Welcome to Canadian Punjabi Post
Follow us on

18

October 2019
ਸੰਪਾਦਕੀ

ਪੰਜਾਬੀ ਪੋਸਟ ਵਿਸ਼ੇਸ਼: - ਦੇਸ਼ ਦੀਆਂ ਧੀਆਂ ਦੇ ਕਤਲਾਮ ਦੀ ਗੱਲ

June 05, 2019 08:54 AM

‘ਅੱਜ ਦਿਨ ਕਿੰਨਾ ਸੂਰਜੀ ਹੈ 

ਤਾਹੀਂਓ ਟੱਬਰ ਰਲ ਬੈਠਾ ਹੈ,
ਕਾਲੇ ਬੋਲੇ ਇਹ ਬੱਦਲ ਮੋਏ
ਕੱਜਦੇ ਨੇ ਤੱਪਦੇ ਸੂਰਜ ਦੇ ਲੋਹੇ,
ਕੁੜੀਆਂ ਚਿੜੀਆਂ ਖੇਡਣ ਜੁੜੀਆਂ
ਪਰ ਰੁਕੋ ਨੀਂ ਭੈਣੋ ਵੇਖੋ ਤਾਂ ਸਹੀ
ਕਿੱਥੇ ਨੇ ਜੋ ਗੁੰਮ ਸਨ ਹੋਈਆਂ!’

ਉਪਰੋਕਤ ਸਤਰਾਂ ਮੀਟੀਜ਼ ਫਸਟ ਨੇਸ਼ਨ ਨਾਲ ਸਬੰਧਿਤ ਮੂਲਵਾਸੀ ਬੈਨ ਰਿਚਰਡ (Ben Richard) ਦੀ ਉਸ ਕਵਿਤਾ Missing ਦਾ ਪੰਜਾਬੀ ਪੋਸਟ ਵੱਲੋਂ ਕੀਤਾ ਗਿਆ ਮੋਟਾ ਜਿਹਾ ਉੱਲਥਾ ਹੈ ਜੋ ਉਸਨੇ ਆਪਣੀ ਮਾਂ ਅਤੇ ਉਹਨਾਂ ਸਾਰੀਆਂ ਗੁਆਚੀਆਂ ਔਰਤਾਂ ਅਤੇ ਲੜਕੀਆਂ ਦੀ ਯਾਦ ਵਿੱਚ ਲਿਖੀ ਜੋ ਗੁੰਮ ਹੋ ਚੁੱਕੀਆਂ ਹਨ, ਮਾਰੀਆਂ ਜਾ ਚੁੱਕੀਆਂ ਹਨ। ਰਿਚਰਡ ਉਸ ਵੇਲੇ 17 ਸਾਲਾਂ ਦਾ ਸੀ ਜਦੋਂ ਉਸ ਕੋਲੋਂ ਉਸ ਇਨਸਾਨ ਖੋਹ ਲਿਆ ਗਿਆ ਜੋ ਉਸਨੂੰ ਬੇਪਨਾਹ ਮੁਹੱਬਤ ਕਰਦੀ ਸੀ, ਜੋ ਉਸ ਵਾਸਤੇ ਸੱਭ ਤੋਂ ਵੱਧ ਮਹੱਤਵਪੂਰਣ ਸੀ। ਉਹ ਰਿਚਰਡ ਦੀ ਮਾਂ ਸੀ ਜਿਸਦਾ ਉਸਦੇ ਘਰ ਦੀ ਐਨ ਸਾਹਮਣੇ ਵਾਲੀ ਗਲੀ ਵਿੱਚ ਤੁਰੀ ਜਾਂਦੀ ਦਾ ਕਤਲ ਕਰ ਦਿੱਤਾ ਗਿਆ ਸੀ। ਰਿਚਰਡ ਮੁਤਾਬਕ ਸੁਪਰੀਮ ਕੋਰਟ ਤੱਕ ਹਰ ਪੱਧਰ ਦੀ ਅਦਾਲਤ ਦੇ ਬੂਹੇ ਖੜਕਾਉਣ ਤੋਂ ਬਾਅਦ ਐਨਾ ਹੀ ਪਤਾ ਲੱਗ ਸਕਿਆ ਸੀ ਕਿ ਉਸਦੀ ਮਾਂ ਦਾ ਕਾਤਲ ਕੌਣ ਹੈ, ਪਰ ਉਹ ਸ਼ਰੇਆਮ ਬਰੀ ਹੋ ਗਿਆ ਸੀ।

