Welcome to Canadian Punjabi Post
Follow us on

29

March 2024
 
ਮਨੋਰੰਜਨ

ਕਿਨਾਰਾ

June 05, 2019 09:16 AM

-ਸੁਖਦੇਵ ਸਿੰਘ ਮਾਨ
ਮਾਂ ਮੇਰੀਆਂ ਬਾਹਾਂ ਨੂੰ ਵਟਣਾ ਮਲ ਰਹੀ ਹੈ। ਮਾਂ ਸੱਤ ਪੱਤਣਾਂ ਦੀ ਤਾਰੂ ਹੋਣ ਦਾ ਭਰਮ ਪਾਲੀ ਫਿਰਦੀ ਹੈ। ਉਸ ਨੂੰ ਜਾਪਦਾ ਹੈ ਕਿ ਬਾਜ਼ਾਰ ਦੀਆਂ ਸਭ ਨਿਆਮਤਾਂ ਉਸ ਦੀ ਧੀ ਲਈ ਬਣੀਆਂ ਹਨ। ਉਸ ਦੇ ਦਿਮਾਗ ਵਿੱਚ ਕੀ ਚੱਲਦਾ ਹੈ, ਮੇਰੀਆਂ ਰੋਂਦੀਆਂ ਅੱਖਾਂ ਪੜ੍ਹ ਰਹੀਆਂ ਹਨ। ਪਰ੍ਹੇ ਟਾਂਡ ਉੱਤੇ ਮੇਰੀਆਂ ਪੰਜੇਬਾਂ ਦਾ ਜੋੜਾ ਪਿਆ ਹੈ। ਮਾਂ ਨੇ ਪੰਜੇਬਾਂ ਨੂੰ ਲੱਗੇ ਮੇਰੀ ਸਹੇਲੀ ਨਾਚੀ ਗੁਲਸ਼ਨ ਦੇ ਖੂਨ ਦੇ ਦਾਗ ਧੋਣ ਲਈ ਪੰਜੇਬਾਂ ਕਈ ਵਾਰ ਧੋਤੀਆਂ, ਪਰ ਦਾਗ ਨਾ ਗਏ। ਪੰਜੇਬਾਂ ਟਾਂਡ 'ਤੇ ਧਰਦੀ ਮਾਂ ਬੋਲੀ, ‘ਸ਼ਾਲੂ, ਤੂੰ ਇਕ ਨਾਚੀ ਦੀ ਧੀ ਹੈਂ। ਪੈਸੇ ਦੇ ਭਰੇ ਬਾਜ਼ਾਰ ਨੂੰ ਛੱਡ ਭੁੱਖੀ ਮਰਨ ਦਾ ਇਰਾਦਾ ਹੈ?'
ਮਾਂ ਦੇ ਬੋਲ ਪੀੜ ਦੇ ਰਹੇ ਹਨ। ਗੁਲਸ਼ਨ ਨੂੰ ਯਾਦ ਕਰ ਫਿਰ ਰੋਣ ਲੱਗਦੀ ਹਾਂ। ਉਸ ਦਿਨ ਗੁਲਸ਼ਨ ਮੇਰੀ ਵੱਖੀ ਨਾਲ ਨੱਚਦਿਆਂ ਇਕ ਭੂਤਰੇ ਰਸੂਖਵਾਨ ਦੀ ਗੋਲੀ ਦਾ ਸ਼ਿਕਾਰ ਹੋ ਗਈ ਸੀ। ਅਸੀਂ ਗੀਤ ਦੀ ਧੁਨ 'ਤੇ ਭੰਬੀਰੀ ਵਾਂਗ ਘੁੰਮ ਰਹੀਆਂ ਸਾਂ। ਭੂਤਰੇ ਸ਼ਰਾਬੀ ਦੀ ਬੰਦੂਕ ਘੁੰਮੀ। ਗੁਲਸ਼ਨ ਘੁੱਗੀ ਵਾਂਗ ਤੜਫ ਕੇ ਮੇਰੇ ਪੈਰਾਂ ਕੋਲ ਦਮ ਤੋੜ ਗਈ।
