Welcome to Canadian Punjabi Post
Follow us on

11

December 2019
ਸੰਪਾਦਕੀ

ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 3 - ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?

May 17, 2019 09:43 AM

ਕੰਜ਼ਰਵੇਟਿਵ ਪਾਰਟੀ ਦੀ ਪੀਲ ਖੇਤਰ ਵਿੱਚ ਨੌਮੀਨੇਸ਼ਨ ਪ੍ਰਕਿਰਿਆ ਬਾਰੇ ਗੱਲ ਨੂੰ ਜਾਰੀ ਰੱਖਦੇ ਹੋਏ ਅਸੀਂ ਅੱਜ ਧਿਆਨ ਬਰੈਂਪਟਨ ਈਸਟ, ਬਰੈਂਪਟਨ ਨੌਰਥ, ਬਰੈਂਪਟਨ ਸਾਊਥ ਅਤੇ ਡਫਰਿਨ-ਕੈਲੀਡਾਨ ਰਾਈਡਿੰਗਾਂ ਉੱਤੇ ਕੇਂਦਰਿਤ ਕਰਦੇ ਹਾਂ। ਇਸ ਸਮੀਖਣ ਤੋਂ ਬਾਅਦ ਇਹ ਗੱਲ ਵੀ ਸਪੱਸ਼ਟ ਹੋ ਜਾਵੇਗੀ ਕਿ ਸਥਾਨਕ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਨਾਮ ਉੱਤੇ ਲੋਕਤੰਤਰ ਨੂੰ ਖਰਾਬ ਕਰਨ ਦਾ ਕਿਹੋ ਜਿਹਾ ਡਰਾਮਾ ਖੇਡਿਆ ਜਾ ਸਕਦਾ ਹੈ।

ਪਹਿਲਾਂ ਗੱਲ ਬਰੈਂਪਟਨ ਈਸਟ ਦੀ ਕਰਦੇ ਹਾਂ। ਪਾਰਟੀ ਬਰੋਕਰਾਂ ਵੱਲੋਂ ਇਸ ਰਾਈਡਿੰਗ ਵਿੱਚ ਇੱਕ ਬਾਹਰਲੀ ਉਮੀਦਵਾਰ ਰੋਮਾਨਾ ਸਿੰਘ ਦੀ ਸਿੱਧੀ ਐਂਟਰੀ ਸੰਭਵ ਕਰਾਈ ਗਈ। ਕ੍ਰਿਮਨਾਲੋਜੀ ਵਿੱਚ ਬੀ ਏ ਤੱਕ ਦੀ ਵਿੱਦਿਆ ਹਾਸਲ ਰੋਮਾਨਾ ਸਿੰਘ ਬਰੈਂਪਟਨ ਈਸਟ ਵਿੱਚ ਆਉਣ ਤੋਂ ਪਹਿਲਾਂ ਓਟਾਵਾ ਵਿਖੇ ਸਰਕਾਰੀ ਜੌਬ ਕਰਦੀ ਸੀ ਅਤੇ ਉਸਦਾ ਨਿਵਾਸ ਸਥਾਨ ਬਰੈਂਪਟਨ ਨਾ ਹੋ ਕੇ ਰਿਚਮੰਡ ਹਿੱਲਜ਼ ਹੈ। ਇਸ ਰਾਈਡਿੰਗ ਤੋਂ ਨਵਲ ਬਜਾਜ ਇੱਕ ਅੱਛੇ ਖਾਸੇ ਪ੍ਰਭਾਵ ਵਾਲਾ ਆਗੂ ਹੈ ਜਿਸਨੇ 2015 ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨ ਵੀ ਜਿੱਤੀ ਸੀ ਅਤੇ ਪਾਰਟੀ ਦਾ ਅਧਿਕਾਰਤ ਉਮੀਦਵਾਰ ਸੀ। ਜਦੋਂ ਨੌਮੀਨੇਸ਼ਨ ਪ੍ਰਕਿਰਿਆ ਖੋਲੀ ਗਈ ਤਾਂ ਦੱਸਿਆ ਜਾਂਦਾ ਹੈ ਕਿ ਨਵਲ ਬਜਾਜ ਨੇ ਆਪਣੇ ਅਸਰ ਰਸੂਖ ਨਾਲ ਮੈਂਬਰਸਿ਼ੱਪ ਬਣਾਉਣੀ ਆਰੰਭ ਕਰ ਦਿੱਤੀ ਪਰ ਉਸਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ। ਨਵਲ ਬਜਾਜ ਨੂੰ ਡਿਸਕੁਆਲੀਫਾਈ ਕਿਉਂ ਕੀਤਾ ਗਿਆ, ਇਸ ਬਾਰੇ ਕਾਰਣਾਂ ਦਾ ਪਤਾ ਨਹੀਂ ਲੱਗਿਆ ਹੈ ਪਰ ਜੋ ਪਰ ਜੋ ਪਾਰਟੀ ਬਰੋਕਰਾਂ ਨੂੰ ਮਨਜ਼ੂਰ ਸੀ, ਉਹ ਜਰੂਰ ਹੋ ਗਿਆ।

ਬਰੈਂਪਟਨ ਨੌਰਥ ਤੋਂ 2019 ਵਿੱਚ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਅਰਪਨ ਖੰਨਾ ਹੋਵੇਗਾ। ਅਰਪਨ ਖੰਨਾ ਬਾਰੇ ਇਹ ਗੱਲ ਜਰੂਰ ਆਖਣੀ ਬਣਦੀ ਹੈ ਕਿ ਉਹ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜਿਆ ਗਰਾਸ-ਰੂਟ ਆਗੂ ਹੈ। ਅਰਪਨ ਖੰਨਾ ਨੇ ਸਾਬਕਾ ਇੰਮੀਗਰੇਸ਼ਨ ਮੰਤਰੀ ਜੇਸਨ ਕੈਨੀ, ਪ੍ਰਧਾਨ ਮੰਤਰੀ ਸਟੀਫਨ ਹਾਰਪਰ ਅਤੇ ਹੋਰ ਸੀਨੀਅਰ ਆਗੂਆਂ ਨਾਲ ਸਾਲਾਂ ਬੱਧੀ ਕੰਮ ਕੀਤਾ ਹੈ। ਇਹਨਾਂ ਆਗੂਆਂ ਨਾਲ ਕੰਮ ਕਰਦੇ ਹੋਏ ਉਸਨੇ ਖੁਦ ਨੂੰ ਕਦੇ ਵੀ ਕਮਿਉਨਿਟੀ ਨਾਲੋਂ ਵੱਖ ਨਹੀਂ ਸੀ ਕੀਤਾ। ਲੰਬਾਂ ਸਿਆਸੀ ਅਨੁਭਵ ਹੋਣ ਕਾਰਣ ਉਸਨੂੰ ਸਥਾਨਕ ਅਤੇ ਕੌਮੀ ਮੁੱਦਿਆਂ ਦੀ ਸਮਝ ਵੀ ਹੈ।

ਖੈਰ, ਬਰੈਂਪਟਨ ਨੌਰਥ ਬਾਰੇ ਚਰਚਾ ਅਰਪਨ ਖੰਨਾ ਦੇ ਉਮੀਦਵਾਰ ਬਣਨ ਬਾਰੇ ਨਹੀਂ ਸਗੋਂ ਉਸ ਪ੍ਰਕਿਰਿਆ ਬਾਰੇ ਹੈ ਜਿਸ ਨਾਲ ਸਥਾਨਕ ਆਗੂਆਂ ਨੂੰ ਗੁਮਰਾਹ ਕੀਤਾ ਜਾਂਦਾ ਹੈ। ਇਸ ਹਲਕੇ ਤੋਂ ਰਿਪੂਦਮਨ (ਰਿਪੂ) ਢਿੱਲੋਂ ਅਤੇ ਜਰਨਮਨਜੀਤ ਸਿੰਘ ਮਜ਼ਬੂਤ ਉਮੀਦਵਾਰ ਸੀ ਅਤੇ ਉਹ ਆਪਣੀ ਤਿਆਰੀ ਵੀ ਮਿਹਨਤ ਨਾਲ ਕਰ ਰਹੇ ਸਨ। ਪਾਰਟੀ ਅਧਿਕਾਰੀਆਂ ਨੂੰ ਇਹ ਗੱਲ ਗਵਾਰਾ ਨਹੀਂ ਸੀ ਕਿ ਇਸ ਰਾਈਡਿੰਗ ਵਿੱਚ ਸਿਹਤਮੰਦ ਮੁਕਾਬਲੇ ਨਾਲ ਨੌਮੀਨੇਸ਼ਨ ਕਰਵਾਈ ਜਾਵੇ। ਦੱਸਿਆ ਜਾਂਦਾ ਹੈ ਕਿ ਰਿਪੂ ਅਤੇ ਜਰਮਨਜੀਤ ਦੋਵਾਂ ਨੂੰ ਬਰੈਂਪਟਨ ਸੈਂਟਰ ਤੋਂ ਕਿਸਮਤ ਅਜ਼ਮਾਈ ਕਰਨ ਦੀ ਸਲਾਹ ਦਿੱਤੀ ਗਈ ਜਿਸਦੀ ਉਹਨਾਂ ਪਾਲਣਾ ਵੀ ਕੀਤੀ। ਬਰੈਂਪਟਨ ਸੈਂਟਰ ਵਿੱਚ ਜੋ ਹਾਲਾਤ ਰਹੇ, ਉਹ ਪਿਛਲੇ ਆਰਟੀਕਲ ਵਿੱਚ ਦੱਸੇ ਜਾ ਚੁੱਕੇ ਹਨ।

ਬਰੈਂਪਟਨ ਸਾਊਥ ਰਾਈਡਿੰਗ ਵਿੱਚ ਨੌਮੀਨੇਸ਼ਨ ਦਾ ਜੋ ਕਿੱਸਾ ਸਾਹਮਣੇ ਆਇਆ, ਉਹ ਬਿਲਕੁਲ ਹੀ ਵੱਖਰਾ ਰਿਹਾ। ਜਿੱਥੇ ਹੋਰ ਰਾਈਡਿੰਗਾਂ ਵਿੱਚ ਇੱਕ ਤੋਂ ਬਾਅਦ ਇੱਕ ਉਮੀਦਵਾਰਾਂ ਨੂੰ ਘਰਾਂ ਨੂੰ ਤੋਰਿਆ ਗਿਆ, ਇਸ ਰਾਈਡਿੰਗ ਵਿੱਚ ਕਿਸੇ ਵੀ ਉਮੀਦਵਾਰ ਨੂੰ ਡਿਸਕੁਆਲੀਫਾਈ ਨਹੀਂ ਕੀਤਾ ਗਿਆ। ਸਪੱਸ਼ਟ ਕਾਰਣ ਕਿਸੇ ਨੂੰ ਪਤਾ ਨਹੀਂ ਪਰ ਐਨਾ ਜਰੂਰ ਕਿਹਾ ਜਾ ਰਿਹਾ ਹੈ ਕਿ ਪਾਰਟੀ ਆਗੂ ਪੰਜਾਬੀ ਕਮਿਉਨਿਟੀ ਦੇ ਉਮੀਦਵਾਰਾਂ ਨੂੰ ਇੱਕ ਦੂਜੇ ਦੇ ਵਿਰੁੱਧ ਲੜਾ ਕੇ ਆਪਣੇ ਕਿਸੇ ਮਨਪਸੰਦ ਆਗੂ ਦੀ ਜਿੱਤ ਯਕੀਨੀ ਬਣਾਉਣਾ ਚਾਹੁੰਦੇ ਸਨ।

