Welcome to Canadian Punjabi Post
Follow us on

29

March 2024
 
ਨਜਰਰੀਆ

ਕਾਲਾ ਸੁਰਮਾ ਵਸੇ ਪਹਾੜੀਂ..

June 05, 2019 09:11 AM

-ਡਾ. ਰਾਜਵੰਤ ਕੌਰ ਪੰਜਾਬੀ
ਲਗਭਗ ਤਿੰਨ ਦਹਾਕੇ ਪਹਿਲਾਂ ਤੱਕ ਪਿੰਡਾਂ ਵਿੱਚ ਵਣਜਾਰੇ ਫਿਰਦੇ ਆਮ ਵੇਖੇ ਜਾਂਦੇ ਸਨ। ਘੁੰਮ ਫਿਰ ਕੇ ਔਰਤਾਂ ਦੇ ਹਾਰ ਸ਼ਿੰਗਾਰ ਦੀਆਂ ਵਸਤਾਂ ਵੇਚਦੇ ਸਨ। ਅੱਜ ਕੱਲ੍ਹ ਉਹ ਮੇਲਿਆਂ ਵਿੱਚ ਸੜਕ ਦੇ ਆਸੇ ਪਾਸੇ ਬੈਠੇ ਨਜ਼ਰ ਆ ਜਾਂਦੇ ਹਨ। ਸੰਧੂਰ, ਕੰਘੇ, ਕੱਜਲ, ਚੂੜੀਆਂ, ਦੰਦਾਸਾ, ਨਹੁੰ ਪਾਲਿਸ਼, ਪਾਊਡਰ, ਸਿਰ ਦੀਆਂ ਸੂਈਆਂ ਤੇ ਬਿੰਦੀਆਂ ਤੋਂ ਇਲਾਵਾ ਉਨ੍ਹਾਂ ਕੋਲ ਅੱਖਾਂ ਵਿੱਚ ਪਾਉਣ ਲਈ ਸੁਰਮਾ ਹੁੰਦਾ ਹੈ। ਇਸ ਰੰਗਲੀ ਦੁਨੀਆ ਨੂੰ ਮਨੁੱਖ ਅੱਖਾਂ ਰਾਹੀਂ ਵੇਖਦਾ ਹੈ ਤੇ ਅੱਖਾਂ ਨੂੰ ਸੋਹਣਾ ਤੇ ਆਕਰਸ਼ਕ ਬਣਾਉਣ ਲਈ ਕੱਜਲ/ ਕਜਲਾ/ ਕਜਰਾ ਤੇ ਸੁਰਮੇ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਅੰਜਨ ਤੇ ਇਸਤਰੀ ਨੂੰ ਅੰਜਨਾ ਜਾਂ ਅੰਜਨਹਾਰੀ ਕਹਿ ਲਿਆ ਜਾਂਦਾ ਹੈ। ਭਾਵੇਂ ਪੰਜਾਬ ਅਤੇ ਪਾਕਿਸਤਾਨ ਦੇ ਸਰਹੱਦੀ ਕਬਾਇਲੀ ਇਲਾਕਿਆਂ ਵਿੱਚ ਮਰਦ ਵੀ ਸੁਰਮਾ ਪਾ ਲੈਂਦੇ ਹਨ, ਪਰ ਮਰਦਾਂ ਦੀ ਨਿਸਬਤ ਔਰਤਾਂ ਵੱਲੋਂ ਸੁਰਮਾ/ ਕੱਜਲ ਪਾਉਣ ਦਾ ਰੁਝਾਨ ਵੱਧ ਹੈ। ਇਸਤਰੀ ਨੇ ਅੱਖਾਂ ਵਿੱਚ ਕੱਜਲ ਪਾਇਆ ਹੋਵੇ ਜਾਂ ਕੁਦਰਤੀ ਉਸ ਦੇ ਨੇਤਰ ਕਜਲਈ ਹੋਣ ਤਾਂ ਉਸ ਨੂੰ ‘ਕਜਰਾਖੀ', ਪਰ ਜੇ ਮਰਦ ਨੇ ਕੱਜਲ ਪਾਇਆ ਹੋਵੇ ਤਾਂ ਉਸ ਨੂੰ ‘ਕਜਰਾਰਾ' ਕਿਹਾ ਜਾਂਦਾ ਹੈ।
