Welcome to Canadian Punjabi Post
Follow us on

19

September 2019
ਸੰਪਾਦਕੀ

ਪੀਲ ਰੀਜਨ ਦਾ ਭੱਵਿਖ ਕਿਸਦੇ ਹੱਥ?

May 23, 2019 10:22 AM

ਪੰਜਾਬੀ ਪੋਸਟ ਸੰਪਾਦਕੀ

21 ਮਈ ਨੂੰ ਬਰੈਂਪਟਨ ਸਿਟੀ ਕਾਉਂਸਲ ਨੇ ਸਰਬਸੰਮਤੀ ਵੋਟ ਰਾਹੀਂ ਫੈਸਲਾ ਕੀਤਾ ਹੈ ਕਿ ਉਹ ਪੀਲ ਰੀਜਨ ਦੇ ਵਰਤਮਾਨ ਪ੍ਰਸ਼ਾਸ਼ਨਕ ਢਾਂਚੇ (governance structure) ਨੂੰ ਬਰਕਰਾਰ ਰੱਖਣ ਦੇ ਹੱਕ ਵਿੱਚ ਹੈ। ਬਰੈਂਪਟਨ ਸਿਟੀ ਕੋਲ 21 ਮਈ ਹੀ ਆਖਰੀ ਦਿਨ ਦਿਨ ਸੀ ਜਿਸ ਤੱਕ ਉਸਨੇ ਪੀਲ ਰੀਜਨ ਦਾ ਹਿੱਸਾ ਬਣੇ ਰਹਿਣ ਬਾਬਤ ਫੈਸਲਾ ਕਰਨਾ ਸੀ। ਪ੍ਰੋਵਿੰਸ਼ੀਅਲ ਸਰਕਾਰ ਨੇ ਪੀਲ, ਵਾਟਰਲੂ, ਡੁਰਹਾਮ, ਮੁਸਕੋਕਾ, ਨਿਆਗਾਰਾ, ਆਕਸਫੋਰਡ ਅਤੇ ਯੌਰਕ ਰੀਜਨ ਦੀਆਂ ਸਥਾਨਕ ਸਰਕਾਰਾਂ ਸਮੇਤ 82 ਮਿਉਂਸਪੈਲਟੀਆਂ ਦੇ ਕੰਮਕਾਜ ਦਾ ਮੁਲਾਂਕਣ ਕਰਨ ਦਾ ਬੀੜਾ ਆਰੰਭਿਆ ਹੋਇਆ ਹੈ।

 

ਪੀਲ ਰੀਜਨ ਦੇ ਪ੍ਰਸ਼ਾਨਕ ਢਾਂਚੇ ਵਿੱਚ ਮਿਸੀਸਾਗਾ, ਬਰੈਂਪਟਨ ਅਤੇ ਕੈਲੇਡਾਨ ਸ਼ਾਮਲ ਹਨ ਜੋ ਪਾਣੀ, ਸਿਹਤ, ਗਾਰਬੇਜ, ਪੈਰਾਮੈਡਿਕਸ, ਸੋਸ਼ਲ ਹਾਊਸਿੰਗ, ਸੜਕਾਂ ਆਦਿ ਕਈ ਸੇਵਾਵਾਂ ਲਈ ਜੁੰਮੇਵਾਰ ਹੈ। ਫੋਰਡ ਸਰਕਾਰ ਅਗਸਤ ਦੇ ਆਖਰ ਤੱਕ ਫੈਸਲਾ ਕਰੇਗੀ ਕਿ ਇਹਨਾਂ ਸਥਾਨਕ ਸਰਕਾਰਾਂ ਦੀ ਬਣਤਰ ਕਿਹੋ ਜਿਹੀ ਹੋਵੇਗੀ। ਵੱਖ 2 ਸਰਵੇਖਣ ਦੱਸਦੇ ਹਨ ਕਿ ਪੀਲ ਰੀਜਨ ਦੇ 65% ਵਾਸੀਆਂ ਨੂੰ ਇਹ ਹੀ ਪਤਾ ਨਹੀਂ ਕਿ ਮਿਉਸਪੈਲਟੀਆਂ ਦੀ ਬਣਤਰ ਨੂੰ ਬਦਲਣ ਬਾਰੇ ਮੁਲਾਂਕਣ ਨਾਮ ਦੀ ਕੋਈ ਸ਼ੈਅ ਵੀ ਕਰਵਾਈ ਜਾ ਰਹੀ ਹੈ। ਇਸ ਅਗਿਆਨਤਾ ਦੀ ਪਿੱਠ ਭੂਮੀ ਵਿੱਚ ਸਮਝਿਆ ਜਾ ਸਕਦਾ ਹੈ ਕਿ ਸਿਆਸਤਦਾਨ ਜੋ ਵੀ ਫੈਸਲੇ ਕਰਨ, ਸੱਭ ਹੱਛਾ ਹੀ ਹੈ।

