Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਇਹੋ ਜਿਹੀ ਸੀ ਸਾਡੀ ਭੂਆ ਜਵਾਲੀ

May 24, 2019 09:08 AM

-ਦਇਆ ਸਿੰਘ ਸੰਧੂ
ਵੱਡੇ ਬਾਬੇ (ਪੜਦਾਦਾ ਜੀ) ਦੇ ਦੱਸਣ ਮੁਤਾਬਕ ਉਨ੍ਹਾਂ ਦੀ ਇੱਕ ਭੂਆ ਹੁੰਦੀ ਸੀ, ‘ਭੂਆ ਜਵਾਲੀ’। ਪੰਜ ਭਰਾਵਾਂ ਦੀ ਇੱਕੋ ਇੱਕ ਭੈਣ, ਜੋ ਪੰਜਾਂ ਤੋਂ ਵੱਡੀ ਸੀ। ਬਾਪ ਵੱਲੋਂ ਪੁੱਤਰਾਂ ਨਾਲੋਂ ਵੀ ਵੱਧ ਲਾਡ ਨਾਲ ਪਾਲੀ ਧੀ ਦਾ ਕੱਦ ਛੇ ਫੁੱਟ ਰੰਗ ਗੋਰਾ। ਅੱਜਕੱਲ੍ਹ ਦੇ ਸਮੇਂ ਹੁੰਦੀ ਤਾਂ ਇੰਟਰਨੈਸ਼ਨਲ ਖਿਡਾਰਨ ਹੋਣੀ ਸੀ। ਪੰਜ ਸੱਤ ਮੱਝਾਂ ਦੀਆਂ ਧਾਰਾਂ ਕੱਢਣ ਵਾਲੀ। ਧਾਰ ਕਢਦੀ-ਕਢਦੀ ਮੱਝ ਦੇ ਥਣ ਨੂੰ ਮੂੰਹ ਲਾ ਕੇ ਦੁੱਧ ਵੀ ਪੀ ਜਾਂਦੀ। ਭਰਾਵਾਂ ਤੇ ਪੂਰਾ ਰੋਹਬ ਰਖਦੀ। ਬਾਪ ਦੀ ਲਾਡਲੀ ਧੀ ਸੀ। ਮਜਾਲ ਏ ਕਿਸੇ ਦੀ ਕਿ ਕੋਈ ਘਰ ਦਾ ਜੀਅ ਉਸ ਅੱਗੇ ਬੋਲ ਵੀ ਸਕੇ। ਖੈਰ! ਛੇਤੀ ਹੀ 15 ਕੁ ਸਾਲ ਦੀ ਉਮਰ ਵਿੱਚ ਹੀ ਵਿਆਹੁਣ ਯੋਗ ਹੋ ਗਈ। ਉਨ੍ਹਾਂ ਸਮਿਆਂ ਵਿੱਚ ਨਾਈ ਰਿਸ਼ਤੇ ਜੋੜਦੇ ਸਨ।
ਨਾਈ ਨੂੰ ਪੱਕੀ ਤਾਕੀਦ ਕੀਤੀ ਗਈ ਕਿ ‘ਜਵਾਲੀ’ ਦਾ ਵਰ ਬਰਾਬਰ ਦਾ ਮਿਲੇ। ਕਾਫੀ ਨੱਠ ਭੱਜ ਪਿੱਛੋਂ ਲਾਹੌਰ ਦੇ ਨੇੜੇ ਇੱਕ ਰਿਸ਼ਤਾ ਮਿਲਿਆ। ‘ਬਖਤੌਰਾ’ ਨਾਮ ਸੀ ਉਸ ਗੱਭਰੂ ਦਾ। ਭੂਆ ਜਵਾਲੀ ਦੇ ਬਿਲਕੁਲ ਹਾਣ ਦਾ ਸੀ। ਛੇ ਫੁੱਟ ਤੋਂ ਵੀ ਉਚਾ ਕੱਦ ਤੇ 16 ਸਾਲ ਦੀ ਉਮਰ ਵਿੱਚ ਜਵਾਲੀ ਤੇ ਬਖਤੌਰੇ ਦਾ ਵਿਆਹ ਹੋ ਗਿਆ। ਲਾੜੇ ਨੂੰ ਢੁਕਾਅ ਵੇਲੇ ਜਦ ਪਿੰਡ ਵਾਲਿਆਂ ਵੇਖਿਆ ਤਾਂ ਸਾਰੇ ਪਿੰਡ ਨੂੰ ਚਾਅ ਚੜ੍ਹ ਗਿਆ। ਦੋ ਰਾਤਾਂ ਬਰਾਤ ਰੱਖੀ ਗਈ। ਇੱਕ ਕੁਇੰਟਲ ਬੂਰਾ ਖੰਡ ਤੇ ਪੀਪੇ ਦੇਸੀ ਘਿਓ ਦੇ ਬਰਾਤ ਦੀ ਸੇਵਾ ਵਿੱਚ ਲਾ ਦਿੱਤੇ। ਕਾਫੀ ਸੋਨਾ ਦਾਜ ਵਿੱਚ ਦਿੱਤਾ ਗਿਆ। ਜੋੜੀ ਮੱਝਾਂ ਦੀ ਤੇ ਇੱਕ ਘੋੜੀ ਵੀ ਦਾਜ ਵਿੱਚ ਦਿੱਤੀ ਗਈ। ਉਹ ਘੋੜੀ ਜਿਸ ਦੀ ਸਵਾਰੀ ਖੇਤ ਜਾਣ ਵੇਲੇ ‘ਜਵਾਲੀ’ ਖੁਦ ਕਰਦੀ ਸੀ।
ਵਿਆਹ ਤੋਂ ਕੁਝ ਸਾਲ ਬਾਅਦ ਭੂਆ ਜਵਾਲੀ ਦੇ ਘਰ ਪੁੱਤਰ ਨੇ ਜਨਮ ਲਿਆ। ਹਾਲੇ ਪੁੱਤਰ ਦੀ ਖੁਸ਼ੀ ਮਨਾ ਰਹੇ ਸੀ ਕਿ ਫੁੱਫੜ ‘ਬਖਤੌਰੇ' ਦੀ ਅਸਮਾਨੀ ਬਿਜਲੀ ਡਿੱਗਣ ਕਰ ਕੇ ਮੌਤ ਹੋ ਗਈ। ਬੱਸ ਫਿਰ ਕੀ ਸੀ ਪੈ ਗਿਆ ਰੋਣਾ ਧੋਣਾ। ਭੂਆ ਜਵਾਲੀ ਨੂੰ ਪਤੀ ਦੇ ਮਰਨ ਦਾ ਦੁੱਖ ਤਾਂ ਹੋਣਾ ਸੀ, ਨਾਲ ਇੱਕ ਹੋਰ ਮੁਸੀਬਤ ਮੂੰਹ ਅੱਡੀ ਖੜੀ ਸੀ। ਉਹ ਕੀ ਸੀ? ਫੁੱਫੜ ਬਖਤੌਰੇ ਦਾ ਛੋਟਾ ਭਰਾ ਪਿਛੌਰਾ, ਜੋ ਇੱਕ ਅੱਖ ਮੀਚਦਾ ਸੀ ਅਤੇ ਮੂੰਹ ਉੱਤੇ ਮਾਤਾ ਦੇ ਦਾਗ। ਵਿਆਹ ਤੋਂ ਫੁੱਫੜ ਬਖਤੌਰੇ ਦੀ ਮੌਤ ਤੱਕ ਭੂਆ ਜਵਾਲੀ ਆਪਣੇ ਦਿਓਰ ਨੂੰ ਕਾਣਾ ਆਖ ਕੇ ਬੁਲਾਉਂਦੀ ਰਹੀ ਤੇ ਇਹ ਵੀ ਕਹਿੰਦੀ ਹੁੰਦੀ ਸੀ ਕਿ ‘‘ਕਾਣਿਆਂ ਉਹ ਗਈ ਗਵਾਤੀ ਰੰਨ ਹੋਊ, ਜੋ ਤੇਰੇ ਨਾਲ ਵਿਆਹ ਕਰਾਊ।” ਕੁਦਰਤ ਦੇ ਰੰਗ ਵੇਖੋ, ਉਸ ਨੇ ਭੂਆ ਜਵਾਲੀ ਦਾ ਹੰਕਾਰ ਤੋੜ ਦਿੱਤਾ। ਭੋਗ ਦੀ ਰਸਮ ਸਤ੍ਹਾਰਾਂ ਦਿਨ ਬਾਅਦ ਹੋਈ ਤੋਂ ਛੇਤੀ ਪਿੱਛੋਂ ਪਿਛੌਰੇ ਤੇ ਭੂਆ ਜਵਾਲੀ ਦੀ ਚਾਦਰ ਪਾਉਣ (ਵਿਆਹ) ਦੀ ਕਰਵਾਈ ਹੋ ਗਈ। ਉਨ੍ਹਾਂ ਦੇ ਘਰ ਇੱਕ ਸਾਲ ਬਾਅਦ ਸਾਲ-ਸਾਲ ਦੀ ਵਿੱਥ ਉਤੇ ਇੱਕ ਧੀ ਅਤੇ ਇੱਕ ਪੁੱਤਰ ਨੇ ਜਨਮ ਲਿਆ। ਭਾਵੇਂ ਪਿਛੌਰਾ ਤੇ ਭੂਆ ਜਵਾਲੀ ਪਤੀ ਪਤਨੀ ਬਣ ਗਏ ਸਨ, ਪਰ ਭੂਆ ਜਵਾਲੀ ਉਸ ਨੂੰ ਕਾਣਾ ਹੀ ਆਖਦੀ ਸੀ।
