ਸਿੰਗਾਪੁਰ, 16 ਮਈ (ਪੋਸਟ ਬਿਊਰੋ)- ਭਾਰਤ ਇਸ ਸਾਲ ਤੋਂ ਦੱਖਣ ਪੂਰਬੀ ਏਸ਼ੀਆਈ ਤੇ ਖਾੜੀ ਦੇਸ਼ਾਂ ਨੂੰ ਮਿਜ਼ਾਈਲਾਂ ਦੇ ਆਪਣੇ ਪਹਿਲੇ ਬੈਚ ਦੀ ਐਕਸਪੋਰਟ ਕਰਨ ਵਾਲਾ ਹੈ।
ਸਿੰਗਾਪੁਰ ਵਿੱਚ ਚੱਲਦੇ ਆਈ ਐਮ ਡੀ ਈ ਐਕਸ ਏਸ਼ੀਆ ਐਗਜੀਬਿਸ਼ਨ 2019 ਮੌਕੇ ਬ੍ਰਹਮੋਸ ਏਅਰੋਸਪੇਸ ਦੇ ਚੀਫ ਜਨਰਲ ਮੈਨੇਜਰ (ਐਚ ਆਰ) ਕਮੋਡੋਰ ਐਸ ਕੇ ਅਈਅਰ ਨੇ ਕਿਹਾ ਕਿ ਕੰਪਨੀ ਨੇ ਆਪਣੇ ਵੱਲੋਂ ਸਾਰੀਆਂ ਤਿਆਰੀਆਂ ਕਰ ਲਈਆਂ ਹਨ, ਸਿਰਫ ਸਰਕਾਰ ਦੀ ਮਨਜ਼ੂਰੀ ਦੀ ਉਡੀਕ ਹੈ। ਅਈਅਰ ਨੇ ਕਿਹਾ, ਇਨ੍ਹਾਂ ਦੋ ਖੇਤਰਾਂ ਦੇ ਦੇਸ਼ਾਂ ਨੇ ਭਾਰਤ ਦੀਆਂ ਮਿਜ਼ਾਈਲਾਂ ਨੂੰ ਖਰੀਦਣ ਦੀ ਸਭ ਤੋਂ ਜ਼ਿਆਦਾ ਰੁਚੀ ਦਿਖਾਈ ਹੈ। ਬੀਤੇ ਦਿਨ ਤੋਂ ਸ਼ੁਰੂ ਤਿੰਨ ਦਿਨੀ ਪ੍ਰਦਰਸ਼ਨੀ 'ਤੇ ਉਨ੍ਹਾਂ ਨੇ ਕਿਹਾ ਕਿ ਕਈ ਦੱਖਣ ਪੂਰਬੀ ਏਸ਼ੀਆਈ ਦੇਸ਼ ਸਾਡੀਆਂ ਮਿਜ਼ਾਈਲਾਂ ਖਰੀਦਣ ਲਈ ਤਿਆਰ ਹਨ। ਇਹ ਸਾਡਾ ਪਹਿਲਾ ਐਕਸਪੋਰਟ ਹੋਣ ਵਾਲਾ ਹੈ। ਅਈਅਰ ਨੇ ਕਿਹਾ ਕਿ ਦੱਖਣ ਅਮਰੀਕੀ ਦੇਸ਼ਾਂ ਨੇ ਭਾਰਤ ਦੀਆਂ ਮਿਜ਼ਾਈਲਾਂ ਵਿੱਚ ਰੁਚੀ ਦਿਖਾਈ ਹੈ। ਇਸ ਦੀ ਵਜ੍ਹਾ ਨਵੀਨ ਤਕਨੀਕ ਅਤੇ ਘੱਟ ਕੀਮਤ ਹੈ। ਪ੍ਰਦਰਸ਼ਨੀ ਵਿੱਚ ਭਾਰਤੀ ਨੇਵੀ ਦੇ ਦੋ ਜੰਗੀ ਜਹਾਜ਼ਾਂ ਆਈ ਐਨ ਐਸ ਕੋਲਕਾਤਾ ਤੇ ਆਈ ਐਨ ਐਸ ਸ਼ਕਤੀ ਨੇ ਹਿੱਸਾ ਲਿਆ ਹੈ।