ਓਟਵਾ, 4 ਅਕਤੂਬਰ (ਪੋਸਟ ਬਿਊਰੋ) : ਓਟਵਾ ਵਿੱਚ ਕੌਮਾਂਤਰੀ ਟਰੇਡਿੰਗ ਸਿਸਟਮ ਨੂੰ ਬਚਾਉਣ ਲਈ ਰੱਖੀ ਗਈ ਮੀਟਿੰਗ ਵਿੱਚ ਕੈਨੇਡਾ ਵੱਲੋਂ ਅਮਰੀਕਾ ਨੂੰ ਸ਼ਾਮਲ ਹੋਣ ਦਾ ਸੱਦਾ ਨਹੀਂ ਦਿੱਤਾ ਗਿਆ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਅਮਰੀਕਾ ਇਸ ਮੀਟਿੰਗ ਵਿੱਚ ਹਿੱਸਾ ਲੈਣ ਲਈ ਸੱਦੇ ਗਏ ਬਾਕੀ 13 ਦੇਸ਼ਾਂ ਦੇ ਵਿਚਾਰਾਂ ਨਾਲ ਇਤਫਾਕ ਨਹੀਂ ਰੱਖਦਾ। ਇਹ ਜਾਣਕਾਰੀ ਕੈਨੇਡਾ ਦੇ ਟਰੇਡ ਮੰਤਰੀ ਨੇ ਦਿੱਤੀ।
ਇਸ ਮਹੀਨੇ ਦੇ ਅਖੀਰ ਵਿੱਚ ਓਟਵਾ ਵਿੱਚ ਹੋਣ ਜਾ ਰਹੀ ਦੋ ਰੋਜ਼ਾ ਗੱਲਬਾਤ ਵਿੱਚ ਕੈਨੇਡਾ 13 ਇੱਕੋ ਜਿਹੀ ਸੋਚ ਰੱਖਣ ਵਾਲੇ ਦੇਸ਼ਾਂ ਦੇ ਸੀਨੀਅਰ ਮੰਤਰੀਆਂ ਦੀ ਮੇਜ਼ਬਾਨੀ ਕਰੇਗਾ। ਕੈਨੇਡਾ ਦੇ ਨਵ ਨਿਯੁਕਤ ਇੰਟਰਨੈਸ਼ਨਲ ਟਰੇਡ ਡਾਇਵਰਸੀਫਿਕੇਸ਼ਨ ਮੰਤਰੀ ਜਿੰਮ ਕਾਰ ਨੇ ਆਖਿਆ ਕਿ ਇਹ ਗੱਲਬਾਤ ਵਰਲਡ ਟਰੇਡ ਆਰਗੇਨਾਈਜ਼ੇਸ਼ਨ ਵਿੱਚ ਸੁਧਾਰ ਲਈ ਰੱਖੀ ਗਈ ਹੈ। ਕਾਰ ਨੇ ਆਖਿਆ ਕਿ ਅਸੀਂ ਸੋਚਿਆ ਕਿ ਇਸ ਦਾ ਬਿਹਤਰ ਤਰੀਕਾ ਇੱਕੋ ਜਿਹੀ ਸੋਚ ਰੱਖਣ ਵਾਲਿਆਂ ਨਾਲ ਸਲਾਹ ਮਸ਼ਵਰਾ ਕਰਨਾ ਹੋ ਸਕਦਾ ਹੈ ਤੇ ਇਸੇ ਲਈ ਅਸੀਂ ਸਾਡੇ ਵਰਗੀ ਸੋਚ ਰੱਖਣ ਵਾਲਿਆਂ ਨੂੰ ਸੱਦਿਆ ਹੈ ਤੇ ਉਹ ਆ ਵੀ ਰਹੇ ਹਨ।
ਕਾਰ ਨੇ ਅੱਗੇ ਆਖਿਆ ਕਿ ਉਹ ਦੇਸ ਵੀ ਇਹੋ ਮੰਨਦੇ ਹਨ ਕਿ ਨਿਯਮ ਅਧਾਰਿਤ ਸਿਸਟਮ ਕੌਮਾਂਤਰੀ ਭਾਈਚਾਰੇ ਦੇ ਹੱਕ ਵਿੱਚ ਹੈ। ਪਹਿਲਾਂ ਅਸੀਂ ਇੱਥੇ ਆਮ ਸਹਿਮਤੀ ਬਣਾਵਾਂਗੇ ਤੇ ਫਿਰ ਉਨ੍ਹਾਂ ਦੇਸ਼ਾਂ ਨੂੰ ਆਪਣੀ ਸੋਚ ਤੋਂ ਸਮਝਾਂਵਾਂਗੇ ਜਿਹੜੇ ਥੋੜ੍ਹਾ ਅੜੀਅਲ ਰੁਖ ਰੱਖਦੇ ਹਨ। ਇਹ ਪੁੱਛੇ ਜਾਣ ਉੱਤੇ ਕਿ ਅਮਰੀਕੀਆਂ ਨੂੰ ਉਹ ਕਿਹੋ ਜਿਹਾ ਸੁਨੇਹਾ ਦੇਣਾ ਚਾਹੁਣਗੇ ਤਾਂ ਉਨ੍ਹਾਂ ਆਖਿਆ ਕਿ ਇਹੋ ਸੁਨੇਹਾ ਦੇਣਾ ਚਾਹੁਣਗੇ ਕਿ ਨਿਯਮ ਆਧਾਰਿਤ ਸਿਸਟਮ ਉਨ੍ਹਾਂ ਲਈ ਵੀ ਚੰਗਾ ਹੈ।
ਜਿਕਰਯੋਗ ਹੈ ਕਿ ਅਮਰੀਕਾ ਦੇ ਰਾਸਟਰਪਤੀ ਡੌਨਲਡ ਟਰੰਪ ਤੇ ਉਨ੍ਹਾਂ ਦੇ ਪ੍ਰੋਟੈਕਸਨਿਸਟ ਪ੍ਰਸਾਸਨ ਨੇ ਇਸ ਨਾਲੋਂ ਖੁਦ ਨੂੰ ਪਹਿਲਾਂ ਹੀ ਵੱਖ ਕਰ ਲਿਆ ਸੀ। ਟਰੰਪ ਦੇ ਉੱਘੇ ਇਕਨਾਮਿਕ ਸਲਾਹਕਾਰ ਲੈਰੀ ਕੁਡਲੋਅ ਪਹਿਲਾਂ ਵੀ ਕਈ ਵਾਰੀ ਡਬਲਿਊਟੀਓ ਨੂੰ ਗੈਰ ਪ੍ਰਭਾਵਸਾਲੀ ਤੇ ਟੁੱਟਿਆ ਹੋਇਆ ਸਿਸਟਮ ਦੱਸ ਚੁੱਕੇ ਹਨ।