Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਤੁਰੰਤ ਧਿਆਨ ਮੰਗਦੀਆਂ ਕੁਝ ਜਨਤਕ ਸਮੱਸਿਆਵਾਂ

May 24, 2019 09:07 AM

-ਪ੍ਰੋ. ਅੱਛਰੂ ਸਿੰਘ
ਪਿਛਲੇ ਲੰਮੇ ਅਰਸੇ ਤੋਂ ਭਾਰਤੀ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਸਮੱਸਿਆ ਰਾਜਨੀਤਕ ਦਹਿਸ਼ਤਵਾਦ ਦੀ ਹੈ, ਜੋ ਕਿਸੇ ਖਾਸ ਸਿਆਸੀ ਗੁੱਟ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਪੈਦਾ ਕੀਤੀ ਜਾਂਦੀ ਹੈ। ਦੂਜੀ ਸਮੱਸਿਆ ਅਮਨ-ਕਾਨੂੰਨ ਦੀ ਹੈ, ਜੋ ਸਮਾਜ ਵਿਰੋਧੀ ਅਤੇ ਅਪਰਾਧੀ ਬਿਰਤੀ ਵਾਲੇ ਲੋਕਾਂ ਵੱਲੋਂ ਪੈਦਾ ਕੀਤੀ ਜਾਂਦੀ ਹੈ। ਇਹ ਲੋਕ ਲੁੱਟ-ਖਸੁੱਟ, ਮਾਰ ਧਾੜ ਅਤੇ ਲੜਾਈ ਝਗੜੇ ਰਾਹੀਂ ਲੋਕਾਂ ਦਾ ਜਿਊਣਾ ਦੁੱਭਰ ਕਰੀ ਰੱਖਦੇ ਹਨ। ਤੀਜੀ ਸਮੱਸਿਆ ਦੇਸ਼ ਦੇ ਸਰਵਪੱਖੀ ਵਿਕਾਸ ਦੀ ਹੈ। ਵਿਕਾਸ ਨਾ ਕੇਵਲ ਕੀੜੀ ਦੀ ਤੋਰ ਵਾਂਗ ਹੋਇਆ ਹੈ, ਸਗੋਂ ਇਸ ਦੀ ਵੰਡ ਵੀ ਕਾਣੀ ਰਹੀ। ਭਿ੍ਰਸ਼ਟਾਚਾਰ, ਬੇਰੋਜ਼ਗਾਰੀ, ਵਾਤਾਵਰਣ, ਪ੍ਰਦੂਸ਼ਣ ਤੇ ਤੇਜ਼ੀ ਨਾਲ ਵਧ ਰਹੀ ਆਬਾਦੀ ਦੇਸ਼ ਦੀਆਂ ਕੁਝ ਉਹ ਸਮੱਸਿਆਵਾਂ ਹਨ, ਜੋ ਹਰ ਭਾਰਤੀ ਲਈ ਚਿੰਤਾ ਦਾ ਵਿਸ਼ਾ ਹਨ।
ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਬਹੁਤ ਵੱਡੇ ਉਪਰਾਲੇ ਕੀਤੇ ਜਾਣ ਦੇ ਨਾਲ ਬਹੁਤ ਸਾਰਾ ਧਨ ਜੁਟਾਏ ਜਾਣ ਦੀ ਲੋੜ ਹੈ, ਪਰ ਕੁਝ ਸਮੱਸਿਆਵਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਸਰਕਾਰ ਚਾਹੇ ਤਾਂ ਸਹਿਜੇ ਹੀ ਹੱਲ ਕਰ ਸਕਦੀ ਹੈ। ਨਾ ਬਹੁਤੇ ਧਨ ਦੀ ਲੋੜ ਹੈ ਅਤੇ ਨਾ ਬਹੁਤ ਵੱਡੇ ਸਾਧਨ ਜੁਟਾਏ ਜਾਣ ਦੀ, ਜੇ ਲੋੜ ਹੈ ਤਾਂ ਬੱਸ ਇੱਛਾ-ਸ਼ਕਤੀ ਦੀ।
