Welcome to Canadian Punjabi Post
Follow us on

11

December 2019
ਸੰਪਾਦਕੀ

ਚਾਈਲਡ ਟੈਕਸ ਬੈਨੇਫਿਟ ਨੂੰ ਲੈ ਕੇ ਸਿਆਸਤ

May 07, 2019 09:38 AM

ਪੰਜਾਬੀ ਪੋਸਟ ਸੰਪਾਦਕੀ

ਪ੍ਰਸਿੱਧ ਚਿੰਤਕ ਅਤੇ ਦਾਰਸ਼ਨਿਕ ਰਬਿੰਦਰ ਨਾਥ ਟੈਗੋਰ ਦਾ ਕਥਨ ਹੈ ਕਿ ਹਰ ਬੱਚੇ ਦਾ ਜਨਮ ਇਹ ਸਿੱਧ ਕਰਦਾ ਹੈ ਕਿ ਹਾਲੇ ਰੱਬ ਮਨੁੱਖ ਤੋਂ ਉਦਾਸ ਨਹੀਂ ਹੋਇਆ ਭਾਵ ਬੱਚਾ ਮਨੁੱਖਤਾ ਦੇ ਵਿਕਾਸ ਦਾ ਜ਼ਰੀਆ ਹੈ। ਇਹੀ ਕਾਰਣ ਹੈ ਕਿ ਹਰ ਕੋਈ ਬੱਚੇ ਦੇ ਸਹੀ ਪਾਲਣ ਪੋਸ਼ਣ ਵਿੱਚ ਦਿਲਚਸਪੀ ਰੱਖਦਾ ਹੈ। ਫੈਡਰਲ ਲਿਬਰਲ ਸਰਕਾਰ ਵੱਲੋਂ ਕੱਲ ਕੈਨੇਡਾ ਚਾਈਲਡ ਟੈਕਸ ਬੈਨੇਫਿਟ ਨੂੰ ਹੋਰ ਮੋਕਲਾ ਕਰਕੇ ਡਾਲਰਾਂ ਦੀ ਬੁਛਾੜ ਕਰਨ ਨੂੰ ਇਸ ਪਰੀਪੇਖ ਤੋਂ ਲੈਣਾ ਇਖਲਾਕੀ ਰੂਪ ਵਿੱਚ ਸਹੀ ਤਾਂ ਹੋਵੇਗਾ ਪਰ ਬੱਚੇ ਨੂੰ ਲੈ ਕੇ ਕੀਤੀ ਜਾਣ ਵਾਲੀ ਸਿਆਸਤ ਨੂੰ ਸਹੀ ਨਹੀਂ ਕਿਹਾ ਜਾ ਸਕਦਾ।

ਕੱਲ ਉਂਟੇਰੀਓ ਦੇ ਸ਼ਹਿਰ ਬੈਰੀ ਵਿੱਚ ਪਰਿਵਾਰਾਂ, ਬੱਚਿਆਂ ਅਤੇ ਸਮਾਜਕ ਵਿਕਾਸ ਬਾਰੇ ਫੈਡਰਲ ਮੰਤਰੀ ਜੌਨ ਵੇਸ ਡੁਕਲੋਸ ਨੇ ਐਲਾਨ ਕੀਤਾ ਕਿ ਇਸ ਸਾਲ 20 ਜੁਲਾਈ ਤੋਂ ਕੈਨੇਡਾ ਚਾਈਲਡ ਟੈਕਸ ਬੈਨੇਫਿਟ ਵਿੱਚ ਵਾਧਾ ਲਾਗੂ ਕੀਤਾ ਜਾਵੇਗਾ। ਨਵੇਂ ਨੇਮਾਂ ਮੁਤਾਬਕ 6 ਸਾਲ ਤੋਂ ਘੱਟ ਉਮਰ ਦੇ ਬੱਚੇ ਵਾਸਤੇ ਸਰਕਾਰ ਪ੍ਰਤੀ ਸਾਲ 6639 ਡਾਲਰ ਅਤੇ 6 ਤੋਂ 17 ਸਾਲ ਦੇ ਬੱਚੇ ਲਈ ਪ੍ਰਤੀ ਸਾਲ 5602 ਡਾਲਰ ਦਿੱਤੇ ਜਾਣਗੇ। ਲਿਬਰਲ ਸਰਕਾਰ ਦਾ ਦਾਅਵਾ ਹੈ ਕਿ ਉਹਨਾਂ ਦੇ ਟੈਕਸ ਬੈਨੇਫਿਟ ਨਾਲ 2 ਲੱਖ 78 ਹਜ਼ਾਰ ਬੱਚੇ ਗਰੀਬੀ ਦੀ ਸਥਿਤੀ ਵਿੱਚੋਂ ਬਾਹਰ ਨਿਕਲੇ ਹਨ। ਐਲਾਨੇ ਗਏ ਵਾਧੇ ਨਾਲ 24.3 ਬਿਲੀਅਨ ਡਾਲਰ ਦਾ ਅਤੀਰਿਕਤ ਬੋਝ ਖਜਾਨੇ ਉੱਤੇ ਪਵੇਗਾ।

