ਪੇਸ਼ਾਵਰ, 24 ਅਪ੍ਰੈਲ (ਪੋਸਟ ਬਿਊਰੋ)- ਪਾਕਿ ਦੇ ਖੈਬਰ ਪਖਤੂਨਖਵਾ ਪ੍ਰਾਂਤ ਵਿੱਚ ਪੋਲੀਓ ਰੋਕੂ ਡਰਾਪ ਪੀਣ ਦੇ ਬਾਅਦ ਸਕੂਲੀ ਬੱਚਿਆਂ ਦੇ ਬੀਮਾਰ ਪੈਣ ਦੀ ਅਫਵਾਹ ਤੂਲ ਫੜਦਾਂ ਜਾਂਦੀ ਹੈ। ਦੇਸ਼ ਵਿੱਚ ਹੋ ਰਹੇ ਵਿਰੋਧ ਦੇ ਦੌਰਾਨ ਕੱਲ੍ਹ ਪੋਲੀਓ ਟੀਮ ਦੀ ਸੁਰੱਖਿਆ ਵਿੱਚ ਤੈਨਾਤ ਇਕ ਪੁਲਸ ਕਰਮੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ।
ਪੁਲਸ ਦੇ ਮੁਤਾਬਕ ਕੱਲ੍ਹ ਸਵੇਰੇ ਬੰਨੂ ਜ਼ਿਲੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਪੋਲੀਓ ਟੀਮ ਦੀ ਸੁਰੱਖਿਆ ਲਈ ਤੈਨਾਤ ਏ ਐਸ ਆਈ ਇਮਰਾਨ ਖਾਨ ਨੂੰ ਗੋਲੀ ਮਾਰ ਦਿੱਤੀ। ਇਸ ਵਾਰਦਾਤ ਦੇ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਸ ਦਾ ਕਹਿਣਾ ਹੈ ਕਿ ਏ ਐਸ ਆਈ ਇਮਰਾਨ 'ਤੇ ਹਮਲਾ ਉਸ ਵੇਲੇ ਹੋਇਆ, ਜਦ ਪੋਲੀਓ ਟੀਮ ਬੱਚਿਆਂ ਨੂੰ ਪੋਲੀਓ ਦੀ ਦਵਾਈ ਪਿਲਾ ਰਹੀ ਸੀ। ਪੁਲਸ ਨੇ ਏ ਐਸ ਆਈ ਦੇ ਕਾਤਲਾਂ ਦੀ ਭਾਲ ਤੇਜ਼ ਕਰ ਦਿੱਤੀ ਹੈ, ਪਰ ਅਜੇ ਕੋਈ ਸੁਰਾਗ ਨਹੀਂ ਮਿਲਿਆ। ਕਾਤਲ ਹਾਲੇ ਵੀ ਪੁਲਸ ਦੀ ਗ੍ਰਿਫਤ ਤੋਂ ਦੂਰ ਹਨ।
ਵਰਨਣ ਯੋਗ ਹੈ ਕਿ ਗੜਬੜ ਵਾਲੇ ਖੈਬਰ ਪਖਤੂਨਖਵਾ ਪ੍ਰਾਂਤ ਵਿੱਚ ਬੀਤੇ ਦਿਨੀਂ ਪੋਲੀਓ ਡਰਾਪ ਪੀਣ ਦੇ ਬਾਅਦ ਕੁਝ ਬੱਚੇ ਬੀਮਾਰ ਪੈ ਜਾਣ ਦੀ ਅਫਵਾਹ ਫੈਲ ਗਈ ਸੀ ਅਤੇ ਇਸ ਦੇ ਬਾਅਦ ਦੇਸ਼ ਵਿੱਚ ਇਸ ਦੇ ਖਿਲਾਫ ਗੁੱਸਾ ਭੜਕ ਗਿਆ। ਸਕੂਲੀ ਬੱਚਿਆਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਇਕ ਸਥਾਨਕ ਸਿਹਤ ਕੇਂਦਰ ਨੂੰ ਨੁਕਸਾਨ ਪਹੁੰਚ ਦਿੱਤਾ ਸੀ। ਇਹ ਪਹਿਲਾ ਕੇਸ ਨਹੀਂ, ਜਦ ਪੋਲੀਓ ਟੀਮ ਤੇ ਉਸ ਦੀ ਸੁਰੱਖਿਆ ਦੇ ਪੁਲਸ ਜਵਾਨਾਂ ਨੂੰ ਮਾਰਿਆ ਗਿਆ ਹੈ। ਦਸੰਬਰ 2012 ਤੋਂ ਅੱਜ ਤੱਕ 68 ਲੋਕ ਮਾਰੇ ਜਾ ਚੁੱਕੇ ਹਨ। 2014 ਵਿੱਚ ਪੋਲੀਓ ਟੀਮ ਦੇ ਤਿੰਨ ਮੈਂਬਰਾਂ ਨੂੰ ਮਾਰ ਦਿੱਤਾ ਗਿਆ ਸੀ। ਨਾਈਜ਼ੀਰੀਆ ਅਤੇ ਅਫਗਾਨਿਸਤਾਨ ਦੇ ਬਾਅਦ ਪਾਕਿਸਤਾਨ ਦੁਨੀਆ ਵਿੱਚ ਤੀਸਰਾ ਦੇਸ਼ ਹੈ, ਜਿਥੇ ਪੋਲੀਓ ਹਾਲੇ ਤੱਕ ਵੀ ਖਤਮ ਨਹੀਂ ਹੋਇਆ ਅਤੇ ਇਸ ਦੇ ਖਤਮ ਹੋਣ ਵਿੱਚ ਦੇਰੀ ਹੋਣ ਦਾ ਖਦਸ਼ਾ ਹੈ।