Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਵਿਆਹ: ਰਵਾਇਤਾਂ ਤੋਂ ਪਾਰ ਝਾਕਣ ਦਾ ਵੇਲਾ

April 24, 2019 08:22 AM

-ਸੋਹਜ ਦੀਪ
ਸਾਡਾ ਭਾਰਤੀ ਸਮਾਜ ਵਿਆਹ ਨੂੰ ਬਹੁਤ ਅਹਿਮੀਅਤ ਦਿੰਦਾ ਹੈ। ਬੱਚੇ ਦੇ ਜਨਮ ਤੋਂ ਹੀ ਉਸ ਦੇ ਵਿਆਹ ਦੇ ਚਾਅ ਭਾਰਤੀ ਮਾਂ ਬਾਪ ਦੇ ਮਨ ਵਿੱਚ ਉਸਲਵੱਟੇ ਲੈਣੇ ਸ਼ੁਰੂ ਕਰ ਦਿੰਦੇ ਹਨ, ਪਰ ਵਿਆਹ ਕਿਉਂ ਕਰਾਉਣਾ ਚਾਹੀਦਾ ਹੈ ਜਾਂ ਮਾਂ ਪਿਉ ਨੇ ਵਿਆਹ ਕਿਉਂ ਕਰਾਇਆ ਸੀ, ਇਹ ਪ੍ਰਸ਼ਨ ਨਾ ਕਦੇ ਉਨ੍ਹਾਂ ਨੇ ਖੁਦ ਤੋਂ ਪੁੱਛਿਆ ਹੁੰਦਾ ਹੈ ਅਤੇ ਨਾ ਬੱਚਿਆਂ ਨੂੰ ਇਸ ਬਾਰੇ ਸੋਚਣ ਦਾ ਹੱਕ ਦਿੱਤਾ ਜਾਂਦਾ ਹੈ। ਵਿਆਹ ਕਰਾਉਣ ਦੇ ਕੀ ਕਾਰਨ ਹਨ? ਇਸ ਪ੍ਰਸ਼ਨ ਬਾਰੇ ਨਾ ਸਾਡੀ ਪਿਛਲੀ ਪੀੜ੍ਹੀ ਚੇਤਨ ਸੀ ਅਤੇ ਨਾ ਅਸੀਂ ਹਾਂ। ਚੇਤਨ ਤਾਂ ਕੀ, ਇਹ ਸਵਾਲ ਹੀ ਗੈਰ ਹਾਜ਼ਰ ਹੈ। ਸਦੀਆਂ ਤੋਂ ਇਹੀ ਭੇਡ ਚਾਲ ਚੱਲ ਰਹੀ ਹੈ। ਮੇਰੇ ਖਿਆਲ ਅਨੁਸਾਰ ਵਿਆਹ ਕਰਵਾਉਣ ਜਾਂ ਨਾ ਕਰਵਾਉਣ ਦਾ ਫੈਸਲਾ ਕਿਸੇ ਵੀ ਸ਼ਖਸ ਦੀ ਆਪਣੀ ਚੋਣ ਹੋਣਾ ਚਾਹੀਦਾ ਹੈ। ਵਿਆਹ ਮਹਿਜ਼ ਇਸ ਲਈ ਨਹੀਂ ਕਰਵਾਇਆ ਜਾਣਾ ਚਾਹੀਦਾ ਕਿ ਵਿਆਹ ਦੀ ਉਮਰ ਹੋ ਗਈ ਹੈ ਜਾਂ ਲੋਕ ਕੀ ਕਹਿਣਗੇ ਜਾਂ ਪਰਵਾਰ ਦੇ ਲੋਕ ਵਿਆਹ ਕਰਵਾ ਲੈਣ ਦੀ ਜ਼ਿੱਦ ਕਰਦੇ ਹਨ। ਸਿਰਫ ਇਸ ਕਰਕੇ ਵਿਆਹ ਕਰਵਾ ਲੈਣਾ ਸਹੀ ਨਹੀਂ। ਵਿਆਹ ਉਦੋਂ ਕਰਾਉਣਾ ਚਾਹੀਦਾ ਹੈ, ਜਦੋਂ ਤੁਸੀਂ ਤਿਆਰ ਹੋਵੋ। ਇਹ ਤਿਆਰੀ ਸਰੀਰਕ, ਮਾਨਸਿਕ ਤੇ ਆਰਥਿਕ ਪੱਧਰ ਉਤੇ ਹੋਣੀ ਚਾਹੀਦੀ ਹੈ, ਪਰ ਅਸੀਂ ਕਿਸੇ ਵੀ ਤਰ੍ਹਾਂ ਦੀ ਤਿਆਰੀ ਬਗੈਰ ਨਵੇਂ ਸਫਰ ਉਤੇ ਤੁਰ ਪੈਂਦੇ ਹਾਂ। ਸਾਡੇ ਵਿਆਹ ਕਰਵਾਉਣ ਉਤੇ ਸਾਰੇ ਜ਼ੋਰ ਦੇਣ ਲੱਗ ਪੈਂਦੇ ਹਨ, ਪਰ ਵਿਆਹ ਨੂੰ ਨਿਭਾਉਣ ਲਈ ਸਾਡੇ ਕੋਲ ਕੋਈ ਮਾਡਲ ਨਹੀਂ ਹੈ। ਇਹ ਵੀ ਹੈ ਕਿ ਜਿਵੇਂ ਜ਼ਿੰਦਗੀ ਜਿਉਣ ਦਾ ਕੋਈ ਖਾਸ ਫਾਰਮੂਲਾ ਨਹੀਂ ਹੈ, ਇਸੇ ਤਰ੍ਹਾਂ ਸਫਲ ਵਿਆਹ ਦਾ ਵੀ ਕੋਈ ਇਕ ਮਾਡਲ ਨਹੀਂ ਹੋ ਸਕਦਾ।
ਮਨੁੱਖ ਸਮਾਜਿਕ ਪ੍ਰਾਣੀ ਹੈ। ਹਰ ਸ਼ਖਸ ਨੂੰ ਜ਼ਿੰਦਗੀ ਜਿਉਣ ਲਈ ਸਾਥ ਦੀ ਲੋੜ ਹੈ। ਵਿਆਹ ਕੁਝ ਹੱਦ ਤੱਕ ਉਹ ਸਹੂਲਤ ਦੇ ਦਿੰਦਾ ਹੈ। ਵਿਆਹ ਦੋ ਵੱਖਰੀਆਂ ਹਸਤੀਆਂ ਨੂੰ ਰਿਸ਼ਤੇ ਵਿੱਚ ਬੰਨ੍ਹਦਾ ਹੈ। ਵਿਆਹ ਦਾ ਦੂਜਾ ਨਾਮ ਪ੍ਰਤੀਬੱਧਤਾ ਹੈ ਜ਼ਿੰਦਗੀ ਦੇ ਉਤਰਾਉ ਚੜ੍ਹਾਉ ਵਿੱਚ ਸਾਥ ਨਿਭਾਉਣ ਦੀ। ਇਸ ਲਈ ਧੀਰਜ ਦੀ ਲੋੜ ਹੈ। ਜ਼ਿੰਦਗੀ ਦੇ ਔਖੇ ਸਮੇਂ ਹਰ ਸ਼ਖਸ ਨੂੰ ਸਾਥੀ ਦੀ ਲੋੜ ਹੁੰਦੀ ਹੈ। ਵਿਆਹ ਨਾਲ ਇਹ ਸੰਭਵ ਹੋ ਜਾਂਦੀ ਹੈ, ਪਰ ਇਸ ਦੇ ਲਈ ਦੋਵੇਂ ਧਿਰਾਂ ਦਾ ਸਹਿਯੋਗ ਮਹੱਤਵ ਪੂਰਨ ਹੈ। ਵਿਆਹ ਸਾਨੂੰ ਬਿਹਤਰ ਇਨਸਾਨ ਬਣਾ ਸਕਦਾ ਹੈ। ਅਸੀਂ ਆਪਣੇ ਤੋਂ ਇਲਾਵਾ ਦੂਜੇ ਇਨਸਾਨ ਨੂੰ ਪਿਆਰ ਕਰਨਾ ਅਤੇ ਜ਼ਿੰਮੇਵਾਰੀਆਂ ਨਿਭਾਉਣਾ ਸਿੱਖਦੇ ਹਾਂ, ਪਰ ਇਸ ਲਈ ਸਭ ਤੋਂ ਅਹਿਮ ਗੱਲ ਆਪਸੀ ਸਮਝ ਹੈ।
ਸੰਸਾਰ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਤਲਾਕ ਦਰ ਘੱਟ ਹੈ ਪਰ ਤਲਾਕ ਦਰ ਘੱਟ ਹੋਣਾ ਤੇ ਵਿਆਹੁਤਾ ਜ਼ਿੰਦਗੀ ਦਾ ਖੁਸ਼ਹਾਲ ਹੋਣਾ ਦੋ ਵੱਖਰੀਆਂ ਗੱਲਾਂ ਹਨ। ਭਾਰਤ ਵਿੱਚ ਤਲਾਕ ਦਰ ਇਸ ਲਈ ਘੱਟ ਹੈ ਕਿ ਅਸੀਂ ‘ਲੋਕ ਕੀ ਕਹਿਣਗੇ', ‘ਸਹੁਰੇ ਘਰੋਂ ਕੁੜੀ ਦੀ ਅਰਥੀ ਹੀ ਨਿਕਲਦੀ ਹੁੰਦੀ ਹੈ' ਆਦਿ ਡਰ ਤੇ ਨਸੀਹਤਾਂ ਵਿੱਚ ਘਿਰ ਕੇ ਘੁਟ-ਘੁਟ ਕੇ ਜਿਉਂਦੇ ਰਹਿੰਦੇ ਹਾਂ। ਅਜਿਹੇ ਹਾਲਾਤ ਵਿੱਚ ਨਾ ਅਸੀਂ ਆਪ ਖੁਸ਼ ਹੁੰਦੇ ਹਾਂ ਅਤੇ ਨਾ ਦੂਜੇ ਨੂੰ ਖੁਸ਼ ਰਹਿਣ ਦਿੰਦੇ ਹਾਂ। ਕੀ ਵਿਆਹੁਤਾ ਜੀਵਨ ਇੰਨਾ ਮੁਸ਼ਕਿਲ ਹੈ? ਜ਼ਿੰਦਗੀ ਨੂੰ ਥੋੜ੍ਹੀ ਜਿਹੀ ਸਮਝਦਾਰੀ ਨਾਲ ਸੌਖਾ ਬਣਾਇਆ ਜਾ ਸਕਦਾ ਹੈ। ਇਸ ਲਈ ਸਾਨੂੰ ਸਿਰਫ ਆਪਣੀ ਸੋਚ ਅਤੇ ਆਦਤਾਂ ਬਦਲਣ ਦੀ ਲੋੜ ਹੈ।
ਵਿਆਹ ਨਾਲ ਸਭ ਤੋਂ ਵੱਧ ਤਬਦੀਲੀ ਦਾ ਸਾਹਮਣਾ ਔਰਤ ਨੂੰ ਹੀ ਕਰਨਾ ਪੈਂਦਾ ਹੈ। ਕੁੜੀ ਦੇ ਹਾਰ ਸ਼ਿੰਗਾਰ, ਪਹਿਰਾਵੇ ਤੇ ਘਰੇਲੂ ਕੰਮ ਦੀਆਂ ਜ਼ਿੰਮੇਵਾਰੀਆਂ ਤੋਂ ਲੈ ਕੇ ਹਰ ਪੱਧਰ ਉਤੇ ਬਦਲਾਓ ਦੀ ਇੱਛਾ ਕੀਤੀ ਜਾਂਦੀ ਹੈ। ਉਸ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਜਿਹੜੀ ਜ਼ਿੰਦਗੀ ਜਿਉਂਦੀ ਆਈ ਹੈ, ਛੱਡ ਕੇ ਨਵੇਂ ਤੌਰ ਤਰੀਕੇ ਰੱਖੇ। ਇਸ ਗੱਲ ਦਾ ਕੋਈ ਅਰਥ ਨਹੀਂ ਕਿ ਜਿਸ ਨੂੰ ਬਦਲਿਆ ਜਾਣਾ ਹੈ, ਉਹ ਇਸ ਬਾਰੇ ਕੀ ਸੋਚਦੀ ਹੈ। ਅਜਿਹਾ ਧੱਕਾ ਔਰਤ ਨੂੰ ਤੋੜ ਦਿੰਦਾ ਹੈ। ਜੇ ਅਸੀਂ ਕਿਸੇ ਪੌਦੇ ਨੂੰ ਜੜ੍ਹਾਂ ਤੋਂ ਪੁੱਟ ਕੇ ਕਿਸੇ ਹੋਰ ਥਾਂ ਉਗਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਪੌਦਾ ਵੱਧ ਫੁੱਲ ਨਹੀਂ ਸਕਦਾ, ਪਰ ਇਸ ਦੇ ਬਾਵਜੂਦ ਵਿਆਹ ਦੀ ਸੰਸਥਾ ਔਰਤ ਨੂੰ ਉਸ ਦੇ ਪੁਰਾਣੇ ਮਾਹੌਲ ਵਿੱਚੋਂ ਕੱਢ ਕੇ ਇਕੋ ਝਟਕੇ ਵਿੱਚ ਨਵੇਂ ਮਾਹੌਲ ਅਨੁਸਾਰ ਹੋਣ ਲਈ ਮਜਬੂਰ ਕਰਦੀ ਹੈ।
ਇਹ ਸਭ ਤੋਂ ਵੱਡੀ ਗਲਤੀ ਹੈ, ਜਿਹੜੀ ਸਾਡਾ ਸਮਾਜ ਕਰਦਾ ਹੈ। ਕਿਸੇ ਵੀ ਸ਼ਖਸ ਨੂੰ ਉਸ ਦੀ ਮਰਜ਼ੀ ਬਗੈਰ ਬਦਲਣ ਦੀ ਕੋਸ਼ਿਸ਼ ਕਰਨਾ ਅਤੇ ਫਿਰ ਉਸ ਤੋਂ ਉਮੀਦ ਕਰਨਾ ਕਿ ਉਹ ਦੂਜੇ ਘਰ ਨੂੰ ਖੁਸ਼ੀ ਅਤੇ ਸਮਰਪਣ ਨਾਲ ਅਪਣਾ ਲਵੇ, ਵੱਡੀ ਭੁੱਲ ਹੈ। ਆਪਣੀਆਂ ਜੜ੍ਹਾਂ ਤੋਂ ਟੁੱਟਿਆ ਮਨੁੱਖ ਦੂਜੀ ਥਾਂ ਆਸਾਨੀ ਨਾਲ ਜੁੜ ਨਹੀਂ ਸਕਦਾ। ਇਸ ਲਈ ਜੇ ਔਰਤ ਨੂੰ ਦੂਜੇ ਗ੍ਰਹਿ ਤੋਂ ਆਈ ਵੱਖਰੀ ਹਸਤੀ ਨਾ ਮੰਨ ਕੇ, ਉਸ ਨੂੰ ਆਪਣੇ ਤਰੀਕੇ ਅਨੁਸਾਰ ਜਿਉਣ ਦੀ ਆਜ਼ਾਦੀ ਦਿੱਤੀ ਜਾਵੇ ਤਾਂ ਉਹ ਨਵੇਂ ਘਰ ਨੂੰ ਖੁਸ਼ੀ ਨਾਲ ਅਪਣਾ ਸਕਦੀ ਹੈ।
ਕਿਸੇ ਵੀ ਭਾਰਤੀ ਔਰਤ ਲਈ ਖਾਣਾ ਬਣਾਉਣਾ ਕਿਉਂ ਜ਼ਰੂਰੀ ਹੈ? ਪੜ੍ਹੀ ਲਿਖੀ ਤੇ ਨੌਕਰੀਸ਼ੁਦਾ ਹੋਣ ਦੇ ਬਾਵਜੂਦ ਭਾਰਤੀ ਔਰਤ ਲਈ ਰੋਟੀ ਬਣਾਉਣ ਨੂੰ ਜ਼ਰੂਰੀ ਗੁਣ ਮੰਨਿਆ ਜਾਂਦਾ ਹੈ। ਜੇ ਰੋਸਈ ਦਾ ਕੰਮ ਨਹੀਂ ਜਾਣਦੀ ਜਾਂ ਰਸੋਈ ਦੀ ਥਾਂ ਆਪਣੀਆਂ ਹੋਰ ਤਰਜੀਹਾਂ ਨੂੰ ਪਹਿਲ ਦਿੰਦੀ ਹੈ ਤਾਂ ਉਸ ਨੂੰ ਨਾਲਾਇਕ ਸਮਝਿਆ ਜਾਂਦਾ ਹੈ। ਔਰਤ ਨੂੰ ਰਸੋਈ ਤੋਂ ਬਾਹਰ ਆਪਣੇ ਆਪ ਨੂੰ ਦੇਖਣ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਸਮਾਜ ਨੂੰ ਔਰਤ ਲਈ ਬਹੁਤ ਜ਼ਰੂਰੀ ਕੰਮ ਰਸੋਈ ਨੂੰ ਨਹੀਂ ਸਮਝਣਾ ਚਾਹੀਦਾ। ਸਾਨੂੰ ਤਰਜੀਹਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਵੀ ਸਮਝਾਉਣਾ ਚਾਹੀਦਾ ਹੈ। ਜੇ ਅਸੀਂ ਇੱਕੀਵੀਂ ਸਦੀ ਵਿੱਚ ਵੀ ਇਹ ਕੰਮ ਕਰਨ ਜੋਗੇ ਨਹੀਂ ਹੋਏ ਤਾਂ ਇਹ ਸਾਡੀ ਨਾਲਾਇਕੀ ਨਹੀਂ ਤਾਂ ਹੋਰ ਕੀ ਹੈ?
ਭਾਰਤੀ ਮਾਂ ਬਾਪ ਪੜ੍ਹੇ ਲਿਖੇ ਹੋ ਕੇ ਵੀ ਆਪਣੇ ਬੱਚਿਆਂ ਨੂੰ ਬਲੂੰਗੜਿਆਂ ਵਾਂਗ ਆਪਣੇ ਨਾਲ ਰੱਖਣਾ ਚਾਹੁੰਦੇ ਹਨ। ਆਪਣੇ ਪੰਜਿਆਂ ਵਿੱਚ ਕੈਦ ਰੱਖ ਕੇ ਉਨ੍ਹਾਂ ਨੂੰ ਸਕੂਨ ਅਨੁਭਵ ਹੁੰਦਾ ਹੈ। ਉਹ ਇਹ ਨਹੀਂ ਸਮਝਦੇ ਕਿ ਅਨੁਭਵ ਕਮਾਇਆ ਜਾਂਦਾ ਹੈ, ਥੋਪਿਆ ਨਹੀਂ ਜਾਂਦਾ। ਹਰ ਪੀੜ੍ਹੀ ਦੇ ਆਪਣੇ ਅਨੁਭਵ ਹੁੰਦੇ ਹਨ। ਇਥੇ ਔਰਤਾਂ ਨੂੰ ਆਪਣੇ ਆਪ ਉਤੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਨੂੰ ਆਪਣੀਆਂ ਸੀਮਤ ਸੋਚਾਂ ਅਤੇ ਈਰਖਾਵਾਂ ਤੋਂ ਆਜ਼ਾਦ ਹੋ ਕੇ ਵਿਚਰਨ ਚਾਹੀਦਾ ਹੈ।
ਭਾਰਤੀ ਸਮਾਜ ਦੀਆਂ ਔਰਤਾਂ ਦੀ ਇਕ ਹੋਰ ਦਿੱਕਤ ਇਹ ਹੈ ਕਿ ਜੇ ਮੁੰਡਾ ਮਾਂ ਨਾਲ ਕੰਮ ਕਰਾਵੇ ਤਾਂ ਸਾਊ ਅਤੇ ਲਾਇਕ ਹੈ, ਪਰ ਜੇ ਉਹੀ ਮੁੰਡਾ ਘਰ ਵਾਲੀ ਦੀ ਮਦਦ ਲਈ ਰਸੋਈ ਵੱਲ ਕਦਮ ਪੁੱਟਦਾ ਹੈ ਤਾਂ ਨਾਲਾਇਕ ਜਾਂ ਜ਼ੋਰੂ ਦਾ ਗੁਲਾਮ ਬਣ ਜਾਂਦਾ ਹੈ। ਕਿਉਂ? ਖਾਣਾ ਬਣਾਵੇ ਔਰਤ ਅਤੇ ਪਹਿਲਾਂ ਖਾਣ ਦਾ ਹੱਕ ਮਰਦ ਦਾ ਕਿਉਂ ਹੈ? ਮੁੰਡੇ ਵੀ ਆਪਣੇ ਘਰ ਦਿਆਂ ਸਾਹਮਣੇ ਘਰਵਾਲੀ ਨਾਲ ਕੰਮ ਕਰਵਾਉਣ ਤੋਂ ਝਿਜਕਦੇ ਹਨ। ਇਹ ਪਤੀ-ਪਤਨੀ ਦੀ ਆਪਸੀ ਸਮਝਦਾਰੀ ਨਾਲ ਹੀ ਕਿਸੇ ਰਿਸ਼ਤੇ ਨੂੰ ਚਲਾਉਣਾ ਜਾਂ ਨਿਭਾਉਣਾ ਸੰਭਵ ਹੈ। ਇਸ ਲਈ ਮੁੰਡਿਆਂ ਨੂੰ ਵੀ ਬਿਨਾਂ ਕਿਸੇ ਸੰਕੋਚ ਦੇ ਘਰ ਦੇ ਕੰਮਾਂ ਵਿੱਚ ਹੱਥ ਵਟਾਉਣਾ ਚਾਹੀਦਾ ਹੈ।
ਅਜਿਹਾ ਇਸ ਲਈ ਵੀ ਜ਼ਰੂਰੀ ਹੈ ਕਿ ਸਮਾਜ, ਮਰਦ ਤੇ ਔਰਤਾਂ ਨੇ ਵੀ ਆਪਣੇ ਆਪ ਨੂੰ ਨਵੇਂ ਰੂਪ ਵਿੱਚ ਦੇਖਣਾ ਸਿੱਖਣਾ ਹੈ। ਇਨ੍ਹਾਂ ਨੂੰ ਰਵਾਇਤੀ ਔਰਤ ਨਾਲ ਵਿਚਰਨ ਦੀ ਆਦਤ ਹੈ। ਬਦਲ ਰਹੇ ਸਮੇਂ ਨਾਲ ਬਦਲ ਰਹੀਆਂ ਔਰਤਾਂ ਤੇ ਉਨ੍ਹਾਂ ਦੀ ਜੀਵਨ ਜਾਚ ਨੂੰ ਅਸੀਂ ਹੀ ਸਮੇਂ ਦੇ ਹਾਣ ਦੀ ਬਣਾਉਣਾ ਹੈ। ਇਹ ਤਦੇ ਸੰਭਵ ਹੈ, ਜੇ ਔਰਤਾਂ ਮਰਦਾਂ ਨੂੰ ਆਪਣੇ ਨਾਲ ਕੰਮ ਕਰਨਾ ਸਿਖਾਉਣਗੀਆਂ। ਇਹ ਕੰਮ ਉਹ ਔਰਤਾਂ ਨਹੀਂ ਕਰ ਸਕਦੀਆਂ, ਜਿਹੜੀਆਂ ਪਤੀ ਨੂੰ ਪਰਮੇਸ਼ਵਰ ਬਣਾ ਕੇ ਆਪਣੇ ਤੋਂ ਇਕ ਦੂਰੀ ਉਤੇ ਖੜਾ ਕਰ ਦਿੰਦੀਆਂ ਹਨ ਤੇ ਫਿਰ ਉਸ ਪਰਮੇਸ਼ਵਰ ਤੋਂ ਲੱਤਾਂ ਖਾਂਦੀਆਂ ਹੋਈਆਂ ਉਸ ਨੂੰ ਪੂਜੀ ਜਾਂਦੀਆਂ ਹਨ। ਪਤੀ-ਪਤਨੀ ਦਾ ਰਿਸ਼ਤਾ ਜੀਵ ਤੇ ਆਤਮਾ ਵਾਲਾ ਨਹੀਂ, ਹਮਰਾਹੀਆਂ ਵਾਲਾ ਹੁੰਦਾ ਹੈ, ਜਿਸ ਵਿੱਚ ਦੋਵਾਂ ਨੂੰ ਬਰਾਬਰ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ।
ਇਥੇ ਕੁੜੀਆਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਜਿਥੇ ਉਨ੍ਹਾਂ ਉਤੇ ਬਦਲਣ ਦਾ ਦਬਾਅ ਹੁੰਦਾ ਹੈ, ਉਥੇ ਪਰਵਾਰ ਦੇ ਹੋਰ ਜੀਅ ਵੀ ਖੁਦ ਨੂੰ ਨਵੇਂ ਰਿਸ਼ਤਿਆਂ ਵਿੱਚ ਢਾਲਦੇ ਹਨ। ਦੋਵਾਂ ਧਿਰਾਂ ਨੂੰ ਨਵੇਂ ਰਿਸ਼ਤਿਆਂ ਨੂੰ ਆਕਾਰ ਲੈਣ ਵਿੱਚ ਥੋੜ੍ਹਾ ਸਮਾਂ ਚਾਹੀਦਾ ਹੈ। ਹਰ ਰਿਸ਼ਤੇ ਦੀ ਆਪਣੀ ਖੂਬਸੂਰਤੀ ਹੈ। ਮਾਂ-ਬਾਪ, ਪਤੀ-ਪਤਨੀ ਜਾਂ ਦੋਸਤੀ ਵਰਗੇ ਰਿਸ਼ਤੇ ਸਾਰਿਆਂ ਦੀ ਜ਼ਿੰਦਗੀ ਵਿੱਚ ਹੁੰਦੇ ਹਨ, ਇਸ ਦੇ ਬਾਵਜੂਦ ਹਰ ਬੰਦੇ ਦਾ ਇਨ੍ਹਾਂ ਰਿਸ਼ਤਿਆਂ ਨਾਲ ਰਿਸ਼ਤਾ ਵੱਖਰਾ ਹੁੰਦਾ ਹੈ। ਕਿਸੇ ਵੀ ਤਰ੍ਹਾਂ ਦਾ ਬੋਝ ਰਿਸ਼ਤਿਆਂ ਨੂੰ ਤੋੜ ਸਕਦਾ ਹੈ। ਇਸ ਲਈ ਸਭ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਰਿਸ਼ਤਿਆਂ ਉਤੇ ਫਾਲਤੂ ਬੋਝ ਨਾ ਲੱਦੀਏ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’