Welcome to Canadian Punjabi Post
Follow us on

10

December 2019
ਨਜਰਰੀਆ

ਕਈ ਵਾਰ ਕੰਧ ਵੀ ਬਣ ਜਾਂਦੀ ਹੈ ਸਲਾਹਕਾਰ

May 16, 2019 09:42 AM

-ਪ੍ਰੋ. ਪਰਮਜੀਤ ਸਿੰਘ ਮਾਨ
ਮੁਸੀਬਤ ਵਿੱਚ ਫਸਿਆ ਬੰਦਾ ਸਾਥ ਭਾਲਦਾ ਹੈ, ਜੇ ਨਾ ਮਿਲੇ ਤਾਂ ਹੌਸਲਾ ਢਹਿੰਦਾ ਹੈ। ਕਰੀਬੀ ਦੋਸਤ ਮਿੱਤਰਾਂ ਤੇ ਸਕੇ ਸੰਬੰਧੀਆਂ ਵੱਲੋਂ ਕਿਨਾਰਾ ਕਰ ਲੈਣ ਦੀ ਹਾਲਤ 'ਚ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ। ਸਿਆਣੇ ਲੋਕ ਕਹਿੰਦੇ ਹਨ ਕਿ ਜੇ ਕੋਈ ਵੀ ਸਾਥ ਜਾਂ ਸਲਾਹ ਦੇਣ ਵਾਲਾ ਨਾ ਹੋਵੇ ਤਾਂ ਕੰਧ ਕੋਲੋਂ ਵੀ ਸਲਾਹ ਲਈ ਜਾ ਸਕਦੀ ਹੈ। ਗੱਲ ਬਿਲਕੁਲ ਸੱਚ ਹੈ। ਬੇਸ਼ੱਕ ਕੰਧ ਬੋਲਦੀ ਨਹੀਂ, ਪਰ ਇਕਾਗਰ ਚਿੱਤ ਹੋ ਕੇ ਕੰਧ ਵੱਲ ਨੂੰ ਮੂੰਹ ਕਰ ਕੇ ਆਪਣੇ ਮਨ ਨਾਲ ਕੀਤਾ ਸੋਚ ਵਿਚਾਰ ਬੰਦੇ ਨੂੰ ਮੁਸੀਬਤ ਸਮੇਂ ਸੰਜੀਵਨੀ ਦਾ ਕੰਮ ਕਰ ਸਕਦਾ ਹੈ। ਗੱਲ ਵਿਚਾਰਾਂ ਦੀ ਹੁੰਦੀ ਹੈ, ਇਕਾਗਰ ਹੋਣ ਨਾਲ ਵਿਚਾਰਾਂ ਦਾ ਪ੍ਰਵਾਹ ਤੇਜ਼ੀ ਨਾਲ ਵਧਦਾ ਹੈ ਤੇ ਕਿਸੇ ਚੰਗੇ ਨਤੀਜੇ 'ਤੇ ਪਹੁੰਚਣ ਲਈ ਇੱਕ ਉਮੀਦ ਮਿਲ ਜਾਂਦੀ ਹੈ।
ਪੈਸੇ ਦੀ ਦੌੜ ਵਿੱਚ ਇਨਸਾਨੀਅਤ ਨਾਂਅ ਦੀ ਚੀਜ਼ ਮਨਫੀ ਹੋ ਗਈ ਹੈ। ਜੇਬ ਵਿੱਚ ਪੈਸਾ ਹੈ ਮਿੱਤਰਾਂ ਦੀ ਗਿਣਤੀ ਵਧਦੀ ਹੈ, ਪੈਸਾ ਖਤਮ ਹੋਵੇ ਜਾਂ ਮੰਗ ਕੇ ਟਾਈਮ ਟਪਾਉਣ ਦੀ ਗੱਲ ਆ ਜਾਵੇ ਤਾਂ ਦੋਸਤ-ਮਿੱਤਰਾਂ ਦੀ ਗਿਣਤੀ ਇਕਦਮ ਘਟਦੀ ਹੈ। ਅਜਿਹੇ ਮਾਹੌਲ ਵਿੱਚ ਬੇਜਾਨ ਜਾਂ ਬੇਜ਼ੁਬਾਨ ਚੀਜ਼ਾਂ ਵੀ ਕਈ ਵਾਰ ਇਨਸਾਨ ਦਾ ਸਿਹਰਾ ਬਣ ਜਾਂਦੀਆਂ ਹਨ।
ਰੁਜ਼ਗਾਰ ਦੀ ਭਾਲ ਵਿੱਚ ਕਰੀਬ ਦਸ ਸਾਲ ਪਹਿਲਾਂ ਮੈਂ ਇੱਕ ਪ੍ਰਾਈਵੇਟ ਕਾਲਜ ਵਿੱਚ ਪਹੁੰਚਿਆ। ਅਖਬਾਰ ਵਿੱਚ ਪੜ੍ਹਿਆ ਸੀ ਕਿ ਉਸ ਕਾਲਜ ਵਿੱਚ ਅੰਗਰੇਜ਼ੀ ਅਧਿਆਪਕ ਦੀ ਲੋੜ ਹੈ। ਮਿਥੀ ਤਰੀਕ ਤੇ ਸਮੇਂ 'ਤੇ ਮੈਂ ਉਸ ਕਾਲਜ ਵਿੱਚ ਇੰਟਰਵਿਊ ਦੇਣ ਪਹੁੰਚ ਗਿਆ। ਕਾਫੀ ਉਮੀਦਵਾਰ ਨੌਕਰੀ ਦੀ ਆਸ ਨਾਲ ਪਹਿਲਾਂ ਹੀ ਖੜ੍ਹੇ ਸਨ। ਤਕਰੀਬਨ 11 ਵਜੇ ਦੇ ਕਰੀਬ ਇੰਟਰਵਿਊ ਲਈ ਆਵਾਜ਼ ਪੈਣੀ ਸ਼ੁਰੂ ਹੋਈ। ਮੈਂ ਆਪਣੀ ਵਾਰੀ ਦੀ ਉਡੀਕ ਕਰਨ ਲੱਗਿਆ। ਕੁਝ ਦੂਰੀ 'ਤੇ ਦੋ ਨੌਜਵਾਨ ਖੜ੍ਹੇ ਗੱਲਾਂ ਕਰ ਰਹੇ ਸੀ। ਮੈਂ ਹੌਲੀ-ਹੌਲੀ ਤੁਰਦਾ ਉਨ੍ਹਾਂ ਕੋਲ ਚਲਾ ਗਿਆ। ਪਤਾ ਲੱਗਾ ਕਿ ਉਹ ਵੀ ਉਸ ਕਾਲਜ ਵਿੱਚ ਇੰਟਰਵਿਊ ਦੇਣ ਆਏ ਸਨ। ਮੈਂ ਉਨ੍ਹਾਂ ਦੀਆਂ ਗੱਲਾਂ ਸੁਣਨ ਲੱਗਿਆ। ਉਹ ਇੱਕ ਦੂਜੇ ਨੂੰ ਕਹਿ ਰਹੇ ਸਨ ਕਿ ਇਥੇ ਨੌਕਰੀ ਮਿਲਣੀ ਮੁਸ਼ਕਲ ਹੈ ਕਿਉਂਕਿ ਇੱਕ ਤਾਂ ਪੋਸਟ ਸਿਰਫ ਇੱਕ ਤੇ ਦੂਜਾ ਉਮੀਦਵਾਰ ਕਾਫੀ ਹਨ ਤੇ ਕਈਆਂ ਦੀਆਂ ਸਿਫਾਰਸ਼ਾਂ ਵੀ ਕਾਫੀ ਉਤੋਂ ਆਈਆਂ ਹੋਈਆਂ ਹਨ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮੈਂ ਵੀ ਆਸ ਤੋਂ ਬੇਆਸ ਹੋਣ ਲੱਗਿਆ।