ਹਾਦਸੇ ਮਗਰੋਂ ਮੈਂ ਨ੍ਰਿਤ ਛੱਡ ਦਿੱਤਾ। ਘਰ ਵਿੱਚ ਗੁੰਮਸੁੰਮ ਪਈ ਰਹਿੰਦੀ। ਨੋਟਾਂ ਦੀਆਂ ਥੱਬੀਆਂ ਬੰਦ ਹੋ ਗਈਆਂ। ਮਾਂ ਦੀ ਮੇਰੇ ਪ੍ਰਤੀ ਅੱਖ ਬਦਲ ਗਈ। ਪਹਿਲਾਂ ਮਾਂ ਮੈਨੂੰ ਦੁੱਧ ਨਾਲ ਬਦਾਮ ਛਿੱਲ ਕੇ ਖਵਾਉਂਦੀ। ਫਰਸ਼ੀ ਕੰਡੇ ਨਾਲ ਮੇਰਾ ਭਾਰ ਤੋਲਦੀ ਤਾੜਨਾ ਕਰਦੀ, ‘ਸ਼ਾਲੂ, ਬਾਜ਼ਾਰ ਵਿੱਚ ਫਿਗਰ ਦੀ ਕੀਮਤ ਹੈ। ਸਰੀਰ ਦੀ ਸੰਭਾਲ ਕਰਨਾ ਸਿੱਖੋ।'
ਮਾਂ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਨੋਟਾਂ ਦੀਆਂ ਥੱਬੀਆਂ ਦੇਣ ਵਾਲਾ ਬਾਜ਼ਾਰ ਖਤਰਿਆਂ ਨਾਲ ਵੀ ਭਰਿਆ ਪਿਆ ਹੈ। ਜਿਸਮਾਨੀ ਛੇੜਛਾੜ ਤੋਂ ਲੈ ਕੇ ਬਲਾਤਕਾਰ ਤੱਕ ਵਰਗੇ ਪੈਦਾ ਹੁੰਦੇ ਹਾਲਾਤ ਵਿਚੋਂ ਮੈਂ ਤੇ ਗੁਲਸ਼ਨ ਕਿੰਨੇ ਵਾਰੀ ਲੰਘੀਆਂ ਸਾਂ। ਕਈ ਵਾਰੀ ਜੀਅ ਵਿੱਚ ਆਉਂਦਾ, ਪੈਸੇ ਦੇ ਭਰੇ ਇਸ ਤਲਿਸਮੀ ਸੰਸਾਰ 'ਚੋਂ ਭੱਜ ਜਾਵਾਂ। ਬਿਊਟੀ ਪਾਰਲਰ ਦੀ ਦੁਕਾਨ ਖੋਲ੍ਹ ਲਵਾਂ। ਗੋਲੀ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਗੁਲਸ਼ਨ ਨੇ ਕਿੰਨੀ ਵਾਰ ਕਿਹਾ ਸੀ, ‘ਜਿਵੇਂ ਬਘਿਆੜਾਂ ਦੇ ਜੰਗਲ 'ਚ ਮੂਨਾਂ ਦਾ ਚਰਨਾ ਖਤਰਨਾਕ ਹੈ, ਓਨਾ ਹੀ ਸਾਡਾ ਪੈਸੇ ਵਾਲਿਆਂ ਦੇ ਸਾਹਮਣੇ ਨੱਚਣਾ ਖਤਰਨਾਕ ਹੈ।'