ਰਿਚਰਡ ਦੀ ਮਾਂ ਉਹਨਾਂ ਸੈਂਕੜੇ ਮੂਲਵਾਸੀ ਔਰਤਾਂ ਵਿੱਚ ਸ਼ਾਮਲ ਹੈ ਜਿਹਨਾਂ ਦੇ ਮਾਰੇ ਜਾਂ ਗੁੰਮ ਹੋ ਜਾਣ ਦੇ ਬਾਕੀ ਕੈਨੇਡੀਅਨ ਔਰਤਾਂ ਨਾਲੋਂ 12 ਗੁਣਾਂ ਵੱਧ ਆਸਾਰ ਹੁੰਦੇ ਹਨ। ਸਾਲ 2001 ਤੋਂ 2015 ਦੇ ਦਰਮਿਆਨ ਕੈਨੇਡਾ ਵਿੱਚ ਕਤਲ ਹੋਣ ਵਾਲੀਆਂ ਔਰਤਾਂ ਦਾ 25% ਹਿੱਸਾ ਮੂਲਵਾਸੀ ਔਰਤਾਂ ਸਨ ਜਦੋਂ ਕਿ ਮੂਲਵਾਸੀ ਕੈਨੇਡਾ ਦੀ ਜਨਸੰਖਿਆ ਦਾ ਮਹਿਜ਼ 4.8% ਹਿੱਸਾ ਹਨ। ਇਹ ਅੰਕੜੇ ਕਿਸੇ ਅਖਬਾਰ ਦੇ ਨਹੀਂ ਸਗੋਂ ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ ਇੱਕਤਰ ਕੀਤੇ ਗਏ ਹਨ।

ਮੂਲਵਾਸੀ ਔਰਤਾਂ ਨਾਲ ਜੋ ਕੁੱਝ ਹੋਇਆ, ਉਸਦਾ ਸੱਚ ਜਾਨਣ ਲਈ ਕੀਤੀ ਗਈ ਕੌਮੀ ਤਫਤੀਸ਼ (national enquiry) ਦੀ ਰਿਪੋਰਟ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਬੀਤੇ ਸ਼ੁੱਕਰਵਾਰ ਪੇਸ਼ ਕੀਤੀ ਗਈ। ਦਿਲ ਨੂੰ ਹਿਲਾ ਦੇਣ ਵਾਲਾ ਕੰਮ ਹੈ ਇਸ ਅਤੀਅੰਤ ਸੰਵੇਦਨਸ਼ੀਲ ਮੁੱਦੇ ਉੱਤੇ ਤਫ਼ਤੀਸ਼ ਕਰਨਾ। ਜੇ ਸੱਚ ਜਾਨਣਾ ਹੈ ਤਾਂ ਰਿਪੋਰਟ ਵਿੱਚ ਜਾਂਚ ਕਰਨ ਵਾਲਿਆਂ ਦੇ ਦਰਜ਼ ਬਿਆਨਾਂ ਨੂੰ ਪੜਨਾ ਲਾਜ਼ਮੀ ਹੈ। ਜਿਸ ਸਮਾਜ ਵਿੱਚ ਔਰਤ ਦੀ ਕਦਰ ਨਾ ਹੋਵੇ, ਜਿਸ ਸਮਾਜ ਵਿੱਚ ਔਰਤ ਸੁਰੱਖਿਅਤ ਮਹਿਸੂਸ ਨਾ ਕਰੇ, ਉਸ ਸਮਾਜ ਨੂੰ ਕੁੱਝ ਵੀ ਕਿਹਾ ਜਾ ਸਕਦਾ ਹੈ ਪਰ ਸਹੀ ਅਤੇ ਸੁਰੱਖਿਅਤ ਨਹੀਂ ਆਖਿਆ ਜਾ ਸਕਦਾ। ਮੂਲਵਾਸੀ ਔਰਤਾਂ ਦੀ ਨਾਜ਼ੁਕ ਸਥਿਤੀ ਘੱਟ ਗਿਣਤੀ ਪਰਵਾਸੀਆਂ ਲਈ ਵਿਸ਼ੇਸ਼ ਸੁਆਲ ਖੜੇ ਕਰਦੀ ਹੈ ਜੋ ਕੈਨੇਡਾ ਆਉਂਦੇ ਹੀ ਆਪਣੀਆਂ ਔਲਾਦਾਂ ਦੀ ਬਿਹਤਰੀ ਵਾਸਤੇ ਹਨ! ਕਿਸੇ ਮੁਲਕ ਦੇ ਮਰਦ ਕਿਸ ਮੂੰਹ ਨਾਲ ਹਿੱਕ ਥਾਪੜਨ ਦਾ ਜੇਰਾ ਕਰ ਸਕਦੇ ਹਨ ਜਿਹਨਾਂ ਨੂੰ ਜੰਮਣ ਵਾਲੀਆਂ ‘ਮਰ ਜਾਣੀਆਂ’ ਹੋਣ। ਕੀ ਬਾਹਰ ਦਾ ਇਹ ਵਿਕਾਸ, ਵਿਖਾਵਾ ਫੋਕਾ ਹੋ ਕੇ ਨਹੀਂ ਰਹਿ ਜਾਂਦਾ ਅਜਿਹੇ ਕੌੜੇ ਸੱਚ ਦੇ ਸਾਹਮਣੇ!