ਜਿੱਥੇ ਹੋਰ ਰਾਈਡਿੰਗਾਂ ਵਿੱਚ ਸਿਆਸੀ ਸਮਝ ਪੱਖੋਂ ਅਨੁਭਵੀ ਉਮੀਦਵਾਰਾਂ ਨੂੰ ਡਿਸਕੁਆਲੀਫਾਈ ਕੀਤਾ ਗਿਆ, ਇਸ ਰਾਈਡਿੰਗ ਬਾਰੇ ਪਤਾ ਲੱਗਾ ਹੈ ਕਿ ਉਹਨਾਂ ਉਮੀਦਵਾਰਾਂ ਨੂੰ ਵੀ ਕਬੂਲ ਕਰ ਲਿਆ ਗਿਆ ਜਿਹਨਾਂ ਨੂੰ ਸਿਆਸਤ ਦੇ ਬੁਨਿਆਦੀ ਸੁਆਲ ਵੀ ਪਤਾ ਨਹੀਂ ਸਨ। ਦੱਸਿਆ ਗਿਆ ਹੈ ਕਿ ਇੱਕ ਉਮੀਦਵਾਰ ਨੂੰ ਇਹ ਵੀ ਪਤਾ ਨਹੀਂ ਸੀ ਕਿ ਕੈਨੇਡਾ ਵਿੱਚ ਕਿੰਨੇ ਪ੍ਰੋਵਿੰਸ ਹਨ ਜਾਂ ਜੇ ਪੁੱਛਿਆ ਗਿਆ ਕਿ ਕਾਰਬਨ ਟੈਕਸ ਆਦਿ ਉੱਤੇ ਤੁਹਾਡਾ ਕੀ ਸਟੈਂਡ ਹੋਵੇਗਾ ਤਾਂ ਜਵਾਬ ਸੀ ‘ਜੋ ਪਾਰਟੀ ਦਾ ਹੋਵੇਗਾ ਉਹੀ ਮੇਰਾ ਸਟੈਂਡ ਹੋਵੇਗਾ। ਇਸ ਉਮੀਦਵਾਰ ਨੇ ਨੌਮੀਨੇਸ਼ਨ ਲਈ ਹੋਣ ਵਾਲੀ ਇੰਟਰਵਿਊ ਵਿੱਚ ਗੰਭੀਰ ਬਿਮਾਰੀ ਕਾਰਣ ਸਵੈ ਦੀ ਮਰਜ਼ੀ ਨਾਲ ਮੌਤ ਕਬੂਲਣ (Euthanasia ਦੇ ਮੁੱਦੇ ਨੂੰ ਐਲ ਜੀ ਬੀ ਟੀ ਕਿਊ (LGBTQਦਾ ਮੁੱਦਾ ਹੀ ਦੱਸਿਆ, ਐਸਾ ਪਤਾ ਲੱਗਾ ਹੈ।

ਕਿਉਂਕਿ ਕਿਸੇ ਨੂੰ ਵੀ ਨੌਮੀਨੇਸ਼ਨ ਲੜਨ ਤੋਂ ਕਿਸੇ ਤਰਾਂ ਦੀ ਰੋਕ ਟੋਕ ਨਹੀਂ ਸੀ, ਸੋ ਬਰੈਂਪਟਨ ਸਾਊਥ ਵਿੱਚ 6 ਉਮੀਦਵਾਰ ਮੈਦਾਨ ਵਿੱਚ ਆਏ ਜਿਹਨਾਂ ਵਿੱਚ ਗੁਜਰਾਤੀ ਭਾਈਚਾਰੇ ਨਾਲ ਸਬੰਧਿਤ ਭਾਵੇਸ਼ ਭੱਟ, ਸਾਬਕਾ ਲਿਬਰਲ ਐਮ ਪੀ ਅਤੇ ਤਾਜਾ ਤਾਜਾ ਕੰਜ਼ਰਵੇਟਿਵ ਬਣੇ ਐਂਡਰੀਊ ਕਾਨੀਆ, ਹਰਜਿੰਦਰ ਚੀਮਾ, ਹਰਦੀਪ ਗਰੇਵਾਲ, ਬੈਨ ਕੈਨੇਡੀ ਅਤੇ ਰਮਨ ਬਰਾੜ ਸ਼ਾਮਲ ਸਨ। ਚੰਗੀ ਖਾਸੀ ਫੱਸਵੀਂ ਟੱਕਰ ਵਿੱਚ ਰਮਨ ਬਰਾੜ ਨੇ ਪਹਿਲਾ ਨੰਬਰ ਹਾਸਲ ਕਰਕੇ ਨੌਮੀਨੇਸ਼ਨ ਜਿੱਤੀ ਜਿਸ ਬਾਰੇ ਸਮਝਿਆ ਜਾਂਦਾ ਹੈ ਕਿ ਪਾਰਟੀ ਦੇ ਬਰੋਕਰ ਬਹੁਤੇ ਖੁਸ਼ ਨਹੀਂ ਹਨ। ਇਸ ਰੋਸ ਦਾ ਇੱਕ ਕਾਰਣ ਇਹ ਦੱਸਿਆ ਜਾਂਦਾ ਹੈ ਕਿ ਪਾਰਟੀ ਦੇ ਜੁਗਾੜੀ ਭਾਵੇਸ਼ ਭੱਟ ਨੂੰ ਜਿੱਤਿਆ ਵੇਖਣਾ ਚਾਹੁੰਦੇ ਸਨ ਜੋ ਖੁੱਲੀ ਜੰਗ ਵਿੱਚ ਸੰਭਵ ਹੋ ਨਾ ਸਕਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਵੇਸ਼ ਭੱਟ ਨੇ ਰਮਨ ਬਰਾੜ ਦੀ ਜਿੱਤ ਨੂੰ ਚੁਣੌਤੀ ਦਿੱਤੀ ਹੋਈ ਹੈ। ਵਰਨਣਯੋਗ ਹੈ ਕਿ ਰਮਨ ਬਰਾੜ ਦੇ ਖੁਦ ਦੱਸਣ ਮੁਤਾਬਕ ਉਸਨੇ ਨੌਮੀਨੇਸ਼ਨ ਚੋਣ ਲੜਨ ਦਾ ਫੈਸਲਾ ਹਰਦੀਪ ਗਰੇਵਾਲ ਨੂੰ ਵੇਖ ਕੇ ਉਸ ਦਿਨ ਕੀਤਾ ਜਿਸ ਦਿਨ ਹਰਦੀਪ ਗਰੇਵਾਲ ਡੋਰ-ਨਾਕਿੰਗ ਕਰਦੇ ਉਸਦੇ ਘਰ ਗਿਆ ਸੀ।

