Welcome to Canadian Punjabi Post
Follow us on

10

December 2019
ਨਜਰਰੀਆ

ਇਨ੍ਹਾਂ ਗੱਲਾਂ ਲਈ ਯਾਦ ਕੀਤੀਆਂ ਜਾਣਗੀਆਂ 2019 ਆਮ ਚੋਣਾਂ

May 17, 2019 08:42 AM

-ਕਲਿਆਣੀ ਸ਼ੰਕਰ
2019 ਦੀਆਂ ਆਮ ਚੋਣਾਂ ਆਖਰੀ ਪੜਾਅ 'ਚ ਹਨ ਅਤੇ 23 ਮਈ ਨੂੰ ਇਹ ਪਤਾ ਲੱਗ ਜਾਵੇਗਾ ਕਿ ਕਿਸ ਦੀ ਸਰਕਾਰ ਬਣਨ ਜਾ ਰਹੀ ਹੈ। ਇੱਕ ਹਜ਼ਾਰ ਕਰੋੜ ਰੁਪਏ ਦਾ ਸੱਟਾ ਬਾਜ਼ਾਰ ਇਹ ਸੰਕੇਤ ਦੇ ਰਿਹਾ ਹੈ ਕਿ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੇਗੀ ਅਤੇ ਕਾਂਗਰਸ ਪਹਿਲਾਂ ਤੋਂ ਮਜ਼ਬੂਤ ਹੋਵੇਗੀ, ਜਦ ਕਿ ਖੇਤਰੀ ਪਾਰਟੀਆਂ ਤਾਕਤਵਰ ਹੋ ਕੇ ਉਭਰਨਗੀਆਂ। 2014 ਦੀਆਂ ਆਮ ਚੋਣਾਂ 'ਚ ਭਿ੍ਰਸ਼ਟ ਮਨਮੋਹਨ ਸਿੰਘ ਸਰਕਾਰ ਨੂੰ ਸੱਤਾ ਤੋਂ ਹਟਾਉਣ ਦਾ ਮਾਹੌਲ ਸੀ ਤੇ 2019 ਵਿੱਚ ਮੋਦੀ ਆਪਣੀ ਸੱਤਾ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। 2014 ਵਿੱਚ ਮੋਦੀ ਲਹਿਰ ਸੀ, ਜੋ ਅੱਜ ਨਹੀਂ ਹੈ, ਪਰ ਮੋਦੀ ਪਾਰਟੀ ਉਤੇ ਹਾਵੀ ਹੋ ਚੁੱਕੇ ਹਨ ਅਤੇ ਅੱਜ ਆਪਣੇ ਨਾਂਅ 'ਤੇ ਵੋਟਾਂ ਮੰਗਦੇ ਹਨ। ਉਦੋਂ ਮੋਦੀ ਨਵੇਂ ਸਨ ਅਤੇ ਉਨ੍ਹਾਂ ਨੇ ਲੋਕਾਂ ਨੂੰ ‘ਅੱਛੇ ਦਿਨ' ਦਾ ਸਬਜ਼ਬਾਗ ਦਿਖਾਇਆ ਸੀ।
ਇਸ ਵਾਰ ਭਾਜਪਾ ਲਈ ਰਾਹ ਸੁਖਾਲਾ ਨਹੀਂ ਹੈ ਅਤੇ ਵੋਟਰਾਂ ਵਿੱਚ ਮੋਹ-ਭੰਗ ਵਾਲੀ ਸਥਿਤੀ ਹੈ। 