Welcome to Canadian Punjabi Post
Follow us on

21

May 2019
ਸੰਪਾਦਕੀ

ਜੇ ਬਰੈਂਪਟਨ ਖਤਰੇ ਵਿੱਚ ਹੈ ਤਾਂ ਹੱਲ ਲਈ ਕੌਣ ਖੜਾ ਹੈ ਭਾਗ -2

October 03, 2018 08:24 AM

ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ

ਕੱਲ ਦੇ ਆਰਟੀਕਲ ਵਿੱਚ ਅਸੀਂ ਬਰੈਂਪਟਨ 2040 ਵਿਜ਼ਨ ਦਸਤਾਵੇਜ਼ ਦੇ ਕੁੱਝ ਚੋਣਵੇਂ ਸ਼ਬਦਾਂ ਦਾ ਹੂਬਹੂ ਉਲੱਥਾ ਛਾਪ ਕੇ ਆਪਣੀ ਗੱਲ ਨੂੰ ਅੱਗੇ ਤੋਰਨ ਦੀ ਗੱਲ ਕੀਤੀ ਸੀ। ਜੇ ਅਸੀਂ ਬਰੈਂਪਟਨ 2040 ਵਿਜ਼ਨ ਦੇ ਪੰਨਾ 20 ਉੱਤੇ ਜਾਈਏ ਤਾਂ ਇੱਕ ਲਾਈਨ ਹੈ - ‘ਬਰੈਂਪਟਨ ਖਤਰੇ ਵਿੱਚ ਹੈ’।

 

ਬਰੈਂਪਟਨ ਦੇ ਖਤਰੇ ਵਿੱਚ ਹੋਣ ਦੇ ਕਈ ਕਾਰਣ ਦੱਸੇ ਗਏ ਹਨ ਜਿਹਨਾਂ ਵਿੱਚ ਬਰੈਂਪਟਨ ਦੀ ਜਨਸੰਖਿਆ ਦਾ ਕੈਨੇਡੀਅਨ ਕੌਮੀ ਦਰ ਨਾਲੋਂ ਢਾਈ ਗੁਣਾ ਵੱਧ ਹੋਣਾ, ਕੁਦਰਤੀ ਲੈਂਡਸਕੇਪ ਦਾ ਮੁੱਕਦੇ ਜਾਣਾ, ਸਮਾਜਕ ਅਤੇ ਸਿਹਤ ਸਮੱਸਿਆਵਾਂ, ਹੋ ਰਹੇ ਬਦਲਾਵਾਂ ਉੱਤੇ ਕਾਬੂ ਨਾ ਹੋਣਾ, ਰੁਜ਼ਗਾਰ ਦੇ ਆਧਾਰ ਨੂੰ ਵਿਕਸਤ ਨਾ ਕਰ ਪਾਉਣਾ ਜਾਂ ਲਚਕਦਾਰ ਅਰਥਚਾਰੇ ਦਾ ਨਾ ਹੋਣਾ ਆਦਿ ਸ਼ਾਮਲ ਹਨ। ਬਰੈਂਪਟਨ ਵਿੱਚ ਨਵੇਂ ਵਿਉਪਾਰਾਂ ਨੂੰ ਆਕਰਸਿ਼ਤ ਕਰਨ ਲਈ ਕੋਈ ਖਿੱਚ ਨਹੀਂ ਹੈ, ਨਵੇਂ ਜਾਂ ਪੁਰਾਣੇ ਨੇਬਰਹੁੱਡ ਅਰਧ-ਮੁਕੰਮਲ ਹਨ ਅਤੇ ਰੋਜ਼ਾਨਾ ਜੀਵਨ ਵਿੱਚ ਰੌਣਕ ਪੈਦਾ ਕਰਨ ਵਾਲੇ ਫੈਕਟਰਾਂ ਦੀ ਬੇਹੱਦ ਘਾਟ ਹੈ। ਇਹ ਉਹ ਸ਼ਹਿਰ ਹੈ ਜਿਸ ਵਿੱਚੋਂ ਲੋਕੀ ਗੁਜ਼ਰ ਕੇ ਅੱਗੇ ਨਿਕਲ ਜਾਣ ਲਈ ਆਉਂਦੇ ਹਨ ਨਾ ਕਿ ਇਸਨੂੰ ਵਿਜ਼ਟ ਕਰਨ ਦਾ ਟੀਚਾ ਧਾਰ ਕੇ ਆਉਂਦੇ ਹਨ। ਭਾਵ ਇਰਦ ਗਿਰਦ ਦੇ ਇਲਾਕਿਆਂ ਵਿੱਚ ਵੱਸਦੇ ਲੋਕਾਂ ਲਈ ਬਰੈਂਪਟਨ ਵਿਉਪਾਰ, ਮਨੋਰਜੰਨ, ਰਿਹਾਇਸ਼, ਸਿਹਤ ਜਾਂ ਹੋਰ ਤੱਥਾਂ ਕਾਰਣ ਖਿੱਚ ਦਾ ਕਾਰਣ ਨਹੀਂ ਹੈ।

 

 

ਬਰੈਂਪਟਨ ਵਿੱਚ ਮੌਜੂਦ ਮਨੁੱਖੀ ਹੁਨਰ ਘੱਟਦਾ ਜਾ ਰਿਹਾ ਹੈ ਕਿਉਂਕਿ ਪੜੇ ਲਿਖੇ ਅਤੇ ਹੁਨਰਾਂ ਵਾਲੇ ਵਰਕਰ ਅਤੇ ਪ੍ਰੋਫੈਸ਼ਨਲ ਸ਼ਹਿਰ ਤੋਂ ਬਾਹਰ ਜਾ ਰਹੇ ਹਨ। Peel Halton Workforce Development Group ਦੀ ਇੱਕ ਰਿਪੋਰਟ ਮੁਤਾਬਕ ਲੋਕੀ ਕਿਸ ਸ਼ਹਿਰ ਵਿੱਚ ਵੱਸਣ ਦਾ ਫੈਸਲਾ ਕਰਦੇ ਹਨ, ਇਹ ਗੱਲ ਦੋ ਗੱਲਾਂ ਉੱਤੇ ਨਿਰਭਰ ਕਰਦੀ ਹੈ। ਪਹਿਲੀ ਕਿ ਉਸ ਸ਼ਹਿਰ ਵਿੱਚ ਲੇਬਰ ਮਾਰਕੀਟ ਦੇ ਹਾਲਾਤ ਕਿਹੋ ਜਿਹੇ ਹਨ ਅਤੇ ਦੂਜਾ ਕਿ ਵੱਸਣ ਵਾਲੇ ਲੋਕਾਂ ਦੀ ਆਮਦਨ ਦਾ ਪੱਧਰ ਕਿਹੋ ਜਿਹਾ ਹੈ। ਇਸ ਰਿਪੋਰਟ ਮੁਤਾਬਕ ਓਕਵਿੱਲ (Oakville) ਵਿੱਚ ਜਿ਼ਆਦਾ ਮੈਨੇਜਰ ਵਰਗ ਦੇ ਲੋਕ ਵੱਸਦੇ ਹਨ ਜਦੋਂ ਕਿ ਬਰੈਂਪਟਨ ਵਿੱਚ ਮੈਨੂਫੈਕਚਰਿੰਗ ਅਤੇ ਲੌਜਿਸਟਿਕਸ ਖੇਤਰ ਵਿੱਚ ਕੰਮ ਕਰਨ ਵਾਲੇ ਵਰਕਰ। ਇਸ ਰਿਪੋਰਟ ਮੁਤਾਬਕ ਲੋਕਾਂ ਵੱਲੋਂ ਕਿਸੇ ਸ਼ਹਿਰ ਵਿੱਚ ਵੱਸਣ ਦਾ ਫੈਸਲਾ ਕਰਨ ਵੇਲੇ ਰੁਜ਼ਗਾਰ ਦੇ ਅਵਸਰਾਂ, ਮਨੋਰੰਜਨ ਅਤੇ ਮਨੁੱਖੀ ਵਿਕਾਸ ਦੇ ਅਵਸਰਾਂ ਦੀ ਉਪਲਬਧਤਾ ਦਾ ਵੱਡਾ ਰੋਲ ਹੁੰਦਾ ਹੈ।

 