ਹੁਣ ਗੱਲ ਕੈਲੀਡਾਨ ਡਫਰਿਨ ਹਲਕੇ ਦੀ ਕਰਦੇ ਹਾਂ। ਇਸ ਰਾਈਡਿੰਗ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਡੇਵਿਡ ਟਿਲਰਮੈਨ ਨੇ ਚੋਣ ਨਾ ਲੜਨ ਦਾ ਫੈਸਲਾ ਕਰਨ ਤੋਂ ਬਾਅਦ ਨੌਮੀਨੇਸ਼ਨ ਕਰਵਾਈ ਗਈ ਜਿਸ ਵਿੱਚ ਪੰਜਾਬੀ ਉਮੀਦਵਾਰ ਹਰਜ਼ਾਦਨ ਸਿੰਘ ਖੱਟੜਾ, ਸਾਬਕਾ ਰੀਜਨਲ ਕਾਉਂਸਲਰ ਅਤੇ 2018 ਵਿੱਚ ਮੇਅਰ ਲਈ ਉਮੀਦਵਾਰ ਬਾਰਬ ਸ਼ਾਗਨੇਸੀ, ਔਰੈਂਜਵਿੱਲ ਦਾ ਸਾਬਕਾ ਮੇਅਰ ਜੈਰਮੀ ਵਿਲੀਅਮਜ਼ ਅਤੇ ਕੰਜ਼ਰਵੇਟਿਵ ਪਾਰਟੀ ਦੇ ਲੰਬੇ ਸਮੇਂ ਤੋਂ ਵਰਕਰ ਕੈਵਿਨ ਵੈਥਰਬੀ ਉਮੀਦਵਾਰ ਬਣੇ। ਇਹ ਨੌਮੀਨੇਸ਼ਨ ਚੋਣ ਕਈ ਕਾਰਣਾਂ ਕਰਕੇ ਵਿਵਾਦ ਦਾ ਕਾਰਣ ਬਣੀ। ਇਸੇ ਹਲਕੇ ਤੋਂ ਇਕ ਹੋਰ ਪੰਜਾਬੀ ਮੂਲ ਦੇ ਨੌਜਵਾਨ ਨੂੰ ਜੋ ਉਮੀਦਵਾਰ ਬਣਨ ਦਾ ਚਾਹਤ ਰੱਖਦਾ ਸੀ ਅਤੇ ਵੱਡੀ ਗਿਣਤੀ `ਚ ਮੈਂਬਰਸਿ਼ਪ ਸਾਈਨ ਕਰ ਰਿਹਾ ਸੀ, ਸਰਬਜੀਤ ਸਿੰਘ ਸਰਾਂ ਨੂੰ ਚੋਣ ਤੋਂ ਚੰਦ ਕੁ ਦਿਨ ਪਹਿਲਾਂ ਡਿਸਕੁਆਲੀਫਾਈ ਕਰ ਦਿੱਤਾ ਗਿਆ। ਫੇਰ ਹਰਜ਼ਾਦਨ ਸਿੰਘ ਖੱਟੜਾ ਨੇ ਗਰਾਊਂਡ ਪੱਧਰ ਉੱਤੇ ਸਖ਼ਤ ਮਿਹਨਤ ਕਰਕੇ ਮੈਂਬਰਸਿ਼ੱਪ ਬਣਾਈ ਅਤੇ ਨੌਮੀਨੇਸ਼ਨ ਜਿੱਤੀ।