ਅਖੀਰ ਬਾਜ਼ਾਰ ਨੇ ਗੁਲਸ਼ਨ ਖਾ ਹੀ ਲਈ। ਮਾਂ ਅਰਸ਼ ਤੋਂ ਫਰਸ਼ 'ਤੇ ਡਿੱਗੀ ਪਈ ਪੈਸੇ ਦੇ ਭਰੇ ਬਾਜ਼ਾਰ ਦੀ ਇਕ ਹੋਰ ਸੂਚਨਾ ਲੈ ਆਈ, ‘ਸ਼ਾਲੂ, ਆਸਟਰੇਲੀਆ 'ਚ ਵਸਦਾ ਪਰਵਾਰ ਤੇਰਾ ਹੱਥ ਮੰਗਦੈ।'
ਮੈਂ ਹਾਦਸੇ ਮਗਰੋਂ ਬਹੁਤ ਡਰੀ ਹੋਈ ਸੀ। ਇਨਕਾਰ ਵਜੋਂ ਬੋਲੀ, ‘ਮਾਂ, ਮੈਨੂੰ ਕੁਝ ਨਹੀਂ ਸੁੱਝ ਰਿਹਾ।'
‘ਬੇਟਾ, ਜਿਉਂਦੇ ਰਹਿਣ ਲਈ ਬੜਾ ਕੁਝ ਕਰਨਾ ਪੈਂਦੈ। ਇਹ ਜ਼ਿੰਦਗੀ ਤਾਂ ਹਾਦਸਿਆਂ ਦਾ ਜਮ੍ਹਾਂ ਜੋੜ ਹੈ।' ਮਾਂ ਗੁਲਸ਼ਨ ਦੀ ਮੌਤ ਨੂੰ ਛੇਤੀ ਦੇਣੇ ਭੁੱਲ ਜਾਣ ਦੀਆਂ ਦਲੀਲਾਂ ਦਿੰਦੀ। ਹਾਦਸੇ ਨੇ ਮੈਨੂੰ ਜ਼ਿੰਦਗੀ ਦੇ ਅਰਥ ਚੰਗੀ ਤਰ੍ਹਾਂ ਸਮਝਾ ਦਿੱਤੇ ਸੀ। ਜ਼ਿੰਦਗੀ ਦੇ ਇਹੀ ਅਰਥ ਮੈਨੂੰ ਕਾਲਜ ਪੜ੍ਹਦੇ ਇਕ ਪੇਂਡੂ ਮੁੰਡੇ ਜਗਤਵੀਰ ਨੇ ਵੀ ਦੱਸੇ ਸਨ, ਪਰ ਉਦੋਂ ਮੈਂ ਜਗਤਵੀਰ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦੀ ਸੀ। ਮੈਨੂੰ ਜਾਪਦਾ, ਜੋ ਜਗਤਵੀਰ ਆਖਦਾ ਹੈ, ਮਿਥਿਆ ਹੈ। ਇਹ ਸੁਪਨੇ ਕਦੋਂ ਪੂਰੇ ਹੋਏ। ਜਗਤਵੀਰ ਦੀਆਂ ਗੱਲਾਂ ਪਰਬਤ ਤੋਂ ਭਾਰੀਆਂ ਜਾਪਦੀਆਂ। ਮੈਨੂੰ ਜਾਪਦਾ, ਜਿਵੇਂ ਮੇਰੀ ਕੋਮਲ ਰੂਹ ਨੂੰ ਕੋਈ ਖੁਰਦਰੇ ਹੱਥਾਂ ਨਾਲ ਸਹਿਲਾਉਣ ਦਾ ਯਤਨ ਕਰ ਰਿਹਾ ਹੈ। ਕੋਈ ਉਸ ਨੂੰ ਪਾਗਲ ਆਖਦਾ, ਕੋਈ ਮੋਮਬੱਤੀ ਨਾਲ ਸੱਬਲ ਪਿਘਲਾਉਣ ਦਾ ਯਤਨ ਕਰਨ ਵਾਲਾ ਸੁਪਨਸਾਜ਼। ਉਹ ਸਮਾਰਟ ਫੋਨ ਦੀ ਥਾਂ ਹੱਥਾਂ 'ਚ ਕਿਤਾਬ ਲਈ ਪਰ੍ਹੇ ਰੁੱਖਾਂ ਥੱਲੇ ਬਹਿ ਰਹਿੰਦਾ। ਇਕ ਦਿਨ ਉਹ ਰੁੱਖ ਥੱਲੇ ਸੁੱਤਾ ਸੀ। ਉਸ ਦੀ ਹਿੱਕ ਉੱਤੇ ਪਈ ਕਿਤਾਬ ਮੈਂ ਚੁੱਕ ਲਈ। ਕਿਤਾਬ ਦੀਆਂ ਸਤਰਾਂ 'ਤੇ ਮੇਰੀ ਨਜ਼ਰ ਜੰਮ ਗਈ। ਸਤਰਾਂ ਦਾ ਅਰਥ ਸੀ ਕਿ ਚਿੜੀਆਂ ਦਾ ਚੰਬਾ ਉਡ ਕੇ ਕਿਤੇ ਨਹੀਂ ਜਾਵੇਗਾ, ਇਥੇ ਹੀ ਕਿਤੇ ਬਹਿ ਕੇ ਚਰ੍ਹੀਆਂ ਦੀ ਕੰਡ ਹੰਢਾਵੇਗਾ। ਜਗਤਵੀਰ ਦੀ ਅੱਖ ਖੁੱਲ੍ਹ ਗਈ। ਮੇਰੇ ਹੱਥ ਕਿਤਾਬ ਦੇਖ ਉਹ ਮੁਸਕਰਾਇਆ ਅਤੇ ਬੋਲਿਆ, ‘ਸ਼ਾਲੂ, ਇਹ ਸਾਡੇ ਸਮੇਂ ਦਾ ਮਾੜਾ ਸੱਚ ਹੈ। ਇਸ ਨੂੰ ਬਦਲਣਾ ਹੋਵੇਗਾ।'
ਮੈਂ ਕੋਈ ਉਤਰ ਦਿੱਤੇ ਬਿਨਾਂ ਉਸ ਦੀ ਕਿਤਾਬ ਮੋੜ ਦਿੱਤੀ। ਉਹ ਹੋਰ ਗੱਲਾਂ ਵੀ ਕਰਨੀਆਂ ਚਾਹੁੰਦਾ ਸੀ, ਪਰ ਮੈਨੂੰ ਉਸ ਦੀਆਂ ਗੱਲਾਂ ਭਾਰੀਆਂ ਜਾਪਦੀਆਂ ਸਨ। ਮੈਂ ਕੋਈ ਜਵਾਬ ਦਿੱਤੇ ਬਿਨਾਂ ਤੁਰ ਗਈ।
ਸਮੇਂ ਦੇ ਮਾੜੇ ਸੱਚ ਦੀ ਭੰਨ ਤੋੜ ਕਰਦਾ ਉਹ ਇਕ ਦਿਨ ਹੱਥਕੜੀਆਂ 'ਚ ਜਕੜਿਆ ਮੈਨੂੰ ਮਿਲਿਆ। ਕਿਸੇ ਰਸੂਖ ਵਾਲੇ ਨੇ ਉਸ ਉਤੇ ਇਰਾਦਾ ਕਤਲ ਦਾ ਕੇਸ ਪਵਾ ਦਿੱਤਾ ਸੀ। ਮੈਨੂੰ ਉਸ ਨਾਲ ਹੋਏ ਧੱਕੇ 'ਤੇ ਅਫਸੋਸ ਹੋਇਆ। ਜ਼ਿਲਾ ਕਚਹਿਰੀ 'ਚ ਉਹ ਸਿਪਾਹੀਆਂ 'ਚ ਘਿਰਿਆ ਤਰੀਕਾਂ ਭੁਗਤਣ ਆਉਂਦਾ। ਕਦੇ-ਕਦੇ ਜਗਤਵੀਰ ਦੀ ਬਿਰਧ ਮਾਂ ਉਸ ਨੂੰ ਕੱਪੜੇ ਵਗੈਰਾ ਫੜਾਉਣ ਕਚਹਿਰੀ ਆਉਂਦੀ। ਜਿਵੇਂ ਹੋਰ ਲੋਕਾਂ ਨੇ ਤਰਕ ਦਿੱਤਾ ਕਿ ਇਸ ਯੁੱਗ 'ਚ ਅਜਿਹੇ ਲੋਕਾਂ ਨਾਲ ਇਸੇ ਤਰ੍ਹਾਂ ਹੁੰਦੀ ਹੈ, ਮੈਂ ਵੀ ਇਸ ਤਰਕ 'ਤੇ ਮੋਹਰ ਲਾ ਦਿੱਤੀ। ਮੇਰੇ ਕੋਲ ਡਾਂਸ ਕਲਾ ਸੀ। ਫਿਲਮਾਂ 'ਚੋਂ ਕੰਮ ਦੇ ਆਉਂਦੇ ਸੱਦਿਆਂ ਨੇ ਮੈਨੂੰ ਪੈਰਾਂ ਤੋਂ ਚੁੱਕ ਦਿੱਤਾ। ਮੈਂ ਤਲਿਸਮੀ ਸੰਸਾਰ ਦੀਆਂ ਮਹਿੰਗੀਆਂ ਗੱਡੀਆਂ 'ਚ ਘੁੰਮਣ ਲੱਗੀ। ਮੇਰੀ ਇਕ-ਇਕ ਆਈਟਮ 'ਤੇ ਨੋਟਾਂ ਦਾ ਮੀਂਹ ਵਰ੍ਹਦਾ। ਉਦੋਂ ਜਗਤਵੀਰ ਮੇਰੀਆਂ ਸੋਚਾਂ 'ਚੋਂ ਮਨਫੀ ਹੋ ਗਿਆ। ਗੁਲਸ਼ਨ ਨਾਲ ਹੋਏ ਹਾਦਸੇ ਨੇ ਮੇਰਾ ਤਲਿਸਮੀ ਸੰਸਾਰ ਤੀਲ੍ਹਾ-ਤੀਲ੍ਹਾ ਕਰ ਦਿੱਤਾ। ਮੈਂ ਫਰਸ਼ 'ਤੇ ਆ ਡਿੱਗੀ। ਮੈਨੂੰ ਜਗਤਵੀਰ ਯਾਦ ਆਇਆ। ਉਸ ਦਾ ਕਿਹਾ ਕਿੰਨਾ ਸੱਚ ਨਿਕਲਿਆ ਸੀ। ਸੱਚ ਹੀ ਚਿੜੀਆਂ ਦੇ ਚੰਬੇ ਦੀ ਇਸ ਯੁੱਗ ਨੇ ਕੀ ਹਾਲਤ ਕਰ ਦਿੱਤੀ।
ਮੈਂ ਪਤਾ ਕੀਤਾ, ਜਗਤਵੀਰ ਨੂੰ ਕੀ ਬੋਲ ਗਈ। ਇਕ ਵਾਰੀ ਮੁੜ ਮਾਂ ਦੇ ਖਿਲਾਰੇ ਚੋਗੇ ਨੂੰ ਚੁਗਣ ਲਈ ਮਜਬੂਰ ਹੋ ਗਈ। ਮਾਂ ਨੇ ਵਿਦੇਸ਼ੀ ਮੁੰਡੇ ਨਾਲ ਮੇਰਾ ਵਿਆਹ ਸਿਰੇ ਚਾੜ੍ਹ ਕੇ ਹੀ ਦਮ ਲਿਆ। ਵਿਦੇਸ਼ੀ ਲਾੜਾ ਕਈ ਦਿਨ ਮੇਰੇ ਕਾਗਜ਼ ਤਿਆਰ ਕਰਵਾਉਂਦਾ ਰਿਹਾ। ਹਰ ਸ਼ਾਮ ਨੂੰ ਆਖਦਾ, ‘ਮਾਤਾ ਜੀ, ਆਪਾਂ ਸ਼ਾਲੂ ਦੀ ਫਾਈਲ ਦਾ ਪੇਟ ਭਰਨ ਦੇ ਇਕ ਕਦਮ ਹੋਰ ਅੱਗੇ ਵਧ ਗਏ ਹਾਂ।' ਕਾਰ ਉਤੇ ਇਕ ਫੇਰੀ ਹੋਰ ਲਾ ਕੇ ਆਖਦਾ, ‘ਲਉ ਜੀ, ਸ਼ਾਲੂ ਰੁਜ਼ਗਾਰ ਸਿਰ ਹੋ ਜਾਵੇ, ਫਿਰ ਅਸੀਂ ਘੁੰਮਣ ਫਿਰਨ ਲਈ ਵਕਤ ਲੱਭਾਂਗੇ।' ਇਕ ਦਿਨ ਉਸ ਦੀ ਕਦਮ-ਕਦਮ ਵਧਦੀ ਫਾਈਲ ਮਾਂ ਦਾ ਮੂੰਹ ਚਿੜਾਉਣ ਲੱਗੀ। ਰੁਜ਼ਗਾਰ ਦੀ ਪੱਕੀ ਗਰੰਟੀ ਦੇਣ ਵਾਲਾ ਨਾਟਕੀ ਤਰੀਕੇ ਨਾਲ ਆਸਟਰੇਲੀਆ ਦੌੜ ਗਿਆ ਸੀ। ਪਹਿਲੇ ਹਾਦਸੇ ਤੋਂ ਮਗਰੋਂ ਦੂਜੇ ਹਾਦਸੇ ਨੇ ਮੈਨੂੰ ਲੁੱਟ ਹੀ ਲਿਆ।
ਏਨੇ ਵੱਡੇ ਧੋਖੇ ਬਾਰੇ ਸੋਚਦੀ ਦਾ ਇਕ ਦਿਨ ਬਲੱਡ ਪ੍ਰੈਸ਼ਰ ਵਧ ਗਿਆ। ਡਾਕਟਰਨੀ ਦੇ ਕਹੇ ਸ਼ਬਦ ਛਿਲਤਰ ਵਾਂਗ ਸੀਨੇ 'ਚ ਲਹਿ ਗਏ, ਮਾਂ ਬਣਨ ਵਾਲੀ ਹੈ। ਮੇਰੀ ਮਾਂ ਦੇ ਹੋਸ਼ ਉਡ ਗਏ। ਸੱਤ ਪੱਤਣਾਂ ਦੀ ਤਾਰੂ ਮਾਂ ਨੇ ਮੈਨੂੰ ਘਰੇਲੂ ਵੈਦਗੀ ਕਰਦੀ ਦਾਈ ਦੇ ਵੱਸ ਪਾ ਦਿੱਤਾ। ਦਾਈ ਮੇਰੀ ਜਿੰਦ ਨੂੰ ਤੂੰਬਾ-ਤੂੰਬਾ ਪਿੰਜਦੀ ਰਹੀ। ਅਖੀਰ ਉਸ ਮੈਨੂੰ ਕਲੰਕ ਮੁਕਤ ਕਰਕੇ ਹੀ ਦਮ ਲਿਆ। ਮਾਂ ਦਾ ਲਿਆਂਦਾ ਮੁਰਗੇ ਦਾ ਸੂਪ ਮੈਂ ਵਗਾਹ ਕੇ ਮਾਰਿਆ। ਹਾਦਸਿਆਂ ਦੀ ਝੰਬੀ ਆਤਮਾ ਬਾਗੀ ਹੋ ਗਈ। ਮੈਂ ਜਗਤਵੀਰ ਦੀ ਤਲਾਸ਼ ਵਿੱਚ ਨਿਕਲ ਪਈ। ਉਹ ਸਖਤ ਪਹਿਰੇ ਵਾਲੀ ਜੇਲ੍ਹ 'ਚ ਬੰਦ ਸੀ। ਮੁਲਾਕਾਤ ਲਈ ਚਾਰਾਜੋਈ ਕੀਤੀ। ਉਹ ਬੜੇ ਤਪਾਕ ਨਾਲ ਮਿਲਿਆ। ਜੀਅ ਤਾਂ ਕਰਦਾ ਸੀ ਕਿ ਦੁਨੀਆ ਦੀਆਂ ਧੋਖੇਬਾਜ਼ੀਆਂ ਬਾਰੇ ਦੱਸਦੀ ਉਸ ਦੇ ਮੋਢੇ 'ਤੇ ਸਿਰ ਧਰ ਕੇ ਰੋਈ ਜਾਵਾਂ, ਪਰ ਜੇਲ੍ਹ ਦੇ ਨਿਯਮਾਂ ਨੇ ਮੈਨੂੰ ਰੋਕੀ ਰੱਖਿਆ। ਮੈਂ ਆਪਣੇ ਨਾਲ ਹੋਏ ਧੋਖਿਆਂ ਬਾਰੇ ਦੱਸਣ ਮਗਰੋਂ ਪੁੱਛਿਆ, ‘ਜਗਤਵੀਰ, ਮੈਂ ਜ਼ਿੰਦਗੀ ਦੀ ਹਾਰੀ ਜੰਗ ਕਿਵੇਂ ਲੜਾਂ?'
