Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਜਦੋਂ ਮੈਂ ਠੱਗਾਂ ਦੇ ਚੁੰਗਲ 'ਚੋਂ ਬਚ ਨਿਕਲਿਆ

May 21, 2019 10:32 AM

-ਮਨਮੋਹਨ ਸਿੰਘ ਬਾਸਰਕੇ
ਦੁਨੀਆ ਰੰਗ ਬਰੰਗੀ ਹੈ। ਇਥੇ ਹਰ ਕਿਸਮ ਦੇ ਲੋਕ ਵਸਦੇ ਹਨ, ਚੰਗੇ ਵੀ ਤੇ ਮਾੜੇ ਵੀ। ਗੁਰੂ ਨਾਨਕ ਸਾਹਿਬ ਦਾ ਵਾਹ ਵਾਸਤਾ ਇਕ ਸੱਜਣ ਠੱਗ ਨਾਲ ਪਿਆ ਤਾਂ ਉਨ੍ਹਾਂ ਉਸ ਨੂੰ ਸੁਧਾਰ ਦਿੱਤਾ ਸੀ, ਪਰ ਅੱਜ ਪੈਰ-ਪੈਰ 'ਤੇ ਠੱਗ ਮਿਲਦੇ ਹਨ। ਠੱਗਣ ਦੇ ਤਰੀਕੇ ਵੀ ਵੱਖੋ-ਵੱਖ ਹਨ। ਮੈਂ ਦੁਚਿੱਤੀ 'ਚ ਸੀ ਕਿ ਆਪਣੇ ਨਾਲ ਹੋਈ ਬੀਤੀ ਜਗ ਜ਼ਾਹਰ ਕਰਾਂ ਜਾਂ ਨਾ, ਪਰ ਮੇਰੇ ਅੰਦਰਲੇ ਨੇ ਹਾਮੀ ਭਰੀ ਕਿ ਗੱਲ ਕਰਨ ਵਿੱਚ ਕੋਈ ਹਰਜ ਨਹੀਂ। ਹੋ ਸਕਦਾ ਹੈ ਕਿ ਇਹ ਪੜ੍ਹ ਕੇ ਲੋਕ ਸੁਚੇਤ ਹੋਣ ਅਤੇ ਕਿਸੇ ਦਿਨ ਠੱਗੀ ਤੋਂ ਬਚ ਜਾਣ।
ਮੈਂ ਜੰਡਿਆਲਾ ਗੁਰੂ ਤੋਂ ਅੰਮ੍ਰਿਤਸਰ ਨੂੰ ਸਕੂਟਰ 'ਤੇ ਜਾ ਰਿਹਾ ਸਾਂ। ਜਦੋਂ ਤਰਨ ਤਾਰਨ ਬਾਈਪਾਸ 'ਤੇ ਆਇਆ ਤਾਂ ਉਥੇ ਇਕ ਮਧਰੇ ਕੱਦ ਦੇ ਦਗ-ਦਗ ਕਰਦੇ ਚਿਹਰੇ ਵਾਲੇ ਵਿਅਕਤੀ ਨੇ ਮੈਨੂੰ ਹੱਥ ਦੇ ਕੇ ਰੁਕਣ ਦਾ ਇਸ਼ਾਰਾ ਕੀਤਾ। ਮੈਂ ਇਹ ਸੋਚ ਕੇ ਰੁਕ ਗਿਆ ਕਿ ਹੋ ਸਕਦਾ ਹੈ ਕਿ ਇਸ ਨੇ ਲਾਗੇ ਛਾਗੇ ਜਾਣਾ ਹੋਵੇ ਅਤੇ ਮੈਥੋਂ ਲਿਫਟ ਦੀ ਆਸ ਰੱਖਦਾ ਹੋਵੇ। ਕਈ ਵਾਰ ਬੰਦੇ ਦੀ ਕੋਈ ਮਜ਼ਬੂਰੀ ਹੁੰਦੀ ਹੈ। ਬੰਦਾ ਬੰਦੇ ਦੇ ਕੰਮ ਆਉਂਦਾ ਹੈ। ਮੈਂ ਉਸ ਨੂੰ ਪੁੱਛਣ ਲੱਗਾ, ‘ਹਾਂ ਜੀ! ਦੱਸੋ ਕਿਥੇ ਜਾਣਾ ਹੈ?' ਉਹ ਕਿਸੇ ਧਾਰਮਿਕ ਡੇਰੇ ਬਾਰੇ ਪੁੱਛਣ ਲੱਗਾ। ਮੈਨੂੰ ਉਹ ਆਦਮੀ ਸਿੱਧਰਾ ਜਿਹਾ ਪ੍ਰਤੀਤ ਹੋਇਆ। ਮੈਂ ਉਸ ਨੂੰ ਕਿਹਾ ਕਿ ਤੁਸੀਂ ਗਲਤ ਪਾਸੇ ਖੜੇ ਹੋ। ਜੇ ਡੇਰੇ ਜਾਣਾ ਹੈ ਤਾਂ ਸੜਕ ਦੇ ਦੂਸਰੇ ਪਾਸੇ ਜਾਓ। ਉਹ ਪਿਛੇ ਹਟ ਗਿਆ ਅਤੇ ਮੈਂ ਆਪਣੀ ਮੰਜ਼ਿਲ ਵੱਲ ਵਧਣ ਲੱਗਾ। ਮੈਂ ਅਜੇ ਬਾਈਪਾਸ ਵਾਲੀ ਸੜਕ ਪਾਰ ਕੀਤਾ ਸੀ ਕਿ ਉਥੇ ਪੰਜ ਚਾਰ ਵਿਅਕਤੀ ਖਲੋਤੇ ਸਨ। ਇਕ ਵਿਅਕਤੀ ਮੋਟਰ ਸਾਈਕਲ ਲਾ ਕੇ ਕੋਲ ਖਲੋਤਾ ਸੀ।
ਉਨ੍ਹਾਂ ਮੈਨੂੰ ਹੱਥੇ ਦੇ ਇਸ਼ਾਰੇ ਨਾਲ ਕੋਲ ਬੁਲਾਇਆ ਤੇ ਕਹਿਣ ਲੱਗੇ, ‘ਉਹ ਤੁਹਾਨੂੰ ਕੀ ਕਹਿੰਦਾ ਸੀ?' ਮੈਂ ਕਿਹਾ ਕਿ ਉਹ ਧਾਰਮਿਕ ਡੇਰੇ ਬਾਰੇ ਪੁੱਛਦਾ ਸੀ। ਮੈਂ ਉਸ ਨੂੰ ਰਾਹ ਦੱਸ ਦਿੱਤਾ ਕਿ ਓਧਰ ਹੈ। ਉਹ ਲੋਕ ਦੱਸਣ ਲੱਗੇ, ‘ਉਹ ਤਾਂ ਸੰਤ ਨੇ। ਬੜੀ ਕਰਨੀ ਵਾਲੇ ਨੇ। ਤੁਹਾਡੇ ਭਾਗ ਚੰਗੇ ਕਿ ਮਿਲ ਗਏ। ਉਹ ਕਿਸੇ ਨਾਲ ਗੱਲ ਵੀ ਨਹੀਂ ਕਰਦੇ।' ਇਕ ਬੰਦਾ ਕਹਿ ਰਿਹਾ ਸੀ, ‘ਇਕ ਵਾਰ ਇਹ ਸਾਨੂੰ ਮਿਲੇ। ਕਹਿਣ ਲੱਗੇ; ਤੇਰੀ ਮਾਂ 'ਤੇ ਕਸ਼ਟ ਆਉਣ ਵਾਲਾ ਹੈ। ਫਿਕਰ ਨਾ ਕਰੀਂ, ਸਾਡੇ ਕੋਲ ਆਈਂ। ਸਭ ਠੀਕ ਹੋ ਜਾਵੇਗਾ।' ਉਹ ਬੰਦਾ ਫਿਰ ਕਹਿਣ ਲੱਗਾ, ‘ਮੇਰੀ ਮਾਂ ਨੂੰ ਇਕਦਮ ਦਿਸਣੋਂ ਹਟ ਗਿਆ। ਮੈਂ ਮਾਂ ਨੂੰ ਲੈ ਕੇ ਇਨ੍ਹਾਂ ਸੰਤਾਂ ਕੋਲ ਗਿਆ। ਇਨ੍ਹਾਂ ਜਲ ਦੇ ਅੱਖਾਂ 'ਤੇ ਛਿੱਟੇ ਮਾਰੇ ਸਨ ਕਿ ਮਾਂ ਦੀ ਨਿਗ੍ਹਾ ਵਾਪਸ ਆ ਗਈ।' ਇਨ੍ਹਾਂ ਸਾਨੂੰ ਕਿਹਾ ਕਿ ਕਿਸੇ ਨਾਲ ਗੱਲ ਨਹੀਂ ਕਰਨੀ, ਪਰ ਅਸੀਂ ਕਰ ਦਿੱਤੀ। ਓਦੋਂ ਦੇ ਸਾਡੇ ਨਾਲ ਨਾਰਾਜ਼ ਹਨ ਤੇ ਸਾਡੇ ਨਾਲ ਬੋਲਦੇ ਨਹੀਂ। ਤੁਹਾਡੇ ਨਾਲ ਉਨ੍ਹਾਂ ਬੜੇ ਪ੍ਰੇਮ ਨਾਲ ਗੱਲ ਕੀਤੀ ਹੈ। ਸਮਝੋ ਤੁਹਾਡੀ ਕਿਸਮਤ ਜਾਗ ਪਈ।
ਪਹਿਲਾ ਮਿਲਿਆ ਵਿਅਕਤੀ ਮੁੜ ਮੇਰੇ ਕੋਲ ਆ ਖਲੋਤਾ ਅਤੇ ਦੂਸਰੇ ਨੂੰ ਮੁਖਾਤਿਬ ਹੋਇਆ, ‘ਦੁਸ਼ਟਾ! ਤੈਨੂੰ ਕਿਹਾ ਸੀ ਕਿ ਕਿਸੇ ਨਾਲ ਗੱਲ ਨਹੀਂ ਕਰਨੀ, ਤੂੰ ਫਿਰ ਕਰਦਾ ਏ।' ‘ਸੰਤ ਜੀ ਮਾਫ ਕਰ ਦਿਉ' ਕਹਿ ਕੇ ਉਸ ਨੇ ਉਹਦੇ ਗੋਡੀਂ ਹੱਥ ਲਾਇਆ। ‘ਫਿਰ ਨਾ ਇਹ ਗਲਤੀ ਕਰੀਂ। ਝੋਲੀ ਕਰ ਤੇਰੇ ਬਰਕਤਾਂ ਪਾਈਏ।' ਉਸ ਨੇ ਝੋਲੀ ਅੱਡ ਦਿੱਤੀ। ਪਹਿਲੇ ਵਿਅਕਤੀ ਨੇ ਦੂਜੇ ਵਿਅਕਤੀ ਦੀ ਝੋਲੀ ਵਿੱਚ ਇਕ ਛੋਟਾ ਜਿਹਾ ਬੀਟਾ ਪਾ ਦਿੱਤਾ।'
ਫਿਰ ਪਹਿਲਾ ਵਿਅਕਤੀ ਮੈਨੂੰ ਸੰਬੋਧਨ ਹੋਇਆ, ‘ਬੱਚਾ! ਤੂੰ ਵੀ ਕਰ ਝੋਲੀ। ਮੈਂ ਵੀ ਝੋਲੀ ਬਣਾ ਲਈ। ਉਨ੍ਹਾਂ ਇਕ ਬੀਟਾ ਮੇਰੀ ਝੋਲੀ ਵਿੱਚ ਪਾਇਆ ਤੇ ਨਾਲ ਇਕ ਦੋ ਰੁਪਏ ਝੋਲੀ 'ਚ ਪਾਉਣ ਦੀ ਹਦਾਇਤ ਦਿੱਤੀ। ਉਸ ਵਿਅਕਤੀ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਦੂਸਰਾ ਵਿਅਕਤੀ ਮੇਰੇ ਤੋਂ ਪਹਿਲਾਂ ਕਰੀ ਜਾਂਦਾ ਸੀ। ਮੈਂ ਬਟੂਆ ਇਸ ਤਰ੍ਹਾਂ ਖੋਲ੍ਹਿਆ ਕਿ ਮੇਰੇ ਬਟੂਏ ਵਿੱਚ ਕੀ ਹੈ, ਉਸ ਨੂੰ ਇਸ ਦਾ ਪਤਾ ਨਾ ਲੱਗੇ। ਮੈਂ ਬਟੂਏ ਦੇ ਬਾਹਰ ਜਿਥੇ ਆਮ ਤੌਰ ਉੱਤੇ ਲੋਕ ਕੋਈ ਨਾ ਕੋਈ ਫੋਟੋ ਪਾਉਂਦੇ ਹਨ, ਉਥੇ ਰੱਖਿਆ ਇਕ ਰੁਪਏ ਦਾ ਨੋਟ ਕੱਢ ਕੇ ਝੋਲੀ ਵਿੱਚ ਪਾ ਲਿਆ। ਉਸ ਨੇ ਝੋਲੀ ਵਿੱਚ ਸੋਨਾ ਪਾਉਣ ਨੂੰ ਕਿਹਾ। ਦੂਸਰੇ ਵਿਅਕਤੀ ਨੇ ਪਹਿਲਾਂ ਪਾਲਣਾ ਕੀਤੀ। ਮੈਂ ਵੀ ਪਿੱਛੇ ਨਾ ਰਿਹਾ। ਮੈਂ ਇਹ ਤਾਂ ਜਾਣ ਚੁੱਕਾ ਸੀ ਕਿ ਦੋਵੇਂ ਆਪਸ ਵਿੱਚ ਰਲੇ ਹੋਏ ਹਨ, ਪਰ ਮੈਂ ਵੇਖਣਾ ਚਾਹੁੰਦਾ ਸੀ ਕਿ ਕਿਸ ਹੱਦ ਤੱਕ ਜਾਂਦੇ ਹਨ, ਕਿਉਂਕਿ ਜੀ ਟੀ ਰੋਡ ਹੋਣ ਕਾਰਨ ਮੈਂ ਖਤਰਾ ਮਹਿਸੂਸ ਨਹੀਂ ਕਰ ਰਿਹਾ ਸੀ। ਪਹਿਲੇ ਆਦਮੀ ਨੇ ਕਿਹਾ, ‘ਬੱਚਾ! ਜੋ ਮਾਇਆ ਤੇਰੀ ਜੇਬ ਵਿੱਚ ਹੈ, ਇਹ ਤੇਰੀ ਹੈ ਕਿਸੇ ਹੋਰ ਦੀ?' ਮੈਂ ਕਿਹਾ ਕਿ ਮੇਰੀ ਜੇਬ ਵਿੱਚ ਇਸ ਇਕ ਰੁਪਏ ਤੋਂ ਇਲਾਵਾ ਹੋਰ ਮਾਇਆ ਹੈ ਹੀ ਨਹੀਂ।' ਉਸ ਨੇ ਕਿਹਾ ਕਿ ਜੇ ਤੇਰੇ ਕੋਲ ਪੈਸੇ ਨਹੀਂ ਤਾਂ ਕਿਸ ਕੋਲ ਹੋਣਗੇ? ਹੱਥ ਤੇਰੇ ਸੋਨੇ ਦੀ ਮੁੰਦਰੀ ਤੇ ਵਧੀਆ ਚਾਂਦੀ ਦਾ ਕੜਾ, ਗਲ ਸਫਾਰੀ ਸੂਟ। ਇਹ ਕਿਵੇਂ ਹੋ ਸਕਦਾ ਹੈ ਕਿ ਤੇਰੇ ਕੋਲ ਪੈਸੇ ਨਾ ਹੋਣ। ਬੱਚਾ ਸੰਤਾਂ ਨਾਲ ਝੂਠ ਨਹੀਂ ਬੋਲੀਦਾ ਅਤੇ ਨਾ ਮਖੌਲ ਕਰੀਦਾ।' ਉਸ ਦਾ ਦਗ-ਦਗ ਕਰਦਾ ਚਿਹਰਾ ਜਿਹੜਾ ਸੱਚਮੁਚ ਦੇ ਸੰਤ ਹੋਣ ਦਾ ਭੁਲੇਖਾ ਪਾ ਰਿਹਾ ਸੀ, ਮੈਂ ਉਸ ਦੇ ਚਿਹਰੇ ਨੂੰ ਗਹੁ ਨਾਲ ਵੇਖਿਆ। ਅਸਲ ਵਿੱਚ ਉਸ ਨੇ ਮੇਕਅੱਪ ਕਰਵਾਇਆ ਹੋਇਆ ਸੀ।