2040 ਵਿਜ਼ਨ ਦਸਤਾਵੇਜ਼ ਇਸ ਗੱਲ ਦਾ ਰੋਸਾ ਕਰਦਾ ਹੈ ਕਿ ਬਰੈਂਪਟਨ ਵਿੱਚ ਵਿਉਪਾਰਕ ਜਾਂ ਸੱਭਿਆਚਾਰਕ ਉੱਦਮਾਂ ਦੀ ਘਾਟ ਹੋਣ ਕਾਰਣ ਇਹ ਪੀਅਰਸਨ ਏਅਰਪੋਰਟ, ਟੋਰਾਂਟੋ ਸ਼ਹਿਰ ਅਤੇ ਹੋਰ ਅਨੇਕਾਂ ਦਿਲਕਸ਼ ਖਿੱਚਾਂ ਦੇ ਬਾਵਜੂਦ ਪਿੱਛੜਿਆ ਰਹਿ ਗਿਆ ਹੈ।

 

ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਕਿ ਬਰੈਂਪਟਨ ਦੀ 60% ਵਰਕਫੋਰਸ ਨੂੰ ਸ਼ਹਿਰ ਵਿੱਚੋਂ ਬਾਹਰ ਜਾ ਕੇ ਹੋਰ ਸ਼ਹਿਰਾਂ/ਇਲਾਕਿਆਂ ਵਿੱਚ ਨੌਕਰੀਆਂ ਕਰਨੀਆਂ ਪੈ ਰਹੀਆਂ ਹਨ। ਪਰ Peel Halton Workforce Development Group ਦੀ ਰਿਪੋਰਟ ਮੁਤਾਬਕ ਲੇਬਰ ਜੌਬਾਂ ਕਰਨ ਵਾਲੇ ਬਰੈਂਪਟਨ ਵਾਸੀ ਜਿ਼ਆਦਾਤਰ ਬਰੈਂਪਟਨ ਵਿੱਚ ਹੀ ਰੁਜ਼ਗਾਰ ਕਰਦੇ ਹਨ ਜਦੋਂ ਕਿ ਸਿਹਤ, ਅਤੇ ਸੋਸ਼ਲ ਸਰਵਿਸ ਆਦਿ ਖੇਤਰਾਂ ਵਿੱਚ ਕੰਮ ਕਰਨ ਵਾਲੇ ਪ੍ਰੋਫੈਸ਼ਨਲ ਬਰੈਂਪਟਨ ਵਿੱਚੋਂ ਬਾਹਰ ਜਾ ਕੇ ਰੁਜ਼ਗਾਰ ਕਰ ਰਹੇ ਹਨ।

 

 

ਅਰਥ ਇਹ ਕਿ ਬਰੈਂਪਟਨ ਵਿੱਚ ਵੱਧ ਤਨਖਾਹ ਅਤੇ ਚੰਗੇਰੇ ਹੁਨਰ ਨੂੰ ਖਪਾਉਣ ਵਾਲੀਆਂ ਨੌਕਰੀਆਂ ਦੀ ਘਾਟ ਹੈ। ਵੈਸੇ ਵੀ ਬਰੈਂਪਟਨ ਵਿੱਚ ਸਿਹਤ ਅਤੇ ਸੋਸ਼ਲ ਸੇਵਾਵਾਂ ਦੇ ਮੰਦੇਹਾਲ ਦੀ ਕਹਾਣੀ ਕੋਈ ਲੁਕੀ ਛਿਪੀ ਨਹੀਂ ਹੈ। ਸੋ ਜਦੋਂ ਚੋਣਾਂ ਲੜ ਰਹੇ ਉਮੀਦਵਾਰ ਜੌਬਾਂ ਪੈਦਾ ਕਰਨ ਦੀ ਗੱਲ ਕਰਦੇ ਹਨ, ਸਾਵਧਾਨ ਹੋਣ ਦੀ ਲੋੜ ਹੈ ਕਿ ਉਹਨਾਂ ਕੋਲ ਕਿਹੋ ਜਿਹੀਆਂ ਜੌਬਾਂ ਪੈਦਾ ਕਰਨ ਦੀ ਦੂਰਦ੍ਰਿਸ਼ਟੀ ਹੈ। ਬਰੈਂਪਟਨ ਨੂੰ ਵਾਲਮਾਰਟ ਦੇ ਸੁਪਰਸੈਂਟਰ ਜਾਂ ਐਮਾਜ਼ਨ ਦੇ ਵੇਅਰਹਾਊਸ ਨਹੀਂ ਸਗੋਂ ਗਿਆਨ ਆਧਾਰਿਤ ਰੁਜ਼ਗਾਰ ਅਵਸਰਾਂ ਦੀ ਲੋੜ ਹੈ।

 

ਦੋ ਕੁ ਸਾਲ ਪਹਿਲਾਂ (ਜੁਲਾਈ 2016) ਬਰੈਂਪਟਨ ਸਿਟੀ ਨੇ ਯੂਥਫੁੱਲ ਸਿਟੀਜ਼ ਨਾਮਕ ਕਨਸਲਟੈਂਟ ਫਰਮ ਰਾਹੀਂ ਇਕ ਸਰਵੇਖਣ ਕਰਵਾਇਆ ਜਿਸ ਵਿੱਚ 900 ਦੇ ਕਰੀਬ ਨੌਜਵਾਨਾਂ ਨੇ ਹਿੱਸਾ ਲਿਆ ਸੀ। ਉਸ ਸਰਵੇਖਣ ਵਿੱਚ ਇੱਕ ਸੁਆਲ ਸੀ ਕਿ ਤੁਹਾਡੇ ਬਰੈਂਪਟਨ ਵਿੱਚ ਪੱਕੇ ਵੱਸਣ ਦੀ ਕਿੰਨੀ ਕੁ ਸੰਭਾਵਨਾ ਹੈ। ਸਿਰਫ਼ 10% ਨੇ ਕਿਹਾ ਕਿ ਉਹ ਪੱਕੇ ਤੌਰ ਉੱਤੇ ਬਰੈਂਪਟਨ ਵਿੱਚ ਵੱਸਣਾ ਚਾਹੁਣਗੇ। ਇਸ ਰਿਪੋਰਟ ਤੋਂ ਬਾਅਦ ਸਿਟੀ ਕਾਉਂਸਲ ਨੇ ਵਾਅਦਾ ਕੀਤਾ ਸੀ ਕਿ ਉਹ ਭੱਵਿਖਮੁਖੀ ਯੋਜਨਾਵਾਂ ਬਣਾ ਕੇ ਯੂਥ ਦੇ ਤੌਖਲਿਆਂ ਨੂੰ ਦੂਰ ਕਰਨ ਲਈ ਕੰਮ ਕਰੇਗੀ ਪਰ ਅਸਲ ਵਿੱਚ ਗੱਲ ਕਿੱਥੇ ਪੁੱਜੀ, ਕੋਈ ਨਹੀਂ ਜਾਣਦਾ।

 

ਚੇਤੇ ਰਹੇ ਕਿ ਯੂਨਾਈਟਡ ਵੇਅ ਆਫ ਗਰੇਟਰ ਟੋਰਾਂਟੋ ਦੀ The Opportunity Equation in the Greater Toronto Area ਰਿਪੋਰਟ ਦੱਸਦੀ ਹੈ ਕਿ 1980 ਵਿੱਚ ਪੀਲ ਰੀਜਨ ਵਿੱਚ ਸਿਰਫ਼ 2% ਨੇਬਰਹੁੱਡ ਘੱਟ ਆਮਦਨ ਵਾਲੇ ਹੁੰਦੇ ਸਨ ਜੋ ਕਿ 2017 ਵਿੱਚ ਵੱਧ ਕੇ 52% ਹੋ ਗਏ।

 

2040 ਵਿਜ਼ਨ ਵਿੱਚ ਬਰੈਂਪਟਨ ਲਈ ਜਿਸ ਦੂਰਦ੍ਰਿਸ਼ਟੀ ਦਾ ਨਿਰਮਾਣ ਕੀਤਾ ਗਿਆ ਹੈ, ਉਸਦੇ 7 ਹਿੱਸੇ ਬਣਾਏ ਗਏ ਹਨ। ਇਹਨਾਂ ਵਿੱਚ ਸਸਟੇਨੇਬਲਿਟੀ (Sustainability) ਅਤੇ ਵਾਤਾਵਰਣ, ਰੁਜ਼ਗਾਰ ਅਤੇ ਲਿਵਿੰਗ ਸੈਂਟਰ, ਨੇਬਰਹੁੱਡਜ਼, ਟਰਾਂਸਪੋਰਟੇਸ਼ਨ, ਸੋਸ਼ਲ ਸੇਵਾਵਾਂ ਅਤੇ ਹਾਊਸਿੰਗ, ਸਿਹਤ ਅਤੇ ਕਲਾ/ਸੱਭਿਆਚਾਰ ਸ਼ਾਮਲ ਹਨ। ਰੁਜ਼ਗਾਰ ਦੂਜੇ ਨੰਬਰ ਉੱਤੇ ਰੱਖਿਆ ਗਿਆ ਹੈ। ਸਮੁੱਚੇ ਦਸਤਾਵੇਜ਼ ਵਿੱਚ ਅਸਲੀ ਰੁਜ਼ਗਾਰ ਦੇ ਅਵਸਰਾਂ ਬਾਰੇ ਗੱਲ ਕਰਨ ਦੀ ਥਾਂ ਡਾਊਨ ਟਾਊਨ, ਅੱਪ ਟਾਊਨ ਵਿੱਚ ਕੌਂਡੋਜ਼ ਬਣਾਉਣ, ਮਨੋਰੰਜਨ ਦੇ ਸਥਾਨ ਪੈਦਾ ਕਰਨ ਆਦਿ ਉੱਤੇ ਵਧੇਰੇ ਜੋਰ ਦਿੱਤਾ ਗਿਆ ਹੈ।

 

ਖਿਆਲ ਦਿੱਤਾ ਗਿਆ ਹੈ ਕਿ ਬਰੈਂਪਟਨ ਅੱਪਟਾਊਨ (ਹੁਰੋਂਟੇਰੀਓ ਅਤੇ ਸਟੀਲਜ਼) ਦੇ ਵਿਕਾਸ ਨਾਲ 54,000 ਨੌਕਰੀਆਂ ਪੈਦਾ ਹੋਣਗੀਆਂ, ਡਾਊਨ ਟਾਊਨ ਦੇ ਵਿਕਾਸ ਨਾਲ 55000 ਨੌਕਰੀਆਂ ਪੈਦਾ ਹੋਣਗੀਆਂ। ਬਰੈਂਪਟਨ ਈਸਟ, ਵੈਸਟ, ਹੈਰੀਟੇਜ ਹਾਈਟਸ (ਮਿਸੀਸਾਗਾ ਰੋਡ/ਸੈਂਡਲਵੁੱਡ), ਟ੍ਰਿਨਿਟੀ ਕਾਮਨਜ਼ ਵਿੱਚ ਵਿਕਸਤ ਕੀਤੇ ਜਾਣ ਵਾਲੇ ਸੈਂਟਰਾਂ ਨਾਲ ਪੈਦਾ ਹੋਣ ਵਾਲੀਆਂ ਨੌਕਰੀਆਂ ਦਾ ਜਿ਼ਕਰ ਨਹੀਂ ਕੀਤਾ ਗਿਆ। ਨਾ ਹੀ ਇਹਨਾਂ ਸੈਂਟਰਾਂ ਦੇ ਵਿਕਾਸ ਲਈ ਅੱਪਟਾਊਨ ਅਤੇ ਡਾਊਨ ਟਾਊਨ ਦੇ ਵਿਕਾਸ ਲਈ ਉਲੀਕੀਆਂ ਯੋਜਨਾਵਾਂ ਵਾਗੂੰ ਕੋਈ ਲੰਬੀ ਚੌੜੀ ਯੋਜਨਾ ਪੇਸ਼ ਕੀਤੀ ਗਈ ਹੈ। ਬਾਕੀ ਕੱਲ

Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 3 - ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 2 -ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼: ਸੱਚ ਕੀ ਹੈ ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਬਾਰੇ ਲੱਗਦੇ ਦੋਸ਼ਾਂ ਦਾ?
ਅੰਤਰਰਾਸ਼ਟਰੀ ਵਿੱਦਿਆਰਥੀ ਜੋਬਨਦੀਪ ਸਿੰਘ ਦੀ ਵਿਥਿਆ ਤੋਂ ਮਿਲਦੇ ਸਬਕ
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਚਾਈਲਡ ਟੈਕਸ ਬੈਨੇਫਿਟ ਨੂੰ ਲੈ ਕੇ ਸਿਆਸਤ
ਨਸ਼ੇ ਚੈੱਕਿੰਗ ਲਈ ਬਰੈਥਲਾਈਜ਼ਰ ਟੈਸਟ:- ਚਾਰਟਰ ਚੁਣੌਤੀ ਕਰ ਸਕਦੀ ਹੈ ਪੁਲੀਸ ਦੀ ਤਾਕਤ ਨੂੰ ਦਰੁਸਤ
ਯੂਨਾਈਟਡ ਨੇਸ਼ਨਜ਼ ਸੁਰੱਖਿਆ ਕਾਉਂਸਲ ਸੀਟ ਲਈ ਕੈਨੇਡਾ ਦਾ ਵੱਕਾਰ ਦਾਅ ਉੱਤੇ