ਪਹਾੜਾਂ ਦਾ ਵਸਨੀਕ ਸੁਰਮਾ ਇਕ ਕਿਸਮ ਦਾ ਕਾਲਾ ਪੱਥਰ ਹੁੰਦਾ ਹੈ, ਜਿਸ ਨੂੰ ਅੱਖਾਂ ਦੀਆਂ ਕੋਰਾਂ ਕਾਲੀਆਂ ਕਰਨ ਵਾਸਤੇ ਖਰਲ ਵਿੱਚ ਪਾਊਡਰ ਵਾਂਗ ਮਹੀਨ ਪੀਸ ਲਿਆ ਜਾਂਦਾ ਹੈ ਜਦੋਂ ਕਿ ਕੱਜਲ ਮਲਾਈ ਵਰਗਾ ਮੁਲਾਇਮ ਹੁੰਦਾ ਹੈ। ਪਿੰਡਾਂ ਵਿੱਚ ਅਜੇ ਵੀ ਸੁਰਮਾ ਅਤੇ ਕੱਜਲ ਦੋਵਾਂ ਘਰਾਂ ਵਿੱਚ ਤਿਆਰ ਕਰ ਲਏ ਜਾਂਦੇ ਹਨ। ਧੂੜ ਮਿੱਟੀ ਤੋਂ ਬਚਾਉਣ ਲਈ ਸੁਰਮੇ ਨੂੰ ‘ਸੁਰਮੇਦਾਨੀ' ਤੇ ਕੱਜਲ ਨੂੰ ‘ਕਜਲੋਟੀ' ਵਿੱਚ ਪਾ ਕੇ ਰੱਖਿਆ ਜਾਂਦਾ ਹੈ। ਸੁਰਮਾ ਪੰਜਾਬਣਾਂ ਦੇ ਲੰਮੇ ਗੌਣਾਂ ਦਾ ਸ਼ਿੰਗਾਰ ਰਿਹਾ ਹੈ ਤੇ ਗੂੜ੍ਹੇ ਨੈਣਾਂ ਦਾ ਪਾਂਧੀ ਵੀ:
ਕਾਲਾ ਸੁਰਮਾ ਵਸੇ ਪਹਾੜੀਂ, ਮਜਨੀ-ਮਜਨੀ ਆਵੇ
ਕਾਲੇ ਸੁਰਮੇ ਦੇ ਸ਼ਾਬਾਸ਼ੇ, ਕਾਲੇ ਸੁਰਮੇ ਦੇ।
ਰਾਣੀ ਕੁੜੀਏ ਰਗੜਨ ਲੱਗੀ,
ਵੱਟੇ ਹੇਠ ਨਾ ਆਵੇ, ਸ਼ਾਬਾਸ਼ੇ ਕਾਲੇ ਸੁਰਮੇ ਦੇ।
ਮਨੁੱਖ ਦੀ ਜ਼ਿੰਦਗੀ ਦੇ ਤਿੰਨ ਅਹਿਮ ਪੜਾਵਾਂ ਵਿੱਚੋਂ ਜਨਮ ਤੇ ਵਿਆਹ ਵੇਲੇ ਰੀਤਾਂ ਰਸਮਾਂ ਦੇ ਨਿਭਾਊ ਵੇਲੇ ਲੋਕ ਗੀਤ ਵੀ ਨਾਲੋ-ਨਾਲ ਚੱਲਦੇ ਹਨ, ਜਿਨ੍ਹਾਂ ਵਿੱਚੋਂ ਸੁਰਮੇ ਦੀ ਅਹਿਮੀਅਤ ਨੂੰ ਲਾਂਭੇ ਨਹੀਂ ਕੀਤਾ ਜਾ ਸਕਦਾ। ਸਾਡੇ ਸਮਾਜ ਵਿੱਚ ਬਾਲ ਨੇ ਅਜੇ ਜਨਮ ਨਹੀਂ ਲਿਆ ਹੁੰਦਾ ਕਿ ਗਰਭ ਵਿੱਚ ਬੱਚੇ ਦੇ ਨਿਰਵਿਘਨ ਪਲਣ ਦ ਉਦੇਸ਼ ਹਿੱਤ ਗਰਭਵਤੀ ਔਰਤ ਦੀ ਨਣਦ ਵੱਲੋਂ ਗਰਭ ਦੇ ਤੀਜੇ ਮਹੀਨੇ ਭਾਬੀ ਦੇ ਸੁਰਮਾ ਪਾਇਆ ਜਾਂਦਾ ਸੀ ਤੇ ਉਸ ਤੋਂ ਬਾਅਦ ਬਾਲ ਦੇ ਜਨਮ ਉਪਰੰਤ ਸਵਾ ਮਹੀਨੇ ਤੱਕ ਉਸ ਨੂੰ ਸੁਰਮਾ ਪਾਉਣ ਦੀ ਮਨਾਹੀ ਹੁੰਦੀ ਸੀ। ਅੱਜ ਕੱਲ੍ਹ ਅਜਿਹਾ ਨਹੀਂ ਵਾਪਰਦਾ। ਪਿੰਡਾਂ ਵਿੱਚ ਨਿੱਕੇ ਬੱਚੇ ਦੀਆਂ ਅੱਖਾਂ ਵਿੱਚ ਘਰ ਤਿਆਰ ਕੀਤਾ ਕੱਜਲ/ ਸੁਰਮਾ ਪਾਇਆ ਜਾਂਦਾ ਸੀ। ਅੱਜ ਵੀ ਪੇਂਡੂ ਮਾਵਾਂ ਨਿੱਕੇ ਬੱਚੇ ਦੇ ਸੁਰਮਾ ਜਾਂ ਕੱਜਲ ਜ਼ਰੂਰ ਪਾਉਂਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੱਜਲ ਪਾਉਣ ਨਾਲ ਬੱਚੇ ਦੀਆਂ ਅੱਖਾਂ ਮੋਟੀਆਂ ਲੱਗਦੀਆਂ ਹਨ, ਜਿਸ ਨਾਲ ਬੱਚਾ ਹੋਰ ਸੋਹਣਾ ਲੱਗਦਾ ਹੈ, ਜਿਸ ਨਾਲ ਨਜ਼ਰ ਛੇਤੀ ਲੱਗਣ ਦਾ ਡਰ ਰਹਿੰਦਾ ਹੈ। ਇਸ ਕਰਕੇ ਉਹ ਆਪਣੇ ਬਾਲ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਉਸ ਦੇ ਮੱਥੇ ਦੇ ਇਕ ਪਾਸੇ ਸੁਰਮੇ ਦਾ ਟਿੱਕਾ ਜਾਂ ਲਕੀਰ ਲਾਉਂਦੀਆਂ ਹਨ। ਲੋਕ ਕਾਵਿ ਵਿੱਚੋਂ ਅਨੇਕ ਮਿਸਾਲਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ ਜੋ ਸਿੱਧ ਕਰਦੀਆਂ ਹਨ ਕਿ ਸੁਹਾਗਣ ਦੀ ਜ਼ਿੰਦਗੀ ਵਿੱਚ ਸੁਰਮੇ ਨੂੰ ਕਿੰਨੀ ਅਹਿਮੀਅਤ ਹਾਸਲ ਹੈ। ਇਸੇ ਲਈ ਵਿਧਵਾ ਦੇ ਜਜ਼ਬਿਆਂ 'ਤੇ ਅੰਕੁਸ਼ ਲਾਉਂਦਿਆਂ ਉਸ ਨੂੰ ਸੁਰਮਾ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਵਿਧਵਾ ਔਰਤ ਨੂੰ ਸੁਰਮਾ ਪਾਉਣੋਂ ਵਰਜਦਿਆਂ ਲੋਕ ਮਨ ਨੇ ਅਖਾਣ ਘੜਿਆ ‘ਤਿੱਤਰ ਖੰਭੀ ਬੱਦਲੀ ਰੰਡੀ ਕੱਜਲ ਪਾਏ, ਉਹ ਵੱਸੇ ਉਹ ਉਜੜੇ ਕਦੇ ਨਾ ਬਿਰਥੀ ਜਾਏ।'
ਵਿਆਹ ਦੇ ਪੱਖ ਤੋਂ ਵੇਖੀਏ ਤਾਂ ਕਿਸੇ ਸਮੇਂ ਰਿਸ਼ਤਾ ਕਰਾਉਣ ਵਿੱਚ ਨਾਈ ਜਾਂ ਵਿਚੋਲਿਆਂ ਦੀ ਅਹਿਮ ਭੂਮਿਕਾ ਹੁੰਦੀ ਸੀ। ਆਪਣੇ ਸਵਾਰਥਾਂ ਦੀ ਪੂਰਤੀ ਹਿੱਤ ਕਈ ਵਾਰ ਉਹ ਅਣਜੋੜ ਰਿਸ਼ਤੇ ਵੀ ਪੂਰ ਚੜ੍ਹਾ ਦਿੰਦੇ ਸਨ। ਅਜਿਹੇ ਦਰਦ ਨੂੰ ਹੰਢੀਂ ਹੰਢਾ ਰਹੀ ਮੁਟਿਆਰ ਰਾਵੀ ਦੇ ਪਾਣੀ ਦੀ ਨਿਰਮਲਤਾ ਨੂੰ ਸੁਰਮਾ ਡੋਲ੍ਹ ਕੇ ਭੰਗ ਕਰਨ ਦੀ ਗੱਲ ਕਰਕੇ ਆਪਣੀ ਕਲਪਨਾ ਦੀ ਦੁਨੀਆ ਤੋਂ ਉਲਟ ਵਾਪਰਦੀ ਸਥਿਤੀ ਦਾ ਦੁੱਖ ਇਸ ਤਰ੍ਹਾਂ ਬਿਆਨਦੀ ਹੈ:
ਵਗਦੀ ਸੀ ਰਾਵੀ, ਵਿੱਚ ਸੁਰਮਾ ਕੀਰਨੇ ਡੋਲ੍ਹਿਆ
ਜਿੱਦਣ ਦੀ ਆਈ, ਕਦੇ ਹੱਸ ਕੇ ਨਾ ਬੋਲਿਆ
ਅਣਜੋੜ ਵਿਆਹ ਦਾ ਨਤੀਜਾ ਭੁਗਤਦੀ ਨਾਰ ਦਾ ਕੰਤ ਜੇ ਨਦਾਨ ਤੇ ਨਿਆਣਾ ਹੁੰਦਾ ਤਾਂ ਉਹ ਮਾਂ ਅੱਗੇ ਆਪਣੀਆਂ ਭਾਵਨਾਵਾਂ ਦਾ ਕਥਾਰਸਿਜ਼ ਬਾਰਾਮਾਂਹ ਕਾਵਿ ਰੂਪ ਰਾਹੀਂ ਇੰਜ ਕਰਦੀ:
ਮਾਘ ਦਾ ਮਹੀਨਾ ਨੀ ਮਾਂ, ਮੇਰਾ ਜੀਊੜਾ ਢਹਿੰਦਾ।
ਅੱਖੀਆਂ ਦਾ ਕਜਲਾ ਨੀ ਮਾਂ, ਮੇਰਾ ਵਹਿ-ਵਹਿ ਪੈਂਦਾ।
ਤੁਧ ਬਿਨ ਡਾਢੇ ਰੱਬ ਜੀ, ਮੇਰਾ ਭੌਰ ਨਿਮਾਣਾ।
ਨੀ ਮਾਏ ਨੱਢਾ ਨਾਦਾਨ, ਕਦੋਂ ਹੋਵੇਗਾ ਸਿਆਣਾ?