2019 ਦੀਆਂ ਆਮ ਚੋਣਾਂ ਦੇ ਨਤੀਜੇ ਤਿੰਨ ਗੱਲਾਂ 'ਤੇ ਨਿਰਭਰ ਹਨ; ਹਿੰਦੀ ਹਾਰਟਲੈਂਡ (ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ), ਜਿੱਥੇ ਭਾਜਪਾ ਨੇ 2018 ਵਿੱਚ ਵਿਧਾਨ ਸਭਾ ਚੋਣਾਂ ਹਾਰੀਆਂ ਸਨ, ਵਿੱਚ ਭਾਜਪਾ ਦਾ ਪ੍ਰਦਰਸ਼ਨ, ਖੇਤਰੀ ਪਾਰਟੀਆਂ ਵੱਲੋਂ ਆਪੋ-ਆਪਣੇ ਖੇਤਰ ਵਿੱਚ ਪ੍ਰਦਰਸ਼ਨ ਅਤੇ ਭਾਜਪਾ ਨੂੰ ਪੈਂਦੇ ਘਾਟੇ ਦੀ ਦੇਸ਼ ਦੇ ਪੂਰਬੀ ਹਿੱਸੇ ਵਿੱਚ ਪੂਰਤੀ ਦੀ ਸਮਰੱਥਾ। ਜਦੋਂ ਕਦੇ ਪਿੱਛੇ ਮੁੜ ਕੇ 2019 ਦੀਆਂ ਆਮ ਚੋਣਾਂ 'ਤੇ ਨਜ਼ਰ ਮਾਰੀ ਜਾਵੇਗੀ ਤਾਂ ਇਨ੍ਹਾਂ ਨੂੰ ਕਿਸ ਗੱਲ ਲਈ ਯਾਦ ਕੀਤਾ ਜਾਵੇਗਾ? ਇਹ ਕਿ ਇਹ ਨੀਰਸ ਚੋਣਾਂ ਸਨ ਤੇ ਬਹੁਤ ਸਾਰੇ ਸੂਬਿਆਂ 'ਚ ਚੋਣ ਮਾਹੌਲ ਉਦਾਸੀਨਤਾ ਭਰਿਆ ਸੀ। ਵੋਟਰਾਂ 'ਚ ਬਹੁਤ ਘੱਟ ਉਤਸ਼ਾਹ ਸੀ। ਸਾਲ 2014 'ਚ ਵੋਟ ਪ੍ਰਤੀਸ਼ਤ ਚੰਗਾ ਸੀ ਅਤੇ ਹਰ ਤਿੰਨ ਵਿੱਚੋਂ ਦੋ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ, ਪਰ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਨੇ ਵੋਟ ਦੇਣ ਪ੍ਰਤੀ ਓਨਾ ਉਤਸ਼ਾਹ ਨਹੀਂ ਸੀ ਦਿਖਾਇਆ। ‘ਨੋਟਾ’ ਦਾ ਬਦਲ ਮਸ਼ਹੂਰ ਹੋਇਆ ਤੇ ਕਈ ਜਾਗਰੂਕ ਵੋਟਰਾਂ ਨੇ ਇਸ ਦੀ ਵਰਤੋਂ ਕੀਤੀ, ਜੋ ਕਿਸੇ ਵੀ ਉਮੀਦਵਾਰ ਨੂੰ ਵੋਟ ਨਹੀਂ ਪਾਉਣਾ ਚਾਹੁੰਦੇ ਸਨ। ਇਨ੍ਹਾਂ ਦਾ ਕਹਿਣਾ ਸੀ, ‘‘ਕੋਈ ਵੀ ਆਵੇ, ਸਾਨੂੰ ਕੀ ਫਰਕ ਪੈਂਦਾ ਹੈ।” ਇਥੋਂ ਤੱਕ ਕਿ ਪਹਿਲੀ ਵਾਰ ਵੋਟ ਪਾਉਣ ਵਾਲੇ 8.3 ਕਰੋੜ ਵੋਟਰਾਂ ਵਿੱਚ ਵੀ ਖਾਸ ਉਤਸ਼ਾਹ ਨਹੀਂ ਦਿਸਿਆ।
