ਚੰਡੀਗੜ੍ਹ , 26 ਮਈ (ਪੋਸਟ ਬਿਊਰੋ)- ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ (ਡੀਐਫਐਸਸੀ) ਅੰਮਿ੍ਰਤਸਰ ਏ.ਪੀ. ਸਿੰਘ ਨੂੰ ਗਿ੍ਰਫਤਾਰ ਕੀਤਾ ਹੈ, ਜਿਸ ਨੇ ਹੋਰਨਾਂ ਅਧਿਕਾਰੀਆਂ ਅਤੇ ਵੀਰੂਮੱਲ ਮਿਲਖ ਰਾਜ ਚੌਲ ਮਿੱਲ ਦੇ ਮਾਲਕ ਨਾਲ ਮਿਲ ਕੇ ਸਰਕਾਰੀ ਖਜ਼ਾਨੇ ਵਿੱਚ 40 ਕਰੋੜ ਰੁਪਏ ਦਾ ਘਪਲਾ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਈ.ਓ.ਡਬਲਿਊ, ਵਿਜੀਲੈਂਸ ਬਿਊਰੋ, ਸਿੱਟ (ਵਿਸ਼ੇਸ਼ ਜਾਂਚ ਟੀਮ) ਨੇ ਦੋਸ਼ੀ ਡੀ.ਐਫ.ਐਸ.ਸੀ. ਨੂੰ ਪਟਿਆਲਾ ਤੋਂ ਗਿ੍ਰਫਤਾਰ ਕੀਤਾ ਹੈ ਜੋ ਕਿ ਗਿ੍ਰਫ਼ਤਾਰੀ ਦੇ ਡਰੋਂ ਫਰਾਰ ਸੀ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਜ਼ਿਲ੍ਹਾ ਪੁਲਿਸ ਤੋਂ ਇਸ ਕੇਸ ਦੀ ਜਾਂਚ ਆਪਣੇ ਹੱਥ ਵਿੱਚ ਲਈ ਗਈ ਸੀ। ਝੋਨੇ ਦੇ ਘੁਟਾਲੇ ਦੇ ਇਸ ਮਾਮਲੇ ਵਿੱਚ ਹੋਰ ਸਹਿ-ਦੋਸ਼ੀ ਜਿਨ੍ਹਾਂ ਵਿੱਚ ਜਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਅਧਿਕਾਰੀ ਰਮਿੰਦਰ ਸਿੰਘ ਬਾਠ ਅਤੇ ਸਹਾਇਕ ਖੁਰਾਕ ਅਤੇ ਸਿਵਲ ਸਪਲਾਈ ਅਧਿਕਾਰੀ ਵਿਪਨ ਸ਼ਰਮਾ ਅਤੇ ਫੂਡ ਇੰਸਪੈਕਟਰ ਗੁਰਜਿੰਦਰ ਸਿੰਘ ਸ਼ਾਮਲ ਹਨ, ਨੂੰ ਬਿਊਰੋ ਵੱਲੋਂ ਪਹਿਲਾਂ ਹੀ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਕੁਝ ਵਿਅਕਤੀ ਅਜੇ ਵੀ ਫਰਾਰ ਹਨ।