Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਦੇਸ਼ ਵਿੱਚ ਗੰਭੀਰ ਚਰਚਾ ਦੀ ਲੋੜ

June 07, 2019 09:51 AM

-ਹਰਵਿੰਦਰ ਭੰਡਾਲ
ਇਸ ਵਾਰ ਦੇ ਲੋਕ ਸਭਾ ਚੋਣਾਂ ਨਤੀਜਿਆਂ ਨੇ ਬਹੁਤ ਸਾਰੀਆਂ ਆਸ਼ਾਵਾਂ ਨੂੰ ਮਿੱਟੀ 'ਚ ਮਿਲਾਇਆ ਹੈ ਅਤੇ ਬਹੁਤ ਸਾਰੇ ਨਵੇਂ ਭਰਮ ਭੁਲੇਖੇ ਸਿਰਜਣ ਦੀਆਂ ਪ੍ਰਸਥਿਤੀਆਂ ਪੈਦਾ ਕਰ ਦਿੱਤੀਆਂ ਹਨ। ਇਸੇ ਲਈ ਚੁਣਾਵੀ ਰੌਲਾ ਰੱਪਾ ਮੱਧਮ ਹੁੰਦਿਆਂ ਹੀ ਗੰਭੀਰ ਚਰਚਾਵਾਂ ਦੇ ਦੌਰ ਦੀ ਲੋੜ ਹੈ। 2014 ਵਿੱਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਬਹੁਤ ਸਾਰੇ ਖੁੱਲ੍ਹ-ਖਿਆਲੀਏ ਅਤੇ ਖੱਬੇ ਪੱਖੀ ਬੁੱਧੀਜੀਵੀ ਤੇ ਚਿੰਤਕ ਹੈਰਾਨ ਹੋ ਗਏ ਸਨ। ਉਨ੍ਹਾਂ ਕਦੇ ਨਹੀਂ ਸੀ ਸੋਚਿਆ ਕਿ ਭਾਰਤ ਜਿਹੇ ਅਨੇਕਤਾਧਾਰੀ ਮੁਲਕ ਵਿੱਚ ਵੀ ਕੱਟੜਪੰਥ ਚੋਣਾਂ ਅੰਦਰ ਆਪਣੇ ਹੀ ਬਲਬੂਤੇ 'ਤੇ ਸਪੱਸ਼ਟ ਬਹੁਮਤ ਹਾਸਲ ਕਰ ਸਕਦਾ ਹੈ। 2019 ਦੇ ਚੋਣ ਨਤੀਜੇ ਉਨ੍ਹਾਂ ਨੂੰ ਹੋਰ ਵੀ ਸਦਮੇ ਵਿੱਚ ਸੁੱਟ ਦੇਣ ਵਾਲੇ ਹਨ।
2014 ਤੋਂ 2019 ਤੱਕ ਦੇ ਮੋਦੀ ਸ਼ਾਸਨ ਦੇ ਵਰ੍ਹੇ ਦੇਸ਼ ਦੇ ਆਵਾਮ ਲਈ ਆਰਥਿਕ ਪੱਖੋਂ ਬਹੁਤ ਖੁਸ਼ਗਵਾਰ ਨਹੀਂ ਸਨ। ਨਵੰਬਰ 2016 ਵਿੱਚ ਹਕੂਮਤ ਨੇ ਬਿਨਾਂ ਕਿਸੇ ਗੰਭੀਰ ਵਿਚਾਰ ਤੋਂ ਨੋਟਬੰਦੀ ਕਰ ਦਿੱਤੀ। ਇਸ ਫੈਸਲੇ ਦੇ ਕਿਸੇ ਸਾਕਾਰਾਤਮਕ ਅਸਰ ਦੀ ਸੰਭਾਵਨਾ ਉਦੋਂ ਖਤਮ ਹੋ ਗਈ, ਜਦੋਂ ਕਤਲ ਕੀਤੀ ਕਰੰਸੀ ਦਾ 99.3 ਪ੍ਰਤੀਸ਼ਤ ਹਿੱਸਾ ਫਿਰ ਅਰਥਚਾਰੇ ਅੰਦਰ ਆ ਗਿਆ। ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਅਰਥਚਾਰੇ ਲਈ ਇਹ ਆਤਮਘਾਤੀ ਪ੍ਰਹਾਰ ਸੀ। ਇਸ ਪਿੱਛੋਂ ਦੇਸ਼ ਦੀ ਸੰਘੀ ਆਤਮਾ ਨੂੰ ਮਾਰਨ ਵਾਲਾ ਜੀ ਐਸ ਟੀ ਬੜੇ ਨਾਕਸ ਤਰੀਕੇ ਨਾਲ ਲਾਗੂ ਕੀਤਾ ਗਿਆ। ਅਤੀਤ ਵਿੱਚ ਪ੍ਰਾਂਤਾਂ ਦੇ ਵਿੱਤੀ ਅਧਿਕਾਰਾਂ ਲਈ ਲੜਾਈ ਲੜਨ ਵਾਲੀਆਂ ਸਿਆਸੀ ਧਿਰਾਂ ਨੇ ਵੀ ਇਸ ਦੇ ਹੱਕ ਵਿੱਚ ਆਪਣੇ ਹੱਥ ਖੜੇ ਕਰਕੇ ਹਮੇਸ਼ਾਂ ਲਈ ਪ੍ਰਾਂਤਾਂ ਦੀ ਨਕੇਲ ਕੇਂਦਰ ਹੱਥ ਫੜਾ ਦਿੱਤੀ। ਜੀ ਐਸ ਟੀ ਕਾਰਨ ਮੁਲਕ ਅੰਦਰੋਂ ਲੱਖਾਂ ਨੌਕਰੀਆਂ ਗਾਇਬ ਹੋ ਗਈਆਂ। ਇਸ ਗੱਲ ਦੀ ਤਸਦੀਕ ਹਕੂਮਤ ਨੇ ਵੀ ਕਰ ਦਿੱਤੀ ਹੈ ਕਿ 2019 ਦੀਆਂ ਚੋਣਾਂ ਸਮੇਂ ਮੁਲਕ ਅੰਦਰ ਬੇਰੁਜ਼ਗਾਰੀ ਦੀ ਦਰ ਪਿਛਲੇ ਚਾਰ ਦਹਾਕਿਆਂ ਵਿੱਚੋਂ ਸਭ ਤੋਂ ਉਪਰ ਸੀ। ਇਸੇ ਤਰ੍ਹਾਂ ਚੁਣਾਵੀ ਵਰ੍ਹੇ ਵਿੱਚ ਜੀ ਡੀ ਪੀ ਵਾਧੇ ਦੀ ਦਰ ਵੀ ਮੋਦੀ ਸ਼ਾਸਨ ਦੌਰਾਨ ਸਭ ਤੋਂ ਹੇਠਲੇ ਪੱਧਰ 'ਤੇ ਸੀ।
ਅਜਿਹੇ ਵਿੱਚ ਮੋਦੀ ਵਿਰੋਧੀ ਬੁੱਧੀਜੀਵੀ ਅਤੇ ਚਿੰਤਕ ਆਸਵੰਦ ਸਨ ਕਿ ਅਖੀਰ ਅਰਥਚਾਰੇ ਦਾ ਤਰਕ, ਭਰਮ ਮੂਲਕ ਧਰਮ ਜਾਂ ਰਾਸ਼ਟਰ ਦੇ ਸਾਹਮਣੇ ਫੈਸਲਾਕੁੰਨ ਸਾਬਤ ਹੋਵੇਗਾ। ਕਿੰਨ੍ਹੇ ਵਰ੍ਹਿਆਂ ਤੋਂ ਅਸੀਂ ਇਹੀ ਸੁਣਦੇ ਆਏ ਹਾਂ ਕਿ ਬੰਦੇ ਲਈ ਸਭ ਤੋਂ ਪਹਿਲਾਂ ਉਸ ਦੀਆਂ ਬੁਨਿਆਦੀ ਲੋੜਾਂ ਹੁੰਦੀਆਂ ਹਨ, ਜਿਸ ਸਰਕਾਰ ਨੇ ਉਹ ਲੋੜਾਂ ਪੂਰੀਆਂ ਕਰਨ ਦੀ ਥਾਂ ਉਸ ਤੋਂ ਪਹਿਲੀਆਂ ਬੋਟੀਆਂ ਵੀ ਖੋਹ ਲਈਆਂ, ਉਸ ਨੂੰ ਉਹ ਅਗਲੇ ਪੰਜ ਵਰ੍ਹਿਆਂ ਲਈ ਫਿਰ ਕਿਵੇਂ ਚੁਣ ਸਕਦਾ ਹੈ? ਸਾਲ 2019 ਦੇ ਚੋਣ ਯੁੱਧ ਦੇ ਨਤੀਜੇ 2014 ਤੋਂ ਵੀ ਵੱਧ ਨਿਰਾਸ਼ਾ ਜਨਕ ਸਿੱਧ ਹੋਏ ਹਨ। ਇਸ ਵਾਰ ਬਿਨਾਂ ਕਿਸੇ ਪ੍ਰਤੱਖ ਮੋਦੀ ਲਹਿਰ ਤੋਂ ਮੋਦੀ ਸਿਆਸਤ ਨੇ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਹੈ। ਪੰਜ ਵਰ੍ਹਿਆਂ ਲਈ ਇਸ ਹਕੂਮਤ ਦੀ ਨਿਸ਼ਚਤ ਹਕੀਕਤ ਨੂੰ ਸਵੀਕਾਰ ਕਰਨ ਲਈ ਅਸਹਿਮਤ ਮਨ ਹੌਲੀ-ਹੌਲੀ ਆਪਣੇ ਆਪ ਨੂੰ ਤਿਆਰ ਕਰ ਰਹੇ ਹਨ, ਪਰ ਮੋਦੀ ਵਿਰੋਧ ਦੀ ਤੀਬਰਤਾ ਅਜੇ ਵੀ ਸਵਾਲਾਂ ਨੂੰ ਆਸਾਨੀ ਨਾਲ ਬੁਝਣ ਨਹੀਂ ਦੇ ਰਹੀ। ਆਖਰ ਅਜਿਹਾ ਕੀ ਹੋਇਆ ਕਿ ਜਨਤਾ ਨੇ ਆਪਣੇ ਔਖੇ ਵਿੱਤੀ ਸਵਾਲਾਂ ਨੂੰ ਅੱਖੋਂ ਪਰੋਖੇ ਕਰਦਿਆਂ ਮੁਲਕ ਦੀ ਰਾਸ਼ਟਰੀ ਸੁਰੱਖਿਆ ਦੇ ਅਮੂਰਤ ਸਵਾਲਾਂ ਨੂੰ ਵੋਟ ਦੇ ਕਾਬਲ ਮੰਨਿਆ ਹੈ?
ਉਂਜ ਇਤਿਹਾਸ ਵਿੱਚ ਅਜਿਹਾ ਪਹਿਲਾਂ ਵੀ ਵਾਪਰ ਚੁੱਕਾ ਹੈ। ਜਰਮਨੀ ਅੰਦਰ ਹਿਟਲਰ ਦਾ ਰਾਸ਼ਟਰੀ ਸਮਾਜਵਾਦ ਅਜਿਹੇ ਹੀ ਹਾਲਤ ਵਿੱਚ ਹਕੂਮਤ 'ਤੇ ਕਾਬਜ਼ ਹੋਇਆ ਸੀ, ਜਿੱਦਾਂ ਦੀਆਂ ਪ੍ਰਸਥਿਤੀਆਂ ਪਹਿਲੀ ਮੋਦੀ ਸਰਕਾਰ ਬਣਨ ਵੇਲੇ ਸਨ। 1930ਵਿਆਂ ਦੇ ਆਰਥਿਕ ਮੰਦਵਾੜੇ ਦਰਮਿਆਨ ਜਰਮਨੀ ਦੀਆਂ ਮੱਧਲੀਆਂ ਜਮਾਤਾਂ ਨੇ ਮੈਦਾਨ ਵਿੱਚ ਆ ਮਜ਼ਦੂਰਾਂ ਦੀ ਇਨਕਲਾਬੀ ਲਹਿਰ ਨੂੰ ਖਿੰਡਾ ਪੁੰਡਾ ਦਿੱਤਾ। ਫਾਸ਼ੀਵਾਦ ਦੀ ਹਨੇਰੀ ਵਿੱਚ ਮਜ਼ਦੂਰ ਜਮਾਤਾਂ ਦੇ ਵੱਡੇ ਹਿੱਸੇ ਵੀ ਸ਼ਾਮਲ ਹੋ ਗਏ ਸਨ। 1917 ਦੇ ਰੂਸੀ ਇਨਕਲਾਬ ਤੋਂ ਬਾਅਦ ਜਿਸ ਦੇਸ਼ ਅੰਦਰ ਸਭ ਤੋਂ ਪਹਿਲਾਂ ਇਨਕਲਾਬ ਦੀਆਂ ਸੰਭਾਵਨਾਵਾਂ ਨੂੰ ਲੱਭਿਆ ਜਾ ਰਿਹਾ ਸੀ, ਉਥੇ ਉਲਟ ਇਨਕਲਾਬ ਦੇ ਝੰਡੇ ਲਹਿਰਾ ਉਠੇ ਸਨ। ਹਾਲਾਤ ਦੀਆਂ ਸਮਾਨਤਾਵਾਂ ਕਾਰਨ ਹੀ ਅਕਸਰ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਹੁੰਦੀ ਹੈ ਕਿ ਕੀ ਭਾਰਤ ਅੰਦਰ ਮੋਦੀ ਉਭਾਰ ਦਾ ਅਰਥ ਫਾਸ਼ੀਵਾਦ ਦੀ ਆਮਦ ਹੈ?
ਫਾਸ਼ੀਵਾਦ ਦਾ ਅਰਥ ਸਿਰਫ ਤਾਨਾਸ਼ਾਹੀ ਨਾਲ ਨਹੀਂ ਜੁੜਿਆ ਹੁੰਦਾ। ਫਾਸ਼ੀਵਾਦ ਇਕ ਸਿਆਸੀ ਵਰਤਾਰਾ ਸੀ ਜਿਸ ਦੇ ਅਰਥ ਹਿਟਲਰ ਜਾਂ ਮੁਸੋਲਿਨੀ ਤੋਂ ਵੱਧ ਜਰਮਨੀ ਜਾਂ ਇਟਲੀ ਦੇ ਆਵਾਮ ਨਾਲ ਜੁੜੇ ਹੋਏ ਸਨ। ਕੋਈ ਵੀ ਏਕ-ਅਧਿਕਾਰਵਾਦੀ ਸਿਆਸੀ ਵਰਤਾਰਾ ਫਾਸ਼ੀਵਾਦ ਉਦੋਂ ਅਖਵਾਉਂਦਾ ਹੈ, ਜਦੋਂ ਇਸ ਦੀ ਏਕ-ਅਧਿਕਾਰਵਾਦੀ ਵਿਚਾਰਧਾਰਾ ਆਵਾਮ ਵਿਚਲੇ ਵੱਡੇ ਹਿੱਸਿਆਂ ਦੀ ਮਨੋਚੇਤਨਾ ਦਾ ਹਿੱਸਾ ਬਣ ਕੇ ਪ੍ਰਗਟ ਹੁੰਦੀ ਹੈ। ਆਵਾਮ ਦਾ ਵੱਡਾ ਹਿੱਸਾ ‘ਰਾਸ਼ਟਰ' ਤੇ ‘ਗੌਰਵ' ਜਿਹੇ ਸੰਕਲਪਾਂ ਨਾਲ ਜੁੜਦਾ ਹੋਇਆ ਸਟੇਟ ਜਾਂ ਹਕੂਮਤ ਨਾਲ ਇੱਕਮਿੱਕ ਹੋ ਜਾਂਦਾ ਹੈ। ਹਕੂਮਤ ਦੇ ਜਮਹੂਰੀ ਜਾਂ ਤਾਨਾਸ਼ਾਹ ਹੋਣ ਦਾ ਤੱਥ ਉਸ ਲਈ ਅਰਥਹੀਣ ਹੋ ਜਾਂਦਾ ਹੈ। ਆਵਾਮ ਦੀ ਮਨੋ ਚੇਤਨਾ ਵਿਚਲਾ ਇਹ ਰੁਪਾਂਤਰਣ ਉਦੋਂ ਹੁੰਦਾ ਹੈ, ਜਦੋਂ ਅਜਿਹਾ ਹੋਣ ਲਈ ਉਤਪਾਦਨੀ ਸ਼ਕਤੀਆਂ ਦੇ ਸੰਕਟ ਦੇ ਨਾਲ-ਨਾਲ ਵੱਖ-ਵੱਖ ਸਮਾਜਿਕ ਤਬਕਿਆਂ ਦੀਆਂ ਮਨੋ ਪ੍ਰਸਥਿਤੀਆਂ ਦੀ ਜ਼ਮੀਨ ਵੀ ਤਿਆਰ ਹੋਵੇ।