2019 ਦੀਆਂ ਚੋਣਾਂ ਵਿੱਚ ਨਾਂਹ-ਪੱਖੀ ਪ੍ਰਚਾਰ ਦਾ ਚਲਨ ਹੇਠਲੇ ਪੱਧਰ ਤੱਕ ਪਹੁੰਚ ਗਿਆ ਹੈ, ਜਿੱਥੇ ਹਰ ਤਰ੍ਹਾਂ ਦੇ ਲੋਕਾਂ ਨੇ ਲੱਕ ਤੋਂ ਹੇਠਾਂ ਵਾਰ ਕੀਤਾ। ਭਾਜਪਾ ਤੇ ਇਥੋਂ ਤੱਕ ਕਿ ਪ੍ਰਧਾਨ ਮੰਤਰੀ, ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਵੀ ਵਿਰੋਧੀਆਂ 'ਤੇ ਵਾਰ ਕਰਦੇ ਸਮੇਂ ਜਨਤਕ ਸੰਵਾਦ ਦਾ ਪੱਧਰ ਹੇਠਾਂ ਲਿਆਉਣ ਦਾ ਕੰਮ ਕੀਤਾ। ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਰਾਜੀਵ ਗਾਂਧੀ ਨੂੰ ਬੋਫਰਜ਼ ਕੇਸ 'ਚ ਦੋਸ਼ੀ ਨੰਬਰ-ਇੱਕ ਕਿਹਾ ਅਤੇ ਉਨ੍ਹਾਂ 'ਤੇ ਸਮੁੰਦਰੀ ਜੰਗੀ ਬੇੜੇ ਨੂੰ ਆਪਣੀਆਂ ਛੁੱਟੀਆਂ ਬਿਤਾਉਣ ਲਈ ਵਰਤਣ ਦਾ ਦੋਸ਼ ਲਾਇਆ। ਮੋਦੀ ਨੇ ਇਹ ਚੋਣਾਂ ਰਾਸ਼ਟਰਵਾਦ ਦੇ ਨਾਂਅ ਉਤੇ ਲੜੀਆਂ ਅਤੇ ਗਾਂਧੀ ਪਰਵਾਰ 'ਤੇ ਪਿਛਲੇ ਕਈ ਦਹਾਕਿਆਂ 'ਚ ਉਸ ਵੱਲੋਂ ਕੀਤੀਆਂ ਗਲਤੀਆਂ ਲਈ ਹਮਲੇ ਕੀਤੇ।
ਦੂਜੇ ਪਾਸੇ ਕਾਂਗਰਸ ਨੇ ਪ੍ਰਧਾਨ ਮੰਤਰੀ ਨੂੰ ‘ਚੌਕੀਦਾਰ ਚੋਰ ਹੈ’ ਕਹਿ ਕੇ ਜਨਤਕ ਸੰਵਾਦ ਦਾ ਪੱਧਰ ਹੌਲਾ ਕੀਤਾ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੇ ਖਾਸ ਮੁੱਦੇ ‘ਰਾਫੇਲ ਡੀਲ' ਉਤੇ ਅੜੇ ਰਹੇ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਮੋਦੀ ਵਿਚਾਲੇ ਜ਼ੁਬਾਨੀ ਜੰਗ ਵੀ ਹੇਠਲੇ ਪੱਧਰ 'ਤੇ ਪਹੁੰਚ ਗਈ। ਇਨ੍ਹਾਂ ਚੋਣਾਂ ਵਿੱਚ ਵਿਰੋਧੀ ਧਿਰ ਚੋਣ ਪ੍ਰਚਾਰ ਨੂੰ ਰੋਜ਼ਗਾਰ, ਖੇਤੀ ਸੰਕਟ ਅਤੇ ਮਹਿੰਗਾਈ ਵਰਗੇ ਮੁੱਦਿਆਂ 'ਤੇ ਫੋਕਸ ਕਰਨ ਵਿੱਚ ਨਾਕਾਮ ਰਹੀ। ਸੂਬਾਈ ਪੱਧਰ 'ਤੇ ਜਿੱਥੇ ਖੇਤਰੀ ਪਾਰਟੀਆਂ ਦਾ ਰਾਜ ਹੈ, ਚੋਣਾਂ ਸਥਾਨਕ ਮੁੱਦਿਆਂ 'ਤੇ ਲੜੀਆਂ ਗਈਆਂ ਅਤੇ ਮੋਦੀ ਨੂੰ ਵੱਖ-ਵੱਖ ਪੱਧਰਾਂ 'ਤੇ ਇਨ੍ਹਾਂ ਖੇਤਰੀ ਪਾਰਟੀਆਂ ਦਾ ਸਾਹਮਣਾ ਕਰਨਾ ਪਿਆ।