 

ਮਿਸੀਸਾਗਾ ਕਾਉਂਸਲ ਨੇ 20 ਮਾਰਚ ਨੂੰ ਫੈਸਲੇ ਕੀਤਾ ਸੀ ਕਿ ਉਹ ਪੀਲ ਰੀਜਨ ਨੂੰ ਤਲਾਕ ਦੇ ਕੇ ਵੱਖਰਾ ਹੋਣਾ ਚਾਹੁੰਦੇ ਹਨ। ਮੇਅਰ ਬੌਨੀ ਕਰੌਂਬੀ ਮੁਤਾਬਕ ਮਿਸੀਸਾਗਾ ਵੱਲੋਂ ਹਰ ਸਾਲ 85 ਮਿਲੀਅਨ ਡਾਲਰ ਬਰੈਂਪਟਨ ਅਤੇ ਕੈਲੀਡਾਨ ਦੇ ਵਿਕਾਸ ਲਈ ਖਰਚੇ ਜਾਂਦੇ ਹਨ ਜੋ ਕਿ ਸਿੱਧੇ ਤੌਰ ਉੱਤੇ ਮਿਸੀਸਾਗਾ ਵਾਸੀਆਂ ਅਤੇ ਬਿਜਨਸਾਂ ਦਾ ਨੁਕਸਾਨ ਹੈ। ਦੂਜੇ ਪਾਸੇ ਬਰੈਂਪਟਨ ਮੇਅਰ ਪੈਟਰਿਕ ਬਰਾਊਨ ਦਾ ਆਖਣਾ ਹੈ ਕਿ ਬੌਨੀ ਕਰੌਂਬੀ ਵੱਲੋਂ 2004 ਦੇ ਅੰਕੜੇ ਵਰਤ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਕੈਲੀਡਾਨ ਨੇ 3 ਮਾਰਚ ਨੂੰ ਮੀਟਿੰਗ ਕਰਕੇ ਬਰੈਂਪਟਨ ਵਾਗੂੰ ਵਰਤਮਾਨ ਢਾਂਚੇ ਨੂੰ ਬਰਕਰਾਰ ਰੱਖਣ ਦੇ ਹੱਕ ਵਿੱਚ ਵੋਟ ਪਾਈ ਸੀ।

