਰਨ ਦੀ ਕਾਨੂੰਨੀ ਉਮਰ ਕਰਮਵਾਰ 22 ਅਤੇ 20 ਸਾਲ, ਭਾਰਤ ਵਿੱਚ 21 ਅਤੇ 18 ਸਾਲ, ਨੇਪਾਲ ਵਿੱਚ 20 ਅਤੇ 18 ਸਾਲ ਹੈ। ਇਸਦੇ ਉਲਟ ਕੈਨੇਡਾ ਵਿੱਚ ਵਿਆਹ ਕਰਨ ਦੀ ਘੱਟੋ ਘੱਟ ਕਾਨੂੰਨੀ ਉਮਰ ਲੜਕੇ ਅਤੇ ਲੜਕੀਆਂ ਦੋਵਾਂ ਲਈ 16 ਸਾਲ ਹੈ। ਇਸ ਤੱਥ ਦੇ ਬਾਵਜੂਦ ਹੈ ਕਿ 2017 ਵਿੱਚ ਕੈਨੇਡਾ ਨੇ ਯੂਨਾਈਟਡ ਨੇਸ਼ਨ ਦੇ ਉਸ ਮਤੇ ਨੂੰ ਕੋ-ਸਪਾਂਸਰ (co-sponsor)ਕੀਤਾ ਸੀ ਜੋ ਬਾਲ ਵਿਆਹ ਨੂੰ ਖਤਮ ਕਰਨ ਦਾ ਅਹਿਦ ਕਰਦਾ ਹੈ। ਯੂਨਾਈਟਡ ਨੇਸ਼ਨ ਦੀ 1991 ਵਿੱਚ ਪਾਸ ਕੀਤੀ ਬਾਲ ਅਧਿਕਾਰਾਂ ਬਾਰੇ ਕਨਵੈਨਸ਼ਨ (UN Convention on the Rights of Children) ਉੱਤੇ ਵੀ ਕੈਨੇਡਾ ਹਸਤਾਖਰੀ ਹੈ ਜੋ ਵਿਆਹ ਦੀ ਉਮਰ ਨੂੰ 18 ਸਾਲ ਨਿਰਧਾਰਤ ਕਰਦੀ ਹੈ। ਮਾਰਚ 2017 ਵਿੱਚ ਕੈਨੇਡਾ ਨੇ 650 ਮਿਲੀਅਨ ਡਾਲਰ ਔਰਤਾਂ ਦੀ ਸੈਕਸੁਅਲ ਸਿਹਤ ਦੀ ਸਲਾਮਤੀ ਲਈ ਫੰਡ ਕੀਤੇ ਜੋ ਵਿਸ਼ਵ ਦੇ ਵੱਖ 2 ਮੁਲਕਾਂ ਵਿੱਚ ਵੰਡੇ ਜਾਣੇ ਸਨ। ਸੋਚਿਆ ਜਾਵੇ ਕੀ 16 ਸਾਲ ਦੀ ਉਮਰ ਵਿੱਚ ਸ਼ਾਦੀ ਕਰਨ ਵਾਲੀਆਂ ਕੈਨੇਡੀਅਨ ਲੜਕੀਆਂ ਦੀ ਸੈਕਸੁਅਲ ਸਿਹਤ ਕਿੰਨੀ ਕੁ ਤੰਦਰੁਸਤ ਰਹਿ ਸਕਦੀ ਹੋਵੇਗੀ ਅਤੇ ਉਹਨਾਂ ਦੀ ਸਲਾਮਤੀ ਲਈ ਸਰਕਾਰ ਵੱਲੋਂ ਕੀ ਕੀਤਾ ਜਾ ਰਿਹਾ ਹੈ?

ਕੈਨੇਡਾ ਵਿੱਚ ਸਮਰਾ ਜ਼ਫਰ ਨਾਮਕ ਔਰਤ ਅੱਜ ਕੱਲ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਵਿੱਚ ਜਾ ਕੇ ਬਾਲ ਵਿਆਹ ਅਤੇ ਧੱਕੇ ਨਾਲ ਕੀਤੇ ਜਾਂਦੇ ਵਿਆਹਾਂ ਬਾਰੇ ਲੈਕਚਰ ਕਰਦੀ ਹੈ। ਸਮਰਾ ਜ਼ਫਰ ਦਾ ਪਹਿਲਾ ਵਿਆਹ 11ਵੀਂ ਜਮਾਤ ਵਿੱਚ ਪੜਨ ਵੇਲੇ 16 ਸਾਲ ਦੀ ਉਮਰ ਵਿੱਚ ਮਾਪਿਆਂ ਵੱਲੋਂ ਉਸਦੀ ਮਰਜ਼ੀ ਦੇ ਖਿਲਾਫ਼ 28 ਸਾਲਾਂ ਦੇ ਮਰਦ ਨਾਲ ਕਰ ਦਿੱਤਾ ਸੀ। ਉਸ ਵਿਆਹ ਤੋਂ ਨਿਜਾਤ ਪਾ ਕੇ ਸਮਰਾ ਖੁਦ ਨੂੰ ਅਜ਼ਾਦ ਮਹਿਸੂਸ ਕਰਦੀ ਹੈ। ਚੇਤੇ ਰੱਖਣ ਵਾਲੀ ਗੱਲ ਹੈ ਕਿ ਕੈਨੇਡਾ ਵਿੱਚ ਬਾਲ ਵਿਆਹ ਦੀ ਬੁਰਾਈ ਕਿਸੇ ਇੱਕ ਵਰਗ ਵਿੱਚ ਨਹੀਂ ਸਗੋਂ ਹਰ ਖਿੱਤੇ ਅਤੇ ਹਰ ਵਰਗ ਵਿੱਚ ਪਾਈ ਜਾਂਦੀ ਹੈ। 2013 ਵਿੱਚ ਸਾਊਥ ਏਸ਼ੀਅਨ ਲੀਗਲ ਕਲਿਨਿਕ ਵੱਲੋਂ ਰਿਪੋਰਟ ਰੀਲੀਜ਼ ਕੀਤੀ ਗਈ ਸੀ ਜਿਸ ਵਿੱਚ 219 ਬਾਲ ਵਿਆਹਾਂ ਦਾ ਜਿ਼ਕਰ ਕੀਤਾ ਗਿਆ ਸੀ। ਇਹਨਾਂ ਵਿੱਚੋਂ 57% ਉਹ ਵਿਆਹ ਸਨ ਜਿਹੜੇ ਮਾਪਿਆਂ ਵੱਲੋਂ ਬੱਚਿਆਂ ਨੂੰ ਝੂਠੇ ਬਹਾਨੇ ਨਾਲ ਕੈਨੇਡਾ ਤੋਂ ਬਾਹਰ ਵਿਦੇਸ਼ (ਜਾਂ ਆਪਣੇ ਪਿਛਲੇ ਮੁਲਕ ਆਖ ਲਵੋ) ਵਿੱਚ ਲਿਜਾ ਕੇ ਧੱਕੇ ਨਾਲ ਕੀਤੇ ਗਏ ਸੀ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚਾਰ ਸਾਲ ਪਹਿਲਾਂ ਆਪਣੀ ਵਜ਼ਾਰਤ ਵਿੱਚ 50% ਔਰਤਾਂ ਇਹ ਆਖ ਕੇ ਭਰਤੀ ਕੀਤੀਆਂ ਸਨ ‘ਕਿਉਂਕਿ ਇਹ 2015’ ਹੈ (because it is 2015))। ਕੀ ਇਹ ਸਹੀ ਸਮਾਂ ਨਹੀਂ ਕਿ ਇਸ ਬਾਲ ਵਿਆਹਾਂ ਬਾਰੇ ਦੋ ਮੂੰਹੀ ਪਹੁੰਚ ਨੂੰ ਖਤਮ ਕਰਨ ਲਈ ਕੰਮ ਕੀਤਾ ਜਾਵੇ ਕਿਉਂਕਿ ਇਹ 2019 ਹੈ?

Have something to say? Post your comment