ਸ਼ਿਲਪਾ ਸ਼ੈਟੀ ਦੀਆਂ ਸਭ ਤੋਂ ਹਿੱਟ ਫਿਲਮਾਂ 'ਚ ‘ਬਾਜੀਗਰ’ ਵੀ ਸ਼ਾਮਲ ਹੈ, ਜਿਸ ਵਿੱਚ ਉਸ ਨੇ ਸ਼ਾਹਰੁਖ ਖਾਨ ਤੇ ਕਾਜੋਲ ਨਾਲ ਲੀਡ ਰੋਲ ਕੀਤਾ ਸੀ। ਇਸ ਵਿੱਚ ਕਾਜੋਲ ਤੇ ਸ਼ਿਲਪਾ ਦੋਵੇਂ ਸਕੀਆਂ ਭੈਣਾਂ ਬਣੀਆਂ ਸਨ। ਫਿਲਮ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਕਾਰੋਬਾਰ ਕੀਤਾ ਸੀ, ਜੋ ਇੱਕ ਬਲਾਕ ਬਸਟਰ ਫਿਲਮ ਸਾਬਤ ਹੋਈ ਸੀ। ਇਸ ਫਿਲਮ ਦਾ ਇੱਕ ਗੀਤ ‘ਯੇ ਕਾਲੀ ਕਾਲੀ ਆਂਖੇ’ ਸੁਪਰਹਿੱਟ ਹੋਇਆ ਸੀ। ਪਿੱਛੇ ਜਿਹੇ ਛੋਟੇ ਪਰਦੇ ਦੇ ਇੱਕ ਡਾਂਸ ਰਿਐਲਟੀ ਸ਼ੋਅ 'ਤੇ ਜਦੋਂ ‘ਬਾਜੀਗਰ’ ਦਾ ਇਹ ਗੀਤ ਵੱਜਿਆ ਤਾਂ ਸ਼ਿਲਪਾ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਉਠੀਆਂ ਤੇ ਉਸ ਨੇ ਕੁਝ ਦਿਲਚਸਪ ਖੁਲਾਸੇ ਕੀਤੇ। ਉਸ ਨੇ ਦੱਸਿਆ ਕਿ ਉਹ ਆਪਣੀ ਡੈਬਿਊ ਫਿਲਮ ‘ਬਾਜੀਗਰ’ ਦੀ ਸ਼ੂਟਿੰਗ ਦੌਰਾਨ ਕਾਜੋਲ ਦੀ ਵਜ੍ਹਾ ਨਾਲ ਬਹੁਤ ਅਪਸੈਟ ਸੀ। ਇਸ ਫਿਲਮ ਦਾ ਗੀਤ ‘ਯੇ ਕਾਲੀ ਕਾਲੀ ਆਂਖੇ’ ਉਸ ਨੂੰ ਬਹੁਤ ਪਸੰਦ ਸੀ। ਇਹ ਉਸ ਦੇ ਕਰੀਅਰ ਦੀ ਪਹਿਲੀ ਫਿਲਮ ਸੀ ਅਤੇ ਉਹ ਚਾਹੁੰਦੀ ਸੀ ਕਿ ਇਹ ਗੀਤ ਉਸ 'ਤੇ ਫਿਲਮਾਇਆ ਜਾਏ, ਪਰ ਇਸ ਨੂੰ ਕਾਜੋਲ ਉੱਤੇ ਫਿਲਮਾਇਆ ਗਿਆ। ਇਸ ਵਜ੍ਹਾ ਨਾਲ ਉਹ ਕਾਜੋਲ ਨਾਲ ਨਾਰਾਜ਼ ਹੋ ਗਈ ਸੀ।
ਸ਼ਿਲਪਾ ਨੇ ਕਿਹਾ, ਅਸੀਂ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ ਤੇ ਇਹ ਗੀਤ ‘ਕਾਲੀ ਕਾਲੀ ਆਂਖੇ' ਮੇਰੀ ਬਜਾਏ ਕਾਜੋਲ 'ਤੇ ਫਿਲਮਾਇਆ ਜਾ ਰਿਹਾ ਹੈ। ਮੈਂ ਇੰਨੀ ਹੈਰਾਨ ਸੀ ਕਿ ਜਦੋਂ ਕਾਜੋਲ ਦੀਆਂ ਅੱਖਾਂ ਦਾ ਇਸ ਗੀਤ ਨਾਲ ਕੋਈ ਮੇਲ ਹੀ ਨਹੀਂ ਤਾਂ ਫਿਰ ਉਸ 'ਤੇ ਇਹ ਕਿਉਂ ਫਿਲਮਾਇਆ ਗਿਆ ਹੈ। ਸ਼ਿਲਪਾ ਨੇ ਹੱਸਦੇ ਹੋਏ ਕਿਹਾ, ਜਦੋਂ ਇਹ ਗੀਤ ਸੁਪਰਹਿੱਟ ਹੋ ਗਿਆ ਤਾਂ ਮੈਂ ਹੋਰ ਵੀ ਜ਼ਿਆਦਾ ਦੁਖੀ ਹੋਈ ਸੀ। ਇਸ ਤੋਂ ਪਹਿਲਾਂ ਸ਼ਿਲਪਾ ਨੇ ਖੁਲਾਸਾ ਕੀਤਾ ਸੀ ਕਿ ਉਸ ਦੀ ਡੈਬਿਊ ਫਿਲਮ ‘ਬਾਜੀਗਰ’ ਨਹੀਂ ‘ਗਾਤਾ ਰਹੇ ਮੇਰਾ ਦਿਲ’ ਹੁੰਦੀ, ਪਰ ਇਹ ਕਿਸੇ ਕਾਰਨ ਪੂਰੀ ਨਹੀਂ ਹੋ ਸਕੀ ਤੇ ਇਸ ਤੋਂ ਬਾਅਦ ਉਸ ਨੇ ‘ਬਾਜੀਗਰ’ ਨਾਲ ਐਕਟਿੰਗ ਜਗਤ 'ਚ ਕਦਮ ਰੱਖਿਆ ਸੀ।