Welcome to Canadian Punjabi Post
Follow us on

16

February 2019
ਬ੍ਰੈਕਿੰਗ ਖ਼ਬਰਾਂ :
ਪੰਜਾਬ ਮੰਤਰੀ ਮੰਡਲ ਮੀਟਿੰਗ: ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਛੇ ਫੀਸਦੀ ਮਹਿੰਗਾਈ ਭੱਤਾ ਦੇਣ ਦਾ ਐਲਾਨਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਪੁਲਸ ਵਲੋ ਵੱਡੀ ਕਾਰਵਾਈ, ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਗ੍ਰਿਫਤਾਰਕੋਲੰਬੀਆ ਪੁਲਸ ਅਕੈਡਮੀ ਉੱਤੇ ਕਾਰ ਬੰਬ ਹਮਲੇ ਵਿੱਚ 10 ਮੌਤਾਂਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮ
ਸੰਪਾਦਕੀ

ਜੇ ਬਰੈਂਪਟਨ ਖਤਰੇ ਵਿੱਚ ਹੈ ਤਾਂ ਹੱਲ ਲਈ ਕੌਣ ਖੜਾ ਹੈ ਭਾਗ-4

October 05, 2018 09:20 AM
Community Safety

ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ

ਬੀਤੇ ਦਿਨਾਂ ਤੋਂ ਬਰੈਂਪਟਨ ਬਾਰੇ ਲਿਖੇ ਜਾ ਰਹੇ ਆਰਟੀਕਲਾਂ ਦਾ ਸਿਰਲੇਖ ਵਿੱਚ ਅਸੀਂ ‘ਬਰੈਂਪਟਨ ਖਤਰੇ ਵਿੱਚ ਹੈ’ ਦੇ ਬਿਰਤਾਂਤ ਨੂੰ ਮੁੱਖ ਰੱਖਿਆ ਹੈ ਜਿਸਦੇ ਅਨੇਕਾਂ ਕਾਰਣ ਹਨ ਜਿਹਨਾਂ ਦਾ ਹੱਲ ਲੋੜੀਂਦਾ ਹੈ। ਪਰ ਮਿਉਂਸੀਪਲ ਚੋਣਾਂ ਲੜ ਰਹੇ ਜਿ਼ਆਦਾਤਰ ਉਮੀਦਵਾਰਾਂ ਨੂੰ ਖਤਰਾ ਸਿਰਫ਼ ਇੱਕ ਗੱਲ ਤੋਂ ਜਾਪਦਾ ਹੈ (ਖੁਦ ਹਾਰ ਜਾਣ ਦੇ ਖਤਰੇ ਤੋਂ ਇਲਾਵਾ!)। ਉਹ ਹੈ ਕਮਿਉਨਿਟੀ ਸੇਫਟੀ ਨੂੰ ਲੈ ਕੇ ਖਤਰਾ। ਵਰਤਮਾਨ ਮੇਅਰ ਲਿੰਡਾ ਜੈਫਰੀ ਤੋਂ ਲੈ ਕੇ ਪੈਟਰਿਕ ਬਰਾਊਨ ਤੋਂ ਬਲ ਗੋਸਲ ਹੋਰਾਂ ਤੱਕ ਸਿਟੀ ਕਾਉਂਸਲ ਅਤੇ ਰੀਜਨਲ ਕਾਉਂਸਲ ਲਈ ਸਾਰੇ ਉਮੀਦਵਾਰਾਂ ਦੇ ਪਲੇਟਫਾਰਮਾਂ ਉੱਤੇ ਕਮਿਉਨਿਟੀ ਸੇਫਟੀ ਦਾ ਰੌਲਾ ਹੀ ਰੌਲਾ ਵਿਖਾਈ ਦੇ ਰਿਹਾ ਹੈ। ਜੇ ਜੁਰਮ, ਹਿੰਸਾ ਅਤੇ ਗੈਂਗਾਂ ਅਤੇ ਘਰੇਲੂ ਹਿੰਸਾ ਵਰਗੇ ਮੁੱਦੇ ਕਮਿਉਨਿਟੀ ਸੇਫਟੀ ਦਾ ਹਿੱਸਾ ਹਨ ਤਾਂ ਸ਼ਰਤੀਆ ਹੀ ਬਰੈਂਪਟਨ ਖਤਰੇ ਵਿੱਚ ਹੈ ਪਰ!

 

Peel Police
 

ਪਰ ਹੈਰਾਨੀ ਭਰੀ ਅਤੇ ਮਜ਼ੇਦਾਰ ਗੱਲ ਹੈ ਕਿ ਬਰੈਂਪਟਨ ਲਈ 2040 ਵਿਜ਼ਨ ਦਸਤਾਵੇਜ਼ ਦੇ ਜਨਮ ਦਾਤਿਆਂ ਨੂੰ ਕਮਿਉਨਿਟੀ ਸੇਫਟੀ ਦੇ ਮੁੱਦੇ ਦੀ ਭਿਣਕ ਤੱਕ ਨਹੀਂ ਪਈ। ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ 100 ਪੰਨਿਆਂ ਦੇ ਇਸ ਦਸਤਾਵੇਜ਼ ਵਿੱਚ 7 ਫੈਕਟਰ ਦਿੱਤੇ ਗਏ ਹਨ ਜਿਹਨਾਂ ਨੂੰ ਹਾਸਲ ਕਰਨ ਨਾਲ 2040 ਤੱਕ ਬਰੈਂਪਟਨ ਇੱਕ ਤੰਦਰੁਸਤ, ਨਿੱਗਰ ਆਰਥਕਤਾ ਅਤੇ ਨਰੋਈ ਜੀਵਨ ਸ਼ੈਲੀ ਵਾਲਾ ਸ਼ਹਿਰ ਬਣ ਜਾਵੇਗਾ। ਇੱਕ ਟਰਾਂਜਿ਼ਟ ਦਾ ਮਾਮਲਾ ਹੈ ਜਿਸ ਬਾਰੇ ਕਦੇ ਵਿਸਥਾਰ ਨਾਲ ਗੱਲ ਕੀਤੀ ਜਾ ਸਕਦੀ ਹੈ। 2040 ਵਿਜ਼ਨ ਵਿੱਚ ਸ਼ਹਿਰ ਦੇ ਲੱਗਭੱਗ ਇੱਕ ਚੌਥਾਈ ਹਿੱਸੇ ਲਈ ਟਰਾਂਜਿ਼ਟ ਦੀ ਕੋਈ ਯੋਜਨਾ ਹੀ ਤਜਵੀਜ਼ ਨਹੀਂ ਕੀਤੀ ਗਈ। ਇਸ ਬਾਰੇ ਅਸੀਂ ਆਰਟੀਕਲ ਦੇ ਅਖੀਰ ਵਿੱਚ ਥੋੜਾ ਜਿ਼ਕਰ ਕਰਾਂਗੇ ਕਿਉਂਕਿ ਕਮਿਉਨਿਟੀ ਸੇਫਟੀ ਦਾ ਮੁੱਦਾ ਵੀ ਟਰਾਂਜਿ਼ਟ ਨਾਲੋਂ ਤੋੜ ਕੇ ਨਹੀਂ ਵੇਖਿਆ ਜਾ ਸਕਦਾ।

 

