Welcome to Canadian Punjabi Post
Follow us on

21

May 2019
ਸੰਪਾਦਕੀ

ਜੇ ਬਰੈਂਪਟਨ ਖਤਰੇ ਵਿੱਚ ਹੈ ਤਾਂ ਹੱਲ ਲਈ ਕੌਣ ਖੜ੍ਹਾ ਹੈ - ਭਾਗ 3

October 04, 2018 08:33 AM
ਬਰੈਂਪਟਨ ਜਿਵੇਂ ਭੱਵਿਖ ਵਿੱਚ ਦਿੱਸੇਗਾ

ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ

ਕੱਲ ਦੇ ਆਰਟੀਕਲ ਵਿੱਚ ਅਸੀਂ ਬਰੈਂਪਟਨ ਲਈ ਤਿਆਰ ਕੀਤੇ ਗਏ 2040 ਵਿਜ਼ਨ ਦੇ ਪਰੀਪੇਖ ਵਿੱਚ ਰੁਜ਼ਗਾਰ ਦੇ ਮਾਮਲੇ ਨੂੰ ਵਿਚਾਰਿਆ ਸੀ। ਅੱਜ ਅਸੀਂ ਸਿਹਤ ਦੇ ਮੁੱਦੇ ਨੂੰ ਵਿਚਾਰਦੇ ਹਾਂ।

ਜਦੋਂ ਬਰੈਂਪਟਨ ਵਿੱਚ ਸਿਹਤ ਬਾਰੇ ਚਰਚਾ ਹੁੰਦੀ ਹੈ ਤਾਂ ਸੱਭ ਤੋਂ ਪਹਿਲਾਂ ਹਸਪਤਾਲਾਂ ਅਤੇ ਹਸਪਤਾਲ ਬੈੱਡਾਂ ਦੀ ਘਾਟ ਹੈ। ਇਹਨਾਂ ਦੋ ਗੱਲਾਂ ਨੂੰ ਤੋੜ ਕੇ ਨਹੀਂ ਵੇਖਿਆ ਜਾ ਸਕਦਾ। ਹਸਪਤਾਲ ਇਸ ਲਈ ਲੋੜੀਂਦੇ ਹਨ ਕਿਉਂਕਿ ਸਵਾ ਛੇ ਲੱਖ ਵੱਸੋਂ ਵਾਲੇ ਸ਼ਹਿਰ ਕੋਲ ਸਿਰਫ਼ ਇੱਕ ਅਤੇ ਇੱਕ ਬਰੈਂਪਟਨ ਸਿਵਕ ਹਸਪਤਾਲ ਹੈ ਜਿਸਦੇ 608 ਬੈੱਡ ਹਨ। ਇਸ ਹਸਪਤਾਲ ਵਿੱਚ 2015-16 ਦੇ ਇੱਕ ਸਾਲ ਦੇ ਅਰਸੇ ਦੌਰਾਨ ਐਮਰਜੰਸੀ ਵਿਭਾਗ ਵਿੱਚ 2 ਲੱਖ 15 ਹਜ਼ਾਰ ਮਰੀਜ਼ਾਂ ਵੱਲੋਂ ਵਿਜ਼ਟ ਕੀਤੀਆਂ ਗਈਆਂ। ਇਹ ਦਰ ਸਮੁੱਚੇ ਗਰੇਟਰ ਟੋਰਾਂਟੋ ਏਰੀਆ ਨਾਲੋਂ ਵੱਧ ਹੈ। ਅੰਦਾਜ਼ਾ ਲਾਉਣ ਲਈ ਸਵਾ ਸੱਤ ਲੱਖ ਵੱਸੋਂ ਵਾਲੇ ਸ਼ਹਿਰ ਮਿਸੀਸਾਗਾ ਦੇ ਅੰਕੜਿਆਂ ਨਾਲ ਮੁਕਾਬਲਾ ਕਰਕੇ ਵੇਖਿਆ ਜਾ ਸਕਦਾ ਹੈ। ਮਿਸੀਸਾਗਾ ਵਿੱਚ ਟ੍ਰਿਲੀਅਮ ਹੈਲਥ ਪਾਰਟਨਰਜ਼ ਵੱਲੋਂ ਦੋ ਹਸਪਤਾਲ ਚਲਾਏ ਜਾਂਦੇ ਹਨ ਜਿਹਨਾਂ ਵਿੱਚ 2015-16 ਦੇ ਇੱਕ ਸਾਲ ਦੇ ਅਰਸੇ ਦੌਰਾਨ 2 ਲੱਖ 9 ਹਜ਼ਾਰ (ਬਰੈਂਪਟਨ ਨਾਲੋਂ 6 ਹਜ਼ਾਰ ਘੱਟ) ਐਮਰਜੰਸੀ ਵਿਜ਼ਟ ਹੋਈਆਂ ਜਦੋਂ ਕਿ ਮਿਸੀਸਾਗਾ ਵਿੱਚ ਬਰੈਂਪਟਨ ਦੇ 608 ਬੈੱਡਾਂ ਦੇ ਮੁਕਾਬਲੇ 1234 ਬੈੱਡ ਹਨ।

 

 ਮਿਸੀਸਾਗਾ ਅਤੇ ਬਰੈਂਪਟਨ ਇੱਕੋ ਰੀਜਨਲ ਸਰਕਾਰ ਦੇ ਹਿੱਸਾ ਹਨ। ਇਹ ਦੋਵੇਂ ਗੁਆਂਢੀ ਸ਼ਹਿਰ ਇੱਕੋ ਕਿਸਮ ਦੀ ਸਥਾਨਕ ਸਰਕਾਰ ਦੇ ਪ੍ਰਸ਼ਾਸ਼ਨ ਤਹਿਤ ਹਨ। ਇਸਦੇ ਬਾਵਜੂਦ ਦੋਵਾਂ ਸ਼ਹਿਰਾਂ ਵਿੱਚ ਸਿਹਤ ਸੇਵਾਵਾਂ ਦੀ ਸਹੂਲਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਪਿਛਲੇ ਸਾਲਾਂ ਦੌਰਾਨ ਜਦੋਂ ਬਰੈਂਪਟਨ ਹਸਪਤਾਲ ਵਿੱਚ ਹਾਲਵੇਅ ਵਿੱਚ ਐਮਰਜੰਸੀ ਮਰੀਜ਼ਾਂ ਨੂੰ ਰੱਖਣ ਦਾ ਮਾਮਲਾ ਸਾਹਮਣੇ ਆਇਆ ਸੀ, ਉਸ ਤੋਂ ਬਾਅਦ ਲਿਬਰਲ ਸਰਕਾਰ ਨੇ 100 ਮਿਲੀਅਨ ਡਾਲਰ ਐਮਰਜੰਸੀ ਬੈੱਡਾਂ ਵਿੱਚ ਨਿਵੇਸ਼ ਕਰਨ ਦਾ ਐਲਾਨ ਕੀਤਾ ਸੀ। ਇਸ 100 ਮਿਲੀਅਨ ਡਾਲਰ ਦਿੱਤੇ ਜਾਣ ਤੋਂ ਬਾਅਦ ਜੋ ਮਜਾਕ ਬਰੈਂਪਟਨ ਨਾਲ ਕੀਤਾ ਗਿਆ, ਉਸਦਾ ਕਿੱਸਾ ਕਿਸੇ ਵੇਲੇ ਇਤਿਹਾਸ ਵਿੱਚ ਦਰਜ਼ ਕੀਤੇ ਜਾਣ ਦਾ ਹੱਕਦਾਰ ਹੈ। ਸਰਕਾਰ ਦੇ ਨਵੇਂ 100 ਮਿਲੀਅਨ ਡਾਲਰਾਂ ਨਾਲ ਮਿਸੀਸਾਗਾ ਨੂੰ 100 ਦੇ ਕਰੀਬ ਬੈੱਡ ਅਲਾਟ ਹੋਏ ਜਦੋਂ ਕਿ ਬਰੈਂਪਟਨ ਨੂੰ ਸਿਰਫ਼ 6 ਬੈੱਡ ਮਿਲੇ। ਗੱਲ ਬਰੈਂਪਟਨ ਤੋਂ ਤੁਰੀ ਅਤੇ ਹੱਲ ਮਿਸੀਸਾਗਾ ਦੇ ਹਿੱਸੇ ਆਇਆ। ਇਹ ਹੈ ਬਰੈਂਪਟਨ ਦੇ ਮਿਉਂਸੀਪਲ ਅਤੇ ਪ੍ਰੋਵਿੰਸ਼ੀਅਲ ਸਿਆਸਤਦਾਨਾਂ ਦਾ ਪ੍ਰਭਾਵ ਅਤੇ ਉਹਨਾਂ ਦੀ ਐਡਵੋਕੇਸੀ ਕਰਨ ਦੀ ਸਮਰੱਥਾ ਦਾ ਇੱਕ ਕਿੱਸਾ।

 

ਹੱਥ ਕੰਗਣ ਨੂੰ ਆਰਸੀ ਕੀ, ਕੱਲ ਡੱਗ ਫੋਰਡ ਸਰਕਾਰ ਵੱਲੋਂ ਉਂਟੇਰੀਓ ਭਰ ਵਿੱਚ ਹਸਪਤਾਲ ਹਾਲਵੇਅ ਵਿੱਚ ਮਰੀਜ਼ਾਂ ਦੇ ਦਾਖਲੇ ਨੂੰ ਘੱਟ ਕਰਨ ਲਈ 90 ਮਿਲੀਅਨ ਡਾਲਰ ਨਿਵੇਸ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਬਰੈਂਪਟਨ ਵਾਸੀਆਂ ਲਈ ਵਿਚਾਰ ਕਰਨ ਵਾਲੀ ਗੱਲ ਹੋਵੇਗੀ ਕਿ ਇਹਨਾਂ 90 ਮਿਲੀਅਨ ਡਾਲਰਾਂ ਨਾਲ ਇੱਥੇ ਹੋਰ ਕਿੰਨੇ ਬੈੱਡ ਆਉਣਗੇ। ਜੇ ਲਿਬਰਲ ਸਰਕਾਰ ਵਾਲਾ ਹੀ ਮਜਾਕ ਹੋਣਾ ਹੈ ਤਾਂ ਇਸ ਸ਼ਹਿਰ ਦੇ ਵਾਸੀਆਂ ਨੂੰ ਆਪਣੇ ਭਾਗਾਂ ਨੂੰ ਕੋਸਣਾ ਬੰਦ ਕਰਕੇ ਸਿਆਸਤਦਾਨਾਂ ਨੂੰ ਸੁਆਲਾਂ ਦੇ ਕਟਿਹਰੇ ਵਿੱਚ ਖੜਾ ਕਰਨਾ ਚਾਹੀਦਾ ਹੈ।

 

ਦੁੱਖ ਦੀ ਗੱਲ ਹੈ ਕਿ ਪਰਵਾਸੀਆਂ ਦੀ ਭਰਮਾਰ ਵਾਲੇ ਇਸ ਸ਼ਹਿਰ ਵਿੱਚ ਮੁੱਦਾ ਅਤੇ ਮੁਦਈ ਦੋਵੇਂ ਹੀ ਨਿਪੁੰਸਕ ਹੋ ਕੇ ਰਹਿ ਗਏ ਹਨ। ਨਾ ਇਸ ਸ਼ਹਿਰ ਦੇ ਮੁੱਦਿਆਂ ਨੂੰ ਵਜ਼ਨਦਾਰ ਸਮਝ ਕੇ ਸੱਤਾ ਵਿੱਚ ਬੈਠੇ ਦਾਤਾਵਾਂ ਵੱਲੋਂ ਗੌਲਣ ਨੂੰ ਤਰਜੀਹ ਦਿੱਤੀ ਜਾਂਦੀ ਹੈ ਅਤੇ ਨਾ ਹੀ ਇੱਥੇ ਦੇ ਮੁਦਈਆਂ (ਭਾਵ ਸਿਆਸੀ ਨੁਮਾਇੰਦਿਆਂ) ਵਿੱਚ ਆਵਾਜ਼ ਚੁੱਕਣ ਦੀ ਹਿੰਮਤ ਵਿਖਾਈ ਦੇਂਦੀ ਹੈ। ਨਤੀਜਾ ਇਹ ਕਿ ਸ਼ਹਿਰ ਲਈ ਬਣਨ ਵਾਲੀਆਂ ਭੱਵਿਖਮੁਖੀ ਯੋਜਨਾਵਾਂ ਨਿਪੁੰਸਕ ਸੋਚ ਦਾ ਸਿ਼ਕਾਰ ਹੋ ਕੇ ਰਹਿ ਜਾਂਦੀਆਂ ਹਨ ਜਿਹਨਾਂ ਨੂੰ ਘਾਗ ਬਿਉਰੋਕਰੇਸੀ ਵੱਲੋਂ ਮਨਮਰਜ਼ੀ ਦੀ ਦਿਸ਼ਾ ਦੇ ਦਿੱਤੀ ਜਾਂਦੀ ਹੈ। ਇਸਦੀ ਇੱਕ ਮਿਸਾਲ ਲੱਖਾਂ ਡਾਲਰਾਂ ਖਰਚ ਕੇ ਤਿਆਰ ਕੀਤੀ ਗਏ 2040 ਵਿਜ਼ਨ ਤੋਂ ਲਈ ਜਾ ਸਕਦੀ ਹੈ।

 

2040 ਵਿਜ਼ਨ ਵਿੱਚ 7 ਉਹ ਫੈਕਟਰ ਦਿੱਤੇ ਗਏ ਹਨ ਜਿਹਨਾਂ ਉੱਤੇ ਸਫ਼ਲਤਾ ਨਾਲ ਕੰਮ ਕੀਤਿਆਂ ਬਰੈਂਪਟਨ ਨੂੰ ਦਰਪੇਸ਼ ਸੱਮਸਿਆਵਾਂ ਤੋਂ ਨਿਜਾਤ ਹਾਸਲ ਹੋ ਸਕਦੀ ਹੈ। ਇਹਨਾਂ ਵਿੱਚ ਸਿਹਤ 6ਵੇਂ ਨੰਬਰ ਉੱਤੇ ਹੈ। ਦੱਸਿਆ ਗਿਆ ਹੈ ਕਿ ਸਿਹਤ ਨਿਜਾਮ ਨੂੰ ਦਰੁਸਤ ਰੱਖਣ ਵਿੱਚ ਲੋਕਾਂ ਦੀ ਆਮਦਨ, ਸਮਾਜਕ ਸਹਾਰਿਆਂ, ਰੁਜ਼ਗਾਰ, ਸਮਾਜਕ ਅਤੇ ਸਰੀਰਕ ਵਾਤਾਵਰਣ, ਸਿਹਤ ਪ੍ਰਤੀ ਲੋਕਾਂ ਦੀਆਂ ਨਿੱਜੀ ਆਦਤਾਂ, ਸਿਹਤ ਸੇਵਾਵਾਂ ਤੱਕ ਪਹੁੰਚ ਅਤੇ ਐਥਨਿਕ ਭਾਈਚਾਰਿਆਂ ਦੀਆਂ ਵਿਸ਼ੇਸ਼ ਆਦਤਾਂ ਦਾ ਰੋਲ ਹੁੰਦਾ ਹੈ। ਦਸਤਾਵੇਜ਼ ਦੱਸਦਾ ਹੈ ਕਿ ਸ਼ੱਕਰ ਰੋਗ ਅਤੇ ਦਿਲ ਦੀਆਂ ਬਿਮਾਰੀਆਂ ਬਰੈਂਪਟਨ ਵਾਸੀਆਂ ਵਿੱਚ ਕੈਨੇਡਾ ਭਰ ਨਾਲੋਂ ਵੱਧ ਦਰ ਵਿੱਚ ਪਾਈਆਂ ਜਾਂਦੀਆਂ ਹਨ। ਸੀਨੀਅਰਾਂ ਖਾਸ ਕਰਕੇ ਸਾਊਥ ਏਸ਼ੀਅਨ ਸੀਨੀਅਰਾਂ ਲਈ ਪਾਰਕਾਂ ਵਿੱਚ ਬੈਠਣ ਦੀ ਸਹੂਲਤ ਪੈਦਾ ਕਰਨ ਨੂੰ ਸਿਹਤ ਮੁਰੰਮਤ ਦਾ ਹੱਲ ਦੱਸਿਆ ਗਿਆ ਹੈ। ਹੋਰ ਸੁਝਾਵਾਂ ਵਿੱਚ ਸਿਟੀ ਹਾਲ ਵਿੱਚ ਇੱਕ ਸਿਹਤ ਏਜੰਸੀ ਕਾਇਮ ਕਰਨ ਦਾ ਸੁਝਾ ਹੈ ਜੋ ਸੋਸ਼ਲ ਹਾਊਸਿੰਗ ਅਤੇ ਸਿਹਤ ਯੋਜਨਾਬੰਦੀ ਬਾਰੇ ਕੰਮ ਕਰੇ (ਹਾਊਸਿੰਗ ਨੂੰ ਸਿਹਤ ਨਾਲ ਜੋੜ ਕੇ ਵੇਖਿਆ ਗਿਆ ਹੈ)। ਇਸੇ ਤਰਾਂ ਸਿਟੀਜ਼ਨਾਂ ਦੀ ਇੱਕ ਸਲਾਹਕਾਰ ਕਮੇਟੀ ਕਾਇਮ ਕਰਨ ਅਤੇ ਇੱਕ ਸਪੋਰਟਸ ਇੰਸਟੀਚਿਊਟ ਕਾਇਮ ਕਰਨਾ ਤਜਵੀਜ਼ ਕੀਤਾ ਗਿਆ ਹੈ।

ਸਥਾਨਕ ਵਾਸੀਆਂ ਦੀ ਸਿਹਤ ਨੂੰ ਲੈ ਕੇ ਜਿਸ ਚੀਜ਼ ਦੀ ਬਰੈਂਪਟਨ ਨੂੰ ਵੱਧ ਲੋੜ ਹੈ, ਉਹ ਹਨ ਅਤੀਰਿਕਤ ਹਸਪਤਾਲ। ਹਸਪਤਾਲਾਂ ਬਾਰੇ 2040 ਵਿਜ਼ਨ ਵਿੱਚ ਮਹਿਜ਼ ਇੱਕ ਲਾਈਨ ਦਰਜ਼ ਹੈ ਕਿ ਸਿਟੀ ਨੂੰ ਇੱਕ ਹੋਰ ਹਸਪਤਾਲ ਲਈ ਬਾਕੀਆਂ ਨਾਲ ਮੁਕਾਬਲਾ ਜਾਰੀ ਰੱਖਣ ਦੀ ਲੋੜ ਹੈ।

 ਅਸਲ ਵਿੱਚ ਲੋੜ ਸੀ ਕਿ 2040 ਵਿਜ਼ਨ ਵਿੱਚ ਬਰੈਂਪਟਨ ਸਿਵਕ ਹਸਪਤਾਲ ਦੇ ਮੁੱਖ ਕਾਰਜਕਾਰੀ ਅਫ਼ਸਰ ਡਾਕਟਰ ਬਰੈਂਡਨ ਕਾਰ (Dr. Brendan Carr) ਦੇ ਉਸ ਬਿਆਨ ਨੂੰ ਦਰਜ਼ ਕੀਤਾ ਜਾਂਦਾ ਜੋ ਉਸਨੇ ਸਿਟੀ ਕਾਉਂਸਲ ਸਾਹਮਣੇ ਪੇਸ਼ ਹੋ ਕੇ ਦਿੱਤਾ ਸੀ। ਡਾਕਟਰ ਕਾਰ ਨੇ ਮਾਰਚ 2018 ਵਿੱਚ ਕਾਉਂਸਲ ਨੂੰ ਦੱਸਿਆ ਸੀ ਕਿ ਬਰੈਂਪਟਨ ਹਸਪਤਾਲ ਅਤੇ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਅਤੇ ਸਿਹਤ ਸਥਿਤੀ ਦਾ ਬਹੁਤਾ ਮੰਦਾ ਹਾਲ ਹੈ ਅਤੇ ਇਹ ਸਥਿਤੀ ਹਰ ਮਹੀਨੇ ਹੋਰ ਨਿੱਘਰਦੀ ਜਾ ਰਹੀ ਹੈ। ਉਸਨੇ ਕਾਉਂਸਲ ਨੂੰ ਇਹ ਵੀ ਦੱਸਿਆ ਸੀ ਕਿ ਪੀਲ ਮੈਮੋਰੀਅਲ ਦੇ ਨਾਮ ਉੱਤੇ ਬਣਾਏ ਗਏ ਅਰਜੈਂਟ ਕੇਅਰ ਸੈਂਟਰ ਨੂੰ ਜਿਸ ਪੱਧਰ ਦੀਆਂ ਸੇਵਾਵਾਂ ਦੇਣ ਲਈ ਤਿਆਰ ਕੀਤਾ ਗਿਆ ਸੀ, ਉਹ ਆਪਣੀ ਪੱਧਰ ਤੋਂ ਪਾਰ ਹੋ ਚੁੱਕਾ ਹੈ ਪਰ ਬਰੈਂਪਟਨ ਦੀਆਂ ਵੱਧ ਰਹੀਆਂ ਲੋੜਾਂ ਉਵੇਂ ਦੀਆਂ ਉਵੇਂ ਮੂੰਹ ਟੱਡੀ ਖੜੀਆਂ ਹਨ। ਉਸਨੇ ਕਾਉਂਸਲ ਨੂੰ ਇਸ ਗੱਲ ਤੋਂ ਵੀ ਜਾਣੂੰ ਕਰਵਾਇਆ ਸੀ ਕਿ ਉਂਟੇਰੀਓ ਵਿੱਚ ਪ੍ਰਤੀ ਵਿਅਕਤੀ ਲਈ ਸਿਹਤ ਸੇਵਾਵਾਂ ਉੱਤੇ ਔਸਤਨ 1800 ਡਾਲਰ ਸਾਲਾਨਾ ਖਰਚ ਕੀਤੇ ਜਾਂਦੇ ਹਨ ਜਦੋਂ ਕਿ ਬਰੈਂਪਟਨ ਵਾਸੀਆਂ ਵਾਸਤੇ ਇਹ ਦਰ ਮਹਿਜ਼ 1000 ਡਾਲਰ ਹੈ। ਮਤਰੇਏ ਪੁੱਤਰਾਂ ਧੀਆਂ ਵਾਗੂੰ ਸਮਝੇ ਜਾਣ ਵਾਲੇ ਪਰਵਾਸੀ ਬਹੁ ਗਿਣਤੀ ਸ਼ਹਿਰ ਬਰੈਂਪਟਨ ਦੀਆਂ ਮਿਉਂਸੀਪਲ ਚੋਣਾਂ ਵਿੱਚ ਸਿਹਤ ਮੁੱਦੇ ਉੱਤੇ ਗੰਭੀਰ ਬਹਿਸ ਨਾ ਹੋਣ ਦੇ ਮਾਹੌਲ ਵਿੱਚ ਸੱਭਨਾਂ ਦਾ ਸੁਆਗਤ ਹੈ।

ਸਿਹਤ ਬਾਰੇ ਐਨਾ ਘਸਮਾਣ ਪੈ ਚੁੱਕਣ ਦੇ ਬਾਵਜੂਦ ਨਾ ਸਾਡੇ ਸਿਆਸਤਦਾਨ ਇਸ ਬਾਰੇ ਗੱਲ ਕਰਦੇ ਹਨ ਅਤੇ ਨਾ ਹੀ ਉਹਨਾਂ ਦੇ ਪਲੇਟਫਾਰਮਾਂ ਵਿੱਚ ਕੋਈ ਠੋਸ ਯੋਜਨਾ ਦਰਜ਼ ਵਿਖਾਈ ਦੇਂਦੀ ਹੈ। 2040 ਵਿਜ਼ਨ ਦਸਤਾਵੇਜ਼ ਵਿੱਚ ਇੱਕ ਲਾਈਨ ਕਿੰਨੀ ਸਹੀ ਹੈ - ਬਰੈਂਪਟਨ ਖਤਰੇ ਵਿੱਚ ਹੈ।


ਬਾਕੀ ਕੱਲ

 

Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 3 - ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 2 -ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼: ਸੱਚ ਕੀ ਹੈ ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਬਾਰੇ ਲੱਗਦੇ ਦੋਸ਼ਾਂ ਦਾ?
ਅੰਤਰਰਾਸ਼ਟਰੀ ਵਿੱਦਿਆਰਥੀ ਜੋਬਨਦੀਪ ਸਿੰਘ ਦੀ ਵਿਥਿਆ ਤੋਂ ਮਿਲਦੇ ਸਬਕ
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਚਾਈਲਡ ਟੈਕਸ ਬੈਨੇਫਿਟ ਨੂੰ ਲੈ ਕੇ ਸਿਆਸਤ
ਨਸ਼ੇ ਚੈੱਕਿੰਗ ਲਈ ਬਰੈਥਲਾਈਜ਼ਰ ਟੈਸਟ:- ਚਾਰਟਰ ਚੁਣੌਤੀ ਕਰ ਸਕਦੀ ਹੈ ਪੁਲੀਸ ਦੀ ਤਾਕਤ ਨੂੰ ਦਰੁਸਤ
ਯੂਨਾਈਟਡ ਨੇਸ਼ਨਜ਼ ਸੁਰੱਖਿਆ ਕਾਉਂਸਲ ਸੀਟ ਲਈ ਕੈਨੇਡਾ ਦਾ ਵੱਕਾਰ ਦਾਅ ਉੱਤੇ