ਵਿਆਹ ਵਾਲੇ ਦਿਨ ਲਾੜੇ ਦੀ ਨ੍ਹਾਈ ਧੋਈ ਕਰਾ ਕੇ ਸ਼ਗਨੀ ਬਸਤਰ, ਦਸਤਾਰ ਅਤੇ ਸਿਹਰਾ/ਕਲਗੀ ਸਜਾਉਣ ਉਪਰੰਤ ਉਸ ਦੀ ਭਾਬੀ ਵੱਲੋਂ ਉਸ ਦੇ ਸੁਰਮਾ ਪਾਇਆ ਜਾਂਦਾ ਹੈ। ਭਾਵ ਲਾੜੇ ਨੂੰ ਸਜਾਉਣ ਤੇ ਨਜ਼ਰ ਲੱਗਣ ਤੋਂ ਬਚਾਉਣ ਲਈ ਆਖਰੀ ਯਤਨ ਭਰਜਾਈ ਕਰਦੀ ਹੈ। ਇਹ ਰਸਮ ਵਿਆਹੁਲੇ ਦਿਉਰ ਦੇ ਰੂਪ ਨੂੰ ਨਿਖਾਰਨ ਤੇ ਬੁਰੀਆਂ ਰੂਹਾਂ ਨੂੰ ਲਾੜੇ ਤੋਂ ਦੂਰ ਰਹਿਣ ਦੇ ਮਨੋਰਥ ਹਿੱਤ ਅਦਾ ਕੀਤੀ ਜਾਂਦੀ ਹੈ। ਸੁਰਮਾ ਪਵਾਈ ਦੀ ਰਸਮ ਦੌਰਾਨ ਹਾਜ਼ਰ ਮੇਲਣਾਂ ਵੱਲੋਂ ਇਸ ਰਸਮ ਨਾਲ ਸਬੰਧਤ ਹੇਅਰੇ ਲਾਏ ਜਾਂਦੇ ਹਨ:
ਪਹਿਲੀ ਸਲਾਈ ਵੇ ਦਿਉਰਾ! ਰਸ ਭਰੀ,
ਕੋਈ ਦੂਜੀ ਗੁਲਾਨਾਰ
ਤੀਜੀ ਸਲਾਈ ਤਾਂ ਪਾਵਾਂ ਦਿਉਰਾ, ਜੇ ਮੁਹਰਾਂ ਦੇਵੇਂ
ਵੇ ਅੰਤੋਂ ਪਿਆਰਿਆ ਚਾਰ।
ਪੱਛਮੀ ਪੰਜਾਬ ਵਿੱਚ ਭਰਜਾਈ ਸੁਰਮਾ ਉਸ ਸਮੇਂ ਪਾਉਂਦੀ ਹੈ ਜਦੋਂ ਲੜਾ ਸਜ ਧਜ ਕੇ ਹੱਥ ਵਿੱਚ ਕਿਰਪਾਨ ਫੜ ਕੇ ਘੋੜੀ ਚੜ੍ਹਦਾ ਹੈ, ਪਰ ਪੂਰਬੀ ਸਮਾਜ ਵਿੱਚ ਇਹ ਰਸਮ ਸਿਹਰਾਬੰਦੀ ਤੋਂ ਬਾਅਦ ਨਿਭਾਈ ਜਾਂਦੀ ਹੈ। ਸੁਰਮਾ ਪਾਉਣ ਉਪਰੰਤ ਦਿਉਰ ਭਰਜਾਈਆਂ ਨੂੰ ਸ਼ਗਨ ਦਿੰਦਾ ਹੈ। ਸੁਰਮਾ ਪਾਉਣ ਦੀ ਇਹ ਰਸਮ ਟੂਣਾ ਚਿੰਤਨ 'ਤੇ ਆਧਾਰਿਤ ਹੈ। ਲੋਕ ਮਨ ਨੇ ਸੁਰਮਾ ਬਦਰੂਹਾਂ ਨੂੰ ਦੂਰ ਰੱਖਣ ਵਿੱਚ ਸਹਾਇਕ ਮੰਨਿਆ ਹੈ।
ਕਿਸੇ ਸਮੇਂ ਮੇਲਿਆਂ ਅਤੇ ਵਿਆਹਾਂ ਵਿੱਚ ਮੁਟਿਆਰਾਂ ਹੀ ਨਹੀਂ ਗੱਭਰੂ ਵੀ ਸੁਰਮਾ ਪਾ ਕੇ ਜਾਂਦੇ ਸਨ। ਰੇਡੀਓ 'ਤੇ ਅਕਸਰ ਵੱਜਦਾ ‘ਭੱਟੀ' ਭੜੀ ਵਾਲੇ ਦਾ ਗੀਤ ਵੀ ਇਸ ਗੱਲ ਦੀ ਸ਼ਾਹਦੀ ਭਰਦਾ ਹੈ:
