-ਸਤਿੰਦਰਪਾਲ ਬਾਵਾ
‘ਭਰਮਾਈ ਚਲੋ ਜੀ’ ਦੇ ਤਿੰਨਾਂ ਸ਼ਬਦਾਂ ਨੂੰ ਜੋੜ ਕੇ ਪੜ੍ਹੀਏ ਤਾਂ ਇਨ੍ਹਾਂ ਵਿੱਚ ਟੈਕਨਾਲੋਜੀ ਦੀ ਪ੍ਰਤਿ-ਧੁਨੀ ਸੁਣਾਈ ਦਿੰਦੀ ਹੈ। ਭਾਵੇ ਵੀਹਵੀਂ ਸਦੀ ਦੇ ਅੱਧ ਤੋਂ ਸ਼ੁਰੂ ਹੋ ਕੇ ਇੱਕੀਵੀਂ ਸਦੀ ਤੱਕ ਆਉਂਦਿਆਂ ਟੈਕਨਾਲੋਜੀ ਖੇਤਰ ਵਿੱਚ ਅਥਾਹ ਵਿਕਾਸ ਹੋਇਆ ਹੈ, ਜਿਸ ਨਾਲ ਕਈ ਭਰਮ ਭੁਲੇਖਿਆਂ ਪ੍ਰਤੀ ਕੋਈ ਭੁਲੇਖਾ ਨਹੀਂ ਰਹਿ ਗਿਆ। ਫਿਰ ਵੀ ਕੁਝ ਘਟਨਾਵਾਂ ਅਜਿਹੀਆਂ ਹੋ ਜਾਂਦੀਆਂ ਹਨ, ਜਿਹੜੀਆਂ ਅਚੇਤ ਹੀ ਨਵੇਂ ਭੁਲੇਖਿਆਂ ਦੀ ਸਿਰਜਣਾ ਕਰ ਦਿੰਦੀਆਂ ਹਨ ਅਤੇ ‘ਭਰਮਾਈ ਚਲੋ ਜੀ’ ਦੇ ਵਿਕਾਸ ਅਤੇ ਵਿਸਥਾਰ ਲਈ ਢੁਕਵੀਂ ਜ਼ਮੀਨ ਤਿਆਰ ਕਰਦੀਆਂ ਹਨ। ਕਹਿੰਦੇ ਨੇ ਕਿ ‘ਬਾਤ ਨਿਕਲੇਗੀ ਤੋ ਦੂਰ ਤਲਕ ਜਾਏਗੀ...’ ਬੱਸ ਉਸੇ ਤਰ੍ਹਾਂ ਅਸੀਂ ਸਾਰੇ ਪਿਛਲੇ ਕੁਝ ਸਮੇਂ ਤੋਂ ਗੱਲਾਂ ਦੀ ਦੂਰੀ ਅਤੇ ਡੂੰਘਾਈ ਹੀ ਮਾਪ ਰਹੇ ਹਾਂ। ਅੱਜ ਕੱਲ੍ਹ ਵੈਸੇ ਵੀ ਚੋਣਾਂ ਦਾ ਮੌਸਮ ਹੈ। ਇਸ ਕਰ ਕੇ ਗੱਲਾਂ ਦੀ ਖੱਟੀ ਖਾਣ ਵਾਲਿਆਂ ਦੀ ਉਂਝ ਹੀ ਚਾਂਦੀ ਹੈ।
ਸਾਡਾ ਵਿਸ਼ਵਾਸ ਹੈ ਕਿ ‘ਭਰਮਾਈ ਚਲੋ ਜੀ’ ਦੀ ਚੋਣਾਂ ਵਿੱਚ ਵਰਤੋਂ ਸਭ ਤੋਂ ਵੱਧ ਹੁੰਦੀ ਹੈ। ਭਾਰਤੀ ਲੋਕ ਕਈ ਸਦੀਆਂ ਤੋਂ ਇਸ ਦੀ ਮਾਰ ਝੱਲਦੇ ਆਏ ਹਨ। ਬਹੁਤਾ ਪਿੱਛੇ ਕੀ ਮੁੜਨਾ, ਖਿੱਦੋ ਫਰੋਲਾਂਗੇ ਤਾਂ ਲੀਰਾਂ ਹੀ ਨਿਕਲਣਗੀਆਂ, ਚਾਹੇ ਉਹ ‘ਗਰੀਬੀ ਹਟਾਉ’ ਦਾ ਨਾਅਰਾ ਹੋਵੇ ਜਾਂ ਕੋਈ ਹੋਰ ਕੌੜਾ ਸੱਚ, ਇਸ ਲਈ ਗੱਲ ਇਸੇ ਦਹਾਕੇ ਦੀ ਗੱਲ ਕਰਦੇ ਹਾਂ ਕਿ ਇੱਕ ਵੱਡੇ ਆਗੂ ਨੇ ਇਹ ਇਕਰਾਰ ਕੀਤਾ ਸੀ ਕਿ ਜੇ ਮੈਂ ਚੋਣਾਂ ਵਿੱਚ ਜਿੱਤ ਗਿਆ ਤਾਂ ਸੱਤਾ ਵਿੱਚ ਆਉਂਦਿਆਂ ਹੀ ਸਾਰੇ ਦੇਸ਼ ਨੂੰ ਕਰੋੜਪਤੀ ਭਾਵੇਂ ਨਾ ਬਣਾ ਸਕਾਂ, ਲੱਖਪਤੀ ਜ਼ਰੂਰ ਬਣਾ ਦੇਵਾਂਗਾ। ਲਓ ਜੀ, ‘ਭਰਮਾਈ ਚਲੋ ਜੀ’ ਕੰਮ ਕਰ ਗਈ ਤੇ ਲੋਕਾਂ ਨੇ ਉਸ ਨੂੰ ਬਹੁਮਤ ਨਾਲ ਜਿਤਾ ਵੀ ਦਿੱਤਾ ਅਤੇ ਸੱਤਾ ਵਿੱਚ ਵੀ ਲੈ ਆਂਦਾ। ਇਸ ਗੱਲ ਨੂੰ ਵਰ੍ਹੇ ਬੀਤ ਗਏ, ਪਰ ਲੋਕਾਂ ਦੇ ਖਾਤਿਆਂ ਵਿੱਚ ਪੈਸੇ ਨਾ ਆਏ। ਲੋਕਾਂ ਨੂੰ ਲੱਗਿਆ ਕਿ ਲੀਡਰ ਆਪਣੇ ਰਾਜ ਦੇ ਆਖਰੀ ਸਾਲ ਵਿੱਚ ਜ਼ਰੂਰ = ਚਮਤਕਾਰ ਦਿਖਾਵੇਗਾ ਤੇ ਵਾਅਦਾ ਵਫਾ ਕਰੇਗਾ, ਪਰ ਕੁਝ ਨਹੀਂ ਹੋਇਆ। ਜਦੋਂ ਇਸ ਬਾਰੇ ਇੱਕ ਪ੍ਰਸਿੱਧ ਪੱਤਰਕਾਰ ਨੇ ਲੀਡਰ ਨੂੰ ਸਵਾਲ ਕੀਤਾ ਤਾਂ ਲੀਡਰ ਨੇ ਪਹਿਲਾਂ ਪਾਣੀ ਪੀਤਾ, ਫਿਰ ਬੜੀ ਬੇਬਾਕੀ ਨਾਲ ਕਿਹਾ, ‘ਭਰਮ ਬਨਾ ਰਹੇ ਤੋ ਅੱਛਾ ਹੈ।’ ਇਹ ਕਹਿ ਕੇ ਟੀ ਵੀ ਉੱਤੇ ਚਲਦੀ ਇੰਟਰਵਿਊ ਵਿਚਾਲਿਉਂ ਛੱਡ ਕੇ ਸਟੂਡੀਓ ਤੋਂ ਬਾਹਰ ਚਲਾ ਗਿਆ।