ਸੱਭ ਤੋਂ ਪਹਿਲਾਂ ਕੁੱਝ ਤੱਥਾਂ ਉੱਤੇ ਝਾਤੀ ਮਾਰਦੇ ਹਾਂ। ਸਾਲ 2018 ਵਿੱਚ ਹੁਣ ਤੱਕ ਬਰੈਂਪਟਨ ਅਤੇ ਮਿਸੀਸਾਗਾ ਵਿੱਚ 21 ਕਤਲ ਹੋ ਚੁੱਕੇ ਹਨ ਹਾਲੇ ਇਸ ਸਾਲ ਦੇ ਤਿੰਨ ਮਹੀਨੇ ਬਾਕੀ ਹਨ ਜਿਹਨਾਂ ਵਿੱਚੋਂ 13 ਕਤਲਾਂ ਦਾ ਹਿੱਸਾ ਬਰੈਂਪਟਨ ਦੇ ਸਿਰ ਜਾਂਦਾ ਹੈ। ਹਿੰਸਾ ਵਿੱਚ ਮਰਨ ਵਾਲੀਆਂ ਛੇ ਔਰਤਾਂ ਵਿੱਚੋਂ 2 ਔਰਤਾਂ ਪੰਜਾਬੀ ਮੂਲ ਦੀਆਂ ਸਨ। ਬਲਜੀਤ ਕੌਰ ਥਾਂਦੀ ਅਤੇ ਉਸਦੀ ਮਾਤਾ ਅਵਤਾਰ ਕੌਰ ਨੂੰ ਬਲਜੀਤ ਦੇ ਪਤੀ ਦਲਵਿੰਦਰ ਸਿੰਘ ਥਾਂਦੀ ਨੇ ਆਪਣੇ ਘਰ ਵਿੱਚ ਸਾਲ ਦੇ ਆਰੰਭ (ਜਨਵਰੀ) ਵਿੱਚ ਮਾਰ ਦਿੱਤਾ ਸੀ। 21 ਸਾਲਾ ਪੱਵਿਤਰ ਸਿੰਘ ਬਾਸੀ ਨੂੰ ਸੈਂਡਲਵੁੱਡ ਹਾਈਟਸ ਸਕੂਲ ਦੇ ਅਹਾਤੇ ਵਿੱਚ ਕਈ ਬੰਦਿਆਂ ਨੇ ਮਾਰ ਕੁੱਟ ਕਰਕੇ ਜਾਨੋਂ ਖਤਮ ਕਰ ਦਿੱਤਾ ਸੀ। ਪਲਵਿੰਦਰ ਸਿੰਘ ਉਮਰ 27 ਸਾਲ ਨੂੰ ਚਾਰ ਨਾਬਾਲਗ ਬੱਚਿਆਂ ਦੇ ਗੁੱਟ ਵੱਲੋਂ ਉਸਦੇ ਘਰ ਦੀਆਂ ਬਰੂਹਾਂ ਉੱਤੇ ਗੋਲੀਆਂ ਨਾਲ ਮਾਰ ਮੁਕਾਇਆ ਗਿਆ। 73 ਸਾਲਾ ਅਮਰਜੀਤ ਭਟਨਾਗਰ ਨੂੰ ਪਾਰਕ ਵਿੱਚ ਐਨਾ ਕੁੱਟਿਆ ਮਾਰਿਆ ਗਿਆ ਕਿ ਹਸਪਤਾਲ ਜਾ ਕੇ ਉਸਦੀ ਮੌਤ ਹੋ ਗਈ।

 

Brampton Transit concept
 

ਮਿਉਂਸੀਪਲ ਚੋਣਾਂ ਲੜ ਰਹੇ ਸਾਰੇ ਉਮੀਦਵਾਰ ਜੁਰਮ ਘੱਟ ਕਰਨ ਲਈ ਪੁਲੀਸ ਨਫ਼ਰੀ ਵਧਾਉਣ ਦੀ ਗੱਲ ਕਰਦੇ ਹਨ। ਸੋਚਿਆ ਜਾਵੇ ਤਾਂ ਉੱਪਰ ਦਿੱਤੇ ਗਏ ਕਤਲਾਂ ਨੂੰ ਰੋਕਣ ਲਈ ਵਧੀ ਹੋਈ ਪੁਲੀਸ ਦੀ ਨਫ਼ਰੀ ਕਿੰਨੀ ਕੁ ਕਾਰਗਰ ਹੋ ਸਕਦੀ ਸੀ? ਪੁਲੀਸ ਦੀ ਮੌਜੂਦਗੀ ਸੜਕਾਂ ਗਲੀਆਂ ਉੱਤੇ ਭੈਅ ਦਾ ਮਾਹੌਲ ਪੈਦਾ ਕਰ ਸਕਦੀ ਹੈ ਜਿਸਦਾ ਆਪਣਾ ਇੱਕ ਰੋਲ ਹੁੰਦਾ ਹੈ ਪਰ ਜੁਰਮ ਦੇ ਮੂਲ ਮੁੱਦੇ ਨੂੰ ਖਤਮ ਕਰਨ ਲਈ ਵੱਖਰੀ ਪਹੁੰਚ ਦੀ ਲੋੜ ਹੈ ਜਿਸ ਬਾਰੇ ਜਿ਼ਆਦਾਤਰ ਉਮੀਦਵਾਰ ਗੱਲ ਤੱਕ ਨਹੀਂ ਕਰ ਰਹੇ।

 

ਪੀਲ ਪੁਲੀਸ ਕੋਲ ਇਸ ਵਕਤ 2036 ਵਰਦੀਧਾਰੀ ਅਤੇ 847 ਸਿਵਲੀਅਨ ਅਫਸਰ ਹਨ ਜਿਹਨਾਂ ਨੇ ਪਿਛਲੇ ਸਾਲ 789 ਗੱਡੀਆਂ ਵਰਤਦੇ ਹੋਏ ਮਿਸੀਸਾਗਾ ਅਤੇ ਬਰੈਂਪਟਨ ਵਿੱਚ ਹਿੰਸਾ ਅਤੇ ਜੁਰਮ ਨੂੰ ਘੱਟ ਕਰਨ ਲਈ 1 ਕਰੋੜ 50 ਲੱਖ (15 ਮਿਲੀਅਨ) ਕਿਲੋਮੀਟਰ ਗੱਡੀਆਂ ਭਜਾਈਆਂ। 429 ਪਿਸਤੌਲ ਅਤੇ ਹੋਰ ਹਥਿਆਰ ਫੜੇ ਅਤੇ 15000 ਲੋਕਾਂ ਨੂੰ ਵੱਖ ਵੱਖ ਜੁਰਮਾਂ ਲਈ ਚਾਰਜ ਕੀਤਾ। ਚਾਰਜ ਕੀਤੇ ਗਏ ਕੁੱਲ ਵਿਅਕਤੀਆਂ ਦਾ 12% ਹਿੱਸਾ 12 ਸਾਲਾਂ ਤੋਂ 17 ਸਾਲਾਂ ਦੇ ਦਰਮਿਆਨ ਦੇ ਯੂਥ ਸਨ। ਇਹ ਗਿਣਤੀ 1800 ਬਣਦੀ ਹੈ। ਯੂਥ ਨੂੰ ਐਨੀ ਵੱਡੀ ਗਿਣਤੀ ਵਿੱਚ ਚਾਰਜ ਕੀਤਾ ਜਾਣਾ ਦੱਸਦਾ ਹੈ ਕਿ ਲੋੜ ਪੁਲੀਸ ਨਫ਼ਰੀ ਵਧਾਉਣ ਦੀ ਨਹੀਂ ਸਗੋਂ ਜੁਰਮ ਨੂੰ ਪੈਦਾ ਕਰਨ ਤੋਂ ਰੋਕਣ ਲਈ ਠੋਸ ਕਦਮ ਚੁੱਕੇ ਜਾਣ ਦੀ ਹੈ।

 

ਪੁਲੀਸ ਦੀ ਨਫ਼ਰੀ ਵਧਾਉਣ ਦਾ ਇੱਕ ਅਰਥ ਹੋਵੇਗਾ ਕਿ 391 ਮਿਲੀਅਨ ਡਾਲਰ ਸਾਲਾਨਾ ਬੱਜਟ ਵਾਲੀ ਪੀਲ ਪੁਲੀਸ ਨੂੰ ਹੋਰ ਡਾਲਰਾਂ ਦੀ ਲੋੜ। ਕੋਈ ਉਮੀਦਵਾਰ ਨਹੀਂ ਦੱਸ ਰਿਹਾ ਕਿ ਕਮਿਉਨਿਟੀ ਸੇਫਟੀ ਮੁਫਤ ਵਿੱਚ ਨਹੀਂ ਸਗੋਂ ਤੁਹਾਨੂੰ ਟੈਕਸ ਦੇ ਡਾਲਰਾਂ ਰਾਹੀਂ ਮਹਿੰਗੇ ਭਾਅ ਖਰੀਦਣੀ ਹੋਵੇਗੀ। ਇਹਨਾਂ ਧੰਨਤਰਾਂ ਦੀ ਯੋਜਨਾ ਫੇਰ ਵੀ ਕੰਮ ਕਰੇਗੀ ਜਾਂ ਨਹੀਂ, ਉਸਦਾ ਕਿਸੇ ਨੂੰ ਕੋਈ ਪਤਾ ਨਹੀਂ।

 

ਘਰੇਲੂ ਹਿੰਸਾ ਨੂੰ ਜਾਂ ਨਸਲੀ ਹਿੰਸਾ ਵਰਗੇ ਮਸਲਿਆਂ ਨੂੰ ਪੁਲੀਸ ਨਫ਼ਰੀ ਵਧਾ ਕੇ ਹੱਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਘਟਨਾਵਾਂ ਲੋਕਾਂ ਦੇ ਪਰਿਵਾਰਾਂ, ਬੈੱਡ ਰੂਮਾਂ ਜਾਂ ਦਫ਼ਤਰਾਂ, ਕੰਮਕਾਜ ਦੇ ਥਾਵਾਂ ਉੱਤੇ ਵਾਪਰਦੀਆਂ ਹਨ। ਇਹਨਾਂ ਥਾਵਾਂ ਉੱਤੇ ਕਮਿਉਨਿਟੀ ਮੈਂਬਰਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਲਈ ਲੋਕਾਂ ਵਿੱਚ ਕਨੂੰਨ ਦੇ ਡੰਡੇ ਦਾ ਡਰ ਹੋਣਾ ਲਾਜ਼ਮੀ ਹੈ। ਬਰੈਂਪਟਨ ਨੂੰ ਬਾਕੀ ਕੈਨੇਡਾ ਵਾਗੂੰ ਲੋੜ ਹੈ ਉਹਨਾਂ ਕਨੂੰਨਾਂ ਦੀ ਜਿਹਨਾਂ ਨਾਲ ਮੁਜਰਮ ਨੂੰ ਡਰ ਰਹੇ ਕਿ ਉਸ ਵੱਲੋਂ ਕੀਤੇ ਅਪਰਾਧ ਦੇ ਸਿੱਟੇ ਮਾਰੂ ਹੋ ਸਕਦੇ ਹਨ। ਇਸਤੋਂ ਇਲਾਵਾ ਜੁਰਮ ਪੈਦਾ ਹੋਣ ਦੇ ਕਾਰਣਾਂ ਦੀ ਥਾਹ ਲਾਉਣ ਦੀ ਲੋੜ ਹੋਵੇਗੀ ਜਿਸ ਵਿੱਚ ਗਰੀਬੀ ਦੂਰ ਕਰਨਾ, ਰੁਜ਼ਗਾਰ ਦੇ ਅਵਸਰ ਪੈਦਾ ਕਰਨਾ, ਵਿੱਦਿਆ ਨੂੰ ਕਮਿਉਨਿਟੀ ਪਹਿਲ ਦਾ ਰੁਤਬਾ ਦੇਣਾ, ਭਾਈਚਾਰਿਆਂ ਵਿੱਚ ਆਪਸੀ ਸਾਂਝ ਪੈਦਾ ਕਰਨ ਦੇ ਉੱਦਮਾਂ ਨੂੰ ਹੱਲਾਸ਼ੇਰੀ ਦੇਣਾ ਆਦਿ ਸ਼ਾਮਲ ਹਨ।

 

ਸਾਡੇ ਲੀਡਰਾਂ ਦੀ ਦੂਰਦ੍ਰਿਸ਼ਟੀ ਦੇ ਸਦਕੇ ਜਾਣ ਨੂੰ ਜੀਅ ਕਰਦਾ ਹੈ ਕਿ ਕਮਿਉਨਿਟੀ ਸੇਫਟੀ ਨੂੰ ਲੈ ਕੇ ਉੱਠ ਰਹੀਆਂ ਗੱਲਾਂ ਅਤੇ ਮੁੱਦਿਆਂ ਦਾ ਬਰੈਂਪਟਨ 2040 ਵਿਜ਼ਨ ਦਸਤਾਵੇਜ਼ ਵਿੱਚ ਜਿ਼ਕਰ ਤੱਕ ਨਹੀਂ ਹੈ। ਆਮ ਵੋਟਰ ਸੁਆਲ ਕਰ ਸਕਦਾ ਹੈ ਕਿ ਚੋਣਾਂ ਵੇਲੇ ਉਮੀਦਵਾਰਾਂ ਨੂੰ ਅਚਾਨਕ ਕਮਿਉਨਿਟੀ ਸੇਫਟੀ ਦਾ ਹੇਜ ਕਿਉਂ ਜਾਗ ਪਿਆ? ਕੀ ਉਹ ਲੋਕਾਂ ਨੂੰ ਉੱਲੂ ਬਣਾ ਰਹੇ ਹਨ ਜਾਂ ਲੋਕ ਉੱਲੂ ਹੀ ਹਨ ਅਤੇ ਇਹਨਾਂ ਉਮੀਦਾਵਾਰਾਂ ਨੂੰ ਕਿਸੇ ਨੂੰ ਕੁੱਝ ਬਣਾਉਣ ਦੀ ਲੋੜ ਹੀ ਨਹੀਂ ਪੈ ਰਹੀ?