ਉਹ ਮੇਰੀਆਂ ਅੱਖਾਂ 'ਚ ਝਾਕਦਾ ਬੋਲਿਆ, ‘ਸ਼ਾਲੂ, ਕੀ ਤੂੰ ਮੈਥੋਂ ਆਸਰਾ ਲੈਣ ਆਈ ਹੈਂ?'
ਮੈਂ ਹਾਂ ਵਿੱਚ ਸਿਰ ਹਿਲਾਇਆ।
‘ਸ਼ਾਲੂ ਜਾ, ਮੇਰੀ ਬਿਰਧ ਮਾਂ ਦਾ ਆਸਰਾ ਬਣ। ਮੇਰੀ ਉਜੜਦੀ ਖੇਤੀ ਦੀ ਰਾਖੀ ਲਈ ਕੰਧ ਬਣ ਕੇ ਖੜ ਜਾਈਂ। ਤੇਰੀ ਪੀੜ ਬਾਂਝ ਹੋ ਸਕਦੀ ਹੈ, ਪਰ ਮੇਰੇ ਅਸੂਲ ਬਾਂਝ ਨਹੀਂ ਹੋਣੇ। ਛੇਤੀ ਕੋਈ ਚੰਗੀ ਖਬਰ ਮਿਲੇਗੀ। ਮੇਰੀ ਜ਼ਮਾਨਤ ਦੀ ਅਰਜ਼ੀ ਹਾਈ ਕੋਰਟ 'ਚ ਲੱਗੀ ਹੋਈ ਹੈ।' ਮੈਨੂੰ ਜਾਪਿਆ ਜਿਵੇਂ ਖੌਲਦੇ ਸਾਗਰਾਂ 'ਚ ਡੋਲਦੀ ਜਿੰਦ ਬੇੜੀ ਨੂੰ ਕੋਈ ਪੱਤਣ ਦਿਸ ਪਿਆ ਹੋਵੇ। ਮੈਂ ਖੁਸ਼-ਖੁਸ਼ ਵਾਪਸ ਮੁੜਨ ਲੱਗੀ ਤਾਂ ਜਗਤਵੀਰ ਦੀ ਆਵਾਜ਼ ਕੰਨੀਂ ਪਈ, ‘ਸ਼ਾਲੂ, ਅਗਲੀ ਮੁਲਾਕਾਤ 'ਤੇ ਆਉਣ ਵੇਲੇ ਮੇਰੇ ਖੇਤ ਦੀ ਮਿੱਟੀ ਸੰਧੂਰ ਵਾਲੀ ਡੱਬੀ 'ਚ ਲਿਆਉਣੀ..।'
ਉਸ ਦੇ ਜੇਲ੍ਹ ਦੀਆਂ ਸੀਖਾਂ ਨੂੰ ਕਸ ਕੇ ਪਾਏ ਹੱਥਾਂ ਵੱਲ ਦੇਖ ਮੇਰਾ ਪਸਤ ਹੋਇਆ ਹੌਸਲਾ ਪਰਤ ਆਇਆ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