ਹਰਜ਼ਾਦਨ ਸਿੰਘ ਦੀ ਜਿੱਤ ਨੂੰ ਹਾਲੇ 24 ਘੰਟੇ ਵੀ ਨਹੀਂ ਸਨ ਹੋਏ ਕਿ ਕੰਜ਼ਰਵੇਟਿਵ ਪਾਰਟੀ ਦੀ ਰੀਜਨਲ ਕਮੇਟੀ ਕੋਲ ਇਸਨੂੰ ਚੁਣੌਤੀ ਦੇ ਦਿੱਤੀ ਗਈ। ਇਹ ਵੀ ਪਤਾ ਲੱਗਾ ਹੈ ਕਿ ਰੀਜਨਲ ਕਾਉਂਸਲ ਤੋਂ ਬਾਅਦ ਨੇ ਇਹ ਮਾਮਲਾ ਹੁਣ ਕੌਮੀ ਕਾਉਂਸਲ ਕੋਲ ਭੇਜ ਦਿੱਤਾ ਹੈ ਕਥਿਤ ਤੌਰ ਕੌਮੀ ਕਾਉਂਸਲ ਵੱਲੋਂ ਹਰਜ਼ਾਦਨ ਕੱਟੜਾ ਨੂੰ ਜਵਾਬ ਦੇ ਦਿੱਤਾ ਗਿਆ ਹੈ ਅਤੇ
ਪਾਰਟੀ ਨੇ ਆਪਣੀ ਵੈਬਸਾਈਟ ਤੋਂ ਆਪਣੀ ਉਮੀਦਵਾਰ ਸੂਚੀ `ਚੋਂ ਬਾਹਰ ਕਰ ਦਿੱਤਾ ਹੈ। ਕੀ ਹਰਜ਼ਾਦਨ ਮੁੜ ਉਮੀਦਵਾਰ ਬਣ ਸਕਦਾ ਹੈ ਇਹ ਸਵਾਲ ਹਵਾ ਵਿਚ ਲਟਕ ਰਿਹਾ ਹੈ। ਸੂਤਰਾਂ ਤੋਂ ਖਬਰਾਂ ਵੀ ਮਿਲੀਆਂ ਹਨ ਕਿ ਖੱਟੜਾ ਬਾਰੇ ਇਲਜ਼ਾਮ ਲਾਏ ਗਏ ਹਨ ਕਿ ਉਹ ਨੌਮੀਂਨੇਸ਼ਨ ਜਿੱਤਣ ਤੋਂ ਬਾਅਦ ਪਾਰਟੀ ਵਰਕਰਾਂ ਨੂੰ ਚੰਗੇ ਤਰੀਕੇ ਸੰਬੋਧਨ ਨਹੀਂ ਸੀ ਕਰ ਸਕਿਆ, ਉਸ ਦੀ ਡਾਕਟਰੀ ਦੀ ਵਿੱਦਿਆ ਦੀ ਕੈਨੇਡਾ ਵਿੱਚ ਮਾਨਤਾ ਨਹੀਂ ਹੈ। ਅਜਿਹੇ ਇਲਜ਼ਾਮ ਲਾਉਣੇ ਸੌਖੇ ਹਨ ਪਰ ਹਰਜ਼ਾਦਨ ਸਿੰਘ ਖੱਟੜਾ ਵਿੱਦਿਆ ਅਤੇ ਕੈਨੇਡੀਅਨ ਕਲਚਰ ਦੀ ਸਮਝ ਪੱਖੋਂ ਕਾਫੀ ਜਾਣਕਾਰ ਅਤੇ ਸੂਝਵਾਨ ਨੌਜਵਾਨ ਪ੍ਰਤੀਤ ਹੁੰਦਾ ਹੈ।