ਇੱਕ ਸਮੱਸਿਆ ਟਰੈਫਿਕ ਨਿਯਮਾਂ ਦੇ ਉਲੰਘਣ ਹੈ। ਅੱਜਕੱਲ੍ਹ ਸੜਕੀ ਸਫਰ ਇੰਨਾ ਜੋਖਮ ਭਰਪੂਰ ਬਣੀ ਜਾਂਦਾ ਹੈ ਕਿ ਜਦੋਂ ਤੱਕ ਘਰੋਂ ਬਾਹਰ ਗਿਆ ਵਿਅਕਤੀ ਵਾਪਸ ਨਹੀਂ ਆ ਜਾਂਦਾ, ਘਰ ਵਾਲੇ ਚਿੰਤਾ ਵਿੱਚ ਡੁੱਬੇ ਰਹਿੰਦੇ ਹਨ। ਵਾਹਨ ਚਾਲਕ ਟਰੈਫਿਕ ਨਿਯਮਾਂ ਦੀ ਪ੍ਰਵਾਹ ਨਹੀਂ ਕਰਦੇ, ਆਪਣੀਆਂ ਗੱਡੀਆਂ ਅੰਨ੍ਹੇਵਾਹ ਚਲਾਉਂਦੇ ਹਨ ਅਤੇ ਜਿੱਥੇ ਉਨ੍ਹਾਂ ਦਾ ਜੀਅ ਕਰਦਾ ਹੈ, ਉਥੇ ਆਪਣਾ ਵਾਹਨ ਰੋਕ ਕੇ ਆਵਾਜਾਈ ਵਿੱਚ ਰੁਕਾਵਟ ਪੈਦਾ ਕਰਦੇ ਹਨ। ਬਹੁਤ ਸਾਰੀਆਂ ਸੜਕਾਂ 'ਤੇ ਇੰਨੇ ਜ਼ਿਆਦਾ ਐਕਸੀਡੈਂਟ ਹੁੰਦੇ ਹਨ ਕਿ ਲੋਕਾਂ ਨੇ ਉਨ੍ਹਾਂ ਸੜਕਾਂ ਦਾ ਨਾਮ ਹੀ ਖੂਨੀ ਸੜਕਾਂ ਰੱਖ ਦਿੱਤਾ ਹੈ।
ਮੋਟਰ ਸਾਈਕਲ ਉਪਰ ਗਲੀਆਂ-ਬਾਜ਼ਾਰਾਂ ਵਿੱਚ ਘੁੰਮਦੇ ਮਨਚਲੇ ਨੌਜਵਾਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਦੇ ਹਨ। ਆਪਣੇ ਕੰਨਾਂ ਨੂੰ ਆਪਣੇ ਮੋਬਾਈਲ ਫੋਨ ਲਾਈ, ਮੋਟਰਸਾਈਕਲਾਂ ਦੇ ਹਾਰਨਾਂ ਤੇ ਸਾਈਲੈਂਸਰਾਂ ਰਾਹੀਂ ਡਰਾਉਣੀਆਂ ਆਵਾਜ਼ਾਂ ਪੈਦਾ ਕਰਦੇ ਅਤੇ ਇਨ੍ਹਾਂ ਨੂੰ ਅੰਨ੍ਹੇਵਾਹ ਚਲਾ ਕੇ ਨਾ ਕੇਵਲ ਆਮ ਜਨਤਾ 'ਚ ਖੌਫ ਪੈਦਾ ਕਰਦੇ ਹਨ ਕਿ ਉਹ ਸੜਕ 'ਤੇ ਆਉਣ ਤੋਂ ਵੀ ਡਰਨ ਲੱਗਦੇ ਹਨ, ਸਗੋਂ ਆਪਣੀਆਂ ਜਾਨਾਂ ਵੀ ਖਤਰੇ ਵਿੱਚ ਪਾਉਂਦੇ ਹਨ। ਇਸ ਤਰ੍ਹਾਂ ਉਹ ਪਤਾ ਨਹੀਂ ਕਿੰਨੇ ਲੋਕਾਂ ਦੀਆਂ ਲੱਤਾਂ-ਬਾਹਾਂ ਭੰਨਦੇ ਅਤੇ ਉਨ੍ਹਾਂ ਨਾਲ ਗਾਲੀ-ਗਲੋਚ ਵੀ ਕਰਦੇ ਹਨ। ਇਹ ਸਮਝ ਤੋਂ ਬਾਹਰ ਹੈ ਕਿ ਉਨ੍ਹਾਂ ਦੇ ਮਾਂ-ਬਾਪ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਕਿਉਂ ਨਹੀਂ ਰੋਕਦੇ ਜਾਂ ਉਨ੍ਹਾਂ ਤੋਂ ਬਾਗੀ ਹਨ।