ਸੁਰਮਾ ਪਾ ਮਿੱਤਰਾ, ਮੈਂ ਮੇਲੇ ਨੂੰ ਜਾਣਾ।
ਵੇ ਸੁਰਮਾ ਪਾ ਮਿੱਤਰਾ..।
ਲਹਿੰਦੇ ਪੰਜਾਬ ਤੋਂ ਅਹਿਮਦ ਰਾਹੀ ਨੇ ਆਪਣੀ ਕਵਿਤਾ ‘ਤਿ੍ਰੰਞਣ' ਵਿੱਚ ਸਾਂਝੇ ਪੰਜਾਬ ਦੀ ਵੰਡ ਦੇ ਦੁਖਾਂਤ ਨੂੰ ਇਕ ਅਜਿਹੇ ਵਿਆਹ ਨਾਲ ਤੁਲਨਾਇਆ ਹੈ, ਜਿਸ ਵਿੱਚ ਨਾ ਭਰਜਾਈਆਂ ਸੁਰਮੇ ਪਾਉਂਦੀਆਂ ਹਨ ਅਤੇ ਨਾ ਕੋਈ ਸਿਹਰਿਆਂ ਵਾਲਾ ਆਉਂਦਾ ਹੈ:
ਨ ਹੱਥਾਂ ਨੂੰ ਮਹਿੰਦੀਆਂ ਲਾਈਆਂ,
ਨ ਸ਼ਗਨਾਂ ਦੇ ਗਾਨੇ,
ਨ ਸਈਆਂ ਨੇ ਡੋਲੀਆਂ ਗਾਈਆਂ,
ਨ ਭਰਜਾਈਆਂ ਸੁਰਮੇ ਪਾਏ,
ਨ ਕੋਈ ਸਿਹਰਿਆਂ ਵਾਲਾ ਆਇਆ।
ਹੀਰ ਦੀਆਂ ਅੱਖਾਂ ਵਿੱਚ ਫਬਦੇ ਸੁਰਮੇ ਦੀ ਗੱਲ ਕਰਕੇ ਵਾਰਸ ਸ਼ਾਹ ਪੰਜਾਬੀਆਂ ਦੀ ਵੱਖਰੀ ਪਛਾਣ ਕਰਵਾਉਂਦਾ ਹੈ ਅਤੇ ਹੀਰ ਦੀ ਤਾਰੀਫ ਕਰਦਿਆਂ ਉਹ ਕਈ ਥਾਈਂ ਹੀਰ ਵੱਲੋਂ ਸੁਰਮਾ ਅਤੇ ਕੱਜਲ ਪਾਉਣ ਦੀ ਗੱਲ ਕਰਦਾ ਹੈ:
ਸੁਰਮਾ ਨੈਣਾਂ ਦੀ ਧਾਰ ਵਿੱਚ ਖੁੜ ਰਹਿਆ
ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀ।
ਭਿੰਨੇ ਵਾਲ ਚੁੰਨੇ, ਮੱਥੇ ਚੰਦ ਰਾਂਝਾ
ਨੈਣੀਂ ਕੱਜਲੇ ਦੀ ਘਮਸਾਨ ਹੋਈ।
ਇਉਂ ਲੋਕਧਾਰਾ ਤੇ ਮਨੁੱਖ ਦੇ ਸੁਹਜ ਸੁਹੱਪਣ ਨੂੰ ਮਾਣਨ ਦੇ ਸ਼ੌਕ ਦੇ ਮੱਦੇਨਜ਼ਰ ਕਿਹਾ ਜਾ ਸਕਦਾ ਹੈ ਕਿ ਕੱਜਲ /ਸੁਰਮੇ ਨੂੰ ਸੁਹਾਗਣ ਲਈ ਸੋਲ੍ਹਾਂ ਸ਼ਿੰਗਾਰਾਂ ਵਿੱਚ ਅਹਿਮ ਸਥਾਨ ਪ੍ਰਾਪਤ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