Welcome to Canadian Punjabi Post
Follow us on

19

September 2019
ਸੰਪਾਦਕੀ

ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 2 -ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?

May 16, 2019 09:33 AM

ਕੱਲ ਅਸੀਂ ਇਹ ਨੁਕਤਾ ਚੁੱਕਦੇ ਹੋਏ ਆਰਟੀਕਲ ਦੀ ਸਮਾਪਤੀ ਕੀਤੀ ਸੀ ਕਿ ਖੁਦ ਦੇ ਬਣਾਏ ਨੇਮਾਂ ਦੀ ਗੁੰਝਲਦਾਰ ਪ੍ਰਕਿਰਿਆ ਨੂੰ ਪਾਰਟੀ ਅਪਰੇਟਸ ਦਾ ਤਾਣਾ ਬਾਣਾ ਭਾਵ ਪਾਰਟੀ ਏਜੰਟ ਆਪਣੀ ਸੌਖ ਲਈ ਕਿਵੇਂ ਸਰਲ ਬਣਾ ਲੈਂਦੇ ਹਨ। ਪਾਰਟੀ ਦਾ ਆਪਣਾ ਸੰਵਿਧਾਨ ਹੈ, ਨੌਮੀਨੇਸ਼ਨ ਚੋਣ ਕਰਵਾਉਣ ਦੀ ਇੱਕ ਲਿਖਤ ਰੂਪ ਵਿੱਚ ਤਿਆਰ ਕੀਤੀ ਹੋਈ ਪ੍ਰਕਿਰਿਆ ਹੈ। ਇਸਦੇ ਬਾਵਜੂਦ ਜਦੋਂ ਪਾਰਟੀ ਅਪਰੇਟਸ ਨੂੰ ਆਪਣੇ ਹਿੱਤਾਂ ਦੀ ਪੂਰਤੀ ਲਈ ਕੋਈ ਕਦਮ ਚੁੱਕਣਾ ਹੁੰਦਾ ਹੈ ਤਾਂ ਗਰਾਸ-ਰੂਟ (grass-rootਲੋਕਤੰਤਰ ਦਾ ਸੌਖ ਨਾਲ ਘਾਣ ਕਰ ਦਿੱਤਾ ਜਾਂਦਾ ਹੈ। ਇਹ ਘਾਣ ਹਕੀਕਤ ਵਿੱਚ ਹੁੰਦਾ ਹੈ ਜਾਂ ਨਹੀਂ ਪਰ ਬਰੈਂਪਟਨ ਦੀਆਂ ਜਿਹਨਾਂ ਦੋ ਰਾਈਡਿੰਗਾਂ ਦੀ ਅਸੀਂ ਮਿਸਾਲ ਪੇਸ਼ ਕਰਨ ਜਾ ਰਹੇ, ਉਸ ਨੂੰ ਘੋਖਿਆਂ ਇਹ ਅਹਿਸਾਸ ਜਰੂਰ ਹੁੰਦਾ ਹੈ ਕਿ ਜੇ ਸਾਰੀ ਦਾਲ ਕਾਲੀ ਨਹੀਂ ਤਾਂ ਦਾਲ ਵਿੱਚ ਅੱਛੀ ਖਾਸੀ ਮਾਤਰਾ ਵਿੱਚ ਕੁੱਝ ਕਾਲਾ ਜਰੂਰ ਹੈ।

ਅੱਜ ਦੀ ਚਰਚਾ ਨੂੰ ਅਸੀਂ ਬਰੈਂਪਟਨ ਸੈਂਟਰ ਰਾਈਡਿੰਗ ਲਈ ਕਰਵਾਈ ਗਈ ਨੌਮੀਨੇਸ਼ਨ ਚੋਣ ਨਾਲ ਆਰੰਭ ਕਰਦੇ ਹਾਂ। ਇਸ ਰਾਈਡਿੰਗ ਤੋਂ ਸਾਬਕਾ ਫੈਡਰਲ ਖੇਡ ਮੰਤਰੀ ਬਲਜੀਤ ਗੋਸਲ ਦੀ ਪਤਨੀ ਪਵਨਜੀਤ ਕੌਰ ਗੋਸਲ ਨੂੰ ਨੌਮੀਨੇਟ ਕੀਤਾ ਗਿਆ ਹੈ। ਸਮਝਿਆ ਜਾਂਦਾ ਹੈ ਕਿ ਇਸ ਵਕਤ ਕੰਜ਼ਰਵੇਟਿਵ ਪਾਰਟੀ ਦਾ ਐਗਜ਼ੈਕਟਿਵ ਡਾਇਰੈਕਟਰ ਡਸਟਿਨ ਵੈਨ ਵੂਟ ਹੈ ਜੋ ਕਿ ਬਲ ਗੋਸਲ ਦੇ ਮੰਤਰੀ ਹੋਣ ਵਕਤ ਉਸਦਾ ਚੀਫ਼ ਆਫ ਸਟਾਫ ਹੁੰਦਾ ਸੀ। ਇਹ ਅਫਵਾਹਾਂ ਬਹੁਤ ਦੇਰ ਤੋਂ ਚੱਕਰ ਲਾਉਂਦੀਆਂ ਰਹੀਆਂ ਹਨ ਕਿ ਇਸ ਰਾਈਡਿੰਗ ਵਿੱਚ ਦੋ ਧਿਰਾਂ ਆਪੋ ਆਪਣੇ ਹਿੱਤਾਂ ਦੀ ਪੂਰਤੀ ਲਈ ਆਪੋ ਆਪਣੇ ਉਮੀਦਵਾਰ ਨੌਮੀਨੇਟ ਕਰਨ ਲਈ ਜੋਰ ਲਾ ਰਹੀਆਂ ਸਨ। ਇਹਨਾਂ ਵਿਚੋਂ ਇਕ ਹੈ ਜਸਪਾਲ ਗਹੂਨੀਆ ਤੇ ਉਸਦੇ ਸਾਥੀ। ਜਸਪਾਲ ਗਹੂਨੀਆ ਨੇ ਦਹਾਕਿਆਂ ਤੋਂ ਪਾਰਟੀ ਨਾਲ ਜੁੜ ਕੇ ਪਾਰਟੀ ਵਿਚ ਆਪਣਾ ਆਧਾਰ ਬਣਾਇਆ ਹੋਇਆ ਹੈ। । ਇਹਨਾਂ ਵਿੱਚ ਪ੍ਰੋਵਿੰਸ਼ੀਅਲ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਬਰੈਂਪਟਨ ਸੈਂਟਰ ਰਾਈਡਿੰਗ ਦਾ ਸਤੰਬਰ 2018 ਤੱਕ ਪ੍ਰਧਾਨ ਰਹਿ ਚੁੱਕਿਆ ਜਸਪਾਲ ਗਹੂਣੀਆ ਦਾ ਬੇਟਾ ਨੌਜਵਾਨ ਉਮੀਦਵਾਰ ਨਿੱਕ ਗਹੂਣੀਆ ਸੀ।


ਦੂਜੀ ਧਿਰ ਵਿੱਚ ਦਾ ਇੱਕੋ ਇੱਕ ਥੰਮ ਡਸਟਿਨ ਵੈਨ ਨੂੰ ਮੰਨਿਆ ਜਾਂਦਾ ਸੀ ਜਿਸ ਬਾਰੇ ਰਾਈਡਿੰਗ ਵਿੱਚ ਆਮ ਪ੍ਰਭਾਵ ਦਿੱਤਾ ਜਾਂਦਾ ਰਿਹਾ ਹੈ ਕਿ ਉਹ ਆਪਣੇ ਸਾਬਕਾ ਬੌਸ ਦੀ ਪਤਨੀ ਨੂੰ ਉਮੀਦਵਾਰ ਬਣਾਉਣ ਦਾ ਵਿਸ਼ੇਸ਼ ਕਰਕੇ ਚਾਹਵਾਨ ਹੈ। ਇਹ ਸੁਆਲ ਆਪਣੇ ਆਪ ਵਿੱਚ ਗੁੰਝਲਦਾਰ ਹੈ ਕਿ ਬਲਜੀਤ ਗੋਸਲ ਹੋਰਾਂ ਨੇ ਖੁਦ ਨੌਮੀਨੇਸ਼ਨ ਲੜਨ ਨੂੰ ਤਰਜੀਹ ਕਿਉਂ ਨਹੀਂ ਦਿੱਤੀ ਜਦੋਂ ਕਿ ਇਸ ਰਾਈਡਿੰਗ ਵਿੱਚੋਂ ਜਿੱਤ ਕੇ ਉਹ ਮੰਤਰੀ ਦੇ ਅਹੁਦੇ ਤੱਕ ਜਾ ਚੁੱਕੇ ਸਨ।

ਫੇਰ ਕੁੱਝ ਲੋਕਲ ਕਮਿਉਨਿਟੀ ਨਾਲ ਨੇੜੇ ਤੋਂ ਜੁੜੇ ਆਗੂ ਸਨ ਜਿਹਨਾਂ ਨੂੰ ਸ਼ਾਇਦ ਇਹ ਭਰਮ-ਭੁਲੇਖਾ ਰਿਹਾ ਹੋਵੇਗਾ ਕਿ ਉਹ ਆਪਣੇ ਕਮਿਉਨਿਟੀ ਨਾਲ ਸਬੰਧਾਂ ਦੇ ਸਹਾਰੇ ਨੌਮੀਨੇਸ਼ਨ ਜਿੱਤ ਸਕਦੇ ਹਨ। ਸਫ਼ਲ ਇੰਮੀਗਰੇਸ਼ਨ ਕਸਨਲਟੈਂਸੀ ਚਲਾ ਰਹੇ ਮਨੂ ਦੱਤਾ, ਰਿਪੂ ਢਿੱਲੋਂ ਅਤੇ ਇੱਕ ਹੋਰ ਨੌਜਵਾਨ ਸਿਖ ਮੋਟਰਸਾਇਕਲ ਕਲੱਬ ਦੇ ਆਗੂ ਜਗਦੀਪ ਸਿੰਘ ਸ਼ਾਮਲ ਸਨ। ਪਾਕਿਸਤਾਨੀ ਕਮਿਉਨਿਟੀ ਨਾਲ ਸਬੰਧਿਤ ਮਸ਼ਹੂਰ ਪੱਤਰਕਾਰ ਅਤੇ ਸੋਸ਼ਲ ਐਕਟਵਿਸਟ ਤਾਹਿਰ ਗੋਰਾ ਵੀ ਉਮੀਦਵਾਰ ਬਣਨ ਦੀ ਚਾਹਤ ਰੱਖਣ ਵਾਲਿਆਂ ਵਿੱਚ ਸ਼ਾਮਲ ਸਨ। ਇਹਨਾਂ ਸਾਰਿਆਂ ਦੀ ਨੌਮੀਨੇਸ਼ਨ ਉਮੀਦਵਾਰੀ ਇੱਕ ਜਾਂ ਦੂਜੇ ਕਾਰਣ ਕਰਕੇ ਰੱਦ ਕਰ ਦਿੱਤੀ ਗਈ। ਇਸ ਤੋਂ ਬਾਅਦ ਨਾਮ ਆਇਆ ਦਸ਼ਰਥ ਚੌਧਰੀ ਦਾ ਜੋ ਕਿ ਵ੍ਹਾਨ ਦੇ ਇਕ ਮੰਦਰ ਦੇ ਪ੍ਰਧਾਨ ਦੱਸੇ ਜਾਂਦੇ ਹਨ। ਬਾਅਦ ਵਿੱਚ ਰਹਿ ਗਏ ਦੋ ਧਿਰੀ ਮੁਕਾਬਲੇ ਵਿੱਚ ਪਵਨਜੀਤ ਗੋਸਲ ਨੇ ਦਸ਼ਰਥ ਚੌਧਰੀ ਨੂੰ ਮਾਤ ਦੇ ਕੇ ਨੌਮੀਨੇਸ਼ਨ ਜਿੱਤ ਲਈ। ਚੇਤੇ ਰਹੇ ਕਿ ਦਸ਼ਰਥ ਚੌਧਰੀ ਇਸ ਰਾਈਡਿੰਗ ਵਿੱਚ ਬਾਹਰਲੇ ਉਮੀਦਵਾਰ ਸਨ। ਉਸ ਨੂੰ ਜੋ ਵੀ ਵੋਟਾਂ ਮਿਲੀਆਂ ਉਹ ਜਸਪਾਲ ਗਹੂਣੀਆ ਤੇ ਰਿਪੂ ਢਿਲੋਂ ਦੇ ਸਮਰਥਕਾਂ ਵਲੋਂ ਹੀ ਮਿਲੀਆਂ ਅਤੇ ਉਸ ਦੇ ਆਪਣੇ ਸਾਈਨ ਕੀਤੇ ਹੋਏ ਮੈਬਰ ਕੁੱਝ ਵੀ ਨਹੀਂ ਸਨ।

 

ਪੀਲ ਖੇਤਰ ਵਿੱਚ ਕੰਜ਼ਰਵੇਟਿਵਾਂ ਲਈ ਸੱਭ ਤੋਂ ਮਜ਼ਬੂਤ ਮੰਨੀ ਜਾਣ ਵਾਲੀ ਇਸ ਰਾਈਡਿੰਗ ਵਿੱਚੋਂ ਨੌਮੀਨੇਟ ਕਰਨ ਦੇ ਕਈਆਂ ਨੂੰ ਵਾਅਦੇ ਕੀਤੇ ਗਏ ਜਿਹਨਾਂ ਵਿੱਚ ਜਰਮਨਜੀਤ ਸਿੰਘ ਦਾ ਨਾਮ ਵੀ ਲਿਆ ਜਾਂਦਾ ਹੈ। ਸਮਝਿਆ ਜਾਂਦਾ ਹੈ ਕਿ ਜਰਮਨਜੀਤ ਸਿੰਘ ਨੂੰ ਬਰੈਂਪਟਨ ਨੌਰਥ ਤੋਂ ਨਾ ਲੜਨ ਬਦਲੇ ਬਰੈਂਪਟਨ ਸੈਂਟਰ ਤੋਂ ਤਰਜੀਹੀ ਉਮੀਦਵਾਰ ਦੇ ਤੌਰ ਉਤੇ ਚੋਣ ਲੜਨ ਦਾ ਵਾਅਦਾ ਕੀਤਾ ਗਿਆ। ਰਿਪੂ ਢਿਲੋਂ ਨੂੰ ਵੀ ਇਹੀ ਵਾਅਦਾ ਕੀਤਾ ਗਿਆ ਸੀ, ਜੋ ਕਿ ਆਪਣੇ ਹਲਕੇ ਬਰੈਂਪਟਨ ਨੌਰਥ ਤੋਂ ਚੋਣ ਲੜਨੀ ਚਾਹੁੰਦਾ ਸੀ। ਕੀ ਕਿਸੇ ਨੂੰ ਤਰਜੀਹੀ ਉਮੀਦਵਾਰ ਬਣਾਉਣਾ ਸੰਭਵ ਹੈ? ਜੇ ਹੈ ਤਾਂ ਕਿਹਨਾਂ ਨੇਮਾਂ ਤਹਿਤ? ਜੇ ਨੇਮ ਹਨ ਵੀ ਤਾਂ ਕਿਹਨਾਂ ਹਾਲਾਤਾਂ ਵਿੱਚ ਨੇਮ ਲਾਗੂ ਕੀਤੇ ਜਾਣੇ ਚਾਹੀਦੇ ਹਨ? ਜਿਹਨਾਂ ਉਮੀਦਵਾਰਾਂ ਨੂੰ ਨੌਮੀਨੇਸ਼ਨ ਚੋਣ ਲੜਨ ਲਈ ਹਰੀ ਝੰਡੀ ਦਿੱਤੀ ਗਈ, ਉਹਨਾਂ ਨੂੰ ਆਗਿਆ ਦੇਣ ਵੇਲੇ ਕਿਹੜੀਆਂ ਗੱਲਾਂ ਨੂੰ ਵਿਚਾਰਿਆ ਗਿਆ? ਇਹ ਸੁਆਲ ਹਨ ਜਿਹੜੇ ਚਰਚਾ ਨੂੰ ਗਰਮ ਰੱਖ ਰਹੇ ਹਨ।

 

ਥੋੜੀ ਗੱਲ ਮਿਸੀਸਾਗਾ ਮਾਲਟਨ ਰਾਈਡਿੰਗ ਦੀ ਵੀ ਕਰਦੇ ਹਾਂ। ਇਸ ਰਾਈਡਿੰਗ ਤੋਂ ਪੰਜਾਬੀ ਭਾਈਚਾਰੇ ਦੇ ਸਫ਼ਲ ਮੀਡੀਆ ਕਰਮੀ ਬੌਬ ਦੁਸਾਂਝ ਨੂੰ ਚੋਣ ਲੜਨ ਹੀ ਨਹੀਂ ਦਿੱਤਾ ਗਿਆ। ਉਹ ਕਾਰਣ ਹਾਲੇ ਤੱਕ ਜਨਤਕ ਨਹੀਂ ਕੀਤੇ ਗਏ ਜਿਹਨਾਂ ਨੂੰ ਬੌਬ ਦੁਸਾਂਝ ਨੂੰ ਨੌਮੀਨੇਸ਼ਨ ਲੜਨ ਦੀ ਰੇਸ ਵਿੱਚੋਂ ਬਾਹਰ ਰੱਖਣ ਲਈ ਵਰਤਿਆ ਗਿਆ। ਬੌਬ ਦੁਸਾਂਝ ਦਾ ਦਾਅਵਾ ਹੈ ਕਿ ਉਹ ਲੰਬੇ ਸਮੇਂ ਤੋਂ ਨੌਮੀਨੇਸ਼ਨ ਚੋਣ ਲਈ ਤਿਆਰੀਆਂ ਕਰਦਾ ਆ ਰਿਹਾ ਸੀ। ਸਮਝਿਆ ਜਾਂਦਾ ਹੈ ਕਿ ਉਸਨੇ 3800 ਦੇ ਕਰੀਬ ਨਵੀਂ ਮੈਂਬਰਸਿ਼ੱਪ ਸਾਈਨ ਕਰਕੇ ਪਾਰਟੀ ਦੀ ਝੋਲੀ ਵਿੱਚ ਪਾਈ। ਐਨਾ ਵੱਡਾ ਕਾਰਜ ਕਰਨਾ ਕੋਈ ਸਾਧਾਰਨ ਗੱਲ ਨਹੀਂ ਹੈ ਕਿਉਂਕਿ ਤੁਸੀਂ ਗਰਾਸ-ਰੂਟ ਪੱਧਰ ਉੱਤੇ ਲੋਕਾਂ ਨੂੰ ਆਪਣੇ ਤਰਕ ਨਾਲ ਪ੍ਰਭਾਵਿਤ ਕਰਕੇ ਪਾਰਟੀ ਦੇ ਮੈਂਬਰ ਬਣਨ ਲਈ ਪ੍ਰੇਰਿਤ ਕਰਦੇ ਹੋ। 3800 ਮੈਂਬਰਸਿ਼ੱਪ ਦਾ ਇੱਕ ਅਰਥ ਪਾਰਟੀ ਲਈ ਲਗਭਗ 60,000 ਡਾਲਰਾਂ ਦਾ ਚੰਦਾ ਵੀ ਹੈ।

 

ਸਹੀ ਹੈ ਕਿ ਮੈਂਬਰਸਿ਼ੱਪ ਬਣਾਉਣ ਸਦਕਾ ਇਕੱਤਰ ਹੋਏ ਡਾਲਰਾਂ ਨੂੰ ਨੌਮੀਨੇਸ਼ਨ ਉੱਤੇ ਹੱਕ ਜਤਾਉਣ ਦਾ ਜਰੀਆ ਨਹੀਂ ਸਮਝਿਆ ਜਾ ਸਕਦਾ। ਪਰ ਪਾਰਟੀ ਕਰਤਾ-ਧਰਤਾਵਾਂ ਨੂੰ ਐਨੀ ਗੱਲ ਤਾਂ ਮੰਨ ਹੀ ਲੈਣੀ ਚਾਹੀਦੀ ਹੈ ਕਿ ਐਨੀ ਵੱਡੀ ਮੈਂਬਰਸਿੱ਼ਪ ਭਰਤੀ ਕਰਨ ਵਾਲੇ ਵਿਅਕਤੀ ਦਾ ਕਮਿਉਨਿਟੀ ਵਿੱਚ ਮਜ਼ਬੂਤ ਆਧਾਰ ਹੈ ਅਤੇ ਉਹ ਇੱਕ ਖਾਸ ਕਿਸਮ ਦੇ ਸਤਿਕਾਰ ਦਾ ਪਾਤਰ ਹੈ। ਅਣਅਧਿਕਾਰਤ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਨੌਮੀਨੇਟ ਹੋਏ ਟੌਮ ਵਰਘੀਸ ਨੇ ਸਿਰਫ਼ 450 ਦੇ ਕਰੀਬ ਮੈਂਬਰ ਹੀ ਬਣਾਏ ਸਨ।

 

ਇਹ ਮੁੱਦੇ ਵਾਰ 2 ਸੁਆਲ ਖੜ੍ਹੇ ਕਰਦੇ ਹਨ ਕਿ ਆਖਰ ਕੰਜ਼ਰਵੇਟਿਵ ਪਾਰਟੀ ਪੀਲ ਖੇਤਰ ਦੇ ਕਮਿਉਨਿਟੀ ਵਿੱਚ ਅੱਛਾ ਖਾਸਾ ਆਧਾਰ ਅਤੇ ਰਸੂਖ਼ ਰੱਖਣ ਵਾਲੇ ਆਗੂਆਂ ਨੂੰ ਅੱਖੋਂ ਪਰੋਖੇ ਕਰਕੇ ਕੀ ਹਾਸਲ ਕਰਨਾ ਚਾਹੁੰਦੀ ਹੈ? ਮਿਸੀਸਾਗਾ ਮਾਲਟਨ ਰਾਈਡਿੰਗ ਲਿਬਰਲ ਸਰਕਾਰ ਵਿੱਚ ਸਾਇੰਸ ਅਤੇ ਤਕਨਾਲੋਜੀ ਬਾਰੇ ਮੰਤਰੀ ਨਵਦੀਪ ਸਿੰਘ ਬੈਂਸ ਦੀ ਹੈ। ਕੀ ਪਾਰਟੀ ਅਹੁਦੇਦਾਰ ਸਮਝਦੇ ਹਨ ਕਿ ਕਿਸੇ ਵੀ ਵਿਅਕਤੀ ਨੂੰ ਉਮੀਦਵਾਰ ਥਾਪ ਕੇ ਮਿਸੀਸਾਗਾ ਮਾਲਟਨ ਸੀਟ ਜਿੱਤੀ ਜਾ ਸਕਦੀ ਹੈ? ਟੌਮ ਵਰਘੀਸ ਨੂੰ ਬਿਨਾ ਮੁਕਾਬਲਾ ਨੌਮੀਨੇਟ ਕੀਤਾ ਗਿਆ ਸੀ।

ਬਾਕੀ ਕੱਲ

Have something to say? Post your comment
ਹੋਰ ਸੰਪਾਦਕੀ ਖ਼ਬਰਾਂ