ਓਟਵਾ, 22 ਮਈ (ਪੋਸਟ ਬਿਊਰੋ) : ਚੀਨ ਵਿੱਚ ਕੈਨੇਡਾ ਦੇ ਸਾਬਕਾ ਅੰਬੈਸਡਰ ਰਹਿ ਚੁੱਕੇ ਗਾਇ ਸੇਂਟ ਜੈਕੁਅਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਘੱਟ ਉਮੀਦ ਹੈ ਕਿ ਇਸ ਸਮੇਂ ਚੀਨ ਵਿੱਚ ਮੌਜੂਦ ਕੈਨੇਡੀਅਨ ਵਫਦ ਦੋ ਨਜ਼ਰਬੰਦ ਕੈਨੇਡੀਅਨਾਂ ਨੂੰ ਰਿਹਾਅ ਕਰਵਾਉਣ ਵਿੱਚ ਸਫਲ ਹੋ ਸਕੇਗਾ।
ਇੱਕ ਇੰਟਰਵਿਊ ਦੌਰਾਨ ਜੈਕੁਅਸ ਨੇ ਆਖਿਆ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਗਰੁੱਪ, ਜਿਸ ਵਿੱਚ ਵਿਦੇਸ਼ੀ ਮਾਮਲਿਆਂ ਬਾਰੇ ਪਾਰਲੀਮਾਨੀ ਸਕੱਤਰ ਰੌਬ ਓਲੀਫੈਂਟ ਸ਼ਾਮਲ ਹਨ, ਚੀਨੀ ਅਧਿਕਾਰੀਆਂ ਉੱਤੇ ਆਪਣਾ ਅਸਰ ਛੱਡਣ ਵਿੱਚ ਕਾਮਯਾਬ ਹੋਵੇਗਾ। ਜੇ ਉਹ ਅਜਿਹਾ ਕਰਨ ਵਿੱਚ ਕਾਮਯਾਬ ਹੋ ਵੀ ਗਏ ਤਾਂ ਇਸ ਨਾਲ ਕੋਈ ਫਰਕ ਨਹੀਂ ਪੈਣ ਵਾਲਾ।
ਜੈਕੁਅਸ ਨੇ ਆਖਿਆ ਕਿ ਚੀਨੀ ਸਰਕਾਰ ਦਾ ਕੋਈ ਵੀ ਅਧਿਕਾਰੀ ਕੈਨੇਡੀਅਨ ਮੰਤਰੀ ਜਾਂ ਵਿਸੇ਼ਸ਼ ਸਫੀਰ ਨੂੰ ਮਿਲਣਾ ਨਹੀਂ ਚਾਹੁੰਦਾ। ਫਿਰ ਭਾਵੇਂ ਪ੍ਰਧਾਨ ਮੰਤਰੀ ਟਰੂਡੋ ਚੀਨ ਦੇ ਰਾਸ਼ਟਰਪਤੀ ਜ਼ੀ ਜਿ਼ਨਪਿੰਗ ਨੂੰ ਕਾਲ ਕਰਨ ਉਹ ਉਨ੍ਹਾਂ ਦਾ ਫੋਨ ਤੱਕ ਨਹੀਂ ਚੁੱਕਣਗੇ। ਜਿ਼ਕਰਯੋਗ ਹੈ ਕਿ ਪਿਛਲੇ ਹਫਤੇ ਚੀਨੀ ਅਧਿਕਾਰੀਆਂ ਨੇ ਰਸਮੀ ਤੌਰ ਉੱਤੇ ਦੋ ਕੈਨੇਡੀਅਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਇਨ੍ਹਾਂ ਦੋਵਾਂ ਕੈਨੇਡੀਅਨਾਂ ਨੂੰ ਦਸੰਬਰ 2018 ਵਿੱਚ ਚੀਨ ਦੇ ਗੁਪਤ ਦਸਤਾਵੇਜ਼ ਚੋਰੀ ਕਰਨ ਦੇ ਦੋਸ਼ ਵਿੱਚ ਨਜ਼ਰਬੰਦ ਕੀਤਾ ਗਿਆ ਸੀ। ਮਾਈਕਲ ਕੋਵਰਿਗ ਤੇ ਮਾਈਕਲ ਸਪੇਵਰ ਨੂੰ ਚੀਨ ਦੀ ਹੁਆਵੇਈ ਕੰਪਨੀ ਦੀ ਐਗਜੈ਼ਕਟਿਵ ਮੈਂਗ ਵਾਨਜ਼ੋਊ ਨੂੰ ਵੈਨਕੂਵਰ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਨਜ਼ਰਬੰਦ ਕੀਤਾ ਗਿਆ ਸੀ।
ਜੈਕੁਅਸ ਨੇ ਇਹ ਵੀ ਆਖਿਆ ਕਿ ਜੀ ਤਾਂ ਜੂਨ ਵਿੱਚ ਜਾਪਾਨ ਵਿੱਚ ਹੋਣ ਜਾ ਰਹੀ ਜੀ-20 ਮੁਲਕਾਂ ਦੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰਨ ਤੋਂ ਵੀ ਇਨਕਾਰ ਕਰ ਸਕਦੇ ਹਨ। ਪਰ ਹੁਣ ਤੱਕ ਚੀਨੀ ਅਧਿਕਾਰੀ ਇਹ ਸਪਸ਼ਟ ਕਰ ਚੁੱਕੇ ਹਨ ਕਿ ਮੈਂਗ ਦੀ ਰਿਹਾਈ ਦੇ ਵਾਅਦੇ ਤੋਂ ਘੱਟ ਉਹ ਕਿਸੇ ਹੋਰ ਤਰੀਕੇ ਨਾਲ ਨਹੀਂ ਮੰਨਣਗੇ।