ਨਵੀਂ ਦਿੱਲੀ, 20 ਮਈ (ਪੋਸਟ ਬਿਊਰੋ)- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅਪ੍ਰੈਲ ਮਈ ਦੇ ਮਹੀਨੇ ਅਤੇ ਫਿਰ ਸੱਤ ਪੜਾਵਾਂ ਵਿੱਚ ਚੋਣਾਂ ਕਰਵਾਉਣ ਬਾਰੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇੰਨੀ ਗਰਮੀ ਵਿੱਚ ਇੰਨੀਆਂ ਲੰਬੀਆਂ ਚੋਣਾਂ ਚੱਲਣੀਆਂ ਸਹੀ ਨਹੀਂ ਹਨ।
ਇਸ ਦੌਰਾਨ ਨਾਥੂ ਰਾਮ ਗੌਡਸੇ ਬਾਰੇ ਸਾਧਵੀ ਪ੍ਰਗਿਆ ਠਾਕਰ ਦੇ ਬਿਆਨ ਦੇ ਬਾਅਦ ਸਿਆਸੀ ਭੂਚਾਲ ਆ ਗਿਆ ਸੀ। ਇਸ ਦੇ ਬਾਅਦ ਐਨ ਡੀ ਏ ਗੱਠਜੋੜ ਦੇ ਸਾਥੀ ਨਿਤੀਸ਼ ਕੁਮਾਰ ਨੇ ਸਾਧਵੀ ਪ੍ਰਗਿਆ ਦੇ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਮਹਾਤਮਾ ਗਾਂਧੀ ਦੇ ਖਿਲਾਫ ਅਜਿਹੇ ਬਿਆਨ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਭਾਜਪਾ ਇਸ ਦਾ ਕੀ ਫੈਸਲਾ ਲੈਂਦੀ ਹੈ, ਇਸ ਨੂੰ ਨਿਤੀਸ਼ ਕੁਮਾਰ ਨੇ ਭਾਜਪਾ ਦਾ ਅੰਦਰੂਨੀ ਮੁੱਦਾ ਕਿਹਾ ਹੈ। ਵਰਨਣ ਯੋਗ ਹੈ ਕਿ ਭੋਪਾਲ ਪਾਰਲੀਮੈਂਟ ਸੀਟ ਤੋਂ ਚੋਣ ਲੜ ਰਹੀ ਅੱਤਵਾਦ ਮਾਮਲੇ ਦੀ ਦੋਸ਼ੀ ਸਾਧਵੀ ਪ੍ਰਗਿਆ ਨੇ ਨਾਥੂ ਰਾਮ ਗੌਡਸੇ ਨੂੰ ਦੇਸ਼ ਭਗਤ ਕਿਹਾ ਸੀ। ਨਿਤੀਸ਼ ਕੁਮਾਰ ਨੇ ਮੀਡੀਆ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਵਿੱਚ ਬਦਲਾਅ ਕਰਨ ਦੀ ਲੋੜ ਹੈ।