ਭਾਰਤ ਅੰਦਰਲਾ 1919 ਦਾ ਚੋਣ ਵਰਤਾਰਾ ਫਾਸ਼ੀਵਾਦ ਦੀ ਅਜਿਹੀ ਆਮਦ ਦੀ ਸ਼ਾਹਦੀ ਭਰਦਾ ਹੈ। ਮੁਲਕ ਦੀ ਆਵਾਮ ਦੇ ਵੱਖ-ਵੱਖ ਤਬਕਿਆਂ ਅੰਦਰ ਹਿੰਦੂਤਵੀ ਵਿਚਾਰਧਾਰਾ ਦੀ ਘੁਸਪੈਠ ਤੋਂ ਬਿਨਾਂ ਮੋਦੀ ਪਾਰਟੀ ਦੀ ਅਜਿਹੀ ਜਿੱਤ ਸੰਭਵ ਨਹੀਂ ਸੀ। ਇਸ ਜਿੱਤ ਨੇ ਇਹ ਸਵਾਲ ਮੁੜ ਤੋਂ ਹਰਾ ਕਰ ਦਿੱਤਾ ਹੈ ਕਿ ਕੀ ਭਾਰਤ ਦਾ ਬਹੁਲਤਾਵਾਦ, ਦਰਅਸਲ, ਹਾਕਮ ਬੁਰਜੁਆਜ਼ੀ ਦਾ ਇਕ ਮੁਖੌਟਾ ਹੀ ਸੀ? ਕੀ ਇਹ ਆਵਾਮ ਦੇ ਮਨ 'ਤੇ ਪ੍ਰਵਚਨਾਂ ਦੇ ਆਸਰੇ ਚਾੜ੍ਹਿਆ ਮੁਲੰਮਾ ਹੀ ਸੀ? 21ਵੀਂ ਸਦੀ ਦੇ ਇਸ ਦੂਜੇ ਦਹਾਕੇ ਦੌਰਾਨ ਭਾਰਤ ਵਿੱਚ ਏਨੀ ਮਜ਼ਬੂਤ ਬਣ ਕੇ ਉਭਰੀ ਹਿੰਦੁਤਵੀ ਵਿਚਾਰਧਾਰਾ ਦਾ ਆਧਾਰ ਕੀ ਹੈ? ਕੀ ਸਚਮੁਚ ਇਹ ਮੋਦੀ ਦਾ ਕ੍ਰਿਸ਼ਮਾ ਹੈ ਜਿਸ ਕਾਰਨ ਸਾਰੇ ਪ੍ਰਤੱਖ ਝੂਠਾਂ ਦੇ ਬਾਵਜੂਦ ਉਸ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ ਜਾਂ ਆਵਾਮ ਦੀ ਮਨੋ ਚੇਤਨਾ ਦੀ ਸਰੰਚਨਾ ਹੀ ਅਜਿਹੇ ਵਰਤਾਰੇ ਨੂੰ ਅੰਗੀਕਾਰ ਕਰਨ ਲਈ ਤਿਆਰ ਬੈਠੀ ਹੈ?