ਇਸ ਘਟਨਾ ਨੂੰ ਅਸੀਂ ਹਾਲੇ ਭੁੱਲੇ ਨਹੀਂ ਕਿ ‘ਭਰਮਾਈ ਚਲੋ ਜੀ’ ਦਾ ਨਵਾਂ ਰੂਪ ‘ਡਰਾਈ ਚਲੋ ਜੀ’ ਇਨ੍ਹਾਂ ਚੋਣਾਂ ਸਮੇਂ ਮਾਰਕੀਟ ਵਿੱਚ ਲਾਂਚ ਹੋ ਗਿਆ। ਜੇ ਭਾਰਤੀ ਸੰਸਕ੍ਰਿਤੀ ਤੇ ਸਾਧ ਭਾਸ਼ਾ ਵਿੱਚ ਕਹਿਣਾ ਹੋਵੇ ਤਾਂ ਸਾਕਸ਼ਾਤ ਮਹਾਰਾਜ ਜੀ ਨੇ ਸਖਤੀ ਨਾਲ ਇਸ ਦੀ ਕਾਢ ਕੱਢੀ ਹੈ। ਉਹ ਮਹਾਰਾਜ ਜੀ ਜਿਹੜੇ ਆਪਣੀ ਕਿਰਪਾ ਲੋਕਾਂ 'ਤੇ ਬਣਾਈ ਰੱਖਣ ਦੀ ਭਾਵਨਾ ਨਾਲ ਇਸ ਵਾਰ ਵੀ ਚੋਣ ਦੰਗਲ ਵਿੱਚ ਧੂਣੀ ਧੁਖਾਈ ਬੈਠੇ ਹਨ ਤਾਂ ਜੋ ਸੰਗਤ ਦਾ ਕਲਿਆਣ ਹੋਵੇ, ਉਨ੍ਹਾ ਨੇ ਹਾਲ ਹੀ ਵਿੱਚ ਵਚਨ ਕਰ ਦਿੱਤੇ ਕਿ ‘ਜੇ ਤੁਸੀਂ ਮੈਨੂੰ ਵੋਟ ਨਹੀਂ ਪਾਉਗੇ ਤਾਂ ਪਾਪਾਂ ਦੇ ਭਾਗੀ ਬਣੋਗੇ, ਤੁਹਾਨੂੰ ਸਰਾਪ ਲੱਗੇਗਾ।’ ਗੱਲ ਬਾ-ਦਲੀਲ ਬਣਾਉਣ ਲਈ ਉਨ੍ਹਾਂ ਨੇ ਇੱਕ ਪੁਰਾਣ ਕਥਾ ਨੂੰ ਛੂਹ ਲਿਆ ਤੇ ਇਸ ਦੇ ਪ੍ਰਸੰਗ ਰਾਹੀਂ ਸਮਝਾਇਆ ਕਿ ਭਾਈ ਜੇ ਕੋਈ ਭੁੱਖਾ ਪਿਆਸਾ ਸਾਧੂ ਤੁਹਾਡੇ ਦਰ 'ਤੇ ਮੰਗਣ ਆਵੇ ਤੇ ਤੁਸੀਂ ਉਸ ਨੂੰ ਖਾਲੀ ਮੋੜ ਦੇਵੋ ਤਾਂ ਉਹ ਤੁਹਾਨੁੂੰ ਸਰਾਪ ਦੇਵੇਗਾ। ਇਹੀ ਉਹ ਸਮਾਂ ਸੀ ਜਦੋਂ ‘ਡਰਾਈ ਚਲੋ ਜੀ’ ਦੇ ਨਵੇਂ ਰੂਪ ਨੇ ਅਵਤਾਰ ਧਾਰਿਆ ਕਿਉਂਕਿ ਮਹਾਰਾਜ ਨੇ ਵਰ ਅਤੇ ਸਰਾਪ ਦਾ ਪ੍ਰਸੰਗ ਛੇੜ ਕੇ ਲੋਕਾਂ ਦੇ ਬੇਸ਼ਕੀਮਤੀ ਵੋਟ ਨੂੰ ਆਪਣੇ ਕਾਸੇ ਵਿੱਚ ਪਾਉਣ ਦਾ ਡਰਾਵਾ ਦਿੱਤਾ ਸੀ।