ਇਸ ਸਮੁੱਚੀ ਚਰਚਾ ਤੋਂ ਬਾਅਦ ਦੋ ਨੁਕਤੇ ਉੱਠਦੇ ਹਨ ਜੋ ਕੰਜ਼ਰਵੇਟਿਵ ਪਾਰਟੀ ਲਈ ਬਰੈਂਪਟਨ ਕੈਲੀਡਾਨ ਵਿੱਚ ਔਖਿਆਈ ਪੇਸ਼ ਕਰ ਸਕਦੇ ਹਨ। ਪਹਿਲਾ ਇਹ ਕਿ ਜਦੋਂ ਕਿਸੇ ਉਮੀਦਵਾਰ ਨੂੰ ਡਿਸਕੁਆਲੀਫਾਈ ਕੀਤਾ ਜਾਂਦਾ ਹੈ ਤਾਂ ਉਹ ਇੱਕਲਾ ਵਿਅਕਤੀ ਨਹੀਂ ਹੁੰਦਾ ਸਗੋਂ ਉਸਦੇ ਨਾਲ ਕਮਿਉਨਿਟੀ ਦਾ ਵੱਡਾ ਹਿੱਸਾ ਜੁੜਿਆ ਹੁੰਦਾ ਹੈ। ਉਸਦੀ ਟੀਮ ਵਿੱਚ 100-150 ਆਗੂਆਂ ਦੀ ਟੀਮ ਹੁੰਦੀ ਹੈ ਜਿਹਨਾਂ ਨੂੰ ਕੈਪਟਨ ਆਖਿਆ ਜਾਂਦਾ ਹੈ। ਕੈਪਟਨਾਂ ਦੀ ਇਹ ਟੀਮ ਵੀ ਨਿਰਉਤਸ਼ਾਹਿਤ ਹੁੰਦੀ ਹੈ ਜਿਹਨਾਂ ਦੀ ਨਿਰਉਤਸ਼ਾਹਤਾ ਪਾਰਟੀ ਦੀ ਸਫ਼ਲਤਾ ਨੂੰ ਪ੍ਰਭਾਵਤ ਕਰਦੀ ਹੈ।

ਦੂਜਾ ਜਿਸ ਪੱਧਰ ਉੱਤੇ ਇਸ ਖੇਤਰ ਵਿੱਚ ਕੁੱਝ ਖਾਸ ਉਮੀਦਵਾਰਾਂ ਨੂੰ ਉਤਾਰਿਆ ਗਿਆ ਅਤੇ ਕਈਆਂ ਨੂੰ ਚੋਣ ਲੜਨ ਤੋਂ ਲਾਂਭੇ ਕੀਤਾ ਗਿਆ, ਉਸ ਨਾਲ ਕਮਿਉਨਿਟੀ ਵਿੱਚ ਨਾਂਪੱਖੀ ਪ੍ਰਚਾਰ ਫੈਲਦਾ ਹੈ ਜਿਸਦਾ ਸਿੱਟਾ ਫੈਡਰਲ ਚੋਣਾਂ ਵਿੱਚ ਵੇਖਣ ਨੂੰ ਮਿਲ ਸਕਦਾ ਹੈ। ਲੋਕਲ ਪੱਧਰ ਦੀ ਲੋਕਤਾਂਤਰਿਕ ਪ੍ਰਕਿਰਿਆ ਦੇ ਹੋਏ ਨੁਕਸਾਨ ਦਾ ਪ੍ਰਭਾਵ ਲੰਬੇ ਸਮੇਂ ਤੱਕ ਆਲੇ ਦੁਆਲੇ ਪਸੱਰਿਆ ਵੇਖਿਆ ਜਾ ਸਕੇਗਾ।

Have something to say? Post your comment