ਉਨ੍ਹਾਂ ਤੋਂ ਖਹਿੜਾ ਛੁਡਵਾਉਣ ਲਈ ਮੈਂ ਸਕੂਟਰ ਨੂੰ ਰੇਸ ਦਿੱਤੀ ਅਤੇ ਚੱਲ ਪਿਆ। ਮੈਂ ਮਸਾਂ ਇਕ ਕਿਲੋਮੀਟਰ ਹੀ ਅੱਗੇ ਗਿਆ ਹੋਵਾਂਗਾ ਕਿ ਪਹਿਲਾਂ ਵਿਅਕਤੀ ਮੁੜ ਮੇਰੇ ਅੱਗੇ ਆ ਖਲੋਤਾ ਅਤੇ ਕਹਿਣ ਲੱਗਾ, ‘ਬੱਚਾ! ਸਾਡੀ ਗੱਲ ਸੁਣੋ।' ਉਹ ਮੇਰੇ 'ਤੇ ਇਹ ਪ੍ਰਭਾਵ ਪਾਉਣ ਦੇ ਚੱਕਰ ਵਿੱਚ ਸੀ ਕਿ ਉਹ ਬੜਾ ਕਰਨੀ ਵਾਲਾ ਹੈ। ਮੈਂ ਜਾਣ ਚੁੱਕਾ ਸਾਂ ਕਿ ਇਹ ਠੱਗ ਵਿਅਕਤੀ ਇਕ ਦੋ ਨਹੀਂ, ਸਗੋਂ ਪੂਰਾ ਗੈਂਗ ਹੈ। ਅਸਲ ਵਿੱਚ ਉਨ੍ਹਾਂ ਨੂੰ ਉਨ੍ਹਾਂ ਦਾ ਕੋਈ ਹੋਰ ਸਾਥੀ ਕਾਰ ਵਿੱਚ ਬਿਠਾ ਕੇ ਉਥੇ ਉਤਾਰ ਗਿਆ ਸੀ। ਮੈਂ ਹੋਰ ਜ਼ੋਖਮ ਨਹੀਂ ਸੀ ਲੈਣਾ ਚਾਹੁੰਦਾ ਸੀ, ਇਸ ਲਈ ਮੈਂ ਖਲੋਤਾ ਨਹੀਂ, ਥੋੜ੍ਹਾ ਅੱਗੇ ਗਿਆ ਤਾਂ ਉਸ ਦਾ ਦੂਸਰਾ ਸਾਥੀ ਮੋਟਰ ਸਾਈਕਲ 'ਤੇ ਮੇਰੇ ਬਰਾਬਰ ਆ ਕੇ ਕਹਿਣ ਲੱਗਾ, ‘ਸੰਤਾਂ ਤੋਂ ਗੋਦੜੀ ਲੈ ਲਵੋ।' ਮੈਂ ਕਿਹਾ ਕਿ ਉਹ ਕੀ ਹੁੰਦੀ? ਉਸ ਨੇ ਦੱਸਿਆ ਕਿ ਕੱਪੜੇ ਦੀ ਹੁੰਦੀ ਏ। ਮੈਂ ਕਿਹਾ ਕਿ ਮੈਨੂੰ ਕਿਸੇ ਗੋਦੜੀ ਦੀ ਲੋੜ ਨਹੀਂ। ਤੂੰ ਮੇਰਾ ਖਹਿੜਾ ਛੱਡ। ਜਦ ਉਹ ਫਿਰ ਵੀ ਨਾ ਚਲਿਆ ਤਾਂ ਮੈਂ ਉਸ ਨੂੰ ਗੁੱਸੇ ਵਿੱਚ ਕਿਹਾ ਕਿ ਤੂੰ ਵਾਪਸ ਜਾਵੇਗਾ ਕਿ ਤੇਰਾ ਕੋਈ ਹੋਰ ਇਲਾਜ ਕਰਾਂ। ਮੇਰੇ ਰੌਂਅ ਵੇਖ ਕੇ ਉਸ ਨੇ ਮੋਟਰ ਸਾਈਕਲ ਪਿੱਛੇ ਨੂੰ ਮੋੜ ਲਿਆ ਅਤੇ ਮੈਂ ਆਪਣੀ ਮੰਜ਼ਿਲ ਵੱਲ ਤੁਰ ਪਿਆ। ਮੈਂ ਠੱਗ ਦੇ ਚੁੰਗਲ 'ਚੋਂ ਬਚ ਨਿਕਲਣ 'ਚ ਕਾਮਯਾਬ ਹੋ ਗਿਆ, ਤੁਸੀਂ ਵੀ ਸਾਵਧਾਨ ਰਹਿਣਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”