ਤੁਹਾਨੂੰ ਪਤਾ ਹੈ ਕਿ ਜਦੋਂ ਕੋਈ ਨਵਾਂ ਉਤਪਾਦ ਬਾਜ਼ਾਰ ਵਿੱਚ ਆਉਂਦਾ ਹੈ ਤਾਂ ਉਸ ਨਾਲ ਮਿਲਦੇ ਜੁਲਦੇ ਕਈ ਮਾਡਲ ਵੀ ਥੋੜ੍ਹੀ ਬਹੁਤੀ ਤਬਦੀਲੀ ਨਾਲ ਬਾਜ਼ਾਰ ਵਿੱਚ ਸੁੱਟਣੇ ਪੈਂਦੇ ਹਨ ਤਾਂ ਜੋ ਨਵੇਂਪਣ ਦਾ ਭਰਮ ਕਾਇਮ ਰਹਿ ਸਕੇ। ਇਸੇ ਤਰ੍ਹਾਂ ਇੱਕ ਬੀਬੀ ਨੇ ਇਨ੍ਹਾਂ ਚੋਣਾਂ ਵਿੱਚ ਇਹ ਕਹਿ ਦਿੱਤਾ ਕਿ ਜੇ ਤੁਸੀਂ ਮੈਨੂੰ ਆਪਣੀ ਵੋਟ ਵਾਲਾ ਬਲੈਂਕ ਚੈਕ ਨਹੀਂ ਦਿਓਗੇ ਤਾਂ ਮੈਂ ਜਿੱਤਣ ਪਿੱਛੋਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਾਂਗੀ, ਕਿਉਂਕਿ ਮੈਂ ਜਿੱਤ ਤਾਂ ਜਾਵਾਂਗੀ ਹੀ ਅਤੇ ਫਿਰ ਤੁਹਾਡੇ ਬੂਥ ਦੀਆਂ ਪੇਟੀਆਂ ਖੁੱਲ੍ਹਵਾ ਕੇ ਇਹ ਦੇਖਾਂਗੀ ਕਿ ਤੁਸੀਂ ਵੋਟਾਂ ਕਿਸ ਨੂੰ ਪਾਈਆਂ ਹਨ। ਜੇ ਤੁਸੀਂ ਮੈਨੂੰ ਵੋਟਾਂ ਨਾ ਪਾਈਆਂ ਤਾਂ ਭਵਿੱਖ ਵਿੱਚ ਮੈਥੋਂ ਮਦਦ ਦੀ ਕੋਈ ਆਸ ਨਾ ਕਰਿਉ। ਤੁਸੀਂ ਮੈਨੂੰ ਬੇਰੰਗ ਚਿੱਠੀ ਵਾਂਗ ਮੋੜੋਗੇ ਤਾਂ ਮੈਂ ਵੀ ਤੁਹਾਡੇ ਨਾਲ ਇਹੀ ਵਰਤਾਓ ਕਰਾਂਗੀ।
ਤੁਸੀਂ ਸਾਡੀ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ‘ਭਾਵੇਂ ਭਰਮਾਈ ਚਲੋ ਜੀ’ ਦਾ ਨਵਾਂ ‘ਰੂਪ ਡਰਾਈ ਚਲੋ ਜੀ’ ਰਿਕਾਰਡ ਤੋੜ ਸਫਲਤਾ ਹਾਸਲ ਕਰ ਰਿਹਾ ਹੈ, ਪਰ ਕਿਧਰੇ ਨਾ ਕਿਧਰੇ ਪੁਰਾਣਾ ਰੂਪ ਵੀ ਹਾਲੇ ਵਿਕ ਰਿਹਾ ਹੈ। ਕਿਉਂਕਿ ‘ਭਰਮਾਈ ਚਲੋ ਜੀ’ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਨਾਲ ਮਨੁੱਖ ਨਿਰਾਸ਼ ਨਹੀਂ ਹੁੰਦਾ। ਸਿਆਣੇ ਕਹਿੰਦੇ ਨੇ ਜੀਵੇ ਆਸਾ ਤੇ ਮਰੇ ਨਿਰਾਸਾ। ‘ਭਰਮਾਈ ਚਲੋ ਜੀ’ ਤੋਂ ਆਸ ਕਾਇਮ ਰਹਿੰਦੀ ਹੈ। ਮਿਸਾਲ ਵਜੋਂ, ਇੱਕ ਆਗੂ ਨੇ ਇਨ੍ਹਾਂ ਚੋਣਾਂ ਵਿੱਚ ਕਹਿ ਦਿੱਤਾ ਕਿ ਪਿਛਲੀ ਵਾਰ ਅਸੀਂ ਤੁਹਾਡੇ ਬੈਂਕ ਖਾਤੇ ਆਧਾਰ ਕਾਰਡ ਦੇ ਨੰਬਰ ਨਾਲ ਹੀ ਲਿੰਕ ਕਰ ਸਕੇ, ਇਸ ਵਾਰ ਮੌਕਾ ਦਿਓ, ਸਣੇ ਵਿਆਜ ਤੁਹਾਡੇ ਖਾਤਿਆਂ ਵਿੱਚ ਬਣਦੀ ਰਾਸ਼ੀ ਜਮ੍ਹਾ ਕਰਵਾ ਦੇਵਾਂਗੇ। ਲਓ ਜੀ, ਜਨਤਾ ਫਿਰ ਊਠ ਦੇ ਬੁੱਲ੍ਹ ਡਿੱਗਣ ਦੀ ਆਸ ਰੱਖਣ ਲੱਗ ਪਈ। ਇਸੇ ਤਰ੍ਹਾਂ ਇੱਕ ਹੋਰ ਲੀਡਰ ਨੇ ਰੈਲੀ ਵਿੱਚ ਕਹਿ ਦਿੱਤਾ ਕਿ ‘ਮੁੰਡਾ ਜੰਮਣ ਉਤੇ ਤੜਾਗੀ ਵੀ ਸਾਡੀ ਪਾਰਟੀ ਦੇ ਲੋਕ ਪਾਉਣ ਜਾਇਆ ਕਰਨਗੇ, ਉਹ ਵੀ ਸੋਨੇ ਦੀ, ਤੁਸੀਂ ਸਾਨੂੰ ਇੱਕ ਵਾਰ ਜਿਤਾ ਦਿਓ।’ ਨੇੜੇ ਬੈਠੇ ਕਿਸੇ ਨੇ ਮਸ਼ਕਰੀ ਨਾਲ ਕਿਹਾ, ‘‘ਖੁਸਰੇ ਵੀ ਸੱਦ ਲਿਉ, ਐਵੇਂ ਵੇਲਾਂ ਗਾਉਂਦੇ ਗਾਉਂਦੇ ਤੁਹਾਡਾ ਗਲਾ ਨਾ ਬੈਠ ਜਾਵੇ।”
