Welcome to Canadian Punjabi Post
Follow us on

20

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਚੋਣ ਡਿਊਟੀਆਂ ਦੇ ਕੌੜੇ ਮਿੱਠੇ ਅਨੁਭਵ

May 17, 2019 08:43 AM

-ਪ੍ਰੋ. ਬਸੰਤ ਸਿੰਘ ਬਰਾੜ
ਜਦੋਂ ਵੀ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਰੌਲੇ ਰੱਪੇ ਅਤੇ ਖਿੱਚੋਤਾਣ ਵਿੱਚ ਇਕ ਵਰਗ ਬਹੁਤ ਅਣਗੌਲਿਆ ਰਹਿੰਦਾ ਹੈ। ਇਹ ਹੈ ਵੋਟਾਂ ਪਵਾਉਣ ਵਾਲਾ ਸਟਾਫ। ਇਹ ਸੇਵਾ ਦਾ ਕੰਮ ਮੁੱਖ ਤੌਰ ਉਤੇ ਸਰਕਾਰੀ ਸਕੂਲਾਂ ਤੇ ਕਾਲਜਾਂ ਦੇ ਸਟਾਫ ਨੂੰ ਦਿੱਤਾ ਜਾਂਦਾ ਹੈ। ਅੱਛੇ ਪੜ੍ਹੇ ਲਿਖੇ ਹੋਣ ਤੋਂ ਇਲਾਵਾ ਉਹ ਅਸੀਲ ਅਤੇ ਆਦਰਸ਼ਵਾਦੀ ਹੁੰਦੇ ਹਨ ਤੇ ਸਾਰੇ ਨਿਯਮਾਂ ਦੀ ਇੰਨ ਬਿੰਨ ਪਾਲਣਾ ਕਰਦੇ ਹਨ। ਟੀਮ ਦੇ ਮੁਖੀ ਨੂੰ ‘ਪ੍ਰੀਜ਼ਾਈਡਿੰਗ ਅਫਸਰ' ਤੇ ਬਾਕੀਆਂ ਨੂੰ ‘ਪੋਲਿੰਗ ਅਫਸਰ' ਦਾ ਰੁਤਬਾ ਦਿੱਤਾ ਜਾਂਦਾ ਹੈ। ਦੋ ਰਿਹਰਸਲਾਂ ਮੁੱਖ ਤੌਰ ਉੱਤੇ ਹਾਜ਼ਰੀ ਵੇਖਣ ਵਾਸਤੇ ਹੁੰਦੀਆਂ ਹਨ। ਕੋਈ ਚੋਣ ਅਫਸਰ ਅੱਧੇ ਕੁ ਘੰਟੇ 'ਚ ਸਾਰੇ ਮੋਟੇ-ਮੋਟੇ ਨਿਯਮਾਂ ਦੀ ਗੱਲ ਕਰ ਦਿੰਦਾ ਹੈ। ਇਨ੍ਹਾਂ ਦਾ ਚੋਣ ਸਟਾਫ ਨੂੰ ਬਹੁਤਾ ਪਤਾ ਹੁੰਦਾ ਹੈ, ਪਰ ਉਹ ਚੁੱਪਚਾਪ ਸੁਣੀ ਜਾਂਦੇ ਹਨ। ਜੇ ਕੋਈ ਗੈਰ ਹਾਜ਼ਰ ਹੋਇਆ ਜਾਂ ਜ਼ਰਾ ਕੁਤਾਹੀ ਵਰਤੀ ਗਈ ਤਾਂ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤੇ ਨੌਕਰੀ ਤੋਂ ਕੱਢਿਆ ਵੀ ਜਾ ਸਕਦਾ ਹੈ।
ਅਸਰ ਰਸੂਖ ਵਾਲੇ ਡਿਊਟੀ ਲੱਗਣ ਹੀ ਨਹੀਂ ਦਿੰਦੇ ਜਾਂ ਕਟਵਾ ਲੈਂਦੇ ਹਨ। ਜਿਹੜੇ ਪਹਿਲੀ ਰਿਹਰਸਲ ਉਤੇ ਚਲੇ ਗਏ, ਸਮਝੋ ਪੱਕੇ ਹੋ ਗਏ। ਦੁੱਖ ਦੀ ਗੱਲ ਹੈ ਕਿ ਵੋਟਾਂ ਪਵਾਉਣ ਦੀ ਡਿਊਟੀ 'ਤੇ ਲੱਗੇ ਜ਼ਿਆਦਾਤਰ ਮੁਲਾਜ਼ਮ ਆਪਣੀ ਵੋਟ ਨਹੀਂ ਪਾ ਸਕਦੇ। ਮਲਾਹ ਦਾ ਹੁੱਕਾ ਸੁੱਕਾ! ਚੋਣ ਨਿਯਮਾਂ ਵਿੱਚ ਈ ਡੀ ਸੀ (ਇਲੈਕਸ਼ਨ ਡਿਊਟੀ ਸਰਟੀਫਿਕੇਟ) ਲੈ ਕੇ ਡਿਊਟੀ ਵਾਲੇ ਬੂਥ ਉੱਤੇ ਵੋਟ ਪਾਉਣ ਦਾ ਪ੍ਰਬੰਧ ਹੈ, ਪਰ ਪ੍ਰਣਾਲੀ ਬੜੀ ਲੰਬੀ ਹੈ। ਆਪਣੀ ਵੋਟ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨਾ, ਫਾਰਮ ਭਰ ਕੇ ਦਫਤਰ ਵਿੱਚ ਜਮ੍ਹਾਂ ਕਰਾਉਣਾ ਤੇ ਚੋਣ ਤੋਂ ਇਕ ਦਿਨ ਪਹਿਲਾਂ ਆਪਣਾ ਈ ਡੀ ਸੀ ਲੈਣਾ। ਉਸੇ ਦਿਨ ਆਪਣੇ ਬੂਥ ਦਾ ਸਾਰਾ ਸਾਮਾਨ ਲੈ ਕੇ ਸੰਭਾਲਣ ਅਤੇ ਪਿੰਡਾਂ ਵੱਲ ਵਹੀਰਾਂ ਘੱਤਣ ਦੀ ਮਾਰੋਮਾਰ ਹੁੰਦੀ ਹੈ। ਇਸ ਲਈ ਬਹੁਤਾ ਪੜ੍ਹਿਆ ਲਿਖਿਆ ਵਰਗ ਵੋਟ ਪਾਉਣ ਤੋਂ ਰਹਿ ਜਾਂਦਾ ਹੈ। ਈ ਡੀ ਸੀ ਦੇਣ ਦਾ ਕੰਮ ਸੌਖਾ ਹੋਣਾ ਚਾਹੀਦਾ ਹੈ ਤਾਂ ਕਿ ਦੇਸ਼ ਦੇ ਲੱਖਾਂ ਪੜ੍ਹੇ ਲਿਖੇ ਲੋਕ ਅਤੇ ਸੁਰੱਖਿਆ ਮੁਲਾਜ਼ਮ ਵੋਟ ਪਾਉਣ ਤੋਂ ਵਾਂਝੇ ਨਾ ਰਹਿਣ।