 

ਜਿਵੇਂ ਆਰਟੀਕਲ ਦੇ ਆਰੰਭ ਵਿੱਚ ਲਿਖਿਆ ਗਿਆ ਹੈ, ਬਰੈਂਪਟਨ 2040 ਵਿਜ਼ਨ ਵਿੱਚ ਟਰਾਂਜਿ਼ਟ ਦੀ ਖੂਬ ਚਰਚਾ ਹੈ। ਦੋ ਕਿਸਮ ਦੇ ਟਰਾਂਜਿ਼ਟ ਸਿਸਟਮਾਂ ਰੇਪਿਡ ਟਰਾਂਜਿ਼ਟ ਅਤੇ ਜ਼ੂਮ ਉੱਤੇ ਵਧੇਰੇ ਜੋਰ ਦਿੱਤਾ ਗਿਆ ਹੈ ਜ਼ੂਮ ਅਤੇ ਰੇਪਿਡ ਟਰਾਂਜਿ਼ਟ। ਜੂ਼ਮ ਮਿਸੀਸਾਗਾ ਰੋਡ ਤੋਂ ਬੋਵੇਰਡ ਅਤੇ ਸਟੀਲਜ਼ ਉੱਤੇ ਪਹਿਲਾਂ ਹੀ ਚੱਲ ਰਹੀ ਹੈ। ਅਗਲੇ 20 ਸਾਲ ਵਿੱਚ ਥੋੜੇ ਬਹੁਤੇ ਵਿਸਥਾਰ ਨੂੰ ਛੱਡ ਕੇ ਜ਼ੂਮ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਣਾ। ਰੇਪਿਡ ਟਰਾਂਜਿ਼ਟ ਵਿੱਚ ਉਹ ਮਹਾਨ ਐਲ ਆਰ ਟੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿਸ ਵਾਸਤੇ ਮਿਲਣ ਵਾਲੇ 500 ਮਿਲੀਅਨ ਤੋਂ ਵੱਧ ਡਾਲਰਾਂ ਨੂੰ ਸਿਟੀ ਕਾਉਂਸਲ ਆਪੋ ਵਿੱਚ ਲੜ ਝਗੜ ਕੇ ਲੱਤ ਮਾਰ ਚੁੱਕੀ ਹੈ। ਰੇਪਿਡ ਟਰਾਂਜਿ਼ਟ ਦਾ ਦੂਜਾ ਹਿੱਸਾ ਕੁਈਨ ਉੱਤੇ ਚਲਾਏ ਜਾਣ ਦੀ ਤਜਵੀਜ਼ ਹੈ ਜਿਸ ਵਾਸਤੇ ਮੁੱਢੋਂ ਸੁੱਢੌਂ ਨਵੀਂ ਵਿਉਂਤਬੰਦੀ ਕਰਨੀ ਹੋਵੇਗੀ। ਹੈਰਾਨੀ ਦੀ ਗੱਲ ਹੈ ਕਿ ਮਿਸੀਸਾਗਾ ਤੋਂ ਲੈ ਕੇ ਵਾ੍ਹਹਨ ਅਤੇ ਮੇਅਫੀਲਡ ਤੋਂੇ ਬੋਵੇਰਡ ਦਰਮਿਆਨ ਪੂਰੇ ਦੇ ਪੂਰੇ ਹਿੱਸੇ ਲਈ ਟਰਾਂਜਿ਼ਟ ਵਿਸਥਾਰ ਦਾ ਕੋਈ ਜਿ਼ਕਰ ਤੱਕ ਵੀ ਨਹੀਂ ਹੈ। ਇਹ ਹਿੱਸਾ ਕੁੱਲ ਬਰੈਂਪਟਨ ਦਾ ਲੱਗਭੱਗ ਇੱਕ ਚੌਥਾਈ ਬਣਦਾ ਹੈ। ਅਜਿਹੀਆਂ ਸੋਚਾਂ ਕਾਰਣ ਸ਼ਰਤੀਆ ਹੀ ਆਖਿਆ ਜਾ ਸਕਦਾ ਹੈ ਕਿ ਬਰੈਂਪਟਨ ਖਤਰੇ ਵਿੱਚ ਹੈ।

......ਸਮਾਪਤ

Have something to say? Post your comment