ਸਾਲ 2019 ਵਿੱਚ 2014 ਦੇ ਮੁਕਾਬਲੇ ਧਨ ਬਲ ਦੀ ਕਾਫੀ ਵੱਧ ਵਰਤੋਂ ਹੋਈ। ਕਾਰਪੋਰੇਟਸ ਨੂੰ ਬੇਨਾਮੀ ਚੋਣ ਬਾਂਡ ਖਰੀਦਣ ਲਈ ਉਤਸ਼ਾਹਤ ਕੀਤਾ ਗਿਆ, ਜੋ ਸਿਆਸੀ ਪਾਰਟੀਆਂ ਨੂੰ ਦਾਨ ਵਜੋਂ ਦੇ ਸਕਣ। ਸਰਕਾਰੀ ਅੰਕੜਿਆਂ ਮੁਤਾਬਕ 2018 ਵਿੱਚ 10.6 ਬਿਲੀਅਨ ਰੁਪਏ ਦੇ ਚੋਣ ਬਾਂਡ ਖਰੀਦੇ ਗਏ। 2019 ਵਿੱਚ ਚੋਣ ਖਰਚ ਸੱਤ ਤੋਂ ਅੱਠ ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ, ਜੋ ਇੱਕ ਅੰਦਾਜ਼ੇ ਮੁਤਾਬਕ 2014 ਵਿੱਚ ਪੰਜ ਬਿਲੀਅਨ ਡਾਲਰ ਸੀ।
ਇਥੋਂ ਤੱਕ ਕਿ ਇੱਕ ਸੰਸਥਾ ਮੁਤਾਬਕ 2016 ਵਿੱਚ ਹੋਈਆਂ ਅਮਰੀਕੀ ਰਾਸ਼ਟਰਪਤੀ ਤੇ ਕਾਂਗਰਸ ਦੀਆਂ ਚੋਣਾਂ ਦਾ ਕੁੱਲ ਖਰਚਾ 6.5 ਬਿਲੀਅਨ ਡਾਲਰ ਸੀ। ਵੋਟਰਾਂ ਨੂੰ ਨਕਦੀ, ਲਗਜ਼ਰੀ ਚੀਜ਼ਾਂ ਆਦਿ ਰਿਸ਼ਵਤ ਵਜੋਂ ਦੇਣ ਦੇ ਦੋਸ਼ ਵੀ ਸਿਆਸੀ ਪਾਰਟੀਆਂ 'ਤੇ ਲੱਗੇ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚੋਣ ਕਮਿਸ਼ਨ ਨੇ ਨਕਦੀ, ਨਸ਼ੇ, ਸ਼ਰਾਬ ਅਤੇ ਸੋਨੇ ਸਮੇਤੇ 3999 ਕਰੋੜ ਰੁਪਏ ਜ਼ਬਤ ਕੀਤੇ।
ਇਨ੍ਹਾਂ ਚੋਣਾਂ ਨੂੰ ਇਸ ਗੱਲ ਲਈ ਵੀ ਯਾਦ ਰੱਖਿਆ ਜਾਵੇਗਾ ਕਿ ਚੋਣ ਕਮਿਸ਼ਨ ਇਨ੍ਹਾਂ ਚੋਣਾਂ ਵਿੱਚ ਆਪਣੀ ਭੂਮਿਕਾ ਇੱਕ ਰੈਫਰੀ ਵਜੋਂ ਠੀਕ ਢੰਗ ਨਾਲ ਨਹੀਂ ਨਿਭਾਅ ਸਕਿਆ ਕਿਉਂਕਿ ਵੱਖ-ਵੱਖ ਵਿਰੋਧੀ ਪਾਰਟੀਆਂ ਵੱਲੋਂ ਉਸ 'ਤੇ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਪ੍ਰਤੀ ਪੱਖਪਾਤੀ ਹੋਣ ਦੇ ਦੋਸ਼ ਲੱਗੇ। ਧਰੁਵੀਕਰਨ ਕਰਨ ਵਾਲੇ ਭਾਸ਼ਣਾਂ ਦੇ ਬਾਵਜੂਦ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਿੱਤੀ ਅਤੇ ਇਸ ਬਾਰੇ ਸਾਰੀਆਂ ਸ਼ਿਕਾਇਤਾਂ ਨੂੰ ਰੱਦ ਕਰ ਦਿੱਤਾ। ਇਥੋਂ ਤੱਕ ਕਿ ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਪਾਰਟੀਆਂ ਇਨਸਾਫ ਦੀ ਉਮੀਦ ਲੈ ਕੇ ਸੁਪਰੀਮ ਕੋਰਟ ਤੱਕ ਵਿੱਚ ਵੀ ਗਈਆਂ। ਇਸ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ 'ਚ ਕਮੀਆਂ ਦੀ ਸ਼ਿਕਾਇਤ ਵੀ ਕੀਤੀ ਗਈ।
ਇਹ ਚੋਣਾਂ ਸਭ ਤੋਂ ਵੱਧ ਧਰੁਵੀਕਰਨ ਵਾਲੀਆਂ ਸਨ। ਲੋਕ ਜਾਂ ਤਾਂ ਮੋਦੀ ਨੂੰ ਪਿਆਰ ਕਰਦੇ ਸਨ ਜਾਂ ਨਫਰਤ। ਪੂਰੀਆਂ ਚੋਣਾਂ ਉਨ੍ਹਾਂ ਦੁਆਲੇ ਹੀ ਕੇਂਦਿ੍ਰਤ ਰਹੀਆਂ। ਭਾਜਪਾ ਨੇ ਧਰਮ ਤੇ ਹਿੰਦੂਤਵ ਦਾ ਪੂਰਾ ਇਸਤੇਮਾਲ ਕੀਤਾ, ਜਦ ਕਿ ਕਾਂਗਰਸ ਨੇ ਉਦਾਰ ਹਿੰਦੂਤਵ ਕਾਰਡ ਖੇਡਿਆ। ਇਨ੍ਹਾਂ ਚੋਣਾਂ ਵਿੱਚ ਜਾਤ ਦੀ ਅਹਿਮ ਭੂਮਿਕਾ ਸੀ। ਪੱਛਮੀ ਬੰਗਾਲ ਵਰਗੇ ਕੁਝ ਸੂਬਿਆਂ ਵਿੱਚ ਚੋਣ ਹਿੰਸਾ ਵੀ ਦੇਖਣ ਨੂੰ ਮਿਲੀ। ਇਸ ਵਾਰ ਸੋਸ਼ਲ ਮੀਡੀਆ ਦੀ ਵੀ ਵੱਡੀ ਭੂਮਿਕਾ ਰਹੀ।
ਉਤਰਾਅ-ਚੜ੍ਹਾਵਾਂ ਦੇ ਬਾਵਜੂਦ ਭਾਰਤੀ ਲੋਕਤੰਤਰ ਨੇ ਹੈਰਾਨੀ ਜਨਕ ਤੌਰ 'ਤੇ ਚੰਗਾ ਕੰਮ ਕੀਤਾ ਤੇ ਅੱਜ ਤੱਕ 16 ਵਾਰ ਸ਼ਾਂਤਮਈ ਢੰਗ ਨਾਲ ਸੱਤਾ ਇੱਕ ਤੋਂ ਦੂਜੀ ਪਾਰਟੀ ਕੋਲ ਜਾਂਦੀ ਰਹੀ। ਵੱਖ-ਵੱਖ ਸ਼ਿਕਾਇਤਾਂ ਦੇ ਬਾਵਜੂਦ ਚੋਣ ਕਮਿਸ਼ਨ ਦੀ ਤਾਰੀਫ ਕਰਨੀ ਪਵੇਗੀ ਕਿ ਕੁੱਲ ਮਿਲਾ ਕੇ ਉਸ ਨੇ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਸੰਪੰਨ ਕਰਵਾਇਆ।

Have something to say? Post your comment