ਚਾਹ ਦਾ ਕੱਪ ਪੀਣ ਲਈ ਮੈਂ ਕੰਟੀਨ ਵੱਲ ਨੂੰ ਹੋ ਤੁਰਿਆ। ਕਾਲਜ ਵਿੱਚ ਛੁੱਟੀਆਂ ਹੋਣ ਕਾਰਨ ਕੰਟੀਨ ਵਿੱਚ ਕੋਈ ਖਾਸ ਰੌਣਕ ਨਹੀਂ ਸੀ। ਚਾਹ ਦਾ ਕੱਪ ਹੱਥ ਵਿੱਚ ਫੜ ਕੇ ਮੈਂ ਮਨ ਨਾਲ ਵਿਚਾਰਾਂ ਕਰਨ ਲੱਗਿਆ। ਮੇਰੀ ਨਿਗ੍ਹਾ ਸਾਹਮਣੇ ਕੰਧ ਉਤੇ ਟਿਕੀ ਹੋਈ ਸੀ ਤੇ ਮਨ ਵਿੱਚ ਵਿਚਾਰਾਂ ਦਾ ਜੋੜ ਤੋੜ ਚੱਲ ਰਿਹਾ ਸੀ। ਵਿਚਾਰ ਆਇਆ ਕਿ ਇਥੇ ਕੰਮ ਨਹੀਂ ਬਣਨਾ, ਚਲਦੇ ਆਂ, ਪਰ ਦੂਜੇ ਵਿਚਾਰ ਕੇ ਪਹਿਲੇ ਵਿਚਾਰ ਨੂੰ ਗਲਤ ਠਹਿਰਾਉਂਦੇ ਹੋਏ ਮੈਨੂੰ ਇੰਟਰਵਿਊ ਦੇਣ ਤੱਕ ਦਾ ਇੰਤਜ਼ਾਰ ਕਰਨ ਲਈ ਕਿਹਾ। ਇਸ ਤੋਂ ਪਹਿਲਾਂ ਵੀ ਕਈ ਥਾਈਂ ਇੰਟਰਵਿਊ ਦੇ ਆਇਆ ਸੀ, ਕੰਮ ਵੀ ਬਣ ਗਿਆ ਸੀ, ਬੱਸ ਗੱਲ ਘੱਟ ਮਿਹਨਤਾਨੇ ਉਤੇ ਅੜ ਜਾਂਦੀ ਸੀ। ਚਾਹ ਪੀਂਦੇ-ਪੀਂਦੇ ਅੱਖਾਂ ਸਾਹਮਣੇ ਖੜ੍ਹੀ ਬੇਜਾਨ ਅਤੇ ਬੇਜ਼ੁਬਾਨ ਕੰਧ ਮੇਰੀ ਸਲਾਹਕਾਰ ਬਣ ਕੇ ਮੈਨੂੰ ਔਖ ਅਤੇ ਉਲਝਣ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ। ਅੰਤ ਵਿਚਾਰ ਆਇਆ ਕਿ ਇੰਟਰਵਿਊ ਵਿੱਚ ਹਾਜ਼ਰ ਹੋ ਕੇ ਵੇਖ ਲਿਆ ਜਾਵੇ ਤੇ ਜੋ ਹੋਵੇਗਾ, ਉਸ ਨੂੰ ਪ੍ਰਵਾਨ ਕਰ ਲਿਆ ਜਾਵੇ।
ਇਹ ਸੋਚ ਕੇ ਮੈਂ ਖਾਲੀ ਕੱਪ ਟੇਬਲ ਉਤੇ ਧਰ ਕੇ ਬਣਦੇ ਪੈਸੇ ਦੇ ਕੇ ਇੰਟਰਵਿਊ ਵਾਲੇ ਥਾਂ ਆ ਗਿਆ। ਮੇਰਾ ਮਨ ਟਿਕ ਚੁੱਕਾ ਸੀ। ਨੌਕਰੀ ਨਾ ਮਿਲਣ ਦੀ ਹਾਲਤ ਵਿੱਚ ਮੈਨੂੰ ਨਿਰਾਸ਼ਾ ਦਾ ਭੈਅ ਨਹੀਂ ਸੀ ਰਿਹਾ। ਮੇਰਾ ਨਾਂਅ ਲੈ ਕੇ ਆਵਾਜ਼ ਮਾਰੀ ਗਈ। ਸੱਤ ਜਣਿਆਂ ਦੇ ਇੰਟਰਵਿਊ ਪੈਨਲ ਅੱਗੇ ਮੈਂ ਪੇਸ਼ ਹੋਇਆ। ਮੈਨੂੰ ਬੈਠਣ ਨੂੰ ਕਿਹਾ ਗਿਆ ਤੇ ਫਿਰ ਪ੍ਰਸ਼ਨਾਂ ਦੀ ਝੜੀ ਲੱਗ ਗਈ। ਅੱਠ ਪ੍ਰਸ਼ਨਾਂ ਦੇ ਜਵਾਬ ਦੇਣ ਪਿੱਛੋਂ ਮੇਰਾ ਹੌਸਲਾ ਵਧ ਗਿਆ। ਇੱਕ ਵੱਡੀ ਉਮਰ ਦੇ ਵਿਅਕਤੀ ਨੇ, ਜੋ ਸ਼ਾਇਦ ਸਾਬਕਾ ਪ੍ਰੋਫੈਸਰ ਸਨ, ਮੈਨੂੰ ਇੱਕ ਅੰਗਰੇਜ਼ੀ ਲੇਖਕ ਵੱਲੋਂ ਕੁਝ ਲਿਖੀਆਂ ਪੁਸਤਕਾਂ ਬਾਰੇ ਪੁੱਛਿਆ। ਸ਼ਾਇਦ ਉਹ ਮੈਨੂੰ ਉਲਝਾਉਣਾ ਚਾਹੁੰਦੇ ਸਨ। ਮੈਂ ਬੜੀ ਇਮਾਨਦਾਰੀ ਨਾਲ ਦੱਸ ਦਿੱਤਾ ਕਿ ਮੈਨੂੰ ਇਸ ਪ੍ਰਸ਼ਨ ਦਾ ਜਵਾਬ ਨਹੀਂ ਪਤਾ। ਉਨ੍ਹਾਂ ਮੈਨੂੰ ਇੱਕ ਪ੍ਰਸ਼ਨ ਹੋਰ ਕੀਤਾ, ਜਿਸ ਦਾ ਮੈਂ ਸਹੀ ਜਵਾਬ ਦੇ ਦਿੱਤਾ। ਆਪੋ ਵਿੱਚ ਵਿਚਾਰ ਕਰਨ ਪਿੱਛੋਂ ਉਨ੍ਹਾਂ ਨੇ ਮੈਨੂੰ ਬਾਹਰ ਬੈਠ ਕੇ ਇੰਤਜ਼ਾਰ ਕਰਨ ਨੂੰ ਕਿਹਾ। ਜਦੋਂ ਸਾਰੇ ਉਮੀਦਵਾਰ ਇੰਟਰਵਿਊ ਦੇ ਕੇ ਚਲੇ ਗਏ ਤਾਂ ਉਨ੍ਹਾਂ ਮੈਨੂੰ ਅੰਦਰ ਸੱਦ ਕੇ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਤੁਸੀਂ ਨੌਕਰੀ ਲਈ ਚੁਣ ਲਏ ਗਏ ਹੋ। ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ। ਇਹ ਮੇਰੀ ਕਾਲਜ ਅਧਿਆਪਕ ਦੇ ਤੌਰ 'ਤੇ ਸ਼ੁਰੂਆਤ ਸੀ। ਕੁਝ ਹੋਰ ਗੱਲਾਂ ਕਰਨ ਪਿੱਛੋਂ ਮੈਂ ਇਜਾਜ਼ਤ ਲੈ ਕੇ ਘਰ ਨੂੰ ਤੁਰ ਪਿਆ। ਆਖਰੀ ਵੇਲੇ ਸਹਾਰਾ ਬਣੀ ਕੰਧ ਮੇਰੇ ਲਈ ਵੱਡੀ ਸਿਫਾਰਸ਼ ਬਣੀ। ਕੰਧ 'ਤੇ ਨਜ਼ਰਾਂ ਟਿਕਾ ਕੇ ਸੋਚਣ ਲਈ ਅੰਦਰੂਨੀ ਸ਼ਕਤੀ ਨੇ ਮੈਨੂੰ ਫੈਸਲਾਕੁੰਨ ਵਿਚਾਰਾਂ ਵੱਲ ਮੋੜ ਦਿੱਤਾ ਤੇ ਮੇਰੇ ਅਧਿਆਪਨ ਕਿੱਤੇ ਦੀ ਸ਼ੁਰੂਆਤ ਹੋ ਗਈ।

Have something to say? Post your comment