ਪਿਛੌਰਾ ਭਾਣਾ ਮੰਨ ਕੇ ਸਮਾਂ ਲੰਘਾਉਂਦਾ ਰਿਹਾ। ਉਹ ਜਦ ਸਾਡੇ ਪਿੰਡ (ਆਪਣੇ ਸਹੁਰੇ ਪਿੰਡ) ਆਉਂਦਾ ਤਾਂ ਇੱਕ ਵਧੀਆ ਤੁਰਲੇ ਵਾਲੀ ਚਿੱਟੀ ਮਾਵਾ ਲੱਗੀ ਪੱਗ ਬੰਨ੍ਹ ਕੇ ਆਉਂਦਾ। ਉਸ ਦੇ ਪੰਜ ਸਾਲੇ ਉਸ ਦਾ ਬੜਾ ਸਤਿਕਾਰ ਕਰਦੇ। ਭਾਈਆ ਜੀ-ਭਾਈਆ ਜੀ ਕਰਦੇ ਰਹਿੰਦੇ (ਉਸ ਸਮੇਂ ਜੀਜੇ ਨੂੰ ਭਾਈਆ ਕਿਹਾ ਜਾਂਦਾ ਸੀ) ਉਸ ਦਾ ਸਹੁਰਾ ਵੀ ਪੁੱਤਰ-ਪੁੱਤਰ ਕਰਦਾ ਨਾ ਥਕਦਾ। ਉਹ ਕਈ ਦਿਨ ਆਪਣੇ ਸਹੁਰੇ ਘਰ ਰਹਿੰਦਾ। ਖੂਬ ਸੇਵਾ ਹੁੰਦੀ, ਪਰ ਭੂਆ ਜਵਾਲੀ ਉਸ ਨੂੰ ਕਾਣਾ ਹੀ ਆਖਦੀ, ਨੱਕ ਚੜ੍ਹਾਉਂਦੀ। ਫੁੱਫੜ ਪਿਛੌਰਾ ਭੂਆ ਜਵਾਲੀ ਦੇ ਕਹੇ ‘ਕਾਣੇ' ਸੰਬੋਧਨ ਦਾ ਭੋਰਾ ਗੁੱਸਾ ਨਾ ਕਰਦਾ। ਸ਼ਾਇਦ ਇਸ ਦੀ ਪੂਰਤੀ ਸਾਲਿਆਂ ਅਤੇ ਸਹੁਰੇ ਵੱਲੋਂ ਦਿੱਤਾ ਜਾਂਦਾ ਸਤਿਕਾਰ ਸੀ ਜਾਂ ਸੁਭਾਅ ਪੱਖੋਂ ਬਹੁਤ ਜ਼ਿਆਦਾ ਠੰਢਾ।
ਖੈਰ! ਫੱਗਣ-ਚੇਤ ਦਾ ਮਹੀਨਾ। ਭੂਆ ਜਵਾਲੀ ਦੇ ਘਰ ਖਾਣ ਲਈ ਦਾਣੇ ਮੁੱਕ ਗਏ ਕਿਉਂਕਿ ਪਿਛੌਰਾ ਵਾਹੀ ਜੋਤੀ ਠੀਕ ਢੰਗ ਨਾਲ ਨਹੀਂ ਸੀ ਕਰਦਾ। ਦਾਣੇ ਸ਼ਹਿਰੋਂ ਮੁੱਲ ਲਿਆਉਣੇ ਸਨ। ਭੂਆ ਜਵਾਲੀ ਨੇ ਮੁੰਦਰੀ ਦੇ ਕੇ ਉਸ ਨੂੰ ਸ਼ਹਿਰ ਭੇਜਿਆ। ਮੁੰਦਰੀ ਗਹਿਣੇ ਰੱਖ ਕੇ ਪਿਛੌਰੇ ਨੇ ਮਣ ਪੱਕੇ (37 ਕਿਲੋ) ਦਾਣੇ ਲੈ ਕੇ ਖੇਸ ਵਿੱਚ ਬੰਨ੍ਹ ਘੋੜੀ ਉਤੇ ਲੱਦ ਲਏ ਤੇ ਚੱਲ ਪਿਆ ਪਿੰਡ ਨੂੰ। ਰਸਤੇ ਵਿੱਚ ਖੇਸ ਦੀ ਗੰਢ ਢਿੱਲ ਹੋ ਕੇ ਖਿਸਕ ਗਈ ਅਤੇ ਦਾਣੇ ਖਿੱਲਰਨੇ ਸ਼ੁਰੂ ਹੋ ਗਏ। ਦਾਣੇ ਕਿਰਨ ਦੀ ਆਵਾਜ਼ ਨਾਲ ਘੋੜੀ ਡਰ ਕੇ ਦੌੜਨ ਲੱਗੀ। ਕਿਰਦੇ-ਕਿਰਦੇ ਸਾਰੇ ਦਾਣੇ ਘੱਟੇ ਮਿੱਟੀ ਵਿੱਚ ਰੁਲ ਗਏ। ਹਫੜਾ ਦਫੜੀ ਵਿੱਚ ਖੇਸ ਰਸਤੇ ਵਿੱਚ ਡਿੱਗ ਪਿਆ। ਜਦ ਭੂਆ ਜਵਾਲੀ ਨੂੰ ਫੁੱਫੜ ਪਿਛੌਰੇ ਨੇ ਹੋਈ ਸਾਰੀ ਘਟਨਾ ਦੱਸੀ ਤਾਂ ਰੋਣ ਹਾਕੀ ਹੋਈ ਭੂਆ ਜਵਾਲੀ ਇਹ ਕਹਿੰਦੀ ਹੋਈ ਖੂੰਡਾ ਲੈ ਕੇ ਫੁੱਫੜ ਪਿਛੌਰੇ ਦੇ ਪਿੱਛੇ ਭੱਜ ਪਈ, ‘ਕਾਣਿਆਂ ਤੈਨੂੰ ਨੁਕਸਾਨ ਕਰਨ ਨੂੰ ਰੱਖਿਐ।’ ਫੁੱਫੜ ਪਿਛੌਰਾ ਘੋੜੀ ਭਜਾ ਕੇ ਸਿੱਧਾ ਆਪਣੇ ਸਹੁਰੇ ਘਰ ਪਹੁੰਚ ਗਿਆ। ਸਹੁਰੇ ਘਰ ਪਹੁੰਚ ਕੇ ਬਿਨਾਂ ਦੁਆ ਸਲਾਮ ਕੀਤੇ ਮੰਜੇ ਉਤੇ ਪੈ ਗਿਆ। ਸਹੁਰਾ ਕਹਿਣ ਲੱਗਾ, ‘‘ਪੁੱਤਰ, ਕੀ ਗੱਲ ਹੋਈ? ਜਵਾਲੀ ਨੇ ਕੁਝ ਆਖਿਆ ਤੈਨੂੰ।” ਰੋਣ ਹਾਕੇ ਨੇ ਜਦ ਸਾਰੀ ਘਟਨਾ ਸਹੁਰੇ ਸੁਣਾਈ ਤਾਂ ਉਹ ਕਹਿਣ ਲੱਗਾ, ‘‘ਕਮਲਾ ਨਾ ਹੋਵੇ ਤੇ, ਇਹ ਕਿਹੜੀ ਗੱਲ ਏ। ਸਵੇਰੇ ਦਿਨ ਚੜ੍ਹਦੇ ਤੋਂ ਪਹਿਲਾਂ ਜਵਾਲੀ ਕੋਲ ਕਣਕ ਦੀ ਬੋਰੀ ਪਹੁੰਚ ਜਾਊ। ਤੂੰ ਮੂੰਹ ਢਿੱਲਾ ਨਾ ਕਰਿਆ ਕਰ।” ਸਹੁਰਾ ਆਪਣੇ ਪੁੱਤਰਾਂ ਨੂੰ ਕਹਿਣ ਲੱਗਾ, ‘‘ਲਿਆਓ ਮੁੰਡਿਓ ਕੁੱਕੜ, ਕਰੋ ਪ੍ਰਾਹੁਣੇ ਦੀ ਸੇਵਾ।”
ਅੱਧੀ ਰਾਤ ਨੂੰ ਬੋਰੀ ਕਣਕ ਦੀ ਘੋੜੀ ਉਤੇ ਲੱਦ ਕੇ ਦਿਨ ਚੜ੍ਹਦੇ ਨੂੰ ਭੂਆ ਜਵਾਲੀ ਦੇ ਘਰ, ਫੁੱਫੜ ਪਿਛੌਰੇ ਨੂੰ ਨਾਲ ਸਹੁਰਾ ਤੇ ਸਾਲਾ ਪਿਛੌਰੇ ਦੇ ਪਿੰਡ ਪਹੁੰਚ ਗਏ। ਇਹੋ ਜਿਹੀ ਸੀ ਸਾਡੀ ਭੂਆ ਜਵਾਲੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’