 ਹੁਣ ਵੇਖਦੇ ਹਾਂ ਕਿ ਰੀਜਨ ਆਫ ਪੀਲ ਦੀ ਸਥਿਤੀ ਨੂੰ ਜਿਸਦਾ ਚੀਰ-ਹਰਨ ਕਰਨ ਬਾਰੇ ਚਰਚਾ ਹੋ ਰਹੀ ਹੈ। ਰੀਜਨ ਆਫ ਪੀਲ ਵੱਲੋਂ ਇਹ ਘੋਖਣ ਲਈ ਦੋ ਰਿਪੋਰਟਾਂ ਤਿਆਰ ਕਰਵਾਈਆਂ ਗਈਆਂ ਕਿ ਕੀ ਪੀਲ ਰੀਜਨ ਨੂੰ ਜਿਵੇਂ ਹੈ, ਉਵੇਂ ਰੱਖਿਆ ਜਾਣਾ ਚਾਹੀਦਾ ਹੈ, ਤਿੰਨਾਂ ਸ਼ਹਿਰਾਂ ਦੀ ਹੋਂਦ ਖਤਮ ਕਰਕੇ ਇੱਕ ਵੱਡਾ ਸ਼ਹਿਰ ਬਣਾ ਦਿੱਤਾ ਜਾਵੇ ਜਾਂ ਫੇਰ ਰੀਜਨ ਆਫ ਪੀਲ ਨੂੰ ਭੰਗ ਕਰਕੇ ਤਿੰਨੇ ਸ਼ਹਿਰ ਆਪੋ ਆਪਣੀ ਹੋਣੀ ਦੇ ਖੁਦ ਜੁੰਮੇਵਾਰ ਬਣਨ। ਮਿਸੀਸਾਗਾ ਤੀਜੇ ਆਪਸ਼ਨ (ਵਿਕਲਪ) ਦਾ ਹਾਮੀ ਹੈ। ਇੱਕ ਰਿਪੋਰਟ ਵਿਸ਼ਵ ਪ੍ਰਸਿੱਧ ਅਕਾਉਂਟਿੰਗ ਫਰਮ ਡੈਲੋਆਇਟ (Deloitte) ਤੋਂ ਤਿਆਰ ਕਰਵਾਈ।

 Deloitte ਮੁਤਾਬਕ ਜੇ ਤਿੰਨਾਂ ਸ਼ਹਿਰਾਂ ਨੂੰ ਮਿਲਾ ਕੇ ਇੱਕ ਵੱਡਾ ਸ਼ਹਿਰ ਬਣਾਇਆ ਜਾਂਦਾ ਹੈ ਤਾਂ ਅਗਲੇ 10 ਸਾਲਾਂ ਵਿੱਚ 676 ਮਿਲੀਅਨ ਡਾਲਰ ਹੋਰ ਟੈਕਸ ਲਾਉਣ ਦੀ ਲੋੜ ਪਵੇਗੀ। ਰੀਜਨ ਨੂੰ ਭੰਗ ਕਰਨ ਦੀ ਸੂਰਤ ਵਿੱਚ 1081 ਮਿਲੀਅਨ ਡਾਲਰ ਖਰਚ ਹੋ ਸਕਦਾ ਹੈ। ਸੰਖੇਪ ਵਿੱਚ ਰਿਪੋਰਟ ਦੀ ਸਿਫਾਰਸ਼ ਹੈ ਕਿ ਭੰਗ ਕਰਨ ਜਾਂ ਏਕੀਕਰਣ ਦੋਵਾਂ ਵਿਕਲਪਾਂ ਵਿੱਚ ਟੈਕਸ ਵੱਧਣਗੇ। ਐਰਨਸਟ ਐਂਡ ਯੌਂਗ (Ernst and Yonge) ਵੱਲੋਂ ਤਿਆਰ ਇੱਕ ਹੋਰ ਰਿਪੋਰਟ ਮੁਤਾਬਕ ਜੇ ਪੀਲ ਖੇਤਰ ਵਿੱਚ ਸੇਵਾਵਾਂ ਉੱਤੇ 2018 ਵਿੱਚ 2524 ਮਿਲੀਅਨ ਡਾਲਰ ਖਰਚ ਹੋਏ ਤਾਂ ਉਸ ਵਿੱਚੋਂ ਰੀਜਨ ਆਫ ਪੀਲ ਦੇ ਬੱਜਟ ਵਿੱਚੋਂ 1,444 ਮਿਲੀਅਨ, ਮਿਸੀਸਾਗਾ ਨੇ 535 ਮਿਲੀਅਨ, ਬਰੈਂਪਟਨ 481 ਮਿਲੀਅਨ ਅਤੇ ਕੈਲੇਡਾਨ ਨੇ 69 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ। ਮੋਟੇ ਰੂਪ ਵਿੱਚ ਇਸ ਰਿਪੋਰਟ ਨੇ ਸਿਫਾਰਸ਼ ਦਿੱਤੀ ਕਿ ਸਹੀ ਨਤੀਜੇ ਉੱਤੇ ਪੁੱਜਣ ਲਈ ਹੋਰ ਸਟੱਡੀ ਕੀਤੇ ਜਾਣ ਦੀ ਲੋੜ ਹੈ।

