Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਮਨੋਰੰਜਨ

ਕਹਾਣੀ: ਪ੍ਰਸ਼ਨ ਚਿੰਨ੍ਹ

April 24, 2019 08:30 AM

-ਰਮਨਦੀਪ ਕੌਰ
ਪਾਰਕ ਵਿੱਚ ਸੈਰ ਕਰਦਿਆਂ ਰੂਪੀ ਨੂੰ ਭੁਲੇਖਾ ਪਿਆ ਕਿ ਜੋ ਦੋ ਔਰਤਾਂ ਉਸ ਕੋਲੋਂ ਕਾਹਲੀ-ਕਾਹਲੀ ਅੱਗੇ ਲੰਘੀਆਂ ਸਨ, ਉਨ੍ਹਾਂ 'ਚੋਂ ਇਕ ਜਿਵੇਂ ਉਸ ਨੂੰ ਜਾਣਦੀ ਜਾਂ ਪਛਾਣਦੀ ਹੋਵੇ। ਉਹ ਥੋੜ੍ਹੇ ਜਹੇ ਗੁੰਦਵੇਂ ਸਰੀਰ ਵਾਲੀ ਤਕਰੀਬਨ ਚਾਲੀ ਕੁ ਸਾਲ ਦੀ ਔਰਤ ਬਹੁਤ ਗਹੁ ਨਾਲ ਉਸ ਨੂੰ ਦੇਖ ਕੇ ਲੰਘੀ ਸੀ। ਦੋ ਚਾਰ ਮਿੰਟ ਆਪਣੇ ਦਿਮਾਗ ਦੇ ਘੋੜੇ ਦੌੜਾਉਣ ਤੋਂ ਬਾਅਦ ਰੂਪੀ ਉਸੇ ਰਫਤਾਰ ਨਾਲ ਸੈਰ ਕਰਦੀ ਅੱਗੇ ਲੰਘ ਗਈ।
ਪਾਰਕ ਦੀ ਸਿੱਧੀ ਪਹੀ 'ਤੇ ਅਖੀਰ ਤੱਕ ਜਾਣ ਤੋਂ ਬਾਅਦ ਮੁੜ ਵੇਲੇ ਪਾਰਕ ਦੇ ਐਨ ਵਿਚਕਾਰ ਉਸ ਔਰਤ ਨੇ ਰੂਪੀ ਕੋਲ ਆ ਕੇ ਉਸ ਦਾ ਨਾਂ ਲੈ ਕੇ ਬੁਲਾਇਆ ਤਾਂ ਰੂਪੀ ਰੁਕ ਗਈ। ‘ਰੂਪੀ? ਤੂੰ ਰੂਪੀ ਈ ਐਂ ਨਾ?'
ਰੂਪੀ ਕੁਝ ਸਕਿੰਟਾਂ ਲਈ ਚੁੱਪ ਰਹੀ ਤੇ ਫਿਰ ਇਕਦਮ ਉਸ ਨੂੰ ਯਾਦ ਆਇਆ ਕਿ ਇਹ ਕਾਲਜ ਸਮੇਂ ਉਸ ਦੀ ਜੂਨੀਅਰ ਹੋਇਆ ਕਰਦੀ ਸੀ, ਜੋ ਬਹੁਤ ਬਿੰਦਾਸ, ਬੇਬਾਕ ਜਿਹੀ ਪੰਡਤਾਂ ਦੀ ਕੁੜੀ ਅੰਜਨਾ ਸੀ। ‘ਓ ਮਾਈ ਗੌਡ! ਤੂੰ ਅੰਜਨਾ ਏ?' ਰੂਪੀ ਨੂੰ ਜਿਵੇਂ ਚਾਅ ਚੜ੍ਹ ਗਿਆ। ਪੰਦਰਾਂ ਸਾਲ ਹੋ ਚੱਲੇ ਸੀ ਰੂਪੀ ਨੂੰ ਇਸ ਸ਼ਹਿਰ 'ਚ ਰਹਿੰਦਿਆਂ, ਪਰ ਪਹਿਲਾਂ ਕਦੇ ਵੀ ਕਿਤੇ ਉਸ ਨੂੰ ਕੋਈ ਆਪਣੇ ਸ਼ਹਿਰ ਦੀ ਕੁੜੀ ਨਹੀਂ ਸੀ ਮਿਲੀ।
ਖੈਰ! ਕੁਝ ਪਲਾਂ ਦੀ ਹੈਰਾਨੀ ਤੋਂ ਬਾਅਦ ਰੂਪੀ ਨੇ ਅੰਜਨਾ ਤੋਂ ਕਿੰਨੇ ਸਾਰੇ ਸਵਾਲ ਇਕੱਠਿਆਂ ਪੁੱਛ ਲਏ, ‘ਤੂੰ ਅੱਜ ਕੱਲ੍ਹ ਇਥੇ ਈ ਏ? ਤੇਰਾ ਵਿਆਹ ਕਿੱਥੇ ਹੋਇਆ? ਹਸਬੈਂਡ ਕੀ ਕਰਦੇ ਨੇ? ਤੂੰ ਕੀ ਕਰਦੀ ਐ? ਬੱਚੇ ਕਿੰਨੇ ਐ?'
ਅੰਜਨਾ ਦੇ ਚਿਹਰੇ 'ਤੇ ਫੈਲੀ ਮੁਸਕੁਰਾਹਟ ਤੇ ਅੱਖਾਂ 'ਚ ਪਾਇਆ ਗੂੜ੍ਹਾ ਜਿਹਾ ਕੱਜਲਾ ਦੇਖ ਕੇ ਰੂਪੀ ਨੇ ਅੰਦਾਜ਼ਾ ਲਾਇਆ ਕਿ ਉਹ ਵਧੀਆ ਸੁਖੀ ਪਰਵਾਰ 'ਚ ਰਹਿ ਰਹੀ ਹੋਣੀ। ‘ਮੇਰੇ ਦੋ ਬੇਟੇ ਐ, ਦੋਵੇਂ ਹੋਸਟਲ 'ਚ ਨੇ ਅਤੇ ਮੇਰਾ ਘਰ ਇਥੋਂ ਨੇੜੇ ਹੀ ਹੈ। ਤੂੰ ਇਉਂ ਕਰ, ਮੇਰਾ ਨੰਬਰ ਲੈ ਜਾ ਤੇ ਪਲੀਜ਼ ਮੇਰੇ ਘਰ ਜ਼ਰੂਰ ਆਈ।'
ਅੰਜਨਾ ਰੂਪੀ ਤੋਂ ਕਿਤੇ ਵੱਧ ਖੁਸ਼ ਹੋਈ ਲੱਗਦੀ ਸੀ ਉਸ ਨੂੰ ਦੇਖ ਕੇ। ਰੂਪੀ ਦੀ ਪਛਾਣ ਆਪਣੇ ਨਾਲ ਵਾਲੀ ਔਰਤ ਨੂੰ ਕਰਾਉਂਦਿਆਂ ਅੰਜਨਾ ਨੇ ਦੱਸਿਆ, ‘ਇਹ ਮੇਰੇ ਕਾਲਜ ਦੀ ਫਰੈਂਡ ਐ। ਭਾਵੇਂ ਕਲਾਸ ਇਕੋ ਨਹੀਂ ਸੀ, ਪਰ ਅਸੀਂ ਸੱਭਿਆਚਾਰਕ ਸਰਗਰਮੀਆਂ 'ਚ ਹਿੱਸਾ ਲੈਂਦੀਆਂ ਹੋਣ ਕਰਕੇ ਅਕਸਰ ਇਕੱਠਿਆਂ ਸਮਾਂ ਬਿਤਾਉਂਦੀਆਂ ਸੀ।'
ਅੰਜਨਾ ਵਾਰ-ਵਾਰ ਆਪਣੇ ਨਾਲ ਆਈ ਔਰਤ ਨੂੰ ਇਹ ਜਤਾ ਰਹੀ ਲੱਗਦੀ ਸੀ, ਜਿਵੇਂ ਉਹ ਅਤੇ ਰੂਪੀ ਬਹੁਤ ਹੀ ਪੱਕੀਆਂ ਸਹੇਲੀਆਂ ਹੋਣ। ਰੂਪੀ ਨੂੰ ਇਸ ਗੱਲ 'ਤੇ ਹੈਰਾਨੀ ਹੋ ਰਹੀ ਸੀ। ਪੱਕੀਆਂ ਸਹੇਲੀਆਂ ਵਾਲੀ ਕੋਈ ਗੱਲ ਨਹੀਂ ਸੀ। ਹਾਂ, ਐਨਾ ਜ਼ਰੂਰ ਸੀ ਕਿ ਜਾਣ ਪਛਾਣ ਕਾਫੀ ਸੀ ਤੇ ਅੰਜਨਾ ਜਿੱਥੇ ਵੀ ਬਹਿੰਦੀ ਸੀ, ਰੌਣਕ ਲਾ ਦਿੰਦੀ ਸੀ। ਜਾਣੀ ਕਿ ਉਹ ਭੁੱਲਣ ਵਾਲੀ ਕੁੜੀ ਨਹੀਂ ਸੀ। ਰੂਪੀ ਨੂੰ ਧਿਆਨ ਆਇਆ ਕਿ ਅੰਜਨਾ ਨੇ ਆਪਣੇ ਪਤੀ ਬਾਰੇ ਨਹੀਂ ਨਹੀਂ ਦੱਸਿਆ। ‘ਤੇਰੇ ਹਸਬੈਂਡ ਕੀ ਕਰਦੇ ਨੇ?' ਰੂਪੀ ਨੇ ਗੱਲ ਅੱਗੇ ਤੋਰੀ।
‘ਉਨ੍ਹਾਂ ਦੀ ਤਾਂ ਮੌਤ ਹੋ ਗਈ ਕਈ ਸਾਲ ਹੋ ਗਏ।'
ਰੂਪੀ ਨੂੰ ਹੈਰਾਨੀ ਹੋਈ ਕਿ ਇਹ ਗੱਲ ਵੀ ਅੰਜਨਾ ਨੇ ਮੁਸਕੁਰਾ ਕੇ ਬੜੇ ਅਲੱਗ ਅੰਦਾਜ਼ 'ਚ ਆਖੀ। ‘ਉਹ..ਅੱਛਾ!' ਰੂਪੀ ਕੁਝ ਹੋਰ ਬੋਲਦੀ, ਇਸ ਤੋਂ ਪਹਿਲਾਂ ਅੰਜਨਾ ਬੋਲ ਪਈ, ‘ਦੇਖ ਰੂਪੀ! ਮਰਦਿਆਂ ਦੇ ਨਾਲ ਮਰਿਆ ਨੀਂ ਜਾਂਦਾ, ਸੱਸ ਸਹੁਰਾ ਜਾਂ ਕੋਈ ਦਿਉਰ ਜੇਠ ਵੀ ਨਾਲ ਨਹੀਂ, ਐਡਾ ਬਿਜ਼ਨਸ ਇਕੱਲਿਆਂ ਸੰਭਾਲਦੀ ਹਾਂ। ਆਪਾਂ ਜ਼ਿੰਦਗੀ ਰੁਝੇਵਿਆਂ 'ਚ ਲਾਈ ਹੋਈ ਆ, ਰੋ-ਰੋ ਕੇ ਕੁਝ ਨਹੀਂ ਬਣਦਾ।'
ਅੰਜਨਾ ਦੇ ਇਨ੍ਹਾਂ ਲਫਜ਼ਾਂ ਨੇ ਰੂਪੀ ਨੂੰ ਮੁਸਕੁਰਾਉਣ ਲਈ ਮਜ਼ਬੂਰ ਕਰ ਦਿੱਤਾ। ‘ਬਹੁਤ ਚੰਗਾ ਲੱਗਿਆ ਤੇਰੀ ਸੋਚ ਨੂੰ ਜਾਣ ਕੇ। ਜ਼ਿਆਦਾਤਰ ਔਰਤਾਂ ਤਾਂ ਗਮਗੀਨ ਹੋਇਆਂ ਕਹਿੰਦੀਆਂ, ਪਰ ਤੂੰ ਅੱਜ ਵੀ ਉਹੀ ਦਲੇਰ ਕੁੜੀ ਏਂ।'
ਰੂਪੀ ਨੂੰ ਉਦੋਂ ਜੋ ਮਹਿਸੂਸ ਹੋਇਆ, ਉਹੀ ਆਖ ਦਿੱਤਾ, ਪਰ ਆਪਣੇ ਅੰਦਰ ਅਲੱਗ ਜਿਹੀ ਹਲਚਲ ਵੀ ਮਹਿਸੂਸ ਕੀਤੀ। ਉਹਦੀ ਨੰਬਰ ਲੈ ਕੇ ਤੇ ਆਪਣਾ ਉਸ ਨੂੰ ਦੇ ਕੇ, ਫੋਨ 'ਤੇ ਗੱਲ ਕਰਨ ਦਾ ਕਹਿ ਕ ਰੂਪੀ ਵਾਪਸ ਘਰ ਆ ਗਈ।
ਘਰ ਪਹੁੰਚ ਕੇ ਵਾਰ-ਵਾਰ ਉਸ ਦਾ ਮਨ ਅੰਜਨਾ ਵੱਲ ਅਟਕਿਆ ਰਿਹਾ। ਉਹਨੂੰ ਇੰਨਾ ਕੁ ਯਾਦ ਆ ਰਿਹਾ ਸੀ ਕਿ ਅੰਜਨਾ ਬਹੁਤ ਸਾਧਾਰਨ ਪਰਵਾਰ ਦੀ ਕੁੜੀ ਸੀ ਤੇ ਉਹਦਾ ਵਿਆਹ ਵੀ ਉਨੀ ਕੁ ਸਾਲ ਦੀ ਉਮਰ 'ਚ ਕਾਲਜ ਦੀ ਪੜ੍ਹਾਈ ਵਿੱਚੇ ਛਡਾ ਕੇ ਕਰ'ਤਾ ਸੀ। ਖੈਰ! ਰੂਪੀ ਘਰ ਦੇ ਕੰਮਾਂ 'ਚ ਰੁੱਝ ਗਈ ਤੇ ਉਸ ਵਕਤ ਦੀ ਉਡੀਕ ਕਰਨ ਲੱਗੀ ਜਦੋਂ ਉਹ ਅੰਜਨਾ ਨਾਲ ਦੁਬਾਰਾ ਗੱਲ ਕਰ ਸਕੇ। ਅਗਲੀ ਸਵੇਰ ਅੰਜਨਾ ਦੇ ਫੋਨ 'ਤੇ ਰੂਪੀ ਨੇ ਰਿੰਗ ਕੀਤੀ ਤਾਂ ਉਹਨੇ ਇਕਦਮ ਹੀ ਚੁੱਕ ਲਿਆ ਤੇ ਹੈਲੋ ਤੋਂ ਬਿਨਾਂ ਇਕਦਮ ਬੋਲੀ, ‘ਮੈਂ ਉਡੀਕ ਹੀ ਰਹੀ ਸੀ ਤੇਰਾ ਫੋਨ। ਯਾਰ ਦਿਲ ਕਰਦਾ ਗੱਲਾਂ ਕਰਨ ਦਾ। ਸ਼ੁਕਰ ਕੀਤਾ ਕਿ ਕੋਈ ਤਾਂ ਮਿਲਿਆ ਐਨੇ ਸਾਲਾਂ ਬਾਅਦ, ਜਿਸ ਨਾਲ ਦਿਲ ਖੋਲ੍ਹ ਕੇ ਗੱਲ ਕਰ ਸਕਾਂ।'
ਰੂਪੀ ਸਮਝ ਗਈ ਸੀ ਕਿ ਕੁਝ ਤਾਂ ਹੈ ਜੋ ਅੰਜਨਾ ਦੇ ਅੰਦਰ ਭਰਿਆ ਹੋਇਆ ਹੈ ਤੇ ਬਾਹਰ ਡੁੱਲ੍ਹ ਜਾਣ ਨੂੰ ਕਰਦਾ।
‘ਹਾਂ ਮੈਂ ਬੱਚਿਆਂ ਨੂੰ ਸਕੂਲ ਭੇਜ ਕੇ ਘਰ ਦੇ ਨਿੱਕੇ ਮੋਟੇ ਕੰਮ ਨਬੇੜ ਕੇ ਵਿਹਲੀ ਹੋਈ ਸੀ, ਸੋਚਿਆ ਪਹਿਲਾਂ ਤੈਨੂੰ ਫੋਨ ਕਰਾਂ।' ਰੂਪੀ ਨੇ ਗੱਲ ਸ਼ੁਰੂ ਕੀਤੀ।
‘ਹਾਂ, ਦੱਸ, ਕੀ ਬਿਜ਼ਨਸ ਕਰਦੀ ਐ? ਐਡੀ ਦਲੇਰ ਕਿਵੇਂ ਬਣ ਗਈ ਤੂੰ? ਮੈਂ ਸੱਚੀਂ ਹੈਰਾਨ ਹਾਂ ਤੇ ਖੁਸ਼ ਵੀ ਕਿ ਤੂੰ ਰੋਂਦੂ ਔਰਤ ਨਹੀਂ।'
‘ਹਾਂ ਯਾਰ ਰੂਪੀ! ਜਦੋਂ ਹਸਬੈਂਡ ਦੀ ਮੌਤ ਹੋਈ, ਬੱਚੇ ਬਹੁਤ ਛੋਟੇ ਸੀ। ਐਨਾ ਵੱਡਾ ਘਰ ਤੇ ਕਾਰੋਬਾਰ ਮੈਂ ਕਿਵੇਂ ਸਾਂਭ ਸਕਦੀ ਸੀ, ਇਕਦਮ ਡਿਪਰੈਸ਼ਨ 'ਚ ਚਲੀ ਗਈ ਤੇ ਮੰਜੇ 'ਤੇ ਪਾ ਲਿਆ ਸੀ ਆਪਣੇ ਆਪ ਨੂੰ।'
‘ਹੂੰਅ!' ਰੂਪੀ ਨੇ ਇੰਨਾ ਹੀ ਕਿਹਾ ਤੇ ਅੰਜਨਾ ਨੜੇ ਵਾਂਗ ਉਧੜਨ ਲੱਗੀ।
‘ਫਿਰ ਮੇਰੇ ਮਾਪਿਆਂ ਨੇ ਹੌਸਲਾ ਕੀਤਾ ਕਿ ਦਲੇਰ ਬਣ, ਤੂੰ ਢੇਰੀ ਢਾਹ ਲਈ ਤਾਂ ਇਹ ਸਭ ਕੌਣ ਸੰਭਾਲੂ, ਬੱਸ ਫਿਰ ਮੈਂ ਲੱਕ ਬੰਨ੍ਹ ਲਿਆ ਤੇ ਜੁਟ ਗਈ।'
‘ਅੱਛਾ! ਕੀ ਬਿਜ਼ਨੈਸ ਐ ਤੇਰਾ?' ਰੂਪੀ ਨੇ ਉਸੇ ਉਤਸੁਕਤਾ ਨਾਲ ਪੁੱਛਿਆ।
‘ਸਾਡਾ ਇਕ ਪੈਟਰੋਲ ਪੰਪ ਐ, ਕੱਪੜਿਆਂ ਦਾ ਸ਼ੋਅਰੂਮ ਐ ਤੇ ਅੱਜ ਕੱਲ੍ਹ ਮੈਂ ਸੋਸ਼ਲ ਵਰਕਰ ਵੀ ਹਾਂ।'
‘ਅੱਛਾਂ ਜੀ! ਐਨੇ ਕੰਮ? ਇਕੱਲੀ ਦੇਖਦੀ ਐਂ ਸਭ ਕੁਝ?' ਰੂਪੀ ਹੈਰਾਨ ਹੁੰਦਿਆਂ ਬੋਲੀ।
‘ਹਾਂ, ਹੋਰ ਕੀ? ਤੂੰ ਕਦੇ ਆ ਕੇ ਦੇਖੀਂ ਮੇਰੇ ਘਰ। ਇਕੱਲੀ ਰਹਿੰਦੀ ਹਾਂ, ਪਰ ਦਸ ਜਣਿਆਂ ਦਾ ਖਾਣਾ ਬਣਦਾ ਮੇਰੇ ਘਰ। ਕਦੇ ਕੋਈ ਪਟਵਾਰੀ ਆ ਗਿਆ, ਕਦੇ ਕਈ ਮਹਿਲਾ ਵਰਕਰ ਆ ਗਈ, ਕਦੇ-ਕਦੇ..।' ਅੰਜਨਾ ਦੀ ਲਿਸਟ ਲੰਬੀ ਹੁੰਦੀ ਜਾ ਰਹੀ ਸੀ।
‘ਕਿਉਂ ਇਹ ਸਾਰੇ ਕਿਉਂ ਆਉਂਦੇ ਨੇ ਘਰ?'
‘ਲੈ ਯਾਰ! ਮੈਂ ਛੋਟੀ ਮੋਟੀ ਚੀਜ਼ ਨਹੀਂ। ਹਰ ਮਹਿਕਮੇ ਤੱਕ ਪਹੁੰਚ ਐ। ਕਿਸੇ ਔਰਤ ਦਾ ਕੋਈ ਘਰੇਲੂ ਝਗੜਾ ਜਾਂ ਵਸੇਬੇ ਦਾ ਰੌਲਾ ਹੋਵੇ ਤਾਂ ਸੋਸ਼ਲ ਵਰਕਰ ਹੋਣ ਨਾਤੇ ਹੱਲ ਕਰਦੀ ਹਾਂ ਤੇ ਪੁਲਸ ਮਹਿਕਮੇ ਤੱਕ ਆਮ ਹੀ ਆਉਣਾ ਜਾਣਾ ਪੈਂਦਾ।' ਅੰਜਨਾ ਇਹ ਸਭ ਇਸ ਤਰ੍ਹਾਂ ਦੱਸ ਰਹੀ ਸੀ ਜਿਵੇਂ ਸੁਣ ਕੇ ਰੂਪੀ ਬਹੁਤ ਹੀ ਪ੍ਰਭਾਵਿਤ ਹੋਵੇਗੀ ਉਸ ਤੋਂ।
‘...ਤੇ ਪੈਟਰੋਲ ਪੰਪ ਕਦੋਂ ਦੇਖਦੀ ਐਂ?'
ਰੂਪੀ ਨੂੰ ਜਿਵੇਂ ਕੋਈ ਕਹਾਣੀ ਮਿਲ ਗਈ ਸੀ ਪੜ੍ਹਨ ਨੂੰ ਤੇ ਉਹ ਉਸ ਦੇ ਅੰਤ ਤੱਕ ਜਾਣਾ ਚਾਹੁੰਦੀ ਸੀ।
‘ਉਥੇ ਹੀ ਦਫਤਰ 'ਚ ਬੈਠ ਕੇ ਸਭ ਕੰਮ ਦੇਖਦੀ ਹਾਂ, ਜ਼ਿਆਦਾ ਮੀਟਿੰਗਾਂ ਉਥੇ ਹੀ ਹੁੰਦੀਆਂ ਨੇ, ਮੈਂ ਮੈਨੇਜਰ ਵੀ ਰੱਖਿਆ ਹੋਇਆ ਇਕ ਆਪਣੇ ਨਾਲ।'
ਗੱਲਾਂ ਕਰਦਿਆਂ ਰੂਪੀ ਨੂੰ ਧਿਆਨ ਆਇਆ ਕਿ ਟਾਈਮ ਕਾਫੀ ਹੋ ਗਿਆ ਸੀ। ਗੱਲ ਵਿੱਚੇ ਹੀ ਰੋਕਦਿਆਂ ਉਹਨੇ ਅੰਜਨਾ ਨੂੰ ਜਾਂ ਤਾਂ ਦੁਬਾਰਾ ਫੋਨ ਕਰਨ ਜਾਂ ਮਿਲਣ ਦਾ ਕਹਿ ਕੇ ਫੋਨ ਕੱਟ ਦਿੱਤਾ।
ਅੰਜਨਾ ਨੇ ਗੱਲਬਾਤ ਸੁਣ ਕੇ ਰੂਪੀ ਅੰਦਰ ਜਿਥੇ ਉਤਸੁਕਤਾ ਸੀ, ਉਥੇ ਇਕ ਡਰ ਜਿਹਾ ਵੀ ਕਿ ਉਹਦੇ ਨੇੜੇ ਹੋ ਕੇ ਕੋਈ ਹੋਰ ਬਿਪਤਾ ਗਲ ਨਾ ਪੈ ਜਾਵੇ। ਆਪਣੇ ਆਪ ਨਾਲ ਗੁਫਤਗੂ ਕਰਦੀ ਰੂਪੀ ਨੇ ਕਈ ਦਿਨ ਇਉਂ ਲੰਘਾ ਦਿੱਤੇ। ਉਹ ਇਹ ਵੀ ਸੋਚ ਰਹੀ ਸੀ ਕਿ ਅੰਜਨਾ ਉਸ ਨੂੰ ਇਹ ਸਭ ਦੱਸ ਕੇ ਕੀ ਚਾਹ ਰਹੀ ਸੀ। ਰੂਪੀ ਨੇ ਜਦੋਂ ਫਿਰ ਫੋਨ ਕੀਤਾ ਤਾਂ ਅੰਜਨਾ ਨੇ ਚੱਕਿਆ ਨਹੀਂ। ਦੋ ਕੁ ਘੰਟੇ ਬਾਅਦ ਉਸ ਦੇ ਆਪ ਹੀ ਕਰ ਲਿਆ।
‘ਹੈਲੋ ਰੂਪੀ! ਓ ਯਾਰ ਅੱਜ ਮੈਂ ਬਿਜ਼ੀ ਸੀ। ਦੋ ਤਿੰਨ ਔਰਤਾਂ ਦੇ ਕੇਸ ਸੀ ਮੇਰੇ ਕੋਲ, ਉਹੀ ਸੁਲਝਾ ਰਹੀ ਸੀ ਤੇ ਇਸੇ ਸਿਲਸਿਲੇ 'ਚ ਮੈਨੂੰ ਥਾਣੇ ਜਾਣਾ ਪਿਆ,' ਅੰਜਨਾ ਲਗਾਤਾਰ ਆਪਣੀ ਗੱਲ ਕਹਿ ਰਹੀ ਸੀ।
ਰੂਪੀ ਨੇ ਸਹਿਜਤਾ ਤੇ ਉਤਸੁਕਤਾ ਦੇ ਮਿਲੇ ਜੁਲੇ ਪ੍ਰਭਾਵ ਨਾਲ ਸਵਾਲ ਕੀਤਾ, ‘ਇਕ ਗੱਲ ਦੱਸ, ਤੂੰ ਬੱਚੇ ਹੋਸਟਲ 'ਚ ਛੱਡੇ ਨੇ, ਪਰਵਾਰ ਦਾ ਕੋਈ ਹੋਰ ਜੀਅ ਤੇਰੇ ਨਾਲ ਨਹੀਂ, ਕਦੇ ਦਿਲ ਨਹੀਂ ਕੀਤਾ ਕਿ ਤੇਰੇ ਕੋਲ ਆਪਣਾ ਕੋਈ ਸਾਥ ਹੋਵੇ, ਮੁਹੱਬਤ ਕਰਨ ਵਾਲਾ ਤੇ ਤੈਨੂੰ ਸਮਝਣ ਵਾਲਾ, ਮਤਲਬ ਕਦੇ ਦੁਬਾਰਾ ਵਿਆਹ ਦਾ ਖਿਆਲ ਨਹੀਂ ਆਇਆ?'
ਇਸ ਤੋਂ ਪਹਿਲਾਂ ਰੂਪੀ ਕੁਝ ਹੋਰ ਬੋਲਦੀ, ਅੰਜਨਾ ਇਕਦਮ ਬੋਲ ਪਈ, ‘ਉਹ ਵੀ ਹੈਗਾ।'
ਰੂਪੀ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਬਾਕੀ ਸਵਾਲ ਕਿਹੜਾ ਰਹਿ ਗਿਆ ਸੀ। ਉਹ ਹੈਰਾਨ ਹੋਈ ਸੋਚ ਰਹੀ ਸੀ ਕਿ ਜਿਹੜਾ ਭੇਤ ਉਹ ਜਾਨਣਾ ਚਾਹ ਰਹੀ ਸੀ ਅੰਜਨਾ ਤੋਂ, ਉਹੀ ਸਾਰਾ ਕੁਝ ਤਾਂ ਉਹ ਆਪ ਦੱਸਣ ਲਈ ਕਾਹਲੀ ਸੀ।
‘ਚੱਲ ਮੈਨੂੰ ਆਪਣਾ ਐਡਰੈਸ ਦੇ, ਕਿਸੇ ਦਿਨ ਤੈਨੂੰ ਮਿਲਣ ਤੇਰੇ ਘਰ ਆਵਾਂਗੀ ਤੇ ਬਾਕੀ ਗੱਲਾਂ ਮਿਲ ਕੇ ਕਰਾਂਗੇ।' ਰੂਪੀ ਨੇ ਫੋਨ ਕੱਟਣਾ ਚਾਹਿਆ। ‘ਯਾਰ, ਤੂੰ ਆਪਣਾ ਐਡਰੈਸ ਦੱਸ ਮੈਨੂੰ, ਮੈਂ ਤੈਨੂੰ ਆਪ ਆ ਕੇ ਲੈਜੂੰ, ਆਪ ਹੀ ਡਰਾਈਵ ਕਰਦੀ ਹਾਂ ਮੈਂ,' ਅੰਜਨਾ ਨੇ ਅੱਗੋ ਹੋਰ ਈ ਗੱਲ ਕੱਢ ਮਾਰੀ।
ਰੂਪੀ ਨੂੰ ਇਕ ਗੱਲ 'ਤੇ ਹੋਰ ਵੀ ਹੈਰਾਨੀ ਸੀ ਕਿ ਅੰਜਨਾ ਨੇ ਐਨੀ ਗੱਲਬਾਤ 'ਚ ਇਕ ਵਾਰ ਵੀ ਉਹਦੇ ਕੋਲੋਂ ਉਸ ਦੇ ਪਤੀ ਜਾਂ ਬੱਚਿਆਂ ਬਾਰੇ ਨਹੀਂ ਪੁੱਛਿਆ। ਰੂਪੀ ਨੇ ਆਪ ਦੱਸਣਾ ਸ਼ੁਰੂ ਕੀਤਾ, ‘ਅੰਜਨਾ, ਮੇਰੇ ਘਰ ਤੈਨੂੰ ਅਜੇ ਕੋਈ ਨਹੀਂ ਜਾਣਦਾ, ਕਿਉਂਕਿ ਮੈਂ ਅਜੇ ਕੁਝ ਨਹੀਂ ਦੱਸਿਆ ਕਿ ਆਪਾਂ ਇਉਂ ਮਿਲ ਪਈਆਂ ਸੀ ਉਸ ਦਿਨ ਅਚਾਨਕ। ਭੈਣ ਮੇਰੀਏ। ਤੇਰਾ ਆਉਣਾ ਕਦੇ ਫਿਰ, ਮੈਂ ਆਵਾਂਗੀ ਤੈਨੂੰ ਮਿਲਣ।' ਰੂਪੀ ਨੇ ਕੁਝ ਦਿਨਾਂ ਤੱਕ ਉਹਨੂੰ ਮਿਲਣ ਜਾਣ ਦਾ ਕਹਿ ਕੇ ਫੋਨ ਰੱਖ ਦਿੱਤਾ। ਉਸ ਨੂੰ ਲੱਗਦਾ ਸੀ ਕਿ ਉਹ ਜਿਵੇਂ ਕੋਈ ਗੱਲ ਸਿਰੇ ਲੱਗੀ ਸਮਝਦੀ ਤਾਂ ਅੰਜਨਾ ਹੋਰ ਗੱਲ ਕੱਢ ਲਿਆਉਂਦੀ ਹੈ। ਰੂਪੀ ਨੇ ਕਿੰਨੇ ਹੀ ਦਿਨ ਲੰਘਾ ਦਿੱਤੇ। ਨਾ ਫੋਨ ਕੀਤਾ ਤੇ ਨਾ ਮਿਲਣ ਗਈ ਉਸ ਨੂੰ। ਉਹ ਅੰਦਰੋ ਅੰਦਰ ਸੋਚ ਰਹੀ ਸੀ ਕਿ ਕੀ ਜਾਣਾ ਠੀਕ ਹੈ ਜਾਂ ਨਹੀਂ? ਘਰ ਦੱਸੇ ਬਿਨਾਂ ਉਹ ਜਾਣਾ ਨਹੀਂ ਚਾਹੁੰਦੀ ਸੀ। ਜਕਾਂ ਤਕਾਂ 'ਚ ਕਾਫੀ ਦਿਨ ਗੁਜ਼ਰ ਗਏ। ਖੈਰ! ਦਸ ਪੰਦਰਾਂ ਦਿਨ ਜਾਂ ਮਹੀਨਾ ਬੀਤ ਗਿਆ ਹੋਣਾ ਕਿ ਰੂਪੀ ਨੂੰ ਅੰਜਨਾ ਫਿਰ ਉਸੇ ਪਾਰਕ 'ਚ ਸੈਰ ਕਰਦਿਆਂ ਮਿਲ ਗਈ। ਉਸ ਨੇ ਜਿਮ ਵਾਲੀ ਡਰੈਸ ਪਾਈ ਹੋਈ ਸੀ ਤੇ ਅੱਜ ਇਕੱਲੀ ਸੈਰ ਕਰ ਰਹੀ ਸੀ।
‘ਹੈਲੋ ਰੂਪੀ, ਅੜੀਏ ਤੂੰ ਦੁਬਾਰਾ ਫੋਨ ਵੀ ਨਹੀਂ ਕੀਤਾ, ਮਿਲਣ ਕੀ ਆਉਣਾ ਸੀ। ਮੈਂ ਸੋਚਿਆ ਤੂੰ ਮਿਲਣਾ ਨਹੀਂ ਚਾਹੁੰਦੀ। ਇਸ ਲਈ ਮੈਂ ਵੀ ਨਹੀਂ ਕੀਤਾ, ਪਰ ਯਾਰ ਤੂੰ ਨਹੀਂ ਸਮਝ ਸਕਦੀ ਕਿ ਤੈਨੂੰ ਮਿਲ ਕੇ ਮੈਂ ਕਿੰਨੀ ਖੁਸ਼ ਹੋਈ ਸੀ। ਲੱਗਿਆ ਸੀ ਕਿ ਕੋਈ ਮਿਲਿਆ, ਜੋ ਅੰਜਨਾ ਨੂੰ ਉਹਦੇ ਸੁਭਾਅ ਤੋਂ ਜਾਣਦਾ ਤੇ ਪਿਛੋਕੜ ਤੋਂ। ਐਨੇ ਸਾਲਾਂ 'ਚ ਮੈਂ ਆਪਣੀ ਪਿਛਲੀ ਪਛਾਣ ਹੀ ਭੁੱਲ ਗਈ ਸੀ।'
ਅੰਜਨਾ ਦੀ ਗੱਲਬਾਤ 'ਚ ਜਿਵੇਂ ਇਕ ਸ਼ਿਕਵਾ ਸੀ। ਰੂਪੀ ਨੂੰ ਆਪਣੇ ਆਪ 'ਤੇ ਖਿੱਝ ਜਿਹੀ ਆਈ ਕਿ ਉਹ ਕਿਉਂ ਉਹਨੂੰ ਖੁੱਲ੍ਹ ਕੇ ਨਹੀਂ ਮਿਲ ਲੈਂਦੀ? ਕਿਉਂ ਕਿਸੇ ਕਹਾਣੀ ਵਾਂਗ ਪੜ੍ਹ ਰਹੀ ਸੀ? ‘ਚੱਲ ਆ ਅੱਜ ਸਾਰੀ ਗੱਲ ਕਰਦੇ ਹਾਂ ਇਥੇ ਬੈਠ ਕੇ।' ਰੂਪੀ ਉਹਦਾ ਹੱਥ ਫੜ ਨੇੜੇ ਪਏ ਕਿਸੇ ਬੈਂਚ ਵੱਲ ਨੂੰ ਹੋ ਤੁਰੀ।
ਅੰਜਨਾ ਨੇ ਪੂਰੀ ਕਹਾਣੀ ਛੋਹ ਲਈ ਕਿ ਕਿਵੇਂ ਉਹਦਾ ਵਿਆਹ ਉਨੀ ਕੁ ਸਾਲ ਦੀ ਉਮਰ ਵਿੱਚ ਕਿਸੇ ਅਮੀਰ ਤੇ ਉਮਰ ਵਿੱਚ ਕਈ ਸਾਲ ਵੱਡੇ ਬੰਦੇ ਨਾਲ ਕਰ ਦਿੱਤਾ ਗਿਆ ਸੀ। ਉਹ ਇਨਸਾਨ ਅੰਜਨਾ ਨੂੰ ਖੁਸ਼ ਰੱਖਣ ਦੀ ਬਹੁਤ ਕੋਸ਼ਿਸ਼ ਕਰਦਾ ਤੇ ਉਹਦੀ ਹਰ ਰੀਝ ਪੂਰੀ ਕਰਦਾ। ਕਦੇ-ਕਦੇ ਉਹ ਆਪਣੇ ਬਿਜ਼ਨਸ ਦੇ ਤੌਰ ਤਰੀਕੇ ਸਮਝਾਉਂਦਾ। ਚਾਰ ਸਾਲਾਂ 'ਚ ਦੋ ਪੁੱਤਰ ਹੋਏ। ਬੜੇ ਜਸ਼ਨ ਮਨਾਏ ਗਏ। ਸਹੁਰਾ ਬਜ਼ੁਰਗ ਸੀ, ਜੋ ਕੁਝ ਸਾਲਾਂ ਬਾਅਦ ਪੂਰਾ ਹੋ ਗਿਆ ਤੇ ਜੇਠ, ਜੋ ਬਾਹਰ ਕਿਸੇ ਮੁਲਕ 'ਚ ਪਰਵਾਰ ਨਾਲ ਰਹਿੰਦਾ ਏ, ਪਿਓ ਦੇ ਮਰਨ 'ਤੇ ਬੱਸ ਇਕੋ ਵਾਰ ਆਇਆ ਸੀ। ਵਕਤ ਲੰਘਦਾ ਗਿਆ ਤੇ ਇਕ ਦਿਨ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਅੰਜਨਾ ਦਾ ਪਤੀ ਵੀ ਜਹਾਨੋਂ ਤੁਰ ਗਿਆ। ਹਾਰਟ ਅਟੈਕ ਦਾ ਕਾਰਨ ਅੰਜਨਾ ਨੇ ਨਹੀਂ ਦੱਸਿਆ, ਪਰ ਐਨਾ ਦੱਸਿਆ ਕਿ ਪਤੀ ਦੀ ਮੌਤ ਪਿੱਛੋਂ ਉਹ ਬਿਲਕੁਲ ਟੁੱਟ ਗਈ ਤੇ ਡਿਪਰੈਸ਼ਨ 'ਚ ਚਲੀ ਗਈ। ਉਹਦੇ ਮਾਪੇ ਉਸ ਕੋਲ ਆਉਂਦੇ ਤੇ ਹੱਲਾਸ਼ੇਰੀ ਦਿੰਦੇ। ਮਾਂ ਹਮੇਸ਼ਾ ਇਹੀ ਕਹਿੰਦੀ ਕਿ ਤਕੜੀ ਹੋ ਕੇ ਪੁੱਤਾਂ ਨੂੰ ਪਾਲ ਤੇ ਕਾਰੋਬਾਰ ਸੰਭਾਲ।
ਰੂਪੀ ਨੇ ਠੰਢਾ ਸਾਹ ਜਿਹਾ ਭਰਿਆ ਤੇ ਵਿੱਚੋਂ ਟੋਕਦਿਆਂ ਪੁੱਛਿਆ, ‘...ਤੇ ਸੋਸ਼ਲ ਵਰਕਰ ਕਿਵੇਂ ਬਣੀ? ਤੇਰਾ ਤਾਂ ਬਿਜ਼ਨਸ ਹੀ ਕਾਫੀ ਸੀ ਤੇਰੇ ਲਈ।'
‘ਅਜੇ ਗੱਲ ਮੁੱਕੀ ਕਿੱਥੇ ਐ?' ਅੰਜਨਾ ਫਿਰ ਬੋਲਣ ਲੱਗੀ। ‘ਕੰਮ 'ਚ ਰੁੱਝੀ ਹੋਣ ਕਾਰਨ ਸਿਹਤ ਵੱਲ ਧਿਆਨ ਨਹੀਂ ਦੇ ਹੋ ਰਿਹਾ ਸੀ ਤਾਂ ਮੈਂ ਜਿਮ ਜੁਆਇਨ ਕਰ ਲਿਆ। ਉਥੇ ਮੇਰੀ ਮੁਲਾਕਾਤ ਇਕ ਪੁਲਸ ਅਫਸਰ ਨਾਲ ਹੋਈ, ਜੋ ਦੇਖਣ ਨੂੰ ਕਾਫੀ ਉਚਾ ਲੰਮਾ ਤੇ ਰੋਅਬਦਾਰ ਕਿਸਮ ਦਾ ਸੀ। ਉਹਨੇ ਚੋਰੀ-ਚੋਰੀ ਮੇਰੀ ਪਿੱਛਾ ਕਰਨਾ ਸ਼ੁਰੂ ਕੀਤਾ ਤੇ ਇਕ ਦਿਨ ਮੇਰੇ ਨਾਲ ਦੋਸਤੀ ਦੀ ਗੱਲ ਕੀਤੀ। ਮੈਂ ਇਕੱਲੀ ਸੀ, ਭਰ ਜਵਾਨ ਵੀ ਅਤੇ ਇਕ ਮਜ਼ਬੂਤ ਹੱਥ ਮੇਰੇ ਵੱਲ ਵਧਿਆ ਤਾਂ ਮੈਂ ਮਨ੍ਹਾ ਨਾ ਕਰ ਸਕੀ। ਅਸੀਂ ਨੇੜੇ ਹੋਣ ਲੱਗੇ। ਸਿਲਸਿਲਾ ਸ਼ੁਰੂ ਹੋਇਆ ਸੋਸ਼ਲ ਵਰਕਰ ਬਣਨ ਦਾ ਤੇ ਪੁਲਸ ਮਹਿਕਮੇ 'ਚ ਜਾਣ ਪਛਾਣ ਦਾ।' ਅੰਜਨਾ ਨੇ ਇਹ ਵੀ ਦੱਸਿਆ ਕਿ ਉਸ ਦੀ ਮਾਂ ਇਹ ਹਦਾਇਤ ਉਸ ਨੂੰ ਦਿੰਦੀ ਰਹਿੰਦੀ ਕਿ ਕਿਸੇ ਨਾਲ ਵਿਆਹ ਕਰਾ ਕੇ ਫਾਹਾ ਗਲ ਨਾ ਪਾਈਂ। ਦੋਸਤ ਹੀ ਠੀਕ ਐ। ਅੰਜਨਾ ਮਾਂ ਦੀ ਗੱਲ ਦੱਸ ਰਹੀ ਸੀ ਤੇ ਰੂਪੀ ਸਮਾਜ ਦਾ ਇਕ ਇਹ ਰੰਗ ਵੀ ਉਘੜ ਕੇ ਸਾਹਮਣੇ ਆਉਂਦਾ ਦੇਖ ਰਹੀ ਸੀ। ਅੰਜਨਾ ਬਿਲਕੁਲ ਸਾਫ ਕਹਿ ਰਹੀ ਸੀ। ‘ਉਹ ਆਦਮੀ ਵਿਆਹਿਆ ਹੋਇਆ ਹੈ, ਪਰਵਾਰ ਵਾਲਾ ਹੈ, ਮੇਰਾ ਖਿਆਲ ਰੱਖਦਾ ਹੈ ਤੇ ਬੱਚਿਆਂ ਨੂੰ ਵੀ ਪਿਆਰ ਕਰਦਾ ਹੈ। ਮੈਂ ਵੀ ਬਾਲ ਬੱਚੇਦਾਰ ਤੇ ਸਾਨੂੰ ਇਕ ਦੂਜੇ ਦੇ ਪੈਸੇ ਦਾ ਲਾਲਚ ਵੀ ਨਹੀਂ। ਜਦੋਂ ਵਕਤ ਹੁੰਦਾ ਇਕੱਠੇ ਘੁੰਮਣ ਜਾਂਦੇ ਹਾਂ। ਮੌਜ ਮੇਲਾ ਕਰਦੇ ਹਾਂ ਤੇ ਮੁੜ ਆਪਣੇ-ਆਪਣੇ ਕੰਮਾਂ 'ਚ ਰੁੱਝ ਜਾਂਦੇ ਹਾਂ। ਉਹ ਮੇਰੀ ਢਾਲ ਹੈ।'
ਰੂਪੀ ਅਬੋਲ ਸੀ, ਪਰ ਉਸ ਦੇ ਅੰਦਰੋਂ ਸਵਾਲ ਮੁੱਕੇ ਨਹੀਂ ਸਨ। ਉਹਨੇ ਠੰਢਾ ਸੀਤ ਹਉਕਾ ਭਰਿਆ, ਪਰ ਬਾਹਰ ਨਾ ਆਉਣ ਦਿੱਤਾ। ਥੋੜ੍ਹੀ ਖਾਮੋਸ਼ੀ ਤੋਂ ਬਾਅਦ ਨਾਰਮਲ ਜਿਹੀ ਹੋ ਕੇ ਅੰਜਨਾ ਨੂੰ ਪੁੱਛਣ ਲੱਗੀ, ‘ਉਸ ਆਦਮੀ ਦੀ ਔਰਤ ਇਹ ਸਭ ਜਾਣਦੀ ਐ? ਜੇ ਨਹੀਂ ਜਾਣਦੀ ਤਾਂ ਇਹ ਬੰਦਾ ਵਫਾਦਾਰ ਨਹੀਂ ਤੇ ਜੇ ਜਾਣਦੀ ਐ ਤਾਂ ਉਹ ਜ਼ਰੂਰ ਨਫਰਤ ਕਰਦੀ ਹੋਊ ਤੁਹਾਨੂੰ ਦੋਵਾਂ ਨੂੰ।'
ਰੂਪੀ ਦੇ ਇਸ ਪ੍ਰਤੀਕਰਮ ਦੀ ਅੰਜਨਾ ਨੂੰ ਬਿਲਕੁਲ ਵੀ ਉਮੀਦ ਨਹੀਂ ਸੀ। ਉਹ ਰੁਕ ਜਿਹੀ ਗਈ ਤੇ ਹੋਰ ਹੀ ਰੁਖ਼ ਲੈਂਦਿਆਂ ਬੋਲੀ, ‘ਨਹੀਂ ਯਾਰ! ਉਹਦੀ ਬੀਵੀ ਹੈਂਡੀਕੈਪਡ ਐ। ਮੈਂ ਮਿਲੀ ਹਾਂ ਕਈ ਵਾਰ ਅਤੇ ਘਰ ਵੀ ਗਈ ਹਾਂ। ਉਹਨੂੰ ਸਾਡੇ ਰਿਸ਼ਤੇ ਤੋਂ ਕੋਈ ਸਮੱਸਿਆ ਨਹੀਂ, ਸਗੋਂ ਮੇਰੇ ਮਾਂ ਬਾਪ ਵੀ ਜਾਣਦੇ ਨੇ ਇਹ ਸਭ।' ਰੂਪੀ ਨੂੰ ਅੰਜਨਾ ਦਾ ਇਹ ਕਥਨ ਸੱਚ ਜਾਂ ਝੂਠ ਦੇ ਕਿਤੇ ਵਿਚਕਾਰ ਲਟਕਦਾ ਨਜ਼ਰ ਆ ਰਿਹਾ ਸੀ। ਉਹਦੀ ਖਾਮੋਸ਼ੀ ਤੋੜਦਿਆਂ ਅੰਜਨਾ ਫਿਰ ਬੋਲੀ, ‘ਦੇਖ ਰੂਪੀ! ਮੈਂ ਬੱਚਿਆਂ ਨੂੰ ਇਹ ਕੁਝ ਜ਼ਾਹਰ ਨਹੀਂ ਹੋਣ ਦਿੱਤਾ ਕਦੇ। ਉਹ ਜਦੋਂ ਤੱਕ ਪੜ੍ਹਾਈ ਖਤਮ ਕਰਕੇ ਘਰ ਪਰਤਣਗੇ ਉਦੋਂ ਤੱਕ ਮੇਰੀ ਵੀ ਕੋਈ ਨਿੱਜੀ ‘ਖਵਾਹਿਸ਼' ਬਾਕੀ ਨਹੀਂ ਰਹਿਣੀ।'
‘ਉਹ ਮਾਈ ਗੌਡ!' ਇਸ ਵਾਰ ਹੈਰਾਨੀ ਭਰਿਆ ਫਿਕਰਾ ਰੂਪੀ ਦੇ ਅੰਦਰੋਂ ਫੁੱਟਿਆ ਜ਼ਰੂਰ, ਪਰ ਬੁੱਲ੍ਹਾਂ ਤੱਕ ਨਾ ਆਇਆ। ਅੰਜਨਾ ਦੀ ਕਹਾਣੀ ਮੁੱਕੀ ਤਾਂ ਨਹੀਂ ਸੀ, ਪਰ ਰੁਕ ਗਈ। ਰੂਪੀ ਨੂੰ ਉਹਦੀਆਂ ਅੱਖਾਂ ਦਾ ਕੱਜਲ, ਬੇਬਾਕੀ ਤੇ ਬੇਜ਼ਾਰੀ ਤਿੰਨੇ ਇਕੋ ਧਰਾਤਲ 'ਤੇ ਖੜੇ ਨਜ਼ਰ ਆ ਰਹੇ ਸਨ। ਰੂਪੀ ਫਿਲਹਾਲ ਚੁੱਪ ਸੀ। ਅੰਜਨਾ ਵਾਸਤੇ ਉਹਦੇ ਕੋਲ ਹੋਰ ਕੋਈ ਸਵਾਲ ਬਾਕੀ ਨਹੀਂ ਸੀ, ਪਰ ਕੁਝ ਹੋਰ ਸਵਾਲ ਸਨ, ਜੋ ਦਗੜ-ਦਗੜ ਕਰਦੇ ਆਏ ਤੇ ਉਹਦੇ ਮੱਥੇ 'ਚ ਵੱਜ ਕੇ ਉਥੇ ਹੀ ਕਿਤੇ ਖਿੱਲਰ ਗਏ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