ਇੱਕ ਲੀਡਰ ਨੇ ਇਨ੍ਹਾਂ ਦੋਵਾਂ ਰੂਪਾਂ ਦੇ ਆਧਾਰ 'ਤੇ ਨਵਾਂ ਮਾਡਲ ਜਾਰੀ ਕਰ ਦਿੱਤਾ। ਅਖੇ ‘ਤੁਹਾਡੇ ਆਧਾਰ ਕਾਰਡਾਂ ਤੇ ਵੋਟਰ ਕਾਰਡਾਂ 'ਤੇ ਫੋਟੋ ਲੱਗੀ ਹੋਈ ਹੈ। ਜੇ ਤੁਸੀਂੇ ਸਾਡੀ ਪਾਰਟੀ ਨੁੂੰ ਵੋਟ ਨਾ ਪਾਓਗੇ ਤਾਂ ਤੁਸੀਂ ਸਾਡੀ ਸਰਕਾਰ ਦੀਆਂ ਸਕੀਮਾਂ ਤੋਂ ਵਾਂਝੇ ਰਹਿ ਜਾਓਗੇ। ਦੂਜਾ ਤੁਹਾਡੇ ਹੱਥ 'ਤੇ ਕੈਮਰੇ ਲਾਏ ਜਾਣਗੇ, ਜੇ ਵਿਰੋਧੀ ਪਾਰਟੀ ਨੂੰ ਵੋਟਾਂ ਪਾਈਆਂ ਤਾਂ ਵੀ ਸਾਨੂੰ ਇਸ ਦਾ ਪਤਾ ਲੱਗ ਜਾਣਾ ਹੈ। ਜਿਹੜੇ ਸਾਡੀ ਪਾਰਟੀ ਨੂੰ ਵੋਟ ਨਹੀਂ ਕਰਨਗੇ ਉਨ੍ਹਾਂ ਨੂੰ ਨਾ ਰੁਜ਼ਗਾਰ ਮਿਲੇਗਾ ਤੇ ਨਾ ਮੋਬਾਈਲ ਫੋਨ। ਇਸ ਕਰ ਕੇ ਸਾਡੀ ਪਾਰਟੀ ਨੂੰ ਵੋਟ ਪਾਇਉ...।” ਭਾਵੇਂ ਮੋਬਾਈਲ ਤੇ ਰੁਜ਼ਗਾਰ ਦੋਵੇਂ ਵਿਰੋਧੀ ਗੱਲਾਂ ਨੇ, ਪਰ ਇਸ ਵਿੱਚ ਸਮੇਂ ਦਾ ਯਥਾਰਥ ਛੁਪਿਆ ਹੈ ਜਿਸ ਨੂੰ ਆਧੁਨਿਕ ਮੁਹਾਵਰੇ ਵਿੱਚ ਕਿਹਾ ਜਾਂਦਾ ਹੈ ਕਿ ਕੁਝ ਲੋਕਾਂ ਨੂੰ ਸਰਕਾਰ ਨੇ ਰੁਜ਼ਗਾਰ ਨਾ ਦੇ ਕੇ ਮੋਬਾਈਲ ਹੀ ਦੇ ਦਿੱਤਾ ਜਿਹੜਾ ਉਨ੍ਹਾਂ ਨੂੰ ਬੇਰੁਜ਼ਗਾਰੀ ਦਾ ਰੱਤੀ ਭਰ ਵੀ ਅਹਿਸਾਸ ਨਹੀਂ ਹੋਣ ਦਿੰਦਾ। ਓ ਭਾਈ ! ਅਸੀਂ ਕਿਹਾ ਸੀ ਕਿ ਕੁਝ ਘਟਨਾਵਾਂ ਅਜਿਹੀਆਂ ਹੋ ਜਾਂਦੀਆਂ ਹਨ ਜਿਹੜੀਆਂ ਅਚੇਤ ਹੀ ਨਵੇਂ ਭਰਮ ਭੁਲੇਖਿਆਂ ਦੀ ਸਿਰਜਣਾ ਕਰ ਦਿੰਦੀਆਂ ਹਨ। ਭਰਮਾਈ ਚਲੋ ਜੀ! ਭਰਮਾਈ ਚਲੋ ਜੀ।