 

1200 ਪੰਨਿਆਂ ਦੀ ਇਸ ਰਿਪੋਰਟ ਵਿੱਚ ਇੱਕ ਸ਼ਬਦ ਹੈ ਜੋ ਪੜਨ ਵਾਲੇ ਦੇ ਸੀਨੇ ਵਿੱਚ ਨੇਜੇ ਵਾਗੂੰ ਵਾਰ ਵਾਰ ਵੱਜਦਾ ਹੈ। ਉਹ ਸ਼ਬਦ ਹੈ ਜੈਨੋਸਾਈਡ ਭਾਵ ਕਤਲਾਮ। ਬੇਸ਼ੱਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਜੈਨੋਸਾਈਡ ਸ਼ਬਦ ਵਰਤਣ ਤੋਂ ਇਨਕਾਰ ਕਰ ਦਿੱਤਾ ਹੈ, ਬੇਸ਼ੱਕ ਵਿਰੋਧੀ ਧਿਰਾਂ ਇਸ ਨੂੰ ਲੈ ਕੇ ਵਾਵੇਲਾ ਖੜਾ ਕਰ ਰਹੀਆਂ ਹਨ, ਪਰ ਕਤਲਾਮ ਦੇ ਅਰਥਾਂ ਬਾਰੇ ਸੋਚਣਾ ਤਾਂ ਆਮ ਨਾਗਰਿਕ ਨੂੰ ਬਣਦਾ ਹੈ। ਇਹ ਆਮ ਗੱਲ ਹੈ ਕਿ ਜੇ ਕਿਸੇ ਭਾਈਚਾਰੇ ਦੇ ਆਪਣਿਆਂ ਨਾਲ ਕੁੱਝ ਵਾਪਰਦਾ ਹੈ ਤਾਂ ਉਸਦੀ ਝੱਟ ‘ਜੈਨੋਸਾਈਡ, ਜੁਲਮ, ਕਲਤਾਮ ਆਦਿ’ ਸ਼ਬਦਾਂ ਨਾਲ ਸੰਗਿਆ ਦੇ ਦਿੱਤੀ ਜਾਂਦੀ ਹੈ। ਇਹ ਗੱਲ ਕਿਸੇ ਇੱਕ ਕਮਿਉਨਿਟੀ ਨਹੀਂ ਸਗੋਂ ਸਾਰਿਆਂ ਉੱਤੇ ਸਹੀ ਢੁੱਕਦੀ ਹੈ। ਪਰ ਅੱਜ ਵਕਤ ਹੈ ਕਿ ਜਿਸ ਦੇਸ਼ ਦੀ ਧਰਤੀ ਉੱਤੇ ਅਸੀਂ ਹਰ ਹੱਕ, ਹਰ ਅਧਿਕਾਰ ਨੂੰ ਮਾਨਣ ਦੀ ਗੱਲ ਕਰਦੇ ਹਾਂ, ਉਸਦੇ ਅਸਲ ਵਾਰਸਾਂ ਦੀਆਂ ਧੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਜਰੂਰ ਮਾਰਿਆ ਜਾਵੇ।

