ਸੁੰਦਰ ਤੇ ਤੰਦਰੁਸਤ ਅੱਖਾਂ ਚਿਹਰੇ ਦੀ ਖੂਬਸੂਰੀਤ ਨੂੰ ਵਧਾਉਂਦੀਆਂ ਹਨ, ਪਰ ਇਸ ਵਿੱਚ ਜੇ ਕਾਲੇ ਘੇਰੇ ਬਣ ਜਾਣ ਤਾਂ ਇਸ ਦੀ ਸੁੰਦਰਤਾ ਖਤਮ ਹੋ ਜਾਂਦੀ ਹੈ। ਸ਼ੁਰੂਆਤ ਵਿੱਚ ਇਸ ਦਾ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ। ਜਦੋਂ ਇਹ ਕਾਲੇ ਘੇਰੇ ਡੂੰਘੇ ਹੋ ਜਾਂਦੇ ਹਨ ਤਾਂ ਸਾਫ ਨਜ਼ਰ ਆਉਣ ਲੱਗਦੇ ਹਨ। ਅਸਲ ਵਿੱਚ ਇਹ ਕਾਲੇ ਘੇਰੇ ਅੱਖਾਂ ਦੇ ਹੇਠਲੀ ਚਮੜੀ ਦੇ ਪਤਲੇ ਪੈ ਜਾਣ ਕਾਰਨ ਹੁੰਦੇ ਹਨ।
ਅੱਜਕੱਲ੍ਹ ਬਾਜ਼ਾਰ ਵਿੱਚ ਡਾਰਕ ਸਰਕਲਜ਼ ਦੂਰ ਕਰਨ ਦੀਆਂ ਕਈ ਕਰੀਮਾਂ ਮਿਲਦੀਆਂ ਹਨ। ਇਸ ਦਾ ਅਸਰ ਜ਼ਿਆਦਾ ਨਹੀਂ ਹੁੰਦਾ, ਨਾਲ ਹੀ ਇਸ ਵਿੱਚ ਕੈਮੀਕਲ ਦੀ ਮਾਤਰਾ ਵੱਧ ਹੋਣ ਕਾਰਨ ਅੱਖਾਂ ਦੇ ਆਸਪਾਸ ਦੀ ਚਮੜੀ ਨੂੰ ਨੁਕਸਾਨ ਪਹੁੰਚਦਾ ਹੈ। ਅਜਿਹੇ ਵਿੱਚ ਇਹ ਘਰੇਲੂ ਉਪਾਅ ਕਾਰਗਰ ਸਾਬਤ ਹੋ ਸਕਦੇ ਹਨ।
ਟੀ-ਬੈਗਜ਼ ਕਾਲੇ ਘੇਰਿਆਂ ਨੂੰ ਦੂਰ ਕਰਨ ਵਿੱਚ ਲਾਭਦਾਇਕ ਹੁੰਦੇ ਹਨ। ਇਨ੍ਹਾਂ ਨੂੰ ਕੁਝ ਦੇਰ ਤੱਕ ਪਾਣੀ ਵਿੱਚ ਭਿਉਂ ਕੇ ਰੱਖੋ, ਫਿਰ ਫਰਿੱਜ਼ ਵਿੱਚ ਰੱਖ ਕੇ ਠੰਢਾ ਹੋਣ ਦਿਓ। ਇਸ ਤੋਂ ਬਾਅਦ ਇਨ੍ਹਾਂ ਨੂੰ ਅੱਖਾਂ ਉੱਤੇ 10 ਮਿੰਟ ਲਈ ਰੱਖੋ। ਰੋਜ਼ ਅਜਿਹਾ ਕਰਨ ਨਾਲ ਹੌਲੀ-ਹੌਲੀ ਕਾਲੇ ਘੇਰੇ ਘੱਟ ਹੋਣੇ ਸ਼ੁਰੂ ਹੋ ਜਾਣਗੇ।
ਖੀਰੇ ਦੇ ਸਲਾਈਸ ਅੱਖਾਂ 'ਤੇ ਰੋਜ਼ ਰੱਖਣ ਨਾਲ ਕਾਲੇ ਘੇਰੇ ਹਲਕੇ ਹੋ ਜਾਣਗੇ। ਆਲੂ ਵਿੱਚ ਕੁਦਰਤੀ ਬਲੀਚ ਹੁੰਦਾ ਹੈ, ਜੋ ਕਾਲੇ ਘੇਰਿਆਂ ਨੂੰ ਦੂਰ ਕਰਨ ਵਿੱਚ ਲਾਭਦਾਇਕ ਹੁੰਦਾ ਹੈ। ਇਸ ਨਾਲ ਅੱਖਾਂ ਹੇਠਲੀ ਸੋਜ਼ਿਸ਼ ਘੱਟ ਹੁੰਦੀ ਹੈ। ਆਲੂ ਦੇ ਰਸ ਨੂੰ ਰੂੰ ਵਿੱਚ ਲਾ ਲਓ ਤੇ ਅੱਖਾਂ ਉਤੇ ਰੱਖੋ। ਅਜਿਹਾ ਦਿਨ ਵਿੱਚ ਦੋ ਵਾਰ ਕਰਨ ਨਾਲ ਕੁਝ ਹਫਤਿਆਂ ਵਿੱਚ ਤੁਹਾਨੂੰ ਇਸ ਦਾ ਅਸਰ ਦਿਸਣਾ ਸ਼ੁਰੂ ਹੋ ਜਾਵੇਗਾ। ਗੁਲਾਬ ਜਲ ਵੀ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ। ਰੂੰ ਵਿੱਚ ਥੋੜ੍ਹਾ ਗੁਲਾਬ ਜਲ ਲੈ ਕੇ ਅੱਖਾਂ 'ਤੇ 10-15 ਮਿੰਟ ਰੱਖੋ।