ਇਸ ਚੋਣ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਮੋਦੀ ਦੀ ਹੂੰਝਾ ਫੇਰੂ ਜਿੱਤ ਉਨ੍ਹਾਂ ਹੀ ਖੇਤਰਾਂ ਵਿੱਚ ਹੋਈ ਹੈ ਜੋ ਮੁਲਕ ਦੇ ਸਦੀਆਂ ਦੇ ਇਤਿਹਾਸ ਅੰਦਰ ਬ੍ਰਾਹਮਣਵਾਦੀ ਵਿਚਾਰਧਾਰਾ ਦੀ ਚੌਧਰ ਦੇ ਰਵਾਇਤੀ ਖਿੱਤੇ ਹਨ। ਬ੍ਰਾਹਮਣਵਾਦ ਪਰਵਾਰ ਨੂੰ ਧੁਰਾ ਮੰਨ ਕੇ ਪਿਤਰਕੀ ਮੁੱਲਾਂ ਨੂੰ ਪ੍ਰਤੀਬੱਧ ਵਿਚਾਰਧਾਰਾ ਹੈ, ਜੋ ਜੰਮਣ ਤੋਂ ਮਰਨ ਤੱਕ ਬੰਦੇ ਦੀ ਦੇਹ ਤੇ ਮਨ ਨੂੰ ਸਮਾਜਿਕ ਨਿਯੰਤਰਣ ਵਿੱਚ ਰੱਖਣ ਨੂੰ ਪ੍ਰਣਾਈ ਹੋਈ ਹੈ। ਇਸ ਵਿਚਾਰਧਾਰਾ ਦੀ ਚੌਧਰ ਵਾਲੇ ਸਮਾਜ ਆਪਣੇ ਹਰੇਕ ਸਮਾਜਿਕ ਕਾਰਜ ਅਤੇ ਰਸਮੋ ਰਿਵਾਜ ਦੌਰਾਨ ਸਮਾਜਿਕ ਗੁਲਾਮੀ ਦਾ ਪੁਨਰ ਉਤਪਾਦਨ ਕਰਦਿਆਂ ਅਧੀਨ ਮਨ ਦਾ ਨਿਰਮਾਣ ਨਿਸ਼ਚਤ ਕਰਦੇ ਰਹਿੰਦੇ ਹਨ। ਇਸੇ ਲਈ ਇਨ੍ਹਾਂ ਸਮਾਜਾਂ ਅੰਦਰ ਅੰਧ ਰਾਸ਼ਟਰਵਾਦ ਅਤੇ ਤਾਨਾਸ਼ਾਹੀ ਸਮਰਥਕ ਪੈਦਾ ਹੋਣ ਦੀਆਂ ਵਧੇਰੇ ਸੰਭਾਵਨਾਵਾਂ ਬਣਦੀਆਂ ਹਨ ਅਤੇ ਇਨ੍ਹਾਂ ਚੋਣਾਂ ਵਿੱਚ ਇਹ ਸੰਭਾਵਨਾਵਾਂ ਹੀ ਸਾਕਾਰ ਰੂਪ ਲੈਂਦੀਆਂ ਦਿੱਸੀਆਂ ਹਨ।
ਬ੍ਰਾਹਮਣਿਕ ਦਮਨ ਦੀ ਸ਼ਿਕਾਰ ਭਾਰਤੀ ਮਨੋ ਚੇਤਨਾ ਦੀ ਇਸੇ ਕਮਜ਼ੋਰੀ ਦਾ ਬਰਤਾਨਵੀ ਬਸਤੀਵਾਦੀਆਂ ਨੇ ਵੀ ਖੂਬ ਫਾਇਦਾ ਉਠਾਇਆ ਸੀ। ਉਨ੍ਹਾਂ ਨੇ ਭਾਰਤੀਆਂ ਦੀਆਂ ਵੱਖ-ਵੱਖ ਪਛਾਣਾਂ ਦੀ ਸਿਆਸਤ ਨੂੰ ਹਵਾ ਦਿੱਤੀ ਅਤੇ ਇਕ ਸਾਂਝੀ ਰਾਸ਼ਟਰਵਾਦੀ ਲਹਿਰ ਉਸਰਨ ਦੇ ਰਾਹ ਵਿੱਚ ਹਰ ਸੰਭਵ ਰੁਕਾਵਟ ਖੜੀ ਕੀਤੀ। ਇਹ ਹਕੀਕਤ ਹੈ ਕਿ ਮੁੱਢਲੀਆਂ ਕੋਸ਼ਿਸ਼ਾਂ ਦੇ ਬਾਅਦ ਅਣਵੰਡੇ ਦੇਸ਼ ਅੰਦਰ ਕਦੇ ਕੋਈ ਸਾਂਝੀ ਰਾਸ਼ਟਰੀ ਲਹਿਰ ਖੜੀ ਨਹੀਂ ਹੋਈ। ਆਪਣੇ ਪ੍ਰਤੱਖ ਅਪ੍ਰਤੱਖ ਹਿੰਦੂ ਸੱਭਿਆਚਾਰ ਕਾਰਨ ਭਾਰਤੀ ਰਾਸ਼ਟਰੀ ਕਾਂਗਰਸ ਹੋਰਨਾਂ ਮਜ਼ਹਬਾਂ ਦੇ ਲੋਕਾਂ ਦੀ ਜਤੇਬੰਦੀ ਨਾ ਬਣ ਸਕੀ। ਮੁਲਕ ਦੀ ਵੰਡ ਸਮੇਂ ਨਹਿਰੂ ਪਟੇਲ ਦੀ ਜੋੜੀ ਮੁਲਕ ਦੀ ਸੱਤਾ ਆਪਣੇ ਹੱਥ ਲੈਣ ਲਈ ਵਧੇਰੇ ਉਤਾਵਲੀ ਸੀ ਤੇ ਇਸ ਲਈ ਉਨ੍ਹਾਂ ਨੇ ਦੋ ਕੌਮਾਂ ਦੇ ਸਿਧਾਂਤ ਅਨੁਸਾਰ ਹੋਈ ਮੁਲਕ ਦੀ ਵੰਡ ਵੀ ਆਰਾਮ ਨਾਲ ਸਵੀਕਾਰ ਕਰ ਲਈ। ਉਸ ਸਮੇਂ ਦੀ ਸੱਤਾਧਾਰੀ ਕਾਂਗਰਸ ਦੇ ਆਪਣੇ ਅੰਦਰਲੇ ਸੱਜੇ ਪੱਖ ਦਾ ਅਜੋਕੇ ਸੰਘੀ ਸੱਜੇ ਪੱਖ ਤੋਂ ਵੱਧ ਫਰਕ ਨਜ਼ਰ ਨਹੀਂ ਆਉਂਦਾ। ਵੰਡ ਉਪਰੰਤ ਪਟੇਲ ਦਾ ਬਿਆਨ ਸੀ ਕਿ ਅੱਜ ਵਾਲਾ ਪਾਕਿਸਤਾਨ ਸਾਡੇ ਮੁਲਕ ਦਾ ‘ਬਿਮਾਰੀ ਨਾਲ ਗਲਿਆ ਸੜਿਆ ਅੰਗ' ਸੀ, ਜਿਸ ਨੂੰ ‘ਸਰਜੀਕਲ ਆਪਰੇਸ਼ਨ' ਨਾਲ ਮੁਲਕ ਨਾਲੋਂ ਕੱਟ ਦਿੱਤਾ ਗਿਆ ਹੈ।
ਵੰਡ ਪਿੱਛੋਂ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸਾਹਮਣੇ ਹਿੰਦੂ ਬਹੁ ਗਿਣਤੀ ਵਾਲੇ ਮੁਲਕ ਦੀ ਇਕ ਰਾਸ਼ਟਰ ਵਜੋਂ ਉਸਾਰੀ ਦੀ ਕਠਿਨ ਚੁਣੌਤੀ ਸੀ। ਨਹਿਰੂ ਨੇ ਇਸ ਰਾਸ਼ਟਰ ਉਸਾਰੀ ਲਈ ਉਹੀ ਸੌਖਾ ਰਾਹ ਚੁਣਿਆ ਜੋ ਕੁਦਰਤੀ ਰੂਪ ਵਿੱਚ ਭਾਰਤੀ ਜਨ ਮਨ ਤਕ ਰਸਾਈ ਕਰ ਲੈਂਦਾ ਸੀ। ਨਹਿਰੂ ਨੇ ਭਾਰਤੀ ਜਨ ਮਾਨਸ ਸਾਹਮਣੇ ਭਾਰਤੀ ਰਾਸ਼ਟਰ ਨੂੰ ਇਕ ਧਰਮ ਵਜੋਂ ਪੇਸ਼ ਕੀਤਾ। ਭਾਰਤੀਅਤਾ ਇੱਕ ਧਰਮ ਸੀ ਤੇ ਇਸ ਨਾਲ ਜੁੜੇ ਸਾਰੇ ਚਿੰਨ੍ਹਾਂ ਤੇ ਰਸਮਾਂ ਨੂੰ ਧਾਰਮਿਕ ਅਨੁਸ਼ਾਸਨ ਵਾਂਗ ਕਰੜੇ ਬਣਾ ਦਿੱਤਾ ਗਿਆ। ਸਦੀਵੀ ਦਮਨ ਦੇ ਸ਼ਿਕਾਰ ਭਾਰਤੀ ਮਨ ਨੂੰ ਕਰੜਾ ਰਾਸ਼ਟਰਵਾਦੀ ਧਰਮ ਆਕਰਸ਼ਿਤ ਕਰਦਾ ਸੀ। ਇਸੇ ਨੇ ਹਿੰਦੂਤਵੀ ਸ਼ਕਤੀਆਂ ਦੀ ਭਾਰਤੀ ਮਨ ਅਤੇ ਭਾਰਤੀ ਸੱਤਾ ਤੱਕ ਪਹੁੰਚ ਆਸਾਨ ਕੀਤੀ ਹੈ। ਜੇ ਰਾਸ਼ਟਰ ਨੂੰ ਧਰਮ ਮੰਨਿਆ ਜਾਂਦਾ ਸੀ ਤਾਂ ਬਹੁਤ ਆਸਾਨ ਸੀ ਕਿ ਧਰਮ ਨੂੰ ਰਾਸ਼ਟਰ ਬਣਾ ਦਿੱਤਾ ਜਾਵੇ। ਭਾਰਤੀ ਬਹੁ ਗਿਣਤੀ ਮਨ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਸੀ। ਇਸੇ ਨੇ ਮੋਦੀ ਦੀ ਜਿੱਤ ਦਾ ਰਸਤਾ ਪੱਧਰਾ ਕੀਤਾ ਹੈ।
ਇਸ ਲਈ ਸਪੱਸ਼ਟ ਹੈ ਕਿ ਭਵਿੱਖ ਵਿੱਚ ਵੀ ਸੱਜੇ ਪੰਥ ਦਾ ਮੁਕਾਬਲਾ ਉਨ੍ਹਾਂ ਦੇ ਰਣ ਖੇਤਰ ਵਿੱਚ ਖੜੇ ਹੋ ਕੇ ਨਹੀਂ ਕੀਤਾ ਜਾ ਸਕਦਾ। ਭਵਿੱਖ ਦੀਆਂ ਇਨਕਲਾਬੀ ਤਬਦੀਲੀਆਂ ਲਈ ਅਣਗਿਣਤ ਅਤੇ ਵੰਨ ਸੁਵੰਨੇ ਸਮਾਜਿਕ, ਆਰਥਿਕ ਮੁੱਦਿਆਂ 'ਤੇ ਲਾਮਬੰਦੀ ਕਰਕੇ ਲਹਿਰਾਂ ਨੂੰ ਜਨਮ ਦੇਣਾ ਪਵੇਗਾ। ਸਮੇਂ-ਸਮੇਂ ਉਠਦੀਆਂ ਆਵਾਮ ਦੀਆਂ ਆਪ ਮੁਹਾਰੀਆਂ ਲਹਿਰਾਂ ਅੰਦਰ ਦਖਲ ਅੰਦਾਜ਼ੀ ਕਰਕੇ ਇਨ੍ਹਾਂ ਵਿੱਚੋਂ ਅਗਾਂਹਵਧੂ ਸੰਭਾਵਨਾਵਾਂ ਲੱਭਣੀਆਂ ਪੈਣਗੀਆਂ ਕਿਉਂਕਿ ਦਮਨ ਦੇ ਝੰਬੇ ਮਨ ਸੰਘਰਸ਼ਾਂ ਦੇ ਦਰਮਿਆਨ ਹੀ ਸਵਾਲ ਕਰਨਾ ਤੇ ਸਹੀ ਮੁੱਦਿਆਂ ਲਈ ਲੜਨਾ ਸਿੱਖ ਸਕਦੇ ਹਨ। ਖੱਬੇ ਪੱਖੀਆਂ ਨੂੰ ਚਿਰਾਂ ਤੋਂ ਵਿਸਾਰੇ ਸੱਭਿਆਚਾਰਕ ਅਤੇ ਸਮਾਜਿਕ ਖੇਤਰ ਵੱਲ ਧਿਆਨ ਦੇ ਕੇ ਖੁਦ ਵੀ ਨਿਯੰਤਰਣ ਅਤੇ ਦਮਨ ਆਧਾਰਿਤ ਸਮਾਜਿਕ/ਸਿਆਸੀ ਰਵਾਇਤਾਂ ਤੋਂ ਮੁਕਤ ਹੋ ਕੇ ਨਵੇਂ ਰੂਪ ਵਿੱਚ ਸੰਘਰਸ਼ਾਂ ਦੇ ਪਿੜ ਵਿੱਚ ਦਾਖਲ ਹੋਣਾ ਪਵੇਗਾ। ਭਾਰਤੀ ਸਮਾਜਿਕ ਪ੍ਰਸੰਗ ਵਿੱਚ ਦੱਖਣ ਪੰਥ ਦੇ ਟਾਕਰੇ ਦਾ ਇਹੀ ਰਾਹ ਹੋ ਸਕਦਾ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