 ਇਹਨਾਂ ਕੌੜੇ ਮਿੱਠੇ ਅੰਕੜਿਆਂ ਤੋਂ ਉੱਪਰ ਇੱਕ ਹੋਰ ਤੱਥ ਪ੍ਰੀਮੀਅਰ ਡੱਗ ਫੋਰਡ, ਬਰੈਂਪਟਨ ਮੇਅਰ ਪੈਟਰਿਕ ਬਰਾਊਨ ਅਤੇ ਮਿਸੀਸਾਗਾ ਮੇਅਰ ਬੌਨੀ ਕਰੌਂਬੀ ਦੇ ਸਿਆਸੀ ਮਨਸ਼ੇ ਹਨ। ਡੱਗ ਫੋਰਡ ਲਈ ਪੈਟਰਿਕ ਇੱਕ ਅਣਸੁਖਾਵੀਂ ਘਟਨਾ ਹੈ ਪਰ ਅੱਜ ਦੇ ਦਿਨ ਪੈਟਰਿਕ ਨੇ ਆਪਣੇ ਪੈਰ ਬਰੈਂਪਟਨ ਅਤੇ ਇਰਦ ਗਿਰਦ ਕਾਫ਼ੀ ਮਜ਼ਬੂਤ ਕੀਤੇ ਹੋਏ ਹਨ। ਬੌਨੀਂ ਕਰੌਂਬੀ ਵੀ ਬੇਸ਼ੱਕ ਮਿਸੀਸਾਗਾ ਵਿੱਚ ਮਕਬੂਲ ਹੈ ਪਰ ਸਮੁੱਚੇ ਪੀਲ ਰੀਜਨ ਵਿੱਚ ਪੈਟਿਰਕ ਜਿੰਨੀ ਮਕਬੂਲ ਨਹੀਂ ਹੈ। ਪੈਟਰਿਕ ਬਰਾਊਨ ਕੋਲ ਪ੍ਰੋਵਿੰਸ਼ੀਅਲ ਜਾਂ ਫੈਡਰਲ ਸਿਆਸਤ ਵਿੱਚ ਜਾਣ ਦੀ ਨਾ ਕੋਈ ਖਵਾਹਿਸ਼ ਹੈ ਅਤੇ ਨਾ ਹੀ ਕੋਈ ਵਿਕਲਪ ਨਹੀਂ। ਇਸਤੋਂ ਉਲਟ ਬੌਨੀ ਕਰੌਂਬੀ ਪ੍ਰੋਵਿੰਸ਼ੀਅਲ ਲਿਬਰਲ ਲੀਡਰਸਿ਼ੱਪ ਚੋਣ ਲਈ ਦਾਅਵੇਦਾਰ ਵੀ ਹੋ ਸਕਦੀ ਹੈ। ਬੌਨੀ ਕਰੌਂਬੀ ਨਾਲੋਂ ਡੱਗ ਫੋਰਡ ਦੇ ਕਬਾਬ ਵਿੱਚ ਪੈਟਰਿਕ ਬਰਾਊਨ ਵੱਡੀ ਹੱਡੀ ਹੈ। ਇਹਨਾਂ ਤਿੱਕੜਮਾਂ ਦੇ ਚੱਲਦੇ ਜਦੋਂ ਅਗਸਤ ਵਿੱਚ ਫੋਰਡ ਸਰਕਾਰ ਫੈਸਲਾ ਕਰੇਗੀ, ਰੱਬ ਜਾਣਦਾ ਹੈ ਕਿ ਉਸ ਵੇਲੇ ਅੰਕੜੇ ਵੇਖੇ ਵੀ ਜਾਣਗੇ ਜਾਂ ਸਿਰਫ਼ ਅਤੇ ਸਿਰਫ਼ ਸਿਆਸੀ ਕਲਾਬਾਜ਼ੀਆਂ ਦੇ ਰੰਗ ਬਿਖੇਰੇ ਮਿਲਣਗੇ।

Have something to say? Post your comment
ਹੋਰ ਸੰਪਾਦਕੀ ਖ਼ਬਰਾਂ