ਆਮ ਲੋਕਾਂ ਲਈ ਇੱਕ ਵੱਡੀ ਸਮੱਸਿਆ ਆਵਾਰਾ ਪਸ਼ੂਆਂ ਦੀ ਹੈ। ਗਲੀਆਂ-ਬਾਜ਼ਾਰਾਂ ਵਿੱਚ ਅਸੀਂ ਕੁੱਤਿਆਂ, ਗਾਂਵਾਂ, ਢੱਠਿਆਂ, ਸੂਰਾਂ ਦੇ ਝੁੰਡ ਫਿਰਦੇ ਦੇਖ ਸਕਦੇ ਹਾਂ। ਇਹ ਆਵਾਰਾ ਪਸ਼ੂ ਇੱਕ ਪਾਸੇ ਟਰੈਫਿਕ ਵਿੱਚ ਵਿਘਨ ਪਾਉਂਦੇ ਹਨ ਅਤੇ ਹਾਦਸਿਆਂ ਦਾ ਕਾਰਨ ਬਣਦੇ ਹਨ ਤੇ ਦੂਜੇ ਪਾਸੇ ਗੰਦਗੀ ਦਾ ਕਾਰਨ ਬਣਦੇ ਹਨ। ਇਹ ਕਿਸਾਨਾਂ ਦੇ ਖੇਤਾਂ ਵਿੱਚ ਵੀ ਬਹੁਤ ਉਜਾੜਾ ਕਰਦੇ ਹਨ। ਕਈ ਵਾਰ ਕੁੱਤਿਆਂ ਅਤੇ ਢੱਠਿਆਂ ਦੀ ਦਹਿਸ਼ਤ ਕਾਰਨ ਗਲੀ ਵਿੱਚੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਬਹੁਤ ਸਾਰੇ ਲੋਕਾਂ ਨੇ ਇਨ੍ਹਾਂ ਦੇ ਡਰ ਕਾਰਨ ਸਵੇਰ ਦੀ ਸੈਰ ਬੰਦ ਕਰ ਦਿੱਤੀ ਹੈ। ਆਵਾਰ ਕੁੱਤੇ ਬੱਚਿਆਂ ਦੇ ਮਗਰ ਪੈ ਜਾਂਦੇ ਹਨ ਤੇ ਉਹ ਵਿਚਾਰੇ ਚੀਕਾਂ ਮਾਰਦੇ ਇਧਰ-ਉਧਰ ਦੌੜਦੇ ਹਨ। ਮੋਟਰ ਸਾਈਕਲ ਤੇ ਸਕੂਟਰਾਂ ਵਾਲਿਆਂ ਦੇ ਪਿੱਛੇ ਪੈ ਕੇ ਇਹ ਉਨ੍ਹਾਂ ਦੇ ਐਕਸੀਡੈਂਟ ਕਰਾਉਂਦੇ ਹਨ। ਆਵਾਰਾ ਕੁੱਤੇ ਬਹੁਤ ਸਾਰੇ ਲੋਕਾਂ ਖਾਸ ਕਰ ਕੇ ਬੱਚਿਆਂ ਦੀਆਂ ਜਾਨਾਂ ਦੇ ਦੁਸ਼ਮਣ ਸਿੱਧ ਹੋਏ ਹਨ ਅਤੇ ਆਵਾਰਾ ਢੱਠਿਆਂ ਨੇ ਬਹੁਤ ਸਾਰੇ ਲੋਕਾਂ ਨੂੰ ਜ਼ਖਮੀ ਕੀਤਾ ਹੈ।
ਸਰਕਾਰ ਨੇ ਵੱਖ-ਵੱਖ ਥਾਵਾਂ 'ਤੇ ਸਫਾਈ ਮੁਹਿੰਮ ਸ਼ੁਰੂ ਕਰ ਕੇ ਇੱਕ ਚੰਗੀ ਪਹਿਲ ਕਦਮੀ ਕੀਤੀ ਸੀ, ਪਰ ਇਹ ਅਭਿਆਨ ਵੀ ਠੁੱਸ ਹੋ ਕੇ ਰਹਿ ਗਿਆ। ਕਿਤੇ-ਕਿਤੇ ਕੁਝ ਰਸਮੀ ਜਿਹੀ ਕਾਰਵਾਈ ਹੋਈ ਅਤੇ ਬਾਕੀ ਸਭ ਕੁਝ ਜਿਉਂ ਦਾ ਤਿਉਂ ਕਾਇਮ ਹੈ। ਥਾਂ ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ, ਗਲੀਆਂ ਨਾਲੀਆਂ ਦਾ ਬੁਰਾ ਹਾਲ ਹੈ ਤੇ ਲੋਕ ਪਹਿਲਾਂ ਵਾਂਗ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਲੋੜ ਇਸ ਗੱਲ ਦੀ ਹੈ ਕਿ ਨਿਯਮਤ ਤੌਰ 'ਤੇ ਸਫਾਈ ਕਰਨ ਅਤੇ ਕੂੜੇ ਨੂੰ ਸਮੇਟਣ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਇਸ ਦੇ ਨਾਲ ਹੀ ਲੋਕਾਂ ਦੀ ਸੋਚ ਨੂੰ ਵੀ ਬਦਲਿਆ ਜਾਵੇ।
ਸਾਡੀ ਲੋਕ ਮਾਨਸਿਕਤਾ ਦੀ ਇਹ ਇੱਕ ਬਹੁਤ ਵੱਡੀ ਵਿਡੰਬਨਾ ਹੈ ਕਿ ਜਦੋਂ ਕੋਈ ਦੂਜਾ ਵਿਅਕਤੀ ਕੋਈ ਗਲਤ ਕੰਮ ਕਰ ਰਿਹਾ ਹੁੰਦਾ ਹੈ ਤਾਂ ਅਸੀਂ ਉਸ ਨੂੰ ਬੁਰਾ-ਭਲਾ ਕਹਿੰਦੇ ਹਾਂ, ਪਰ ਜਦੋਂ ਉਹੀ ‘ਕਰਤੂਤ’ ਖੁਦ ਕਰਦੇ ਹਾਂ ਤਾਂ ਇਹ ਸੋਚਣ ਦੀ ਖੇਚਲ ਨਹੀਂ ਕਰਦੇ ਕਿ ਦੂਜੇ ਲੋਕ ਸਾਡੇ ਬਾਰੇ ਕੀ ਸੋਚ ਰਹੇ ਹੋਣਗੇ ਜਾਂ ਸਾਨੂੰ ਕੀ ਕਹਿ ਰਹੇ ਹੋਣਗੇ।
ਲੋਕਾਂ ਲਈ ਇੱਕ ਹੋਰ ਸਮੱਸਿਆ ਮੁਹੱਲਿਆਂ ਤੇ ਬਸਤੀਆਂ ਵਿੱਚ ਖਾਲੀ ਪਏ ਪਲਾਟਾਂ ਦੀ ਹੈ। ਬਹੁਤ ਸਾਰੇ ਅਮੀਰ ਲੋਕ ਸਸਤੇ ਭਾਅ ਪਲਾਟ ਲੈ ਕੇ ਛੱਡ ਦਿੰਦੇ ਹਨ ਅਤੇ ਉਸ ਦੀ ਸੰਭਾਲ ਨਹੀਂ ਕਰਦੇ। ਇਹ ਪਲਾਟ ਨਾ ਸਿਰਫ ਗੰਦਗੀ ਦੇ ਘਰ ਬਣਦੇ ਹਨ, ਸਗੋਂ ਬਹੁਤ ਸਾਰੇ ਜ਼ਹਿਰੀਲੇ ਤੇ ਬਿਮਾਰੀਆਂ ਫੈਲਾਉਣ ਵਾਲੇ ਜਾਨਵਰਾਂ ਲਈ ਛੁਪਣਗਾਹਾਂ ਬਣਦੇ ਹਨ। ਇਨ੍ਹਾਂ ਪਲਾਟਾਂ ਵਿੱਚ ਜੰਗਲੀ ਘਾਸ-ਫੂਸ ਅਤੇ ਝਾੜੀਆਂ ਦੀ ਹੋਂਦ ਕਾਰਨ ਇਥੇ ਮੱਖੀਆਂ, ਮੱਛਰ, ਚੂਹੇ, ਕੋਹੜ-ਕਿਰਲੇ ਤੇ ਸੱਪ ਪੈਦਾ ਹੁੰਦੇ ਰਹਿੰਦੇ ਹਨ। ਇਹ ਅਕਸਰ ਵਸਦੇ ਘਰਾਂ ਵਿੱਚ ਆ ਵੜਦੇ ਹਨ ਅਤੇ ਕਈ ਵਾਰ ਕਿਸੇ ਖਤਰਨਾਕ ਹਾਦਸੇ ਦਾ ਕਾਰਨ ਬਣਦੇ ਹਨ। ਬਹੁਤ ਸਾਰੇ ਗੈਰ-ਜ਼ਿੰਮੇਵਾਰ ਲੋਕ ਇਨ੍ਹਾਂ ਪਲਾਟਾਂ ਵਿੱਚ ਆਪਣੇ ਘਰਾਂ ਦਾ ਕੂੜਾ-ਕਰਕਟ ਸੁੱਟਦੇ ਰਹਿੰਦੇ ਹਨ, ਜਿਸ ਕਾਰਨ ਆਂਢ-ਗੁਆਂਢ ਵਿੱਚ ਰਹਿੰਦੇ ਲੋਕਾਂ ਦਾ ਜੀਵਨ ਨਰਕ ਬਣ ਜਾਂਦਾ ਹੈ।