ਰਿਪੋਰਟ ਵਿੱਚ 231 ਸਿਫਾਰਸ਼ਾਂ ਹਨ ਜਿਹਨਾਂ ਨੂੰ ਪੂਰੇ ਕਰਨ ਲਈ ਆਖਿਆ ਗਿਆ ਹੈ ਤਾਂ ਜੋ ਭੱਵਿਖ ਵਿੱਚ ਅਜਿਹਾ ਕੁੱਝ ਨਾ ਹੋਵੇ। ਭੱਵਿਖ ਸ਼ਬਦ ਇਸ ਲਈ ਕਿਉਂਕਿ ਗੱਲ ਵਰਤਮਾਨ ਵਿੱਚ ਹੋ ਚੁੱਕੇ ਕਤਲਾਂ ਦੀ ਹੋ ਰਹੀ ਹੈ। ਕੈਨੇਡਾ ਵਿੱਚ ਜੇ ਕਿਸੇ ਇਨਸਾਨ ਨੂੰ ਅਸੁਰੱਖਿਅਤ ਕਿਹਾ ਜਾ ਸਕਦਾ ਹੈ ਤਾਂ ਉਹ ਮੂਲਵਾਸੀ ਔਰਤਾਂ ਹਨ। ਇੱਥੇ ਇਹ ਜਿ਼ਕਰ ਕਰਨਾ ਬਣਦਾ ਹੈ ਕਿ ਇਸ ਕਤਲਾਮ ਵਿੱਚ ਐਲ ਜੀ ਬੀ ਟੀ ਕਿਊ ਕਮਿਉਨਿਟੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

 

ਮਾਰੀਆਂ ਜਾ ਚੁੱਕੀਆਂ ਜਾਂ ਗੁੰਮ ਹੋਈਆਂ ਮੂਲਵਾਸੀ ਔਰਤਾਂ ਦੀ ਹੋਣੀ ਬਾਰੇ 1200 ਤੋਂ ਵੱਧ ਪੰਨਿਆਂ ਦੀ ਲੰਬੀ ਚੌੜੀ ਰਿਪੋਰਟ ਨੂੰ ਪੂਰਾ ਕਰਨ ਲਈ 2380 ਲੋਕਾਂ ਨੇ ਬਿਆਨ ਦਿੱਤੇ, ਕਈਆਂ ਨੇ ਇੱਕ ਤੋਂ ਵੱਧ ਵਾਰ। 270 ਉਹ ਪਰਿਵਾਰ ਸ਼ਾਮਲ ਹੋਏ ਜਿਹਨਾਂ ਦੀਆਂ ਧੀਆਂ ਧਿਆਣੀਆਂ ਮਾਰੀਆਂ ਜਾਂ ਲਾਪਤਾ ਹੋ ਚੁੱਕੀਆਂ ਹਨ, 819 ਲੋਕਾਂ ਨੇ ਆਪਣੀਆਂ ਕਲਾ ਕ੍ਰਿਤਾਂ ਨੂੰ ਰਿਪੋਰਟ ਵਿੱਚ ਸ਼ਾਮਲ ਕਰਨ ਲਈ ਸਾਂਝਾ ਕੀਤਾ। ਪਰ ਰਿਪੋਰਟ ਦਾ ਸੱਭ ਤੋਂ ਦਰਦਾਨਕ ਹਿੱਸਾ ਇਸਦਾ ਮੁੱਢਲਾ ਭਾਗ ਜੋ ‘ਜੈਨੋਸਾਈਡ’ ਦੀ ਪ੍ਰੀਭਾਸ਼ਾ ਨਾਲ ਆਰੰਭ ਹੁੰਦਾ ਹੈ।

ਰਿਪੋਰਟ ਮੁਤਾਬਕ ਜੈਨੋਸਾਈਡ ਸ਼ਬਦ ਸੱਭ ਤੋਂ ਪਹਿਲਾਂ ਪੋਲਿਸ਼ ਮੂਲ ਦੇ ਯਹੂਦੀ ਸਕਾਲਰ ਰੇਫਲ ਲੇਮਕਿਨ ਵੱਲੋਂ ਮਾਰਡਿਡ, ਸਪੇਨ ਵਿੱਚ ਹੋਈ ਇੱਕ ਕਾਨਫਰੰਸ ਦੌਰਾਨ 1933 ਵਿੱਚ ਵਰਤਿਆ ਗਿਆ ਸੀ। ਲੇਮਕਿਨ ਮੁਤਾਬਕ ਜੈਨੋਸਾਈਡ (genocide) ਗਰੀਕ ਭਾਸ਼ਾ ਦੇ ਸ਼ਬਦ genos ਭਾਵ Family, tribe, race (ਪਰਿਵਾਰ, ਕੁਨਬਾ, ਨਸਲ) ਅਤੇ ਲਾਤੀਨੀ ਭਾਸ਼ਾ ਦੇ ਸ਼ਬਦ cide (ਕਤਲ) ਦੇ ਮੇਲ ਤੋਂ ਬਣਿਆ ਹੈ। ਲੇਮਕਿਨ ਮੁਤਾਬਕ, ਜੈਨੋਸਾਈਡ ਤੋਂ ਭਾਵ ਮਹਿਜ਼ “ਕਿਸੇ ਕੌਮ ਦਾ ਵੱਡੇ ਪੱਧਰ ਉੱਤੇ ਕਤਲ ਕਰਕੇ ਤੁਰੰਤ ਖਾਤਮਾ ਕਰ ਦੇਣਾ ਨਹੀਂ ਹੁੰਦਾ। ਇਹ ਤਾਂ ਸਗੋਂ ਵਿਉਂਤਵੱਧ ਢੰਗ ਨਾਲ ਵੱਖੋ ਵੱਖਰੀਆਂ ਕਾਰਵਾਈਆਂ ਰਾਹੀਂ ਇੱਕ ਕੌਮ ਦੇ ਜੀਵਨ ਦੀਆਂ ਮੁੱਢਲੀਆਂ ਜੜਾਂ ਨੂੰ ਤਬਾਹ ਕਰਨਾ ਅਤੇ ਅਜਿਹੀ ਤਬਾਹੀ ਦੁਆਰਾ ਸਮੁੱਚੀ ਕੌਮ ਦਾ ਨਾਸ ਕਰਨਾ ਹੁੰਦਾ ਹੈ”

ਕੀ ਮੂਲਵਾਸੀ ਔਰਤਾਂ ਉੱਤੇ ਹੋਏ ਅੱਿਤਆਚਾਰ ਨੂੰ ਜੈਨੋਸਾਈਡ ਦੀ ਸੰਗਿਆ ਮਾਰੀਆਂ ਗਈਆਂ ਜਾਂ ਲਾਪਤਾ ਹੋਈਆਂ ਔਰਤਾਂ ਦੀ ਗਿਣਤੀ ਦੇ ਆਧਾਰ ਉੱਤੇ ਦਿੱਤੀ ਗਈ ਹੈ? ਜੇ ਅਜਿਹਾ ਹੁੰਦਾ ਤਾਂ ਸ਼ਾਇਦ ਇਹ ਪ੍ਰਭਾਸ਼ਾ ਜੈਨੋਸਾਈਡ ਦੇ ਦਾਇਰੇ ਵਿੱਚ ਫਿੱਟ ਨਾ ਆਉਂਦੀ। ਨੇਟਿਵ ਵੂਮੈਨ ਐਸੋਸੀਏਸ਼ਨ ਆਫ ਕੈਨੇਡਾ (Native Women Association of Canada) ਨੇ 2010 ਵਿੱਚ ਇੱਕ ਅੰਕੜਾ ਸੂਚੀ ਤਿਆਰ ਕਰਕੇ ਰਿਪੋਰਟ ਨਸ਼ਰ ਕੀਤੀ ਸੀ। ਇਸ ਰਿਪੋਰਟ ਮੁਤਾਬਕ 582 ਔਰਤਾਂ ਦਾ ਕੋਈ ਖੁਰਾਖੋਜ ਨਾ ਮਿਲਣ ਦੀ ਗੱਲ ਦੱਸੀ ਗਈ ਸੀ। 2014 ਵਿੱਚ ਆਰ ਸੀ ਐਮ ਪੀ (RCMP)ਨੇ ਮੰਨ ਲਿਆ ਕਿ 1980 ਤੋਂ 2012 ਦੇ ਦਰਮਿਆਨ ਕਤਲ ਜਾਂ ਲਾਪਤਾ ਹੋਈਆਂ ਔਰਤਾਂ ਦੀ ਗਿਣਤੀ 1200 ਦੇ ਕਰੀਬ ਹੈ। ਅਣਅਧਿਕਾਰਤ ਸੂਤਰ ਇਸ ਗਿਣਤੀ ਨੂੰ ਕਿਤੇ ਵੱਧ ਦੱਸਦੇ ਹਨ। ਹਕੀਕਤ ਵਿੱਚ ਇਸ ਕਾਂਡ ਨੂੰ ਜੈਨੋਸਾਈਡ ਇਸ ਲਈ ਕਿਹਾ ਗਿਆ ਕਿ ਇਹ ਸਾਡਾ ਕਾਂਡ ਮੂਲਵਾਸੀ ਔਰਤਾਂ ਦੀ ‘ਕੁੱਖ’ ਦੀ ਉਪਜਾਊ ਸ਼ਕਤੀ ਨੂੰ ਨਸ਼ਟ ਕਰਨ ਵਾਲਾ ਸੀ। ਜੈਨੋਸਾਈਡ ਤਾਂ ਕਿਹਾ ਗਿਆ ਹੈ ਕਿਉਂਕਿ ਮੂਲਵਾਸੀਆਂ ਦੀ ਨਸਲ, ਪਹਿਚਾਣ ਨੂੰ ਅੱਗੇ ਤੋਰਨ ਵਾਲੇ ਸ੍ਰੋਤ ਨੂੰ ਖਤਮ ਕਰਨ ਦਾ ਵਰਤਾਰਾ ਸਦੀਆਂ ਤੋਂ ਨਿਰੰਤਰ ਚੱਲਦਾ ਆ ਰਿਹਾ ਹੈ।

ਰਿਪੋਰਟ ਤਿਆਰ ਕਰਨ ਵਾਲੇ ਕਮਿਸ਼ਨਰਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਦਿੱਤੀ ਗਈ ਜੈਨੋਸਾਈਡ ਦੀ ਪ੍ਰੀਭਾਸ਼ਾ ਨੂੰ ਯਹੂਦੀ ਘੱਲੂਘਾਰੇ (Jews holocaust) ਜਾਂ ਰਵਾਂਡਾ ਆਦਿ ਦੇਸ਼ਾਂ ਵਿੱਚ ਹੋਏ ਕਤਲਾਮ ਨਾਲ ਮੁਕਾਬਲਾ ਕਰਕੇ ਵੇਖਿਆ ਜਾਵੇਗਾ। ਇਸ ਕਿਸਮ ਦੇ ਸ਼ੰਕਿਆਂ ਨੂੰ ਦੂਰ ਕਰਨ ਲਈ 43 ਪੰਨਿਆਂ ਦੀ ਇੱਕ ਵੱਖਰੀ ਰਿਪੋਰਟ ਲਿਖੀ ਗਈ ਹੈ ਜਿਸ ਵਿੱਚ ਇਹ ਤੱਥ ਦਰਜ਼ ਕੀਤੇ ਗਏ ਹਨ ਕਿ ਕੈਨੇਡਾ ਨੂੰ ਇਸ ਸਮੁੱਚੇ ਵਰਤਾਰੇ ਨੂੰ ਜੈਨੋਸਾਈਡ ਕਿਉਂ ਮੰਨਣਾ ਚਾਹੀਦਾ ਹੈ।

ਇਸ ਰਿਪੋਰਟ ਦੇ ਆਉਣ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਇਹ ਪਰਖ ਦੀਆਂ ਘੜੀਆਂ ਆਰੰਭ ਹੋ ਗਈਆਂ ਹਨ, ਕਿਉਂਕਿ ਚੋਣਾਂ ਵਿੱਚ ਮਹਿਜ਼ ਪੰਜ ਕੁ ਮਹੀਨਿਆਂ ਦਾ ਸਮਾਂ ਬਾਕੀ ਹੈ। ਿਿਰਪੋਰਟ ਵਿੱਚ 231 ਸਿਫਰਾਸ਼ਾਂ ਹਨ ਜਿਹਨਾਂ ਨੂੰ ਪੂਰਾ ਕਰਨ ਦੀ ਗੁਹਾਰ ਪਾਈ ਗਈ ਹੈ। ਕੀ ਟਰੂਡੋ ਇੱਕ ਵਾਰ ਫੇਰ ਵਾਅਦਾ ਕਰਨਗੇ ਕਿ ਸਾਰੀਆਂ ਦੀਆਂ ਸਾਰੀਆਂ 231 ਸਿਫਾਰਸ਼ਾਂ ਮੰਨ ਲਈਆਂ ਜਾਣਗੀਆਂ? ਚੇਤੇ ਰੱਖਣਾ ਹੋਵੇਗਾ ਕਿ ਸਟੀਫਨ ਹਾਰਪਰ ਦੇ ਸਮੇਂ ਕਾਇਮ ਕੀਤੇ ਗਏ ਰੈਜ਼ੀਡੈਂਸ਼ੀਅਲ ਸਕੂਲਾਂ ਬਾਰੇ ਟਰੁੱਥ ਐਂਡ ਰੀਕਾਨਸੀਲੀਏਸ਼ਨ ਕਮਿਸ਼ਨ (truth and reconciliation commission) ਨੇ ਮੂਲਵਾਸੀਆਂ ਦੇ ਸਮਰੱਥਨ ਵਿੱਚ 100 ਸਿਫਾਰਸ਼ਾਂ ਕੀਤੀਆਂ ਸਨ। ਜਸਟਿਨ ਟਰੂਡੋ ਹੋਰਾਂ ਨੇ 2015 ਵਿੱਚ ਸੱਤਾ ਸੰਭਾਲਣ ਤੋਂ ਥੋੜੇ ਦਿਨ ਬਾਅਦ ਅੱਖਾਂ ਵਿੱਚ ਅੱਥਰੂ ਭਰ ਕੇ 100 ਦੀਆਂ 100 ਸਿਫਾਰਸ਼ਾਂ ਨੂੰ ਹੂ-ਬ-ਹੂ ਲਾਗੂ ਕਰਨ ਦਾ ਪ੍ਰਣ ਲਿਆ ਸੀ। ਅੱਜ ਗੱਲ ਕਿੱਥੇ ਖੜੀ ਹੈ ਇਹ ਸੱਭਨਾਂ ਦੇ ਸਾਹਮਣੇ ਹੈ! ਕੀ ਮੂਲਵਾਸੀ ਔਰਤਾਂ ਬਾਰੇ ਪੇਸ਼ ਹੋਈ ਰਿਪੋਰਟ ਦਾ ਹਸ਼ਰ ਵੀ ਉਹੋ ਹੋਵੇਗਾ ਜੋ truth and reconciliation commission ਦੀ ਰਿਪੋਰਟ ਦਾ ਹੋਇਆ ਹੈ?


Have something to say? Post your comment