Welcome to Canadian Punjabi Post
Follow us on

26

February 2020
ਨਜਰਰੀਆ

ਕਿੱਧਰ ਜਾ ਰਿਹਾ ਹੈ ਦੇਸ਼ ਅਤੇ ਕੀ ਬਣੇਗਾ ਇਸ ਦੇਸ਼ ਦਾ ਚੋਣਾਂ ਤੋਂ ਬਾਅਦ

May 13, 2019 09:45 AM

-ਜਤਿੰਦਰ ਪਨੂੰ
ਇਸ ਸਤਾਰਾਂ ਮਈ ਨੂੰ ਭਾਰਤ ਦੀ ਪਾਰਲੀਮੈਂਟ ਲਈ ਚੋਣ ਪ੍ਰਚਾਰ ਖਤਮ ਹੋ ਜਾਵੇਗਾ। ਉੱਨੀ ਮਈ ਨੂੰ ਵੋਟਾਂ ਪੈਣ ਦਾ ਆਖਰੀ ਗੇੜ ਗੁਜ਼ਰ ਜਾਵੇਗਾ। ਚਾਰ ਦਿਨ ਬਾਅਦ ਤੇਈ ਮਈ ਨੂੰ ਨਤੀਜੇ ਆਉਣ ਲੱਗਣਗੇ। ਇਹ ਸ਼ਾਇਦ ਇਕੋ ਦਿਨ ਸਾਰੇ ਨਹੀਂ ਆ ਸਕਣਗੇ, ਕਿਉਂਕਿ ਬਹੁਤ ਸਾਰੇ ਹਲਕਿਆਂ ਵਿੱਚ ਵੋਟਿੰਗ ਮਸ਼ੀਨਾਂ ਦੇ ਨਾਲ ਵੀ ਵੀ ਪੈਟ ਮਸ਼ੀਨਾਂ ਲੱਗੀਆਂ ਹਨ ਅਤੇ ਉਨ੍ਹਾਂ ਚੋਣ ਖੇਤਰਾਂ ਵਿੱਚ ਵੀ ਵੀ ਪੈਟ ਮਸ਼ੀਨ ਦੀਆਂ ਪਰਚੀਆਂ ਗਿਣਨ ਅਤੇ ਫਿਰ ਵੋਟਿੰਗ ਮਸ਼ੀਨਾਂ ਨਾਲ ਮਿਲਾ ਕੇ ਇਹ ਵੇਖਣ ਵਿੱਚ ਸਮਾਂ ਲੱਗੇਗਾ ਕਿ ਕੋਈ ਸ਼ਰਾਰਤ ਨਾ ਹੋ ਗਈ ਹੋਵੇ। ਅਗਲੇ ਦਿਨ ਚੌਵੀ ਮਈ ਤੱਕ ਨਤੀਜੇ ਮਿਲਣ ਪਿੱਛੋਂ ਦੇਸ਼ ਨੂੰ ਪਾਰਲੀਮੈਂਟ ਮਿਲ ਜਾਵੇਗੀ ਤੇ ਲੋਕਤੰਤਰੀ ਪ੍ਰਕਿਰਿਆ ਦਾ ਇੱਕ ਪੜਾਅ ਖਤਮ ਹੋ ਜਾਵੇਗਾ। ਆਮ ਲੋਕਾਂ ਦੇ ਲਈ ਸੋਚਣ ਦਾ ਸਵਾਲ ਏਨਾ ਹੈ ਕਿ ਇਸ ਦੇ ਪਿੱਛੋਂ ਸਰਕਾਰ ਕਿਸ ਤਰ੍ਹਾਂ ਦੀ ਬਣੇਗੀ, ਪਰ ਅਸੀਂ ਇਹ ਸੋਚ ਰਹੇ ਹਾਂ ਕਿ ਸਰਕਾਰ ਤਾਂ ਜਿੱਦਾਂ ਦੀ ਵੀ ਬਣ ਜਾਵੇ, ਇਹ ਦੇਸ਼ ਜਿਸ ਰਾਹ ਪੈ ਗਿਆ ਹੈ, ਇਹ ਪਹੁੰਚੇਗਾ ਕਿੱਥੇ!
ਚੋਣਾਂ ਦੇ ਇਸ ਪੜਾਅ ਉੱਤੇ ਅਸੀਂ ਕਿਸੇ ਇੱਕ ਜਾਂ ਦੂਸਰੀ ਪਾਰਟੀ ਦੇ ਪੱਖ ਜਾਂ ਵਿਰੋਧ ਬਾਰੇ ਸੋਚਣ ਦੀ ਥਾਂ ਇਸ ਦੇਸ਼ ਦੀ ਰਾਜ ਪ੍ਰਣਾਲੀ ਦੇ ਉਨ੍ਹਾਂ ਅਦਾਰਿਆਂ ਬਾਰੇ ਸੋਚੀਏ, ਜਿਨ੍ਹਾਂ ਆਸਰੇ ਰਾਜ ਚੱਲਦਾ ਹੈ ਤਾਂ ਵੱਧ ਠੀਕ ਹੈ। ਭਾਰਤ ਦੇ ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਰਾਜ ਦੇ ਤਿੰਨ ਪ੍ਰਮੁੱਖ ਅੰਗ: ਵਿਧਾਨ ਪਾਲਿਕਾ (ਪਾਰਲੀਮੈਂਟ ਤੇ ਵਿਧਾਨ ਸਭਾਵਾਂ), ਕਾਰਜ ਪਾਲਿਕਾ (ਜਿਸ ਵਿੱਚ ਸਮੁੱਚੀ ਸਰਕਾਰੀ ਮਸ਼ੀਨਰੀ ਸ਼ਾਮਲ ਹੈ) ਅਤੇ ਨਿਆਂ ਪਾਲਿਕਾ (ਅਦਾਲਤਾਂ) ਹਨ ਅਤੇ ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਦਾ ਵੀ ਮਹੱਤਵ ਘੱਟ ਕਰ ਕੇ ਨਹੀਂ ਵੇਖਣਾ ਚਾਹੀਦਾ। ਆਦਿ ਕਾਲ ਤੋਂ ਲੈ ਕੇ ਲੋਕਾਂ ਨੂੰ ਦਾਬੇ ਹੇਠ ਰੱਖਣ ਲਈ ਸਰਕਾਰਾਂ ਜਿਹੜੀ ਮਸ਼ੀਨਰੀ ਵਰਤਦੀਆਂ ਰਹੀਆਂ ਹਨ, ਉਸ ਦੇ ਭ੍ਰਿਸ਼ਟ ਹੋ ਜਾਣ ਦੀ ਚਰਚਾ ਵੀ ਚੱਲਦੀ ਰਹੀ ਹੈ। ਜਦੋਂ ਉਨ੍ਹਾਂ ਕੋਲ ਕਿਸੇ ਵੀ ਵਿਅਕਤੀ ਨੂੰ ਕਦੇ ਵੀ ਫੜ ਕੇ ਕੇਸ ਬਣਾ ਲੈਣ ਦਾ ਅਧਿਕਾਰ ਹੁੰਦਾ ਹੈ ਤਾਂ ਉਨ੍ਹਾਂ ਅਧਿਕਾਰੀਆਂ ਵੱਲੋਂ ਤਾਕਤ ਦੀ ਦੁਰਵਰਤੋਂ ਕਰ ਕੇ ਜਾਂ ਵਰਤੋਂ ਦੇ ਡਰਾਵੇ ਨਾਲ ਭ੍ਰਿਸ਼ਟਾਚਾਰ ਦਾ ਚੱਕਰ ਸੌਖਾ ਚਲਾਇਆ ਜਾ ਸਕਦਾ ਹੈ। ਇਹ ਚੱਕਰ ਪੁਲਸ ਵਾਲੇ ਵੀ ਚਲਾਉਂਦੇ ਹਨ ਤੇ ਕਿਹਾ ਜਾਂਦਾ ਹੈ ਕਿ ਹੋਰਨਾਂ ਤੋਂ ਵੱਧ ਚਲਾਉਂਦੇ ਹਨ, ਜ਼ਮੀਨੀ ਮਾਮਲਿਆਂ ਨਾਲ ਜੁੜਿਆ ਵਿਭਾਗ ਵੀ ਇਹ ਕੰਮ ਕਰਦਾ ਹੈ, ਬਿਜਲੀ ਵਾਲੇ ਵੀ ਕਰਦੇ ਹਨ ਤੇ ਸਿਹਤ ਵਿਭਾਗ ਤੋਂ ਲੈ ਕੇ ਸੜਕ ਮਹਿਕਮੇ ਵਾਲਿਆਂ ਤੱਕ ਇਹੋ ਕਰੀ ਜਾਂਦੇ ਹਨ। ਇਨ੍ਹਾਂ ਨੂੰ ਏਦਾਂ ਕਰਨ ਤੋਂ ਰੋਕਣ ਦੀ ਪੁਰਾਣੇ ਸਮਿਆਂ ਵਿੱਚ ਕੋਈ ਪ੍ਰਵਾਹ ਨਹੀਂ ਸੀ ਕੀਤੀ ਜਾਂਦੀ, ਪਰ ਜਦੋਂ ਲੋਕ ਰਾਜ ਦਾ ਦੌਰ ਆ ਗਿਆ ਤਾਂ ਵਿਧਾਨ ਪਾਲਿਕਾ ਦੇ ਚੁਣੇ ਹੋਏ ਆਗੂਆਂ ਰਾਹੀਂ ਅਜਿਹੇ ਕਾਨੂੰਨ ਬਣਾਉਣ ਦਾ ਕੰਮ ਸ਼ੁਰੂ ਹੋਇਆ, ਜਿਨ੍ਹਾਂ ਕਾਨੂੰਨਾਂ ਨਾਲ ਸਰਕਾਰੀ ਮਸ਼ੀਨਰੀ ਲੋਕਾਂ ਉੱਤੇ ਦਹਿਸ਼ਤ ਪਾਉਣ ਜਾਂ ਲੁੱਟ ਕਰਨ ਦਾ ਕੰਮ ਕਰਨ ਤੋਂ ਰੋਕੀ ਜਾ ਸਕੇ। ਫਿਰ ਵਿਧਾਨ ਪਾਲਿਕਾ ਵਿੱਚ ਵੀ ਭ੍ਰਿਸ਼ਟਾਚਾਰ ਆਣ ਵੜਿਆ।
ਭਾਰਤ ਦੀ ਅਜੋਕੀ ਲੋਕ ਸਭਾ ਦੇ ਤੀਸਰੇ ਹਿੱਸੇ ਤੋਂ ਵੱਧ ਮੈਂਬਰ ਏਦਾਂ ਦੇ ਹਨ, ਜਿਨ੍ਹਾਂ ਦੇ ਕੇਸਾਂ ਦੀ ਗਿਣਤੀ ਕਰਦਾ ਕੋਈ ਵੀ ਆਦਮੀ ਥੱਕ ਜਾਵੇਗਾ। ਇਸ ਨੂੰ ਰੋਕ ਲਾਉਣੀ ਚਾਹੀਦੀ ਸੀ, ਪਰ ਲਾਈ ਨਹੀਂ ਗਈ। ਉਲਟਾ ਇਹ ਹੋਇਆ ਕਿ ਇਨ੍ਹਾਂ ਅਦਾਰਿਆਂ ਦੀ ਬਹੁ-ਸੰਮਤੀ ਨਾਲ ਚੁਣੇ ਗਏ ਆਗੂ ਆਪਣੀ ਇਸ ਤਾਕਤਵਰ ਹਸਤੀ ਨੂੰ ਵਰਤ ਕੇ ਇਹ ਯਕੀਨੀ ਕਰਨ ਲੱਗ ਪਏ ਕਿ ਲੋਕਤੰਤਰ ਦੇ ਤੀਸਰੇ ਅੰਗ ਨਿਆਂ-ਪਾਲਿਕਾ ਨੂੰ ਵੀ ਪ੍ਰਭਾਵਤ ਕੀਤਾ ਜਾਵੇ। ਸੁਪਰੀਮ ਕੋਰਟ ਤੇ ਹਾਈ ਕੋਰਟਾਂ ਦੇ ਜੱਜਾਂ ਦੀਆਂ ਨਿਯੁਕਤੀਆਂ ਦਾ ਇੱਕ ਬਾਕਾਇਦਾ ਸਿਸਟਮ ਬਣਾਇਆ ਗਿਆ ਸੀ ਤੇ ਚੱਲਦਾ ਪਿਆ ਸੀ, ਪਰ ਪਿਛਲੇ ਸਮੇਂ ਵਿੱਚ ਉਸ ਵੱਲੋਂ ਕੀਤੇ ਫੈਸਲਿਆਂ ਨੂੰ ਵੀ ਮਰੋੜਿਆ ਜਾਣ ਲੱਗ ਪਿਆ ਹੈ। ਮੌਜੂਦਾ ਕੇਂਦਰ ਸਰਕਾਰ ਨੇ ਇਸ ਕੰਮ ਵਿੱਚ ਬੀਤੇ ਦੀ ਕਿਸੇ ਵੀ ਹੋਰ ਸਰਕਾਰ ਦਾ ਰਿਕਾਰਡ ਤੋੜ ਦਿੱਤਾ ਹੈ। ਫਿਰ ਵੀ ਭਾਰਤ ਦੀ ਨਿਆਂ ਪਾਲਿਕਾ ਨੇ ਕੁਝ ਹੱਦ ਤੱਕ ਇਸ ਹਮਲੇ ਦਾ ਟਾਕਰਾ ਕਰਨ ਦੀ ਕੋਸਿ਼ਸ਼ ਜਾਰੀ ਰੱਖੀ ਹੈ ਤੇ ਅਜੇ ਤੱਕ ਪੂਰੀ ਤਰ੍ਹਾਂ ਸਰਕਾਰ ਦੀ ਜਕੜ ਵਿੱਚ ਨਹੀਂ ਆ ਸਕੀ। ਨਿਆਂ ਪਾਲਿਕਾ ਤੜਫੜਾ ਰਹੀ ਜਾਪਦੀ ਹੈ। ਖਬਰਾਂ ਇਹ ਮਿਲਦੀਆਂ ਹਨ ਕਿ ਜਿਹੜਾ ਵੀ ਜੱਜ ਸਰਕਾਰ ਦੇ ਰੰਗ ਵਿੱਚ ਪੂਰੀ ਤਰ੍ਹਾਂ ਰੰਗੇ ਜਾਣ ਤੋਂ ਇਨਕਾਰੀ ਹੋਵੇ, ਉਸ ਨੂੰ ਚੱਕਰ ਵਿੱਚ ਫਸਾਇਆ ਜਾ ਸਕਦਾ ਹੈ।
ਅਸੀਂ ਪਾਕਿਸਤਾਨ ਦੇ ਬਾਰੇ ਪਿਛਲੇ ਸਾਲਾਂ ਵਿੱਚ ਸੁਣਿਆ ਸੀ ਕਿ ਜਿਸ ਜੱਜ ਨੇ ਫੌਜੀ ਸਰਕਾਰ ਮੂਹਰੇ ਵੀ ਝੁਕਣ ਤੋਂ ਇਨਕਾਰ ਕਰੀ ਰੱਖਿਆ ਸੀ, ਉਸ ਦੇ ਪੁੱਤਰ ਨੂੰ ਹੱਜ ਨਾਲ ਜੁੜੀ ਹੋਈ ਇੱਕ ਸੰਸਥਾ ਨੇ ਨੇਕੀ ਦੇ ਕੰਮ ਕਰਨ ਬਹਾਨੇ ਉਸ ਸੰਸਥਾ ਨਾਲ ਜੋੜਿਆ ਤੇ ਫਿਰ ਉਸ ਨੂੰ ਮੁੱਖ ਜੱਜ ਦੇ ਖਿਲਾਫ ਵਰਤਿਆ ਸੀ। ਹੱਜ ਦਾ ਨਾਂਅ ਵਰਤ ਕੇ ਭ੍ਰਿਸ਼ਟਾਚਾਰ ਕਰਨ ਵਾਲੀ ਉਸ ਸੰਸਥਾ ਵਿੱਚ ਜੁੜ ਕੇ ਉਹ ਮੁੰਡਾ ਕਈ ਗੱਲਾਂ ਵਿੱਚ ਉਲਝ ਗਿਆ ਤਾਂ ਸੰਸਥਾ ਦੇ ਹੋਰਨਾਂ ਲੋਕਾਂ ਦਾ ਕੁਝ ਨਹੀਂ ਸੀ ਵਿਗੜਿਆ, ਕਿਉਂਕਿ ਉਹ ਸਰਕਾਰ ਦੀ ਸੈਨਤ ਉੱਤੇ ਹੀ ਉਸ ਮੁੰਡੇ ਨੂੰ ਫਸਾਉਣ ਦਾ ਕੰਮ ਕਰ ਰਹੇ ਸਨ, ਪਰ ਮੁੰਡੇ ਦੇ ਖਿਲਾਫ ਕੇਸ ਚੁੱਕ ਕੇ ਚੀਫ ਜਸਟਿਸ ਨੂੰ ਘੇਰਨ ਦਾ ਕੰਮ ਸ਼ੁਰੂ ਹੋ ਗਿਆ ਸੀ। ਦਿੱਲੀ ਤੋਂ ਆਉਂਦੀਆਂ ਖਬਰਾਂ ਇਹ ਦੱਸਦੀਆਂ ਹਨ ਕਿ ਭਾਰਤ ਵਿੱਚ ਵੀ ਏਦਾਂ ਦੀਆਂ ਸਾਜਿ਼ਸ਼ਾਂ ਹੋ ਸਕਦੀਆਂ ਹਨ, ਜਿਨ੍ਹਾਂ ਨਾਲ ਕੁਝ ਖਾਸ ਜੱਜਾਂ ਨੂੰ ਘੇਰਿਆ ਜਾ ਸਕਦਾ ਹੈ। ਫਿਰ ਨਿਆਂ ਪਾਲਿਕਾ ਵੀ ਆਪਣਾ ਕੰਮ ਠੀਕ ਤਰ੍ਹਾਂ ਨਹੀਂ ਕਰ ਸਕੇਗੀ। ਇਸ ਦੀ ਇੱਕ ਮਿਸਾਲ ਭਾਰਤ ਦੇ ਮੁੱਖ ਜੱਜ ਦੇ ਖਿਲਾਫ ਦੋਸ਼ਾਂ ਵਾਲੀ ਹੋ ਸਕਦੀ ਹੈ, ਜਿਸ ਦੇ ਸੱਚ-ਝੂਠ ਬਾਰੇ ਕੋਈ ਕੁਝ ਨਹੀਂ ਜਾਣ ਸਕਦਾ। ਇਸ ਤੋਂ ਵੱਧ ਭੈੜੀ ਗੱਲ ਇਹ ਹੈ ਕਿ ਦੇਸ਼ ਦੇ ਦੋ ਵੱਡੇ ਉਦਯੋਗਪਤੀਆਂ ਨੇ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਕੀਤੇ ਗਏ ਹੁਕਮਾਂ ਨਾਲ ਸਭ ਤੋਂ ਵੱਡੀ ਅਦਾਲਤ ਦੇ ਸਟਾਫ ਤੋਂ ਛੇੜ-ਛਾੜ ਕਰਵਾ ਕੇ ਹੁਕਮ ਬਦਲਵਾਉਣ ਦੀ ਸਫਲਤਾ ਹਾਸਲ ਕਰ ਲਈ ਹੈ। ਇੱਕ ਵੱਡੇ ਉਦਯੋਗਪਤੀ ਦੇ ਖਿਲਾਫ ਇੱਕ ਫੌਰੈਂਸਿਕ ਮਾਹਰ ਦੀ ਆਡਿਟ ਰਿਪੋਰਟ ਲਈ ਜੱਜਾਂ ਨੇ ਨਾਂਅ ਲਿਖ ਕੇ ਹੁਕਮ ਕੀਤਾ ਸੀ, ਪਰ ਕਿਉਂਕਿ ਉਹ ਮਾਹਰ ਗਲਤ ਕੰਮ ਕਰਨ ਨੂੰ ਤਿਆਰ ਨਹੀਂ ਸੀ ਹੋਣਾ, ਉਸ ਦੀ ਥਾਂ ਅਦਾਲਤ ਵੱਲੋਂ ਦਿੱਤੇ ਹੁਕਮ ਵਿੱਚ ਇੱਕ ਨਾਂਅ ਹੋਰ ਜੋੜ ਦਿੱਤਾ ਗਿਆ, ਤਾਂ ਕਿ ਦੋਵਾਂ ਵਿੱਚੋਂ ਕਿਸੇ ਇੱਕ ਤੋਂ ਰਿਪੋਰਟ ਬਣਵਾਈ ਤੇ ਅਦਾਲਤ ਨੂੰ ਪੇਸ਼ ਕੀਤੀ ਜਾ ਸਕੇ। ਦੂਸਰਾ ਮਾਮਲਾ ਕਿਸੇ ਵੱਡੇ ਬਿਲਡਰ ਖਿਲਾਫ ਸੀ। ਇਸ ਵਿੱਚ ਵੀ ਅਸਲੀ ਹੁਕਮਾਂ ਦੇ ਵਿਚਾਲੇ ਕੁਝ ਇਹੋ ਜਿਹਾ ਜੋੜ ਦਿੱਤਾ ਗਿਆ ਕਿ ਜੱਜਾਂ ਨੂੰ ਆਪਣੇ ਸਟਾਫ ਦੇ ਖਿਲਾਫ ਸਖਤੀ ਦਾ ਹੁਕਮ ਕਰਨ ਦੀ ਲੋੜ ਪੈ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕੰਮ ਸਿਰਫ ਸਰਮਾਏਦਾਰ ਨਹੀਂ ਕਰਦੇ, ਸਰਕਾਰਾਂ ਵੀ ਕਰਨੋਂ ਨਹੀਂ ਰਹਿੰਦੀਆਂ ਤੇ ਫਿਰ ਨਤੀਜਾ ਇਹ ਨਿਕਲਦਾ ਹੈ ਕਿ ਲੋਕਤੰਤਰ ਵਿੱਚ ਇਨਸਾਫ ਦਾ ਆਖਰੀ ਦਰਵਾਜ਼ਾ ਵੀ ਪ੍ਰਭਾਵਤ ਹੋ ਜਾਂਦਾ ਹੈ। ਬੀਤੇ ਬਹੱਤਰ ਸਾਲਾਂ ਦੇ ਆਜ਼ਾਦ ਭਾਰਤ ਦੇ ਇਤਹਾਸ ਵਿੱਚ ਇਹ ਪਹਿਲੀ ਵਾਰ ਵਾਪਰਿਆ ਕਿ ਸੁਪਰੀਮ ਕੋਰਟ ਦੇ ਚਾਰ ਜੱਜ ਇੱਕ ਦਿਨ ਪ੍ਰੈੱਸ ਕਾਨਫਰੰਸ ਕਰਨ ਬੈਠ ਗਏ, ਪਰ ਇਹ ਤਾਂ ਸ਼ੁਰੂਆਤ ਸੀ, ਅੱਗੋਂ ਕੌਣ ਜਾਣਦਾ ਹੈ ਕਿ ਕੀ ਵਾਪਰੇਗਾ!
ਇੱਕ ਥਾਂ ਬੈਠੇ ਮਿੱਤਰਾਂ ਵਿੱਚੋਂ ਇੱਕ ਨੇ ਕਿਹਾ ਸੀ ਕਿ ਭਾਰਤ ਦਾ ਭਵਿੱਖ ਕੁਝ ਠੀਕ ਜਿਹਾ ਨਹੀਂ ਲੱਗਦਾ ਤੇ ਦੂਸਰੇ ਨੇ ਆਖਿਆ ਸੀ ਕਿ ਬਾਕੀ ਰਹਿ ਕੀ ਗਿਆ ਹੈ, ਜਿਹੜਾ ਹੋਰ ਵਿਗੜ ਜਾਵੇਗਾ! ਇਹ ਸਿਰਫ ਉਨ੍ਹਾਂ ਦੋ ਮਿੱਤਰਾਂ ਦੇ ਮਨ ਦੀ ਸਥਿਤੀ ਨਹੀਂ, ਭਾਰਤ ਦੇ ਬਹੁਤ ਸਾਰੇ ਲੋਕਾਂ ਦੀ ਮਨੋ-ਸਥਿਤੀ ਬਣ ਚੁੱਕੀ ਹੈ। ਜਦੋਂ ਫੌਜ ਤੇ ਏਅਰ ਫੋਰਸ ਦੇ ਸਿਖਰਲੇ ਅਫਸਰ ਵੀ ਸਿਆਸੀ ਲੀਡਰਾਂ ਦੀ ਲੋੜ ਮੁਤਾਬਕ ਪ੍ਰੈੱਸ ਕਾਨਫਰੰਸਾਂ ਕਰਨ ਲੱਗਣ ਅਤੇ ਪ੍ਰੈੱਸ ਕਾਨਫਰੰਸਾਂ ਵਿੱਚ ਸਰਕਾਰ ਦੇ ਖਿਲਾਫ ਲੱਗਦੇ ਦੋਸ਼ਾਂ ਦੀ ਸਫਾਈ ਦੇਣ ਲੱਗਣ ਤਾਂ ਏਦਾਂ ਦੀ ਮਨੋ-ਸਥਿਤੀ ਪੈਦਾ ਹੋਣੀ ਸੁਭਾਵਕ ਹੈ। ਨੌਕਰੀ ਕਰਨ ਦੇ ਲਈ ਕੀ ਕੁਝ ਨਹੀਂ ਕਰਨਾ ਪੈਂਦਾ, ਅਫਸਰ ਫੌਜ ਦੇ ਹੋਣ ਜਾਂ ਸਿਵਲ ਦੇ, ਹਨ ਤਾਂ ਉਹ ਵੀ ਇਨਸਾਨ ਹੀ।

Have something to say? Post your comment