ਇੱਕ ਹੋਰ ਸਮੱਸਿਆ ਸਮਾਜਕ ਤੇ ਧਾਰਮਕ ਸਮਾਗਮਾਂ ਵਿੱਚ ਉਚੀ ਆਵਾਜ਼ ਅਤੇ ਸਪੀਕਰ ਜਾਂ ਡੀ ਜੇ ਆਦਿ ਲਾ ਕੇ ਸਾਰੇ ਗਲੀ ਮੁਹੱਲੇ ਨੂੰ ਪ੍ਰੇਸ਼ਾਨ ਕਰਨ ਦੀ ਹੈ। ਇਸ ਨਾਲ ਇੱਕ ਪਾਸੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵਿਘਨ ਪੈਂਦਾ ਹੈ, ਦੂਜੇ ਪਾਸੇ ਲੋਕਾਂ ਦੀ ਸ਼ਾਂਤੀ ਭੰਗ ਹੁੰਦੀ ਹੈ ਤੇ ਉਹ ਅਗਲੇ ਦਿਨ ਵੀ ਆਪਣਾ ਕੰਮ ਠੀਕ ਤਰ੍ਹਾਂ ਨਹੀਂ ਕਰ ਸਕਦੇ।
ਇਸ ਸਥਿਤੀ ਵਿੱਚ ਜੋ ਹਾਲਤ ਕਿਸੇ ਬਿਮਾਰੀ ਤੋਂ ਪੀੜਤ ਵਿਅਕਤੀ ਦੀ ਹੁੰਦੀ ਹੈ, ਉਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਗਲੀਆਂ-ਬਾਜ਼ਾਰਾਂ ਵਿੱਚ ਕੀਤੇ ਜਾਂਦੇ ਨਾਜਾਇਜ਼ ਕਬਜ਼ਿਆਂ ਤੇ ਆਵਾਜਾਈ ਵਿੱਚ ਪਾਈਆਂ ਜਾਂਦੀਆਂ ਰੁਕਾਵਟਾਂ ਵੀ ਆਮ ਜਨਤਾ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਹਨ। ਇਸੇ ਤਰ੍ਹਾਂ ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਵੀ ਲੋਕਾਂ ਲਈ ਜਾਨਲੇਵਾ ਸਿੱਧ ਹੋ ਰਹੀ ਹੈ।
ਇਹ ਕੁਝ ਅਜਿਹੀਆਂ ਸਮੱਸਿਆਵਾਂ ਹਨ, ਜਿਨ੍ਹਾਂ ਦੇ ਹੱਲ ਲਈ ਇੱਛਾ-ਸ਼ਕਤੀ ਦੀ ਲੋੜ ਹੈ, ਧਨ ਦੀ ਨਹੀਂ। ਜੇ ਪ੍ਰਸ਼ਾਸਨ ਆਪਣੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਠਾਣ ਲਵੇ ਤੇ ਜਿੱਥੇ ਲੋੜ ਹੈ, ਇਨ੍ਹਾਂ ਵਿੱਚ ਲੋੜੀਂਦੀ ਸੋਧ ਕਰ ਲਵੇ, ਫਿਰ ਕੋਈ ਕਾਰਨ ਨਹੀਂ ਕਿ ਇਨ੍ਹਾਂੇ ਸਮੱਸਿਆਵਾਂ ਨੂੰ ਜਲਦੀ ਹੀ ਹੱਲ ਨਾ ਕੀਤਾ ਜਾ ਸਕੇ। ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੋਟੇ ਜੁਰਮਾਨੇ ਕੀਤੇ ਜਾਣ ਅਤੇ ਕੰਨਾਂ ਨੂੰ ਮੋਬਾਈਲ ਲਾ ਕੇ ਵਾਹਨ ਚਲਾਉਣ ਵਾਲਿਆਂ ਦੇ ਮੋਬਾਈਲ ਜ਼ਬਤ ਕੀਤੇ ਜਾਣ। ਗਲੀਆਂ-ਬਾਜ਼ਾਰਾਂ ਵਿੱਚ ਗੰਦ ਪਾਉਣ ਵਾਲੇ ਲੋਕਾਂ ਨੂੰ ਢੁੱਕਵੀਆਂ ਸਜ਼ਾਵਾਂ ਦਿੱਤੀਆਂ ਜਾਣ। ਖਾਲੀ ਪਲਾਟਾਂ ਦੀ ਸੰਭਾਲ ਨਾ ਕਰ ਕੇ ਦੂਜੇ ਲੋਕਾਂ ਲਈ ਮੁਸ਼ਕਲ ਪੈਦਾ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਜਾਵੇ ਅਤੇ ਜੋ ਆਪਣੇ ਇਨ੍ਹਾਂ ਪਲਾਟਾਂ ਦੀ ਨਿਯਮਤ ਤੌਰ 'ਤੇ ਸਫਾਈ ਨਾ ਕਰਾਉਣ, ਉਨ੍ਹਾਂ ਤੋਂ ਭਾਰੀ ਜੁਰਮਾਨੇ ਵਸੂਲੇ ਜਾਣ। ਆਵਾਰਾ ਪਸ਼ੂਆਂ ਪ੍ਰਤੀ ਜਜ਼ਬਾਤੀ ਪਹੁੰਚ ਛੱਡ ਕੇ ਵਿਹਾਰਕ ਪਹੁੰਚ ਅਪਣਾਈ ਜਾਵੇ ਅਤੇ ਇਨ੍ਹਾਂ ਦੀ ਉਚਿਤ ਸੰਭਾਲ ਦੀ ਜ਼ਿੰਮੇਵਾਰੀ ਉਨ੍ਹਾਂ ਲੋਕਾਂ ਸਿਰ ਪਾਈ ਜਾਵੇ, ਜੋ ਇਨ੍ਹਾਂ ਦੀ ਹਮਾਇਤ ਕਰਦੇ ਹਨ, ਪਰ ਵਿਹਾਰਕ ਤੌਰ 'ਤੇ ਕੁਝ ਨਹੀਂ ਕਰਦੇ। ਸਪੀਕਰਾਂ ਆਦਿ ਨੂੰ ਵਰਤੇ ਜਾਣ ਦਾ ਨਾ ਕੇਵਲ ਸਮਾਂ ਸੀਮਿਤ ਕੀਤਾ ਜਾਵੇ ਸਗੋਂ ਵੱਧ ਤੋਂ ਵੱਧ ਆਵਾਜ਼ ਵੀ ਨਿਰਧਾਰਤ ਕੀਤੀ ਜਾਵੇ।
ਇਸੇ ਤਰ੍ਹਾਂ ਗਲੀਆਂ-ਬਾਜ਼ਾਰਾਂ ਤੇ ਸੜਕਾਂ ਤੋਂ ਨਾਜਾਇਜ਼ ਕਬਜ਼ੇ ਸਖਤੀ ਨਾਲ ਹਟਾਏ ਜਾਣ ਅਤੇ ਵਾਤਾਵਰਣ ਦੇ ਪ੍ਰਦੂਸ਼ਣ ਨੂੰ ਠੱਲ੍ਹ ਪਾਈ ਜਾਵੇ। ਲੋਕਾਂ ਦੇ ਜਨਜੀਵਨ ਨੂੰ ਸੁਖਾਵਾਂ ਬਣਾਉਣ ਲਈ ਉਪਰੋਕਤ ਪ੍ਰਸ਼ਾਸਨਿਕ ਸੁਧਾਰ ਤੁਰੰਤ ਧਿਆਨ ਦੀ ਮੰਗ ਕਰਦੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”