ਆਪਣਾ ਸਾਰਾ ਸਾਮਾਨ ਚੰਗੀ ਤਰ੍ਹਾਂ ਸੰਭਾਲਣ ਤੋਂ ਬਾਅਦ ਛੇ ਸੱਤ ਟੀਮਾਂ ਇਕ ਟਰੱਕ ਵਿੱਚ ਸਵਾਰ ਹੋ ਕੇ ਪਿੰਡਾਂ ਦੇ ਰਾਹ ਪੈ ਜਾਂਦੀਆਂ ਹਨ। ਅੱਗੇ ਡਰਾਈਵਰ ਦੇ ਨਾਲ ਪਹਿਲਾਂ ਪੁਲਸ ਵਾਲੇ ਚੜ੍ਹ ਜਾਂਦੇ ਹਨ। ਚੋਣ ਅਮਲਾ ਪਿੱਛੇ ਪੀਂਘ ਝੂਟਦਾ ਆਉਂਦਾ ਹੈ। ਵਾਰੀ ਨਾਲ ਟੀਮਾਂ ਉਤਰਦੀਆਂ ਜਾਂਦੀਆਂ ਅਤੇ ਟਰੱਕ ਅਖੀਰਲੇ ਬੂਥ 'ਤੇ ਜਾ ਕੇ ਸਾਰੀ ਰਾਤ ਲਈ ਖੜੋ ਜਾਂਦਾ ਹੈ। ਪੋਲਿੰਗ ਟੀਮ ਦੀ ਦੇਖ ਰੇਖ ਕਰਨ ਦੀ ਜ਼ਿੰਮੇਵਾਰੀ ਪਿੰਡ ਦੇ ਪਟਵਾਰੀ ਦੀ ਹੁੰਦੀ ਹੈ, ਪਰ ਉਹ ਕਦੇ ਹੀ ਦਰਸ਼ਨ ਦਿੰਦਾ ਹੈ। ਪੋਲਿੰਗ ਸਟੇਸ਼ਨ ਆਮ ਤੌਰ 'ਤੇ ਸਰਕਾਰੀ ਸਕੂਲਾਂ ਵਿੱਚ ਹੋਣ ਕਰਕੇ ਚਪੜਾਸੀ ਮਿਲ ਜਾਂਦਾ ਹੈ। ਕਮਰੇ ਖੋਲ੍ਹ ਕੇ ਉਹ ਕਿਸੇ ਮੋਹਤਬਰ ਆਦਮੀ ਨੂੰ ਬੁਲਾਉਂਦਾ ਹੈ, ਜਿਹੜਾ ਚਾਹ ਪਾਣੀ, ਰੋਟੀ ਟੁੱਕ ਤੇ ਮੰਜੇ ਬਿਸਤਰੇ ਦਾ ਪ੍ਰਬੰਧ ਕਰ ਦਿੰਦਾ ਹੈ।
ਪਿੰਡਾਂ ਦੇ ਸਕੂਲਾਂ ਵਿੱਚ ਬਿਜਲੀ ਅਤੇ ਚੱਲਦੇ ਪਾਣੀ ਵਾਲੇ ਬਾਥਰੂਮ ਘੱਟ ਵੱਧ ਹੀ ਹੁੰਦੇ ਹਨ। ਟਾਇਲਟ ਹੁੰਦੀ ਨਹੀਂ ਜਾਂ ਵਰਤਣ ਯੋਗ ਨਹੀਂ ਹੁੰਦੀ। ਨੇੜੇ ਦਾ ਹੈਂਡ ਪੰਪ, ਸੂਆ, ਕੱਸੀ, ਖਾਲ ਜਾਂ ਟੋਭਾ ਪਹਿਲੀ ਸ਼ਾਮ ਹੀ ਨਿਗਾਹ ਵਿੱਚ ਕਰਨਾ ਪੈਂਦਾ ਹੈ। ਜੇ ਖੁੱਲ੍ਹੇ ਵਿੱਚ ਹਾਜਤ ਕਰਨ ਦੀ ਮਨਾਹੀ ਸਖਤੀ ਨਾਲ ਲਾਗੂ ਕੀਤੀ ਜਾਵੇ ਤਾਂ ਸੁਭਾ ਸਾਰਾ ਸਟਾਫ ਥਾਣੇ 'ਚ ਬੰਦ ਹੋਵੇ। ਹਰ ਕੋਈ ਗੜਵੀ ਜ਼ਰੂਰ ਲੈ ਕੇ ਜਾਂਦਾ ਹੈ। ਉਸ ਰਾਤ ਕੋਈ ਇਕ ਦੋ ਘੰਟੇ ਸੌਂਦਾ ਹੈ। ਸਵੇਰੇ ਸੱਤ ਵਜੇ ਪੋਲਿੰਗ ਸ਼ੁਰੂ ਕਰਨ ਲਈ ਕਈ ਘੰਟੇ ਪਹਿਲਾਂ ਤਿਆਰੀ ਸ਼ੁਰੂ ਕਰਨੀ ਪੈਂਦੀ ਹੈ।
ਈ ਵੀ ਐਮ ਆਉਣ ਨਾਲ ਵੋਟਾਂ ਪਵਾਉਣ ਦਾ ਕੰਮ ਕੁਝ ਸੌਖਾ ਤੇ ਤੇਜ਼ ਹੋ ਗਿਆ ਹੈ। ਬੈਲੇਟ ਪੇਪਰਾਂ ਤੇ ਬਕਸੇ 'ਚ ਲੱਗਣ ਵਾਲੀ ਅਤਿਅੰਤ ਜ਼ਰੂਰੀ ਪੇਪਰ ਸੀਲ ਨੂੰ ਸੰਭਾਲਣ ਅਤੇ ਮੌਕੇ 'ਤੇ ਦਸਤਖਤ ਕਰਨ ਦੀ ਕਾਹਲ ਮੁੱਕ ਗਈ। ਫਾਰਮ ਤੇ ਲਿਫਾਫੇ ਵੀ ਘਟ ਗਏ ਹਨ। ਮਸ਼ੀਨ ਖਰਾਬ ਹੋਣ ਦਾ ਡਰ ਜ਼ਰੂਰ ਰਹਿੰਦਾ ਹੈ, ਪਰ ਮੋਬਾਈਲ ਫੋਨ ਰਾਹੀਂ ਮਦਦ ਜਲਦੀ ਮਿਲ ਜਾਂਦੀ ਹੈ। ਪ੍ਰੀਜ਼ਾਈਡਿੰਗ ਅਫਸਰ ਦੇ ਤੌਰ 'ਤੇ ਕੰਮ ਕਰਨ ਦੇ ਕੁਝ ਅਨੁਭਵ ਪਾਠਕਾਂ ਨਾਲ ਸਾਂਝੇ ਕਰਨਾ ਚਾਹਾਂਗਾ।
ਮੇਰੀ ਪਹਿਲੀ ਡਿਊਟੀ 1967 ਵਿੱਚ ਹਰਿਆਣੇ ਦੇ ਰਾਜਸਥਾਨ ਨਾਲ ਦੇ ਇਕ ਪਿੰਡ ਲੱਗੀ ਸੀ। ਸਰਕਾਰੀ ਕਾਲਜ, ਨਾਰਨੌਲ ਵਿੱਚ ਮੇਰੀ ਨਵੀਂ-ਨਵੀਂ ਨਿਯੁਕਤੀ ਹੋਈ ਸੀ। ਨਵੇਂ ਬਣੇ ਹਰਿਆਣੇ ਵਿੱਚ ਇਹ ਪਹਿਲੀ ਚੋਣ ਸੀ। ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਸਨ। ਚੰਡੀਗੜ੍ਹ ਤੇ ਕੁਝ ਹੋਰ ਇਲਾਕਿਆਂ ਦੀ ਵੰਡ ਬਾਰੇ ਝਗੜੇ ਕਾਰਨ ਪੰਜਾਬੀਆਂ ਵਿਰੁੱਧ ਭਾਵਨਾ ਸਿਖਰ ਉਤੇ ਸੀ। ਮੇਰਾ ਸਾਰਾ ਸਟਾਫ ਹਰਿਆਣਵੀ ਸੀ ਅਤੇ ਉਹ ਘੱਟ ਤੋਂ ਘੱਟ ਸਹਿਯੋਗ ਕਰ ਰਹੇ ਸਨ। ਪੋਲਿੰਗ ਸਟੇਸ਼ਨ ਵਾਲਾ ਸਕੂਲ ਪਿੰਡੋਂ ਖਾਸਾ ਦੂਰ ਇਕ ਟਿੱਬੇ ਉਤੇ ਸੀ। ਬੂਥ ਸੈਟ ਕਰਵਾ ਕੇ ਸਾਰੀ ਟੀਮ ਚੁੱਪ ਚਾਪ ਪਿੰਡ ਨੂੰ ਖਿਸਕ ਗਈ। ਮੈਂ ਅਤੇ ਚਪੜਾਸੀ ਟਿੱਬੇ 'ਤੇ ਖੜੇ ਸਾਂ। ਨਾ ਚਾਹ, ਨਾ ਪਾਣੀ। ਪੱਛਮ ਵੱਲ ਰਾਜਸਥਾਨ ਦਾ ਧੌਂਸੀ ਪਹਾੜ ਸੀ, ਜਿਥੇ ਤਾਂਬਾ ਨਿਕਲਦਾ ਹੈ। ਕੁਝ ਦੂਰ ਇਕ ਡਰਿੱਲ ਵਿਖਾਈ ਦਿੱਤੀ। ਮੈਂ ਤਾਲਾ ਲਾ ਕੇ ਉਧਰ ਤੁਰ ਗਿਆ। ਉਸ ਟੀਮ ਦਾ ਅਫਸਰ ਪੰਜਾਬੀ ਨਿਕਲਿਆ। ਮੇਰੀ ਮੁਸ਼ਕਲ ਬਾਰੇ ਸੁਣ ਕੇ ਉਸ ਨੇ ਚਾਹ ਪਾਣੀ ਤੇ ਖਾਣਾ ਭੇਜਣ ਦਾ ਜ਼ਿੰਮਾ ਲੈ ਲਿਆ। ਉਸ ਸ਼ਾਮ ਤੇ ਅਗਲੇ ਦਿਨ ਮੇਰੇ ਲਈ ਸਭ ਕੁਝ ਉਥੋਂ ਆਉਂਦਾ ਰਿਹਾ।
ਦੋਵੇਂ ਚੋਣਾਂ ਇਕੱਠੀਆਂ ਹੋਣ ਕਰਕੇ ਮੈਂ ਨਿਯਮ ਅਨੁਸਾਰ ਇਕ ਵੱਡੇ ਮੇਜ਼ ਦੇ ਵਿਚਾਲੇ ਕੱਪੜੇ ਲਾ ਕੇ ਮੋਹਰ ਲਾਉਣ ਲਈ ਦੋ ਹਿੱਸੇ ਬਣਾ ਦਿੱਤੇ। ਇਸ ਤਰ੍ਹਾਂ ਕੰਮ ਛੇਤੀ ਨਿਪਟਦਾ ਹੈ। ਇਕ ਚੌਧਰੀ ਮੋਹਰ ਲਾਉਣ ਗਿਆ ਅਤੇ ਮੇਜ਼ 'ਤੇ ਚੜ੍ਹ ਕੇ ਦੂਜੇ ਪਾਸੇ ਵੇਖੀ ਜਾਵੇ। ‘ਕੀ ਕਰ ਰਿਹਾ ਹੈ?' ਮੈਂ ਪੁੱਛਿਆ। ਉਸ ਨੇ ਜਵਾਬ ਦਿੱਤਾ, ‘ਬਕਸਾ ਕੋ ਨਾ ਮਿਲੇ।' ਬਕਸਾ ਮੇਰੇ ਮੇਜ਼ ਉਤੇ ਪਿਆ ਸੀ। ਨੌਂ ਕੁ ਵਜੇ 30-40 ਔਰਤਾਂ ਇਕੱਠੀਆਂ ਹੀ ਆ ਗਈਆਂ। ਸਾਰੀਆਂ ਹੀ ਧੱਕੇ ਨਾਲ ਅੰਦਰ ਆ ਵੜੀਆਂ। ਬਹੁਤ ਸਮਝਾਇਆ ਕਿ ਵਾਰੀ-ਵਾਰੀ ਆਓ, ਪਰ ਉਹ ਕਹਿਣ ਕਿ ਅਸੀਂ ਰੋਟੀ ਪਕਾ ਕੇ ਖੇਤ ਜਾਣਾ ਹੈ। ਮੈਂ ਸਿਪਾਹੀ ਦੀ ਡਾਂਗ ਟੇਢੀ ਲਾ ਕੇ ਉਨ੍ਹਾਂ ਨੂੰ ਬਾਹਰ ਧੱਕ ਦਿੱਤਾ। ਉਹ ਗੁੱਸੇ ਨਾਲ ਬੋਲੀਆਂ, ‘ਤੋ ਮੇਹ ਵੋਟ ਈ ਕੋ ਨਾ ਡਾਲਾਂ।' ਉਹ ਪਿੰਡ ਤੁਰ ਗਈਆਂ। ਮੈਂ ਸੋਚਿਆ, ਪਤਾ ਨਹੀਂ ਕੀ ਹੋਊ। ਚੌਧਰੀ ਕਿਤੇ ਕੁੱਟ ਨਾ ਧਰਨ, ਪਰ ਕੋਈ ਨਹੀਂ ਆਇਆ।
ਇਕ ਘਟਨਾ ਹੋਰ ਹੋਈ। ਉਸ ਸਮੇਂ ਹਰਿਆਵਣੀ ਔਰਤਾਂ ਪੂਰਾ ਘੁੰਡ ਕੱਢ ਕੇ ਰੱਖਦੀਆਂ ਸਨ। ਇਕ ਏਜੰਟ ਹਰ ਔਰਤ 'ਤੇ ਇਤਰਾਜ਼ ਕਰੀ ਜਾਵੇ, ‘ਯੋਹ ਵੋਹ ਤੋ ਕੋ ਨਾ ਸੈ।' ਕੰਮ ਤੁਰਨ ਹੀ ਨਾ ਦੇਵੇ। ਆਖਰ ਮੈਂ ਗੁੱਸੇ 'ਚ ਆ ਕੇ ਉਸ ਦੀਆਂ ਕੱਛਾਂ ਹੇਠ ਹੱਥ ਦੇ ਕੇ ਬਾਹਰ ਕੱਢ ਮਾਰਿਆ। ਉਸ ਦੀ ਕਮੀਜ਼ ਪਾਟ ਗਈ ਅਤੇ ਉਹ ਬੁੜਬੁੜ ਕਰਦਾ ਪਿੰਡ ਵੱਲ ਚਲਾ ਗਿਆ। ਮੈਂ ਸੋਚਿਆ ਕਿ ਮੈਂ ਨਹੀਂ ਬਚਦਾ। ਕੁਝ ਦੇਰ ਬਾਅਦ ਇਕ ਸਿਆਣਾ ਆਦਮੀ ਆਇਆ ਤੇ ਬੋਲਿਆ, ‘ਸਾਬ੍ਹ, ਯੋਹ ਤੋ ਹੈ ਈ ਬਾਵਲੀ ਬੂਚ, ਅਬ ਨਾ ਬੋਲੇਗਾ। ਥੇ ਆਰਾਮ ਸੇ ਕਾਮ ਕਰੋ।' ਫਿਰ ਉਹ ਕੰਨ 'ਚ ਪਾਇਆ ਨਹੀਂ ਰੜਕਿਆ। ਕੁੱਬੇ ਵਾਲੀ ਲੱਤ ਰਾਸ ਆ ਗਈ। ਉਧਰੋਂ ਅਸਤੀਫਾ ਦੇ ਕੇ ਮੈਂ 1968 'ਚ ਪੰਜਾਬ ਵਿੱਚ ਫਿਰ ਸਰਕਾਰੀ ਨੌਕਰੀ ਲੈ ਲਈ। ਏਧਰ ਚੋਣਾਂ ਦੌਰਾਨ ਹੋਰ ਮੁਸ਼ਕਲਾਂ ਆਉਂਦੀਆਂ ਰਹੀਆਂ, ਪਰ ਰੋਟੀ ਟੁੱਕ ਦੀ ਸਮੱਸਿਆ ਨਹੀਂ ਆਈ। ਸਿਰਫ ਮਾਲਵੇ ਦੇ ਵੱਡੇ ‘ਸਰਦਾਰਾਂ' ਦੇ ਪਿੰਡਾਂ 'ਚ ਕੁਝ ਅਲਗਰਜ਼ੀ ਜਿਹੀ ਵਿਖਾਈ ਦਿੰਦੀ ਹੈ।

Have something to say? Post your comment