ਬੇਸ਼ੱਕ ਇਹ ਪੈਸੇ ਸਰਕਾਰ ਨੇ ਸਾਲਾਨਾ ਬੱਜਟ ਵਿੱਚ ਰਾਖਵੇਂ ਰੱਖ ਲਏ ਸਨ ਪਰ ਲਿਬਰਲ ਇਸ ਸੰਵੇਦਨਸ਼ੀਲ ਮੁੱਦੇ ਬਾਰੇ ਐਲਾਨ ਜਿੰਨਾ ਹੋ ਸਕੇ, ਵੋਟਾਂ ਦੇ ਨੇੜੇ ਜਾ ਕੇ ਕਰਨਾ ਚਾਹੁੰਦੇ ਸਨ। ਇਸ ਲਈ ਹੀ ਲਾਗੂ ਕਰਨ ਦੀ ਤਾਰੀਕ 22 ਜੁਲਾਈ ਤੱਕ ਅੱਗੇ ਪਾਈ ਗਈ ਹੈ। ਕਾਰਣ ਕਿ ਅਪਰੈਲ ਤੋਂ ਜੁਲਾਈ ਤੱਕ ਦਾ ਕਾਫੀ ਸਾਰਾ ਬਕਾਇਆ ਜਮ੍ਹਾਂ ਹੋ ਜਾਵੇਗਾ ਅਤੇ ਐਨੇ ਵੱਡੇ ਪੱਧਰ ਉੱਤੇ ਚੈੱਕ ਤਿਆਰ ਕਰਨ ਨੂੰ 1-2 ਮਹੀਨਾ ਤਾਂ ਲੱਗ ਹੀ ਜਾਵੇਗਾ। ਸਿੱਧਾ ਅਰਥ ਹੈ ਕਿ ਅੱਛੇ ਖਾਸੇ ਡਾਲਰਾਂ ਵਾਲੇ ਚੈੱਕ ਵੋਟਾਂ ਤੋਂ ਕੁੱਝ ਦਿਨ ਪਹਿਲਾਂ ਹੀ ਮੇਲ ਬਾਕਸਾਂ ਵਿੱਚੋਂ ਨਿਕਲਣਗੇ। ਭਾਵ ਬੱਚਿਆਂ ਨੂੰ ਨਿਸ਼ਾਨਾ ਬਣਾ ਕੇ ਬੈਨੇਫਿਟ ਡਾਲਰਾਂ ਨੂੰ ਇੱਕ ਕਿਸਮ ਨਾਲ ਚੋਣ ਰਿਸ਼ਵਤ ਵਜੋਂ ਵਰਤਿਆ ਜਾਵੇਗਾ। ਇਹੀ ਚਾਲ 2015 ਵਿੱਚ ਕੰਜ਼ਰਵੇਟਿਵਾਂ ਨੇ ਵਰਤੀ ਸੀ ਜਦੋਂ ਚੈੱਕ ਇਸ ਢੰਗ ਨਾਲ ਰੋਕ ਕੇ ਰੱਖੇ ਗਏ ਕਿ ਲੋਕਾਂ ਨੂੰ ਵੋਟਾਂ ਦੇ ਨੇੜੇ ਜਾ ਕੇ ਮਿਲਣ।


ਕੀ 2015 ਵਿੱਚ ਕੰਜ਼ਰਵੇਟਿਵਾਂ ਨੂੰ ਲੇਟ ਚੈੱਕ ਭੇਜਣ ਦੀ ਰਣਨੀਤੀ ਦਾ ਲਾਭ ਹੋਇਆ ਸੀ? ਆਖਿਆ ਜਾ ਸਕਦਾ ਹੈ ਨਹੀਂ। ਇਹ ਵੀ ਕਿਹਾ ਜਾ ਸਕਦਾ ਹੈ ਕਿ ਲਿਬਰਲਾਂ ਨੇ ਉਸ ਵੇਲੇ ਕੰਜ਼ਰਵੇਟਿਵਾਂ ਨਾਲੋਂ ਵਧੀਆ ਯੋਜਨਾ ਦਾ ਐਲਾਨ ਕੀਤਾ ਸੀ। ਪਰ ਹਕੀਕਤ ਇਹ ਹੈ ਕਿ ਲਿਬਰਲ ਯੋਜਨਾ ਵਧੀਆ ਨਹੀਂ ਸੀ ਸਗੋਂ ਵੱਧ ਡਾਲਰ ਦੇਣ ਵਾਲੀ ਸੀ। ਕੀ ਹੁਣ ਕੰਜ਼ਰਵੇਟਿਵ ਅਜਿਹੇ ਵਾਅਦੇ ਕਰਨਗੇ ਜਿਹੜੇ ਲਿਬਰਲਾਂ ਨਾਲੋਂ ਜਿ਼ਆਦਾ ਲੁਭਾਵਣੇ ਹੋਣਗੇ? ਕਿਉਂ ਨਹੀਂ, ਉਹਨਾਂ ਕੋਲ ਨਹਿਲੇ ਉੱਤੇ ਦਹਿਲਾ ਮਾਰਨ ਦਾ ਹਾਲੇ ਵਕਤ ਹੈ। ਐਨ ਡੀ ਪੀ ਦਾ ਤਾਂ ਖੈਰ ਮੁੱਦਾ ਹੀ ਵੱਡੀਆਂ ਗੱਲਾਂ ਕਰਨਾ ਹੈ ਕਿਉਂਕਿ ਉਸਦੇ ਸੱਤਾ ਵਿੱਚ ਆਉਣ ਦੇ ਆਸਾਰ ਘੱਟ ਹੁੰਦੇ ਹਨ, ਸੋ ਅਸਲੀ ਜੁੰਮੇਵਾਰੀ ਚੁੱਕੇ ਬਗੈਰ ਗੱਲਾਂ ਦਾ ਕੜਾਹ ਬਣਾਇਆ ਜਾ ਸਕਦਾ ਹੈ।

