Welcome to Canadian Punjabi Post
Follow us on

10

December 2019
ਨਜਰਰੀਆ

ਭਾਰਤ ਦੇ ਅਕਸ ਨੂੰ ਠੇਸ ਲਾਉਂਦੀਆਂ ਦੇ ਬਲਾਤਕਾਰ ਦੇ ਕਾਂਡ

May 21, 2019 10:32 AM

-ਰੋਹਿਤ ਕੌਸ਼ਿਕ
ਪਿਛਲੇ ਦਿਨੀਂ ਉਤਰੀ ਕਸ਼ਮੀਰ 'ਚ ਤਿੰਨ ਸਾਲਾਂ ਦੀ ਇੱਕ ਬੱਚੀ ਨਾਲ ਹੋਈ ਹੈਵਾਨੀਅਤ ਤੋਂ ਪੂਰਾ ਜੰਮੂ-ਕਸ਼ਮੀਰ ਗੁੱਸੇ 'ਚ ਹੈ। ਇਸ ਘਟਨਾ ਬਾਰੇ ਕਸ਼ਮੀਰ 'ਚ ਜਗ੍ਹਾ-ਜਗ੍ਹਾ ਮੁਜ਼ਾਹਰੇ ਹੋ ਰਹੇ ਹਨ। ਇਸੇ ਤਰ੍ਹਾਂ ਅਲਵਰ 'ਚ ਹੋਏ ਸਮੂਹਿਕ ਬਲਾਤਕਾਰ ਕਾਂਡ ਨੇ ਇੱਕ ਵਾਰ ਫਿਰ ਸਾਨੂੰ ਸ਼ਰਮਸਾਰ ਕੀਤਾ ਹੈ। ਅਲਵਰ ਜ਼ਿਲ੍ਹੇ 'ਚ ਬਾਈਕ 'ਤੇ ਜਾ ਰਹੇ ਪਤੀ-ਪਤਨੀ ਨੂੰ ਬੰਧਕ ਬਣਾ ਕੇ ਪਤੀ ਦੇ ਸਾਹਮਣੇ ਹੀ ਪਤਨੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ।
ਜੇ ਇਸ ਦੇਸ਼ 'ਚ ਸਾਡੀਆਂ ਧੀਆਂ ਸੁਰੱਕਿਖਤ ਨਹੀਂ ਤਾਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਸੀਂ ਆਪਣੇ ਦੇਸ਼ 'ਚ ਧੀਆਂ ਲਈ ਕਿੱਦਾਂ ਦਾ ਮਾਹੌਲ ਬਣਾ ਰਹੇ ਹਾਂ। ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਵੀ ਬਲਾਤਕਾਰ ਦੀਆਂ ਵਧਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟਾਉਂਦਿੱਾਂ ਕਿਹਾ ਸੀ ਕਿ ਦੇਸ਼ ਵਿੱਚ ਜਿੱਧਰ ਦੇਖੋ, ਉਧਰ ਔਰਤਾਂ ਨਾਲ ਬਲਾਤਕਾਰ ਹੋ ਰਹੇ ਹਨ। ਇਥੇ ਹਰ ਛੇ ਘੰਟਿਆਂ 'ਚ ਬਲਾਤਕਾਰ ਦੀ ਇੱਕ ਘਟਨਾ ਵਾਪਰਦੀ ਹੈ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਕਾਰਵਾਈ ਹੋਣੀ ਚਾਹੀਦੀ ਹੈ।
ਕੁਝ ਸਮਾਂ ਪਹਿਲਾਂ ਥਾਮਸਨ ਰਾਇਟਰਸ ਫਾਊਂਡੇਸ਼ਨ ਦੀ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਪੂਰੀ ਦੁਨੀਆ 'ਚ ਭਾਰਤ ਔਰਤਾਂ ਲਈ ਸਭ ਤੋਂ ਖਤਰਨਾਕ ਤੇ ਅਸੁਰੱਖਿਅਤ ਦੇਸ਼ ਹੈ। ਔਰਤਾਂ ਪ੍ਰਤੀ ਜਿਨਸੀ ਹਿੰਸਾ, ਮਨੁੱਖੀ ਤਸਕਰੀ ਤੇ ਦੇਹ ਵਪਾਰ ਦੇ ਆਧਾਰ 'ਤੇ ਭਾਰਤ ਨੂੰ ਇਹ ਸਥਾਨ ਦਿੱਤਾ ਗਿਆ ਸੀ। ਅਫਗਾਨਿਸਤਾਨ ਅਤੇ ਸੀਰੀਆ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਹਨ। ਇਸ ਰਿਪੋਰਟ 'ਤੇ ਉਦੋਂ ਕੁਝ ਬੁੱਧੀਜੀਵੀਆਂ ਨੇ ਸਵਾਲ ਵੀ ਉਠਾਇਆ ਸੀ।
ਭਾਰਤ ਦੇ ਕੇਸ ਵਿੱਚ ਇਸ ਰਿਪੋਰਟ ਵਿੱਚ ਕੁਝ ਹੱਦਾਂ ਹੋ ਸਕਦੀਆਂ ਹਨ, ਪਰ ਜਿਸ ਤਰ੍ਹਾਂ ਲਗਾਤਾਰ ਜਿਨਸੀ ਹਿੰਸਾ ਦੀਆਂ ਘਟਨਾਵਾਂ ਵਧੀ ਜਾਂਦੀਆਂ ਹਨ, ਉਸ ਨਾਲ ਦੁਨੀਆ ਵਿੱਚ ਭਾਰਤ ਦੇ ਅਕਸ ਨੂੰ ਧੱਕਾ ਲੱਗਾ ਹੈ। ਔਰਤਾਂ ਪ੍ਰਤੀ ਜਿਨਸੀ ਘਟਨਾਵਾਂ ਵਾਰ-ਵਾਰ ਸਭਿਅਕ ਸਮਾਜ ਦੀ ਸੰਵੇਦਨਸ਼ੀਲਤਾ 'ਤੇ ਸਵਾਲੀਆ ਨਿਸ਼ਾਨ ਲਾਉਂਦੀਆਂ ਹਨ।
ਅੱਜ ਜਿਸ ਤਰ੍ਹਾਂ ਇਹ ਘਟਨਾਵਾਂ ਵਧਦੀਆਂ ਜਾਂਦੀਆਂ ਹਨ, ਉਸ ਨੂੰ ਕੁਝ ਲੋਕਾਂ ਦਾ ਮਾਨਸਿਕ ਦੀਵਾਲੀਆਪਣ ਕਹਿ ਕੇ ਰੱਦ ਨਹੀਂ ਕੀਤਾ ਜਾ ਸਕਦਾ। ਸਭ ਤੋਂ ਪਹਿਲਾਂ ਸਾਨੂੰ ਬਲਾਤਕਾਰ ਤੇ ਸਮੂਹਿਕ ਬਲਾਤਕਾਰ ਦੀ ਮਾਨਸਿਕਤਾ ਨੂੰ ਸਮਝਣਾ ਪਵੇਗਾ। ਸਾਡੇ ਸਮਾਜ ਵਿੱਚ ਇਸ ਵਰਤਾਓ ਦਾ ਵਧਣਾ ਸਪੱਸ਼ਟ ਤੌਰ 'ਤੇ ਸੰਕੇਤ ਦਿੰਦਾ ਹੈ ਕਿ ਸਾਡੇ ਸਮਾਜਕ ਤਾਣੇ-ਬਾਣੇ 'ਚ ਕਿਤੇ ਨਾ ਕਿਤੇ ਕੋਈ ਖੋਟ ਜ਼ਰੂਰ ਹੈ। ਇਥੇ ਇਹ ਵਿਚਾਰ ਕਰਨਾ ਜ਼ਰੂਰੀ ਹੈ ਕਿ ਇਹ ਖੋਟ ਆਪਣੇ ਆਪ ਪੈਦਾ ਹੋਈ ਹੈ ਜਾਂ ਫਿਰ ਜਾਣਬੁੱਝ ਕੇ ਪੈਦਾ ਕੀਤਾ ਜਾ ਰਿਹਾ ਹੈ।
ਦਸੰਬਰ 2012 ਨੂੰ ਦਿੱਲੀ 'ਚ ਹੋਈ ਸਮੂਹਿਕ ਬਲਾਤਕਾਰ ਦਾ ਘਟਨਾ ਦੇ ਵਿਰੋਧ ਵਿੱਚ ਜਿਸ ਤਰ੍ਹਾਂ ਲੋਕ ਸੜਕਾਂ 'ਤੇ ਉਤਰੇ ਸਨ, ਉਸ ਨੂੰ ਦੇਖ ਕੇ ਲੱਗਾ ਸੀ ਕਿ ਸ਼ਾਇਦ ਸਾਡਾ ਸਮਾਜ ਜਾਗ ਗਿਆ ਹੈ, ਪਰ ਇਸ ਘਟਨਾ ਤੋਂ ਬਾਅਦ ਵੀ ਲਗਾਤਾਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ। ਹੈਵਾਨੀਅਤ ਅਤੇ ਦਰਿੰਦਗੀ ਦੀਆਂ ਅਜਿਹੀਆਂ ਘਟਨਾਵਾਂ 'ਤੇ ਗੁੱਸਾ ਜਾਇਜ਼ ਹੈ, ਪਰ ਸਿਰਫ ਗੁੱਸੇ ਨਾਲ ਕੋਈ ਸਮੱਸਿਆ ਹੱਲ ਨਹੀਂ ਹੋ ਸਕਦੀ। ਸਾਨੂੰ ਰੁਕ ਕੇ ਇਹ ਸੋਚਣਾ ਪਵੇਗਾ ਕਿ ਅਜਿਹੀਆਂ ਘਟਨਾਵਾਂ ਵਾਰ-ਵਾਰ ਕਿਉਂ ਹੋ ਰਹੀਆਂ ਹਨ।
ਅਸਲ 'ਚ ਬਲਾਤਕਾਰ ਅਜਿਹਾ ਸ਼ੋਸ਼ਣਕਾਰੀ ਸ਼ਬਦ ਹੈ, ਜਿਸ ਤੋਂ ਉਸ ਸ਼ੋਸ਼ਣਕਾਰੀ ਵਰਤਾਓ ਅਤੇ ਪ੍ਰਕਿਰਿਆ ਦਾ ਅਹਿਸਾਸ ਹੁੰਦਾ ਹੈ, ਜੋ ਨਾ ਸਿਰਫ ਸਾਡੀ ਹੋਂਦ ਨੂੰ ਹਿਲਾ ਕੇ ਰੱਖ ਦਿੰਦੀ ਹੈ ਸਗੋਂ ਸਾਡੇ ਅੰਦਰ ਇੱਕ ਹੀਣਭਾਵਨਾ ਵੀ ਪੈਦਾ ਕਰ ਦਿੰਦੀ ਹੈ। ਇਸ ਦਾ ਇੱਕ ਦੁਖਦਾਈ ਅਤੇ ਆਪਾ-ਵਿਰੋਧੀ ਪਹਿਲੂ ਇਹੋ ਹੈ ਕਿ ਜੋ ਵਿਅਕਤੀ ਇਸ ਘਿਨੌਣੀ ਕਰਤੂਤ ਨੂੰ ਅੰਜਾਮ ਦਿੰਦਾ ਹੈ, ਉਸ ਅੰਦਰ ਹੀਣਭਾਵਨਾ ਪੈਦਾ ਨਹੀਂ ਹੁੰਦੀ ਸਗੋਂ ਪੀੜਤਾ ਖੁਦ ਨੂੰ ਹੀਣ ਮੰਨਣ ਲੱਗਦੀ ਹੈ।
ਮਨੋਵਿਗਿਆਨੀ ਅਜਿਹੀਆਂ ਘਿਨੌਣੀਆਂ ਕਰਤੂਤਾਂ ਕਰਨ ਵਾਲੇ ਲੋਕਾਂ ਨੂੰ ਮਾਨਸਿਕ ਤੌਰ 'ਤੇ ਬਿਮਾਰ ਦੱਸਦੇ ਹਨ, ਪਰ ਅਜਿਹੇ ਲੋਕਾਂ ਨੂੰ ਮਾਨਸਿਕ ਬਿਮਾਰ ਕਹਿ ਕੇ ਇਨ੍ਹਾਂ ਘਟਨਾਵਾਂ ਦੀ ਗੰਭੀਰਤਾ ਨੂੰ ਘੱਟ ਨਹੀਂ ਕੀਤਾ ਜਾ ਸਕਦਾ। ਹਰੇਕ ਵਿਅਕਤੀ ਵਿੱਚ ਵਾਸਨਾ ਦਾ ਕੁਝ ਅੰਸ਼ ਜ਼ਰੂਰ ਹੁੰਦਾ ਹੈ। ਜਦੋਂ ਵਾਸਨਾ ਦਾ ਸੰਤੁਲਨ ਵਿਗੜਦਾ ਹੈ ਤਾਂ ਨਤੀਜਾ ਅਜਿਹੀਆਂ ਘਿਨੌਣੀਆਂ ਘਟਨਾਵਾਂ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਵਾਸਨਾ ਦਾ ਸੰਤੁਲਨ ਗੜਬੜਾਉਣ ਕਰ ਕੇ ਅੱਜ ਪਿਓ-ਧੀ ਤੇ ਭੈਣ-ਭਰਾ ਦੇ ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਅਜਿਹਾ ਨਹੀਂ ਕਿ ਇਹ ਘਟਨਾਵਾਂ ਪਹਿਲਾਂ ਨਹੀਂ ਹੁੰਦੀਆਂ ਸਨ, ਪਰ ਅੱਜ ਦੇ ਦੌਰ 'ਚ ਅਜਿਹੀਆਂ ਘਟਨਾਵਾਂ ਦਾ ਹੜ੍ਹ ਆ ਗਿਆ ਹੈ, ਇਹ ਹੜ੍ਹ ਕਦੋਂ ਕਿਸ ਨੂੰ ਆਪਣੀ ਲਪੇਟ ਵਿੱਚ ਲੈ ਲਵੇ, ਕਿਹਾ ਨਹੀਂ ਜਾ ਸਕਦਾ। ਮੰਦਭਾਗੀ ਗੱਲ ਇਹ ਹੈ ਕਿ ਅਜਿਹੀਆਂ ਘਟਨਾਵਾਂ ਦੇ ਹੜ੍ਹ ਨੂੰ ਰੋਕਣ ਲਈ ਜਿੰਨੇ ਵੀ ਉਪਾਅ ਕੀਤੇ ਜਾ ਰਹੇ ਹਨ, ਉਹ ਨਾਕਾਮ ਸਿੱਧ ਹੋ ਰਹੇ ਹਨ। ਏਸੇ ਲਈ ਬਲਾਤਕਾਰ ਦੀ ਇੱਕ ਘਟਨਾ ਨੂੰ ਅਸੀਂ ਅਜੇ ਭੁੱਲੇ ਨਹੀਂ ਹੁੰਦੇ ਕਿ ਦੂਜੀ ਸਾਹਮਣੇ ਆ ਜਾਂਦੀ ਹੈ। ਇਨ੍ਹਾਂ ਘਟਨਾਵਾਂ ਵਿਰੁੱਧ ਲੋਕ ਸੜਕਾਂ 'ਤੇ ਵੀ ਆ ਰਹੇ ਹਨ, ਪਰ ਲੋਕਾਂ ਦਾ ਗੁੱਸਾ, ਸਰਕਾਰ ਦੀਆਂ ਕੋਸ਼ਿਸ਼ਾਂ ਤੇ ਕਾਨੂੰਨ ਦਾ ਡਰ ਵੀ ਬਲਾਤਕਾਰੀਆਂ ਦੇ ਨਾਪਾਕ ਇਰਾਦਿਆਂ 'ਤੇ ਅਸਰ ਨਹੀਂ ਕਰ ਰਿਹਾ। ਅਜਿਹੀਆਂ ਘਟਨਾਵਾਂ ਤੋਂ ਬਾਅਦ ਲੋਕ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫਾਂਸੀ ਦੇਣ ਦੀ ਮੰਗ ਕਰਦੇ ਹਨ, ਪਰ ਇਥੇ ਸਵਾਲ ਇਹ ਵੀ ਹੈ ਕਿ ਕੀ ਫਾਂਸੀ ਦੇ ਡਰ ਨਾਲ ਅਜਿਹੀਆਂ ਘਟਨਾਵਾਂ ਸੱਚਮੁੱਚ ਘੱਟ ਜਾਣਗੀਆਂ?
ਸਾਨੂੰ ਸਮਝਣਾ ਚਾਹੀਦਾ ਹੈ ਕਿ ਜਦੋਂ ਵਾਸਨਾ ਦਿਲੋ-ਦਿਮਾਗ 'ਤੇ ਛਾਉਂਦੀ ਹੈ ਤਾਂ ਇਸ ਦਾ ਸ਼ਿਕਾਰ ਹੋਣ ਵਾਲਾ ਸਹੀ-ਗਲਤ ਵਿਚਲਾ ਫਰਕ ਭੁੱਲ ਜਾਂਦਾ ਹੈ। ਸਾਨੂੰ ਸਭ ਤੋਂ ਪਹਿਲਾਂ ਇਹ ਵਿਚਾਰ ਕਰਨਾ ਪਵੇਗਾ ਕਿ ਸਮਾਜ ਦੀ ਵਾਸਨਾ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ, ਪਰ ਅੱਜ ਅਸੀਂ ਇਸ ਮੁੱਦੇ 'ਤੇ ਵਿਚਾਰ ਨਹੀਂ ਕਰ ਰਹੇ। ਜੇ ਕੋਈ ਇਸ ਮੁੱਦੇ 'ਤੇ ਗੱਲ ਛੇੜਦਾ ਹੈ ਤਾਂ ਉਸ ਨੂੰ ਵਿਕਾਸਸ਼ੀਲਤਾ ਦਾ ਵਿਰੋਧੀ ਮੰਨ ਲਿਆ ਜਾਂਦਾ ਹੈ। ਬਦਕਿਸਮਤੀ ਇਹ ਹੈ ਕਿ ਅੱਜ ਕੁਝ ਬਾਜ਼ਾਰੂ ਤਾਕਤਾਂ ਸਮਾਜ ਦੀ ਵਾਸਨਾ ਨੂੰ ਜਾਣਬੁੱਝ ਕੇ ਭੜਕਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸੇ ਕਰ ਕੇ ਨਾ ਤਾਂ ਲੋਕਾਂ ਦੇ ਗੁੱਸੇ ਅਤੇ ਨਾ ਹੀ ਫਾਂਸੀ ਦੇ ਡਰੋਂ ਅਜਿਹੀਆਂ ਘਟਨਾਵਾਂ 'ਤੇ ਰੋਕ ਲੱਗ ਰਹੀ ਹੈ।
ਅਸਲ ਵਿੱਚ ਅੱਜ ਦੇ ਕਮਰਸ਼ਲ ਦੌਰ ਵਿੱਚ ਸਮਾਜ ਦੇ ਵੱਡੇ ਵਰਗ ਨੇ ਇਹ ਮੰਨ ਲਿਆ ਹੈ ਕਿ ਨੈਤਿਕਤਾ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਪਿਛਲੇ 10 ਸਾਲਾਂ ਵਿੱਚ ਨੈਤਿਕਤਾ ਤੇ ਅਨੈਤਿਕਤਾ ਵਿਚਲੀ ਸਥਿਤੀ ਜਿਸ ਤਰ੍ਹਾਂ ਰਲਗੱਡ ਹੋਈ ਹੈ, ਉਹ ਮੰਦਭਾਗੀ ਹੈ। ਟੀ ਵੀ, ਫਿਲਮਾਂ ਤੇ ਇਸ਼ਤਿਹਾਰਾਂ ਵਿਚ ਨੰਗੇਜ ਪੱਸਰਿਆ ਪਿਆ ਹੈ, ਉਹ ਅੱਜ ਨੈਤਿਕ ਹੋ ਗਿਆ ਹੈ। ਇੰਟਰੈਟ 'ਤੇ ਜੋ ਪੋਰਨ ਸਾਈਟਾਂ ਹਨ, ਉਹ ਨੰਗੇਜ ਅਤੇ ਵਾਸਨਾ ਦਾ ਨਵਾਂ ਸ਼ਾਸਤਰ ਘੜ ਰਹੀਆਂ ਹਨ। ਜਦੋਂ ਅਸੀਂ ਫਿਲਮਾਂ ਵਿੱਚ ਪਰਵਾਰ ਨਾਲ ਬੈਠ ਕੇ ਦੋ-ਅਰਥੀ ਡਾਇਲਾਗ ਸੁਣਦੇ ਤੇ ਅਸ਼ਲੀਲ ਦਿ੍ਰਸ਼ ਦੇਖਦੇ ਹਾਂ ਤਾਂ ਸਿਰ ਸ਼ਰਮ ਨਾਲ ਝੁਕਦਾ ਹੈ। ਕਈ ਵਾਰ ਲੱਗਦਾ ਹੈ ਜਿਵੇਂ ਇਹ ਜਾਣਬੁੱਝ ਕੇ ਸਰੋਤਿਆਂ ਤੇ ਦਰਸ਼ਕਾਂ ਦੀ ਵਾਸਨਾ ਭੜਕਾਉਣ ਲਈ ਕੀਤਾ ਜਾਂਦਾ ਹੈ। ਫਿਲਮਾਂ ਵਿੱਚ ਨੰਗੀ ਦੇਹ ਦੇ ਸੈਕਸੀ ਲਟਕਿਆਂ-ਝਟਕਿਆਂ ਨੂੰ ਐਕਟਿੰਗ ਮੰਨ ਲਿਆ ਗਿਆ ਹੈ।
ਇਹ ਤ੍ਰਾਸਦੀ ਹੈ ਕਿ ਇਸ ਸਥਿਤੀ ਵਿੱਚ ਵੀ ਫਿਲਮ ਸੈਂਸਰ ਬੋਰਡ ਗੂੜ੍ਹੀ ਨੀਂਦੇ ਸੁੱਤਾ ਪਿਆ ਹੈ। ਕੀ ਬਲਾਤਕਾਰ ਵਿਰੁੱਧ ਸੜਕਾਂ 'ਤੇ ਉਤਰੇ ਲੋਕਾਂ ਨੇ ਸਰਕਾਰ ਅਤੇ ਫਿਲਮ ਸੈਂਸਰ ਬੋਰਡ ਤੋਂ ਇਸ ਨੰਗੇਜ ਨੂੰ ਰੋਕਣਦੀ ਮੰਗ ਕੀਤੀ ਹੈ? ਬਲਾਤਕਾਰ ਵਿਰੁੱਧ ਨਾਅਰੇ ਲਾਉਣ ਵਾਲਿਆਂ 'ਚ ਬਹੁਤੇ ਲੋਕ ਅਜਿਹੇ ਮਿਲ ਜਾਣਗੇ, ਜੋ ਨੰਗੇਜ ਦੇ ਇਸ ਸੰਸਾਰ ਵਿੱਚ ਆਪਣਾ ਜ਼ਰੂਰੀ ਦਖਲ ਰੱਖਦੇ ਹਨ।
ਕੁਝ ਦਿਨ ਪਹਿਲਾਂ ਇੱਕ ਅੰਗਰੇਜ਼ੀ ਰਸਾਲੇ ਵਿੱਚ ਇੱਕ ਇਸ਼ਤਿਹਾਰ ਛਪਿਆ ਸੀ, ਜਿਸ 'ਚ ਇੱਕ ਔਰਤ ਬਿਕਨੀ ਪਹਿਨ ਕੇ ਅਤੇ ਅੱਖਾਂ 'ਤੇ ਐਨਕ ਲਾ ਕੇ ਐਨਕ ਦੀ ਮਸ਼ਹੂਰੀ ਕਰ ਰਹੀ ਸੀ। ਸਵਾਲ ਇਹ ਹੈ ਕਿ ਐਨਕ ਦੀ ਮਸ਼ਹੂਰੀ ਜਾਂ ਇਸ਼ਤਿਹਾਰ 'ਚ ਨੰਗੀ ਦੇਹ ਦਾ ਕੀ ਮਤਲਬ ਹੈ? ਇਸ ਦਾ ਅਰਥ ਬਹੁਤ ਸਪੱਸ਼ਟ ਹੈ ਕਿ ਜਾਣਬੁੱਝ ਕੇ ਨੰਗੇਜ ਦਾ ਸੰਸਾਰ ਰਚਿਆ ਜਾ ਰਿਹਾ ਹੈ। ਅਸਲ 'ਚ ਜਦੋਂ ਅਸੀਂ ਨੰਗੇਜ ਭਰਪੂਰ ਦਿ੍ਰਸ਼ ਦੇਖਦੇ ਹਾਂ ਤਾਂ ਉਨ੍ਹਾਂ ਦਾ ਸਾਡੇ ਦਿਲੋ-ਦਿਮਾਗ 'ਤੇ ਬੁਰਾ ਅਸਰ ਪੈਂਦਾ ਹੈ। ਇਹੋ ਪ੍ਰਕਿਰਿਆ ਭਵਿੱਖ ਵਿੱਚ ਸਾਨੂੰ ਮਾਨਸਿਕ ਤੌਰ 'ਤੇ ਬਿਮਾਰ ਬਣਾਉਂਦੀ ਹੈ।
ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਾਨੂੰਨ ਦੇ ਨਾਲ ਨੰਗੇਜ 'ਤੇ ਪਾਬੰਦੀ ਲਾਉਣੀ ਜ਼ਰੂਰੀ ਹੈ। ਸਰਕਾਰ, ਸਮਾਜ ਤੇ ਫਿਲਮ ਸੈਂਸਰ ਬੋਰਡ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਪਵੇਗਾ। ਪੱਕੇ ਇਲਾਜ ਦੀ ਘਾਟ ਕਾਰਨ ਸਮਾਜ ਵਿੱਚ ਔਰਤਾਂ ਵਿਰੁੱਧ ਜਿਨਸੀ ਹਿੰਸਾ ਦੀ ਬਿਮਾਰੀ ਕੈਂਸਰ ਵਾਂਗ ਵਧਦੀ ਰਹੇਗੀ ਅਤੇ ਅਸੀਂ ਇੰਝ ਹੀ ਸੜਕਾਂ 'ਤੇ ਆਪਣਾ ਗੁੱਸਾ ਦਿਖਾਉਂਦੇ ਰਹਾਂਗੇ।

 

Have something to say? Post your comment