Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਖਾਵੇ ਕੋਹੜੀ ਛੱਡੇ ਕਲੰਕੀ

May 22, 2019 09:16 AM

-ਬਲਦੇਵ ਸਿੰਘ (ਸੜਕਨਾਮਾ)
ਕਲਕੱਤਾ (ਕੋਲਕਾਤਾ) ਮਹਾਂਨਗਰ ਵਿੱਚ ਟੈਕਸੀ ਚਲਾਉਂਦਿਆਂ ਕਈ ਵਾਰ ਅਜਿਹੇ ਬੰਦਿਆਂ ਨਾਲ ਵਾਹ ਪਿਆ ਜਾਂ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿੱਦਾਂ ਦੀਆਂ ਅਸੀਂ ਪੁਸਤਕਾਂ ਵਿੱਚ ਪੜ੍ਹਦੇ ਹਾਂ ਜਾਂ ਫਿਲਮਾਂ ਵਿੱਚ ਵੇਖਦੇ ਹਾਂ।
ਇਕ ਦਿਨ ਦੁਪਹਿਰੇ ਘਰ ਤੋਂ 20-22 ਮੀਲ ਦੂਰ ਖੜਾ ਸੋਚ ਰਿਹਾ ਸੀ ਕਿ ਘਰ ਜਾ ਕੇ ਰੋਟੀ ਖਾਣੀ ਤਾਂ ਸੰਭਵ ਨ੍ਹੀਂ, ਓਧਰ ਦੀ ਸਵਾਰੀ ਸ਼ਾਇਦ ਹੀ ਇਥੋਂ ਮਿਲੇ। ਖਾਲੀ ਏਨੇ ਮੀਲ ਸਿਰਫ ਰੋਟੀ ਖਾਣ ਲਈ ਜਾਣ ਦਾ ਮਨ ਵੀ ਨਹੀਂ ਸੀ। ਮੈਂ ਨੇੜੇ ਦੇ ਕਿਸੇ ਢਾਬੇ 'ਤੇ ਜਾਣ ਬਾਰੇ ਸੋਚਿਆ। ਥੋੜ੍ਹੀ ਦੇਰ ਪਹਿਲਾਂ ਇਕ ਟਰੈਫਿਕ ਵਾਲੇ ਸਿਪਾਹੀ ਨਾਲ ਬਹਿਸ ਕੇ ਹਟਿਆ ਸਾਂ। ਉਸ ਨੇ ਇਕ ਸਵਾਰੀ ਉਤਾਰਨ ਸਮੇਂ ਧੱਕੇ ਨਾਲ ਚਲਾਣ ਕੱਟ ਦਿੱਤਾ ਸੀ।
‘ਜਾਣਦਾ ਨਹੀਂ, ਨੋ ਪਾਰਕਿੰਗ ਹੈ?' ਸਿਪਾਹੀ ਨੇ ਰੋਹਬ ਮਾਰਿਆ ਸੀ।
‘ਸੌਰੀ, ਮੈਂ ਤਾਂ ਸਵਾਰੀ ਉਤਾਰੀ ਹੈ, ਸਰ।' ਮੈਂ ਉਸ ਨੂੰ ਵਡਿਆਉਣਾ ਚਾਹਿਆ, ਪਰ ਇਹ ਮਹਿਕਮਾ ਇਨ੍ਹਾਂ ਗੱਲਾਂ ਤੋਂ ਉਪਰ ਉਠਿਆ ਹੁੰਦਾ ਹੈ। ਉਸ ਨੇ ਆਪਣੇ ਪੁਲਸੀਆ ਅੰਦਾਜ਼ ਵਿੱਚ ਹੁਕਮ ਦਿੱਤਾ ‘ਗਾੜੀ ਕਾ ਆਰ ਸੀ ਔਰ ਅਪਨਾ ਲਾਇਸੈਂਸ ਦੋ..।'
ਮੈਂ ਉਸ ਨੂੰ ਠੰਢਾ ਕਰਨ ਲਈ ਬਥੇਰੇ ਛਿੱਟੇ ਮਾਰੇ, ਪਰ ਉਸ ਨੇ ਚਲਾਨ ਕੱਟ ਕੇ ਹੱਥ ਵਿੱਚ ਫੜਾਉਂਦਿਆਂ ਕਿਹਾ, ‘24 ਪਰਗਨਾ ਕੋਰਟ ਮੇਂ ਭੁਗਤ ਲੇਨਾ।'
ਇਸ ਕਾਰਨ ਮੂਡ ਖਰਾਬ ਸੀ। ਉਦੋਂ ਮੈਂ ਚਾਹ ਪੀਣ ਦਾ ਮਨ ਬਣਾਇਆ ਸੀ, ਠੀਕ ਉਸ ਵੇਲੇ ਇਕ ਪੂਰੇ ਪੱਕੇ ਰੰਗ ਵਾਲੇ ਬੰਗਾਲੀ ਬਾਬੂ ਨੇ ਆ ਕੇ ਪੁੱਛਿਆ, ‘ਸ਼ੋਰਦਾਰ ਜੀ, ਭਵਾਨੀਪੁਰ ਜਾਏਗਾ?'
ਮੈਂ ਖੁਸ਼ ਹੁੰਦਿਆਂ ਕਿਹਾ, ‘ਜ਼ਰੂਰ ਜਾਏਗਾ।'
ਮੈਂ ਭਵਾਨੀਪੁਰ ਹੀ ਰਹਿੰਦਾ ਸੀ। ਮੈਂ ਸੋਚਿਆ, ਰੋਟੀ ਘਰ ਜਾ ਕੇ ਖਾਧੀ ਜਾ ਸਕਦੀ ਹੈ।
‘ਅੰਦਰ ਗਲੀ ਸੇ ਥੋੜ੍ਹਾ ਸਾਮਾਨ ਉਠਾਨਾ ਹੈ।' ਬੰਗਾਲੀ ਨੇ ਬਹੁਤ ਨਰਮ ਸੁਰ ਵਿੱਚ ਕਿਹਾ। ਮੈਂ ਗੱਡੀ ਗਲੀ ਵਿੱਚ ਲੈ ਗਿਆ। ਪੁਰਾਣੇ ਜਿਹੇ ਇਕ ਮਕਾਨ ਦੇ ਲਾਗੇ ਦੋ ਆਦਮੀ ਖੜੇ ਸਨ। ਉਸ ਨੇ ਉਥੇ ਟੈਕਸੀ ਰੁਕਵਾ ਲਈ। ਮੈਨੂੰ ਉਨ੍ਹਾਂ ਦੀਆਂ ਹਰਕਤਾਂ ਚੰਗੀਆਂ ਨਹੀਂ ਲੱਗੀਆਂ। ਇਸ ਕਿੱਤੇ ਵਿੱਚ ਕਾਫੀ ਸਮਾਂ ਰਹਿਣ ਕਾਰਨ ਸਵਾਰੀਆਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦੈ, ਇਹ ਕਿਸ ਤਰ੍ਹਾਂ ਦੇ ਹਨ। ਇਸ ਦੌਰਾਨ ਉਹ ਅੰਦਰੋਂ ਦੋ ਬੋਰੇ ਘੜੀਸ ਲਿਆਏ।
‘ਪੀਛੇ ਡਿੱਕੀ ਖੋਲ੍ਹਨਾ ਸ਼ੋਰਦਾਰ ਜੀ।' ਉਨ੍ਹਾਂ ਵਿੱਚ ਇਕ ਬੋਲਿਆ।
‘ਕਯਾ ਹੈ ਇਸ ਮੇਂ?' ਮੈਂ ਪੁੱਛਿਆ। ਇਕ ਜਣੇ ਨੇ ਆਪ ਹੀ ਡਿੱਕੀ ਖੋਲ੍ਹ ਕੇ ਝੱਟ ਬੋਰੇ ਅੰਦਰ ਸੁੱਟ ਦਿੱਤੇ। ਮੈਂ ਪਿੱਛੇ ਜਾ ਕੇ ਸਾਮਾਨ ਚੈਕ ਕਰਨਾ ਚਾਹਿਆ ਤਾਂ ਇਕ ਨੇ ਝੱਟ ਮੇਰੀ ਪੁੜਪੁੜੀ ਨਾਲ ਰਿਵਾਲਵਰ ਲਾ ਕੇ ਰੋਹਬ ਮਾਰਿਆ।
‘ਸਟੇਰਿੰਗ ਪਰ ਚਲੇ ਜਾਮ ਨਹੀਂ ਤੋ..।'
ਮੈਂ ਬਦਹਵਾਸ ਹੋ ਕੇ ਕੰਬਦੀਆਂ ਲੱਤਾਂ ਨਾਲ ਸਟੇਰਿੰਗ ਆ ਫੜਿਆ। ਰਿਵਾਲਵਰ ਵਾਲਾ ਮੇਰੇ ਬਰਾਬਰ ਬੈਠ ਗਿਆ। ਦੂਸਰੇ ਦੋਤਾਂ ਪਹਿਲਾਂ ਪਿੱਛੇ ਬੈਠ ਗਏ ਸਨ। ਉਨ੍ਹਾਂ ਕੋਲ ਵੀ ਹਥਿਆਰ ਹੋਣਗੇ। ਇਕ ਤਰ੍ਹਾਂ ਨਾਲ ਉਨ੍ਹਾਂ ਨੇ ਮੈਨੂੰ ਪੂਰੀ ਤਰ੍ਹਾਂ ਸ਼ਿਕੰਜੇ ਵਿੱਚ ਲਿਆ ਹੋਇਆ ਸੀ। ਉਨ੍ਹਾਂ ਕਿਹਾ, ‘ਬੈਰਕਪੁਰ।' ਉਨ੍ਹਾਂ ਦੀ ਭਾਸ਼ਾ ਹੀ ਬਦਲ ਗਈ ਸੀ।
ਬੈਰਕਪੁਰ ਇਸ ਜਗ੍ਹਾ ਤੋਂ ਬਿਲਕੁਲ ਉਲਟ ਦਿਸ਼ਾ ਵੱਲ ਸੀ, ਕਿੱਥੇ ਮੈਂ ਘਰ ਜਾਣ ਦੀ ਚਾਹ ਵਿੱਚ ਸੀ, ਕਿੱਥੇ ਹੋਰ ਵੀ 14-15 ਕਿਲੋਮੀਟਰ ਦੂਰ ਹੋ ਜਾਣਾ ਸੀ। ਅੰਦਰੋਂ ਮੈਂ ਪੂਰਾ ਡਰਿਆ ਹੋਇਆ ਸੀ। ਇਨ੍ਹਾਂ ਗੁੰਡਿਆਂ ਨੇ ਭਾੜਾ ਵੀ ਨਹੀਂ ਦੇਣਾ। ਜੇ ਪੁਲਸ ਦਾ ਚੱਕਰ ਪੈ ਗਿਆ, ਟੈਕਸੀ ਥਾਣੇ ਖੜੀ ਸੜ ਜਾਣੀ ਐ। ਉਲਟਾ ਮੈਨੂੰ ਜੇਲ੍ਹ ਵੀ ਹੋ ਸਕਦੀ ਹੈ। ਭੁੱਖ ਦੀ ਸੰਘੀ ਵੀ ਘੁੱਟੀ ਗਈ। ਜਕੋ ਤਕੀ ਵਿੱਚ ਮੈਂ ਟੈਕਸੀ ਘੁੰਮਾ ਲਈ।
‘ਸ਼ੋਰਦਾਰ ਜੀ, ਚਲਾਕੀ ਨਹੀਂ ਕਰਨੀ, ਨਹੀਂ ਤੋਂ ਪੇਟ ਕੀ ਅੰਤੜੀਆਂ ਖਿੱਲਰ ਜਾਏਂਗੀ।' ਮੇਰੇ ਨਾਲ ਬਰਾਬਰ ਬੈਠੇ ਨੇ ਮੈਨੂੰ ਧਮਕੀ ਦਿੱਤੀ ਤੇ ਕਮੀਜ਼ ਦਾ ਮੂਹਰਲਾ ਹਿੱਸਾ ਜ਼ਰਾ ਕੁ ਸਰਕਾਇਆ ਤਾਂ ਕਿ ਮੈਂ ਵੇਖ ਲਵਾਂ ਰਿਵਾਲਵਰ ਦੀ ਨਾਲੀ ਮੇਰੇ ਵੱਲ ਸਿੱਧੀ ਹੈ। ਰਸਤੇ ਵਿੱਚ ਆਏ ਤਾਂ ਟਰੈਫਿਕ ਸਿਪਾਹੀ ਨੇ ਸਿਗਨਲ ਬਦਲ ਦਿੱਤਾ। ਮੇਰੇ ਬਰਾਬਰ ਬੈਠਾ ਸੁਚੇਤ ਹੋ ਗਿਆ। ਮਨ ਵਿੱਚ ਆਇਆ ਗੱਡੀ ਵਿੱਚੋਂ ਉਤਰ ਕੇ ਦੌੜ ਜਾਵਾਂ, ਕੀ ਕਰ ਲੈਣਗੇ? ਜੇ ਇਹ ਬੈਰਕਪੁਰ ਲੈ ਗਏ, ਉਥੇ ਟੈਕਸੀ ਵੀ ਖੋਹ ਸਕਦੇ ਐ, ਮੇਰੀ ਕੁੱਟ ਮਾਰ ਵੀ ਕਰ ਸਕਦੇ ਐ, ਮੈਨੂੰ ਗੋਲੀ ਵੀ ਮਾਰ ਸਕਦੇ ਐ..।
ਸਿਪਾਹੀ ਨੇ ਜਾਣ ਲਈ ਸਿਗਨਲ ਦਿੱਤਾ ਤਾਂ ਮੈਥੋਂ ਘਬਰਾਏ ਤੋਂ ਟੈਕਸੀ ਬੰਦ ਹੋ ਗਈ। ਮੇਰੇ ਪਿੱਛੇ ਗਰਦਨ ਲਾਗੇ ਕੋਈ ਤਿੱਖੀ ਚੀਜ਼ ਚੁਭੀ, ਡਰ ਕੇ ਮੈਂ ਫੇਰ ਗੱਡੀ ਸਟਾਰਟ ਕੀਤੀ। ਡਨਲਪ ਏਰੀਆ ਪਾਰ ਕਰ ਲਿਆ। ਅੱਗੇ ਬਲਗਰੀਆ ਇਲਾਕਾ ਪੈਂਦਾ ਹੈ। ਇਥੇ ਥਾਣਾ ਬਿਲਕੁਲ ਜੀ ਟੀ ਦੇ ਉਪਰ ਹੈ।
ਮੇਰੇ ਮਨ ਵਿੱਚ ਖਿਆਲ ਆਇਆ, ਇਨ੍ਹਾਂ ਮੇਰੇ ਨਾਲ ਭਲੀ ਤਾਂ ਗੁਜ਼ਾਰਨੀ ਨਹੀਂ, ਇਕ ਦਾਅ ਖੇਡ ਕੇ ਵੇਖ ਲੈਨਾਂ। ਮੈਂ ਗੱਡੀ ਫੁੱਲ ਸਪੀਡ 'ਤੇ ਕਰਕੇ ਇਕਦਮ ਥਾਣੇ ਦੇ ਅੰਦਰ ਵਾੜ ਦਿੱਤੀ। ਪਿਛਲੇ ਦੋਵੇਂ ਗੇਟ ਲਾਗੇ ਹੀ ਚੱਲਦੀ ਗੱਡੀ 'ਚੋਂ ਛਾਲਾਂ ਮਾਰ ਗਏ। ਰਿਵਾਲਵਰ ਵਾਲਾ ਮੇਰੇ ਨਾਲ ਹੱਥੋਪਾਈ ਹੋ ਗਿਆ। ਇੰਨੇ ਵਿੱਚ ਥਾਣੇ ਦੇ ਅੰਦਰੋਂ ਕੁਝ ਸਿਪਾਹੀ ਦੌੜ ਕੇ ਬਾਹਰ ਆਏ। ਉਨ੍ਹਾਂ ਨੇ ਗੱਡੀ ਨੂੰ ਘੇਰਾ ਪਾ ਲਿਆ। ਸੜਕ 'ਤੇ ਜਾਂਦੇ ਲੋਕ ਵੀ ਖੜੋ ਗਏ। ਉਨ੍ਹਾਂ ਨੇ ਸ਼ਾਇਦ ਟੈਕਸੀ ਵਿੱਚੋਂ ਛਾਲਾਂ ਮਾਰ ਕੇ ਭੱਜਦੇ ਬੰਦੇ ਵੇਖ ਲਏ ਸਨ।
ਪਤਾ ਨਹੀਂ ਮੇਰੀ ਬਾਂਹ 'ਤੇ ਕੀ ਵੱਜਾ, ਕੜਾ ਲਹੂ ਨਾਲ ਲਿਬੜ ਗਿਆ। ਥਾਣੇਦਾਰ ਨੇ ਮੇਰੀ ਬਹਾਦਰੀ ਲਈ ਸ਼ਾਬਾਸ਼ ਤਾਂ ਦਿੱਤੀ, ਪਰ ਮੈਨੂੰ ਕਹਿੰਦਾ, ‘ਤੁਝੇ ਕੋਰਟ ਮੇਂ ਗਵਾਹੀ ਦੇਨੀ ਪੜੇਗੀ।'
ਉਹ ਟੈਕਸੀ ਵੀ ਬੰਦ ਕਰਨ ਲੱਗਾ ਸੀ। ਮੈਂ ਮਿੰਨਤ ਕੀਤੀ ‘ਇਹ ਤਾਂ ਮੇਰੀ ਰੋਟੀ ਰੋਜ਼ੀ, ਜਦੋਂ ਲੋੜ ਪਏਗੀ, ਕੋਰਟ ਵਿੱਚ ਲੈ ਆਵਾਂਗਾ।' ਉਸ ਨੇ ਮੇਰਾ ਨਾਮ, ਪਤਾ ਦਰਜ ਕੀਤਾ, ਬਿਆਨ ਲਏ ਤੇ ਛੱਡ ਦਿੱਤਾ। ਬੋਰੀਆਂ ਵਿੱਚ ਪਤਾ ਨਹੀਂ ਕੀ ਮਾਲ ਸੀ। ਛੇ ਸੱਤ ਮਹੀਨਿਆਂ ਵਿੱਚ ਤਿੰਨ ਤਰੀਕਾਂ 'ਤੇ ਮੈਨੂੰ ਗਵਾਹੀ ਲਈ ਬੁਲਾਇਆ ਗਿਆ। ਫਿਰ ਪਤਾ ਲੱਗਾ ਗੁੰਡਿਆਂ ਨੇ ਪੁਲਸ ਨਾਲ ਲੈਣ ਦੇਣ ਕਰ ਲਿਆ ਤੇ ਬੋਰੀਆਂ ਦਾ ਮਾਲ ਲੱਕੜੀ ਦੇ ਬੂਰੇ ਵਿੱਚ ਤਬਦੀਲ ਹੋ ਗਿਆ। ਬੋਰੀਆਂ ਵਿੱਚ ਸੀ ਕੀ, ਇਹ ਭੇਦ ਬਣਿਆ ਰਿਹਾ। ਤੇ ਅਸੀਂ ਟੈਕਸੀਆਂ ਵਾਲੇ ਮਗਰੋਂ ਹੋਟਲਾਂ ਢਾਬਿਆਂ 'ਤੇ ਗੱਲਾਂ ਕਰਨ ਜੋਗੇ ਰਹਿ ਜਾਂਦੇ ਹਾਂ। ਜੇ ਮਾਲ ਨਹੀਂ ਚੁੱਕਦੇ ਤਾਂ ਵੀ ਮਰਦੇ ਹਾਂ, ਜੇ ਚੁੱਕਦੇ ਹਾਂ ਤਾਂ ਵੀ ਮਰਦੇ ਹਾਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’