ਚਾਈਲਡ ਟੈਕਸ ਬੈਨੇਫਿਟ ਦੀ ਵਰਤਮਾਨ ਸਿਆਸਤ ਨੂੰ ਸਮਝਣ ਲਈ ਸਾਨੂੰ 2006 ਵਿੱਚ ਜਾਣਾ ਹੋਵੇਗਾ ਜਦੋਂ ਸਟੀਫਨ ਹਾਰਪਰ ਨੇ ਘੱਟ ਗਿਣਤੀ ਸਰਕਾਰ ਬਣਾਈ। ਲਿਬਰਲਾਂ ਨੇ ਟੈਕਸ ਬੈਨੇਫਿਟਾਂ ਨੂੰ ਸਰਕਾਰੀ ਤੰਤਰ ਰਾਹੀਂ ਵਰਤ ਕੇ ਵਧੇਰੇ ਗਿਣਤੀ ਵਿੱਚ ‘ਚਾਈਲਡ ਕੇਅਰ ਸਪੇਸ’ ਪੈਦਾ ਕਰਨ ਦਾ ਵਾਅਦਾ ਕੀਤਾ ਸੀ। ਇਸਦੇ ਉਲਟ ਕੰਜ਼ਰਵੇਟਿਵਾਂ ਦਾ ਨੁਕਤਾ ਸੀ ਕਿ ਡਾਲਰ ਸਿੱਧੇ ਮਾਪਿਆਂ ਦੀਆਂ ਜੇਬਾਂ ਵਿੱਚ ਪਾਏ ਜਾਣ। ਚੇਤੇ ਰਹੇ ਕਿ ਉਸ ਸਾਲ ਚੋਣਾਂ ਦੌਰਾਨ ਪਾਲ ਮਾਰਟਿਨ ਦੇ ਕਮਿਉਨੀਕੇਸ਼ਨਜ਼ ਡਾਇਰੈਕਟਰ ਸਕਾਟ ਦਾ ਇਹ ਬਿਆਨ ਮਸ਼ਹੂਰ ਹੋਇਆ ਸੀ, “ਮਾਪਿਆਂ ਨੂੰ ਰੋਜ਼ਾਨਾ 25 ਡਾਲਰ ਨਾ ਦਿੱਤੇ ਜਾਣ ਜਿਸਨੂੰ ਉਹ ਬੀਅਰ ਅਤੇ ਪਾਪਕੌਰਨ ਖਰੀਦ ਕੇ ਵਿਅਰਥ ਕਰਨਗੇ, ਸਗੋਂ ਚਾਈਲਡ ਕੇਅਰ ਸਪੇਸ ਬਣਾਏ ਜਾਣ’। ਇਸ ਬਿਆਨ ਨੇ ਕੈਨੇਡੀਅਨ ਸਿਆਸਤ ਨੂੰ ਅਜਿਹੇ ਰਾਹ ਪਾਇਆ ਕਿ ਕੰਜ਼ਰਵੇਟਿਵ ਤਾਂ ਕੀ ਹੁਣ ਲਿਬਰਲ ਵੀ ਮਾਪਿਆਂ ਨੂੰ ਸਿੱਧੇ ਪੈਸੇ ਨਾ ਦੇਣ ਬਾਰੇ ਸੋਚ ਵੀ ਨਹੀਂ ਸਕਦੇ।

ਖੈਰ ਚੋਣਾਂ ਤੱਕ ਸਿਆਸੀ ਪਾਰਟੀਆਂ ਅਜਿਹੇ ਸ਼ੋਸਿ਼ਆਂ ਦੀਆਂ ਬੁਛਾੜਾਂ ਕਰਦੀਆਂ ਹੀ ਰਹਿਣਗੀਆਂ। ਮਾਪਿਆਂ ਨੂੰ ਚਾਹੀਦਾ ਹੈ ਕਿ ਅਗਸਤ ਸਤੰਬਰ ਵਿੱਚ ਮਿਲਣ ਵਾਲੇ ਚਾਈਲਡ ਟੈਕਸ ਡਾਲਰਾਂ ਨੂੰ ਬੱਚਿਆਂ ਉੱਤੇ ਹੀ ਖਰਚਣ।

Have something to say? Post your comment