ਵਾਸ਼ਿੰਗਟਨ, 7 ਅਕਤੂਬਰ (ਪੋਸਟ ਬਿਊਰੋ)- ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਗੂਗਲ ਦੇ ਭਾਰਤੀ ਮੂਲ ਦੇ ਸੀ ਈ ਓ ਸੁੰਦਰ ਪਿਚਈ ਨੇ ਪਿਛਲੇ ਹਫਤੇ ਵਾਸ਼ਿੰਗਟਨ 'ਚ ਫੌਜੀ ਹੈਡਕੁਆਰਟਰ ਪੈਂਟਾਗਨ ਦੇ ਅਧਿਕਾਰੀਆਂ ਨਾਲ ਗੁਪਤ ਬੈਠਕ ਕੀਤੀ ਸੀ। ਇੱਕ ਮੀਡੀਆ ਰਿਪੋਰਟ ਵਿੱਚ ਇਸ ਬੈਠਕ ਦਾ ਦਾਅਵਾ ਕੀਤਾ ਗਿਆ ਹੈ।
ਦੱਸਿਆ ਗਿਆ ਹੈ ਕਿ ਇਸ ਮੁਲਾਕਾਤ ਦੌਰਾਨ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਡਰੋਨ ਪ੍ਰੋਜੈਕਟ ਮਾਵੇਨ ਉੱਤੇ ਗੱਲਬਾਤ ਹੋਈ ਹੋਣ ਦੀਆਂ ਅਟਕਲਾਂ ਲੱਗ ਰਹੀਆਂ ਹਨ। ਅਸਲ 'ਚ ਗੂਗਲ ਦੇ ਚਾਰ ਹਜ਼ਾਰ ਮੁਲਾਜ਼ਮਾਂ ਨੇ ਇੱਕ ਪਟੀਸ਼ਨ 'ਤੇ ਦਸਖਤ ਕਰ ਕੇ ਜੰਗ 'ਚ ਵਰਤਣ ਵਾਲੀ ਤਕਨੀਕ ਵਿਕਸਿਤ ਕਰਨ ਦਾ ਵਿਰੋਧ ਕੀਤਾ ਸੀ। ਵਿਆਪਕ ਵਿਰੋਧ ਤੋਂ ਬਾਅਦ ਗੂਗਲ ਨੇ ਅਮਰੀਕੀ ਰੱਖਿਆ ਮੰਤਰਾਲੇ ਨਾਲ ਮਾਵੇਨ ਬਾਰੇ ਹੋਏ ਸਮਝੌਤੇ ਨੂੰ ਰੀਨਿਊ ਨਾ ਕਰਨ ਦਾ ਫੈਸਲਾ ਕੀਤਾ ਹੈ। ਮਾਵੇਨ ਦੀ ਏ ਆਈ ਤਕਨੀਕ ਦੀ ਵਰਤੋਂ ਡਰੋਨ ਵੱਲੋਂ ਲਏ ਗਏ ਫੁਟੇਜ ਦਾ ਵਿਸ਼ਲੇਸ਼ਣ ਕਰਨ ਵਿੱਚ ਕੀਤੀ ਜਾਂਦੀ ਹੈ। 2019 'ਚ ਇਸ ਨਾਲ ਜੁੜੇ ਸਮਝੌਤੇ ਦੀ ਮਿਆਦ ਖਤਮ ਹੋ ਰਹੀ ਹੈ।
ਪਿਚਈ ਦਾ ਕਹਿਣਾ ਸੀ ਕਿ ਗੂਗਲ ਅਜਿਹੀ ਏ ਆਈ ਤਕਨੀਕ ਵਿਕਸਿਤ ਨਹੀਂ ਕਰੇਗਾ, ਜਿਸ ਦਾ ਉਦੇਸ਼ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਹੈ। ਯੋਜਨਾ ਖਤਮ ਕਰਨ ਦੇ ਐਲਾਨ ਤੋਂ ਬਾਅਦ ਤੋਂ ਪੈਂਟਾਗਨ ਤੇ ਗੂਗਲ ਦੀ ਤਲਖੀ ਵਧ ਗਈ ਸੀ। ਸ਼ਾਇਦ ਇਸੇ ਬਾਰੇ ਪਿਚਈ ਨੇ ਖੁਫੀਆ ਵਿਭਾਗ ਦੇ ਪ੍ਰੋਜੈਕਟ ਮਾਵੇਨ ਦੀ ਨਿਗਰਾਨੀ ਕਰਦੇ ਡਿਫੈਂਸ ਡਾਇਰੈਕਟੋਰੇਟ ਦੇ ਫੌਜੀ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਬਾਰੇ ਰੱਖਿਆ ਮੰਤਰਾਲੇ ਤੇ ਗੂਗਲ ਦੇ ਬੁਲਾਰੇ ਨੇ ਕੋਈ ਬਿਆਨ ਨਹੀਂ ਦਿੱਤਾ। ਵਰਨਣ ਯੋਗ ਹੈ ਕਿ ਪਿਛਲੇ ਹਫਤੇ ਵਾਸ਼ਿੰਗਟਨ ਆਏ ਹੋਏ ਪਿਚਾਈ ਨੇ ਰਿਪਬਲੀਕਨ ਪਾਰਟੀ ਦੇ ਪਾਰਲੀਮੈਂਟ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਪ੍ਰਾਈਵੇਸੀ ਨਾਲ ਸੰਬੰਧਤ ਮੁੱਦੇ ਤੋਂ ਪਾਰਲੀਮੈਂਟ ਦੀ ਜੁਡੀਸ਼ਲ ਕਮੇਟੀ ਸਾਹਮਣੇ ਆਪਣੇ ਪੱਖ ਰੱਖਣ 'ਤੇ ਹਾਮੀ